Bible 2 India Mobile
[VER] : [PUNJABI]     [PL]  [PB] 
 <<  Jeremiah 16 >> 

1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

2ਤੂੰ ਇਸ ਸਥਾਨ ਵਿੱਚ ਨਾ ਆਪਣੇ ਲਈ ਔਰਤ ਲੈ, ਨਾ ਤੇਰੇ ਪੁੱਤਰ ਧੀਆਂ ਹੋਣ

3ਕਿਉਂ ਜੋ ਯਹੋਵਾਹ ਉਹਨਾਂ ਪੁੱਤਰਾਂ ਬਾਰੇ ਅਤੇ ਉਹਨਾਂ ਧੀਆਂ ਬਾਰੇ ਜਿਹੜੇ ਇਸ ਸਥਾਨ ਵਿੱਚ ਜੰਮੇ ਉਹਨਾਂ ਦੀਆਂ ਮਾਵਾਂ ਲਈ ਜਿਹਨਾਂ ਨੇ ਉਹਨਾਂ ਨੂੰ ਜਣਿਆ ਅਤੇ ਉਹਨਾਂ ਦੇ ਪੇਵਾਂ ਲਈ ਜਿਹਨਾਂ ਤੋਂ ਉਹ ਜੰਮੇ ਇਸ ਤਰ੍ਹਾਂ ਆਖਦਾ ਹੈ,

4ਉਹ ਮੌਤ ਵਾਲੀਆਂ ਬਿਮਾਰੀਆਂ ਨਾਲ ਮਰਨਗੇ । ਨਾ ਕੋਈ ਵਿਰਲਾਪ ਕਰੇਗਾ, ਨਾ ਉਹ ਦੱਬੇ ਜਾਣਗੇ, - ਉਹ ਭੂਮੀ ਉੱਤੇ ਰੂੜੀ ਵਾਂਗੂੰ ਹੋਣਗੇ, ਉਹ ਤਲਵਾਰ ਅਤੇ ਕਾਲ ਨਾਲ ਮੁੱਕ ਜਾਣਗੇ, ਉਹਨਾਂ ਦੀਆਂ ਲੋਥਾਂ ਅਕਾਸ਼ ਦੇ ਪੰਛੀਆਂ ਅਤੇ ਧਰਤੀ ਦੇ ਦਰਿੰਦਿਆਂ ਦੇ ਖਾਣ ਲਈ ਹੋਣਗੀਆਂ ।

5ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਤੂੰ ਸੋਗ ਵਾਲੇ ਘਰ ਨਾ ਵੜ, ਨਾ ਵਿਰਲਾਪ ਲਈ ਜਾ ਅਤੇ ਨਾ ਉਹਨਾਂ ਲਈ ਰੋ ਕਿਉਂ ਜੋ ਇਸ ਪਰਜਾ ਤੋਂ ਮੈਂ ਆਪਣੀ ਸ਼ਾਂਤੀ ਲੈ ਲਈ ਹੈ ਅਰਥਾਤ ਆਪਣੀ ਦਯਾ ਅਤੇ ਰਹਮ, ਯਹੋਵਾਹ ਦਾ ਵਾਕ ਹੈ

6ਇਸ ਦੇਸ ਵਿੱਚ ਵੱਡੇ ਅਤੇ ਛੋਟੇ ਮਰ ਜਾਣਗੇ, ਅਤੇ ਉਹ ਦੱਬੇ ਨਾ ਜਾਣਗੇ । ਨਾ ਲੋਕ ਉਹਨਾਂ ਲਈ ਰੋਣਗੇ, ਨਾ ਆਪਣੇ ਆਪ ਨੂੰ ਪੁੱਛਣਗੇ, ਨਾ ਭੱਦਣ ਕਰਾਉਂਣਗੇ

7ਨਾ ਕੋਈ ਮਾਤਮ ਕਰਨ ਵਾਲਿਆਂ ਲਈ ਰੋਟੀ ਤੋੜੇਗਾ ਭਈ ਮਰੇ ਹੋਏ ਲਈ ਦਿਲਾਸਾ ਹੋਵੇ, ਨਾ ਉਹਨਾਂ ਨੂੰ ਕੋਈ ਤੱਸਲੀ ਦਾ ਕਟੋਰਾ ਆਪਣੇ ਪਿਉ ਜਾਂ ਆਪਣੀ ਮਾਤਾ ਲਈ ਪੀਣ ਨੂੰ ਦੇਵੇਗਾ

8ਤੂੰ ਦਾਉਤ ਵਾਲੇ ਘਰ ਨਾ ਜਾ ਭਈ ਉਹਨਾਂ ਨਾਲ ਬੈਠ ਕੇ ਖਾਵੇਂ ਅਤੇ ਪੀਵੇਂ

9ਕਿਉਂ ਜੋ ਇਸਰਾਏਲ ਦਾ ਪਰਮੇਸ਼ੁਰ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਵੇਖ, ਮੈਂ ਇਸ ਸਥਾਨ ਤੋਂ ਤੇਰੀਆਂ ਅੱਖਾਂ ਦੇ ਸਾਹਮਣੇ ਤੇਰਿਆਂ ਦਿਨਾਂ ਵਿੱਚ ਖੁਸ਼ੀ ਦੀ ਅਵਾਜ਼, ਅਨੰਦ ਦੀ ਅਵਾਜ਼, ਲਾੜੇ ਦੀ ਅਵਾਜ਼ ਅਤੇ ਲਾੜੀ ਦੀ ਅਵਾਜ਼ ਬੰਦ ਕਰ ਦਿਆਂਗਾ ।

10ਤਾਂ ਇਸ ਤਰ੍ਹਾਂ ਹੋਵੇਗਾ ਜਦ ਤੂੰ ਇਹ ਸਾਰੀਆਂ ਗੱਲਾਂ ਇਸ ਪਰਜਾ ਨੂੰ ਦੱਸੇਂਗਾ ਉਹ ਤੈਨੂੰ ਆਖਣਗੇ ਭਈ ਯਹੋਵਾਹ ਨੇ ਇਹ ਸਾਰੀ ਵੱਡੀ ਬੁਰਿਆਈ ਸਾਡੇ ਵਿਰੁੱਧ ਕਿਉਂ ਆਖੀ ਹੈ ? ਅਤੇ ਸਾਡੀ ਬਦੀ ਕਿਹੜੀ ਹੈ ? ਅਤੇ ਸਾਡਾ ਪਾਪ ਕਿਹੜਾ ਹੈ ਜਿਹੜਾ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਵਿਰੁੱਧ ਕੀਤਾ ?

11ਤਦ ਤੂੰ ਉਹਨਾਂ ਨੂੰ ਆਖੀਂ ਕਿ ਤੁਹਾਡੇ ਪਿਉ-ਦਾਦਿਆਂ ਨੇ ਮੈਨੂੰ ਤਿਆਗ ਦਿੱਤਾ, ਯਹੋਵਾਹ ਦਾ ਵਾਕ ਹੈ । ਉਹ ਹੋਰਨਾਂ ਦੇਵਤਿਆਂ ਦੇ ਪਿੱਛੇ ਚੱਲੇ, ਉਹਨਾਂ ਦੀ ਪੂਜਾ ਕੀਤੀ ਅਤੇ ਉਹਨਾਂ ਨੂੰ ਮੱਥਾ ਟੇਕਿਆ, ਮੈਨੂੰ ਤਿਆਗ ਦਿੱਤਾ ਅਤੇ ਮੇਰੀ ਬਿਵਸਥਾ ਦੀ ਪਾਲਣਾ ਨਾ ਕੀਤਾ

12ਤੁਸੀਂ ਆਪਣੇ ਪਿਉ-ਦਾਦਿਆਂ ਨਾਲੋਂ ਵੱਧ ਕੇ ਬਦੀ ਕੀਤੀ । ਵੇਖੋ, ਤੁਹਾਡੇ ਵਿੱਚੋਂ ਹਰ ਇੱਕ ਆਪਣੇ ਬੁਰੇ ਦਿਲ ਦੇ ਹਠ ਉੱਤੇ ਚੱਲਦਾ ਹੈ ਭਈ ਮੇਰੀ ਨਾ ਸੁਣੇ

13ਇਸ ਲਈ ਮੈਂ ਤੁਹਾਨੂੰ ਇਸ ਦੇਸ ਵਿੱਚੋਂ ਕੱਢ ਕੇ ਇੱਕ ਅਜਿਹੇ ਦੇਸ ਵਿੱਚ ਸੁੱਟਾਂਗਾ ਜਿਹ ਨੂੰ ਨਾ ਤੁਸੀਂ ਨਾ ਤੁਹਾਡੇ ਪਿਉ-ਦਾਦੇ ਜਾਣਦੇ ਸਨ, ਅਤੇ ਉੱਥੇ ਤੁਸੀਂ ਦੂਜੇ ਦੇਵਤਿਆਂ ਦੀ ਰਾਤ ਦਿਨ ਪੂਜਾ ਕਰੋਗੇ ਕਿਉਂ ਜੋ ਮੈਂ ਤੁਹਾਡੇ ਉੱਤੇ ਕਿਰਪਾ ਨਾ ਕਰਾਂਗਾ ।

14ਇਸ ਲਈ ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਫਿਰ ਨਾ ਆਖਿਆ ਜਾਵੇਗਾ, " ਯਹੋਵਾਹ ਦੀ ਸੌਂਹ ਜਿਹੜਾ ਇਸਰਾਏਲੀਆਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ "

15ਸਗੋਂ " ਯਹੋਵਾਹ ਦੀ ਸੌਂਹ ਜਿਹੜਾ ਇਸਰਾਏਲੀਆਂ ਨੂੰ ਉੱਤਰ ਦੇ ਦੇਸ ਵੱਲੋਂ ਅਤੇ ਉਹਨਾਂ ਸਾਰਿਆਂ ਦੇਸਾਂ ਵੱਲੋਂ ਜਿੱਥੇ ਉਸ ਉਹਨਾਂ ਨੂੰ ਧੱਕ ਦਿੱਤਾ ਸੀ ਕੱਢ ਲਿਆਇਆ । " ਮੈਂ ਉਹਨਾਂ ਨੂੰ ਉਸ ਭੂਮੀ ਵਿੱਚ ਮੋੜ ਲਿਆਵਾਂਗਾ ਜਿਹੜੀ ਮੈਂ ਉਹਨਾਂ ਦੇ ਪਿਉ-ਦਾਦਿਆਂ ਨੂੰ ਦਿੱਤੀ ਸੀ ।

16ਵੇਖ ਮੈਂ ਬਹੁਤ ਸਾਰੇ ਮਾਛੀਆਂ ਨੂੰ ਘੱਲਾਂਗਾ, ਯਹੋਵਾਹ ਦਾ ਵਾਕ ਹੈ । ਉਹ ਉਹਨਾਂ ਨੂੰ ਫੜਨਗੇ ਅਤੇ ਇਸ ਦੇ ਪਿੱਛੋਂ ਮੈਂ ਬਹੁਤ ਸਾਰੇ ਸ਼ਿਕਾਰੀਆਂ ਨੂੰ ਘੱਲਾਂਗਾ, ਉਹ ਉਹਨਾਂ ਨੂੰ ਹਰ ਪਹਾੜ ਤੋਂ, ਹਰ ਟਿੱਲੇ ਤੋਂ ਅਤੇ ਚੱਟਾਨਾਂ ਦੀਆਂ ਤੇੜਾਂ ਵਿੱਚੋਂ ਸ਼ਿਕਾਰ ਕਰਨਗੇ

17ਕਿਉਂ ਜੋ ਮੇਰੀਆਂ ਅੱਖਾਂ ਉਹਨਾਂ ਦੇ ਸਾਰੇ ਰਾਹਾਂ ਉੱਤੇ ਹਨ । ਉਹ ਮੇਰੇ ਹਜੂਰੋਂ ਲੁੱਕੇ ਹੋਏ ਨਹੀਂ ਹਨ, ਨਾ ਉਹਨਾਂ ਦੀ ਬਦੀ ਮੇਰੀਆਂ ਅੱਖਾਂ ਦੇ ਅੱਗੋਂ ਛੁੱਪੀ ਹੋਈ ਹੈ

18ਮੈਂ ਪਹਿਲਾਂ ਉਹਨਾਂ ਦੀ ਬਦੀ ਅਤੇ ਉਹਨਾਂ ਦੇ ਪਾਪ ਦਾ ਦੂਣਾ ਵੱਟਾ ਦਿਆਂਗਾ ਕਿਉਂ ਜੋ ਉਹਨਾਂ ਨੇ ਮੇਰੀ ਧਰਤੀ ਨੂੰ ਆਪਣੀਆਂ ਪਲੀਤੀਆਂ ਦੀਆਂ ਲੋਥਾਂ ਨਾਲ ਭਰਿਸ਼ਟ ਕੀਤਾ ਅਤੇ ਮੇਰੀ ਮਿਰਾਸ ਨੂੰ ਆਪਣੀਆਂ ਘਿਣਾਉਣੀਆਂ ਚੀਜ਼ਾਂ ਨਾਲ ਭਰ ਦਿੱਤਾ ਹੈ ।

19ਹੇ ਯਹੋਵਾਹ, ਮੇਰੇ ਬਲ ਅਤੇ ਮੇਰੇ ਗੜ੍ਹ, ਦੁੱਖ ਦੇ ਵੇਲੇ ਮੇਰੀ ਪਨਾਹ, ਤੇਰੇ ਕੋਲ ਕੌਮਾਂ ਆਉਣਗੀਆਂ, ਧਰਤੀ ਦੀਆਂ ਹੱਦਾਂ ਤੋਂ, ਅਤੇ ਆਖਣਗੀਆਂ, - ਸਾਡੇ ਪਿਉ-ਦਾਦਿਆਂ ਨੇ ਨਿਰਾ ਝੂਠ ਮਿਰਾਸ ਵਿੱਚ ਲਿਆ, ਅਤੇ ਫੋਕੀਆਂ ਗੱਲਾਂ ਜਿਹਨਾਂ ਤੋਂ ਕੁੱਝ ਲਾਭ ਨਹੀਂ ।

20ਕੀ ਆਦਮੀ ਆਪਣੇ ਲਈ ਦੇਵਤੇ ਬਣਾ ਸਕਦਾ ? ਉਹ ਦੇਵਤੇ ਵੀ ਨਹੀਂ ਹਨ !

21ਇਸ ਲਈ ਵੇਖ, ਮੈਂ ਉਹਨਾਂ ਨੂੰ ਸਮਝਾਵਾਂਗਾ, ਅਤੇ ਇਸ ਵਾਰ ਆਪਣਾ ਹੱਥ ਅਤੇ ਬਲ ਉਹਨਾਂ ਨੂੰ ਜਤਾਵਾਂਗਾ, ਸੋ ਉਹ ਜਾਣਨਗੇ ਕਿ ਮੇਰਾ ਨਾਮ ਯਹੋਵਾਹ ਹੈ ! ।


  Share Facebook  |  Share Twitter

 <<  Jeremiah 16 >> 


Bible2india.com
© 2010-2024
Help
Dual Panel

Laporan Masalah/Saran