Bible 2 India Mobile
[VER] : [PUNJABI]     [PL]  [PB] 
 <<  Judges 21 >> 

1ਇਸਰਾਏਲ ਦੇ ਲੋਕਾਂ ਨੇ ਮਿਸਫਾਹ ਵਿੱਚ ਸਹੁੰ ਖਾਧੀ ਸੀ ਕਿ ਸਾਡੇ ਵਿੱਚੋਂ ਕੋਈ ਵੀ ਆਪਣੀ ਧੀ ਬਿਨਯਾਮੀਨ ਵਿੱਚ ਵਿਆਹੁਣ ਲਈ ਨਹੀਂ ਦੇਵੇਗਾ ।

2ਲੋਕ ਬੈਤੇਲ ਵਿੱਚ ਆਏ ਅਤੇ ਸ਼ਾਮ ਤੱਕ ਉੱਥੇ ਪਰਮੇਸ਼ੁਰ ਦੇ ਅੱਗੇ ਬੈਠੇ ਰਹੇ ਅਤੇ ਫੁੱਟ-ਫੁੱਟ ਕੇ ਰੋਂਦੇ ਰਹੇ

3ਅਤੇ ਬੋਲੇ, "ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਇਸਰਾਏਲ ਵਿੱਚ ਅਜਿਹਾ ਕਿਉਂ ਹੋਇਆ ਕਿ ਅੱਜ ਇਸਰਾਏਲ ਵਿੱਚੋਂ ਇੱਕ ਗੋਤ ਘੱਟ ਗਿਆ ਹੈ ? "

4ਫਿਰ ਅਗਲੇ ਦਿਨ ਲੋਕਾਂ ਨੇ ਸਵੇਰੇ ਉੱਠ ਕੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਹੋਮ ਬਲੀ ਅਤੇ ਸੁਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ ।

5ਅਤੇ ਇਸਰਾਏਲੀ ਕਹਿਣ ਲੱਗੇ, "ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਕੌਣ ਹੈ ਜੋ ਯਹੋਵਾਹ ਦੇ ਸਨਮੁਖ ਸਭਾ ਦੇ ਨਾਲ ਨਹੀਂ ਆਇਆ ਸੀ ? " ਕਿਉਂ ਜੋ ਉਨ੍ਹਾਂ ਨੇ ਪੱਕੀ ਸਹੁੰ ਖਾਧੀ ਸੀ ਕਿ ਜੋ ਕੋਈ ਯਹੋਵਾਹ ਦੇ ਸਨਮੁਖ ਮਿਸਫਾਹ ਵਿੱਚ ਨਹੀਂ ਆਵੇਗਾ ਉਹ ਯਕੀਨੀ ਤੌਰ ਤੇ ਮਾਰਿਆ ਜਾਵੇਗਾ ।

6ਤਦ ਇਸਰਾਏਲ ਆਪਣੇ ਭਰਾ ਬਿਨਯਾਮੀਨ ਦੇ ਕਾਰਨ ਇਹ ਕਹਿ ਕੇ ਪਛਤਾਉਣ ਲੱਗੇ ਕਿ ਅੱਜ ਇਸਰਾਏਲੀਆਂ ਦਾ ਇੱਕ ਗੋਤ ਨਸ਼ਟ ਹੋ ਗਿਆ ਹੈ ।

7ਅਸੀਂ ਤਾਂ ਯਹੋਵਾਹ ਦੀ ਸਹੁੰ ਖਾਧੀ ਹੈ ਕਿ ਅਸੀਂ ਆਪਣੀਆਂ ਧੀਆਂ ਉਨ੍ਹਾਂ ਨੂੰ ਵਿਆਹੁਣ ਲਈ ਨਹੀਂ ਦਿਆਂਗੇ, ਇਸ ਲਈ ਜਿਹੜੇ ਬਚ ਗਏ ਹਨ ਉਨ੍ਹਾਂ ਨੂੰ ਅਸੀਂ ਪਤਨੀਆਂ ਕਿੱਥੋਂ ਦੇਈਏ ?

8ਫਿਰ ਉਨ੍ਹਾਂ ਨੇ ਪੁੱਛਿਆ, ਇਸਰਾਏਲੀਆਂ ਵਿੱਚੋਂ ਕਿਹੜਾ ਗੋਤ ਹੈ ਜੋ ਮਿਸਫਾਹ ਵਿੱਚ ਯਹੋਵਾਹ ਦੇ ਸਨਮੁਖ ਨਹੀਂ ਆਇਆ ਸੀ ? ਤਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਯਾਬੇਸ਼-ਗਿਲਆਦ ਦੇ ਵਾਸੀਆਂ ਵਿੱਚੋਂ ਸਭਾ ਵਿੱਚ ਇਕੱਠੇ ਹੋਣ ਲਈ ਉੱਥੇ ਕੋਈ ਨਹੀਂ ਆਇਆ ਸੀ ।

9ਕਿਉਂਕਿ ਜਿਸ ਵੇਲੇ ਲੋਕਾਂ ਦੀ ਗਿਣਤੀ ਕੀਤੀ ਗਈ ਤਾਂ ਯਾਬੇਸ਼-ਗਿਲਆਦ ਦੇ ਵਾਸੀਆਂ ਵਿੱਚੋਂ ਕੋਈ ਵੀ ਉੱਥੇ ਨਾ ਲੱਭਿਆ ।

10ਤਦ ਸਭਾ ਨੇ ਬਾਰਾਂ ਹਜ਼ਾਰ ਸੂਰਬੀਰਾਂ ਨੂੰ ਇਹ ਆਗਿਆ ਦੇ ਕੇ ਭੇਜਿਆ, "ਤੁਸੀਂ ਜਾਕੇ ਯਾਬੇਸ਼-ਗਿਲਆਦ ਦੇ ਵਾਸੀਆਂ ਨੂੰ ਇਸਤਰੀਆਂ ਅਤੇ ਬਾਲਕਾਂ ਸਮੇਤ ਤਲਵਾਰ ਦੀ ਧਾਰ ਨਾਲ ਨਾਸ਼ ਕਰ ਦਿਉ ।

11ਅਤੇ ਇਹ ਕੰਮ ਕਰੋ ਕਿ ਸਾਰੇ ਪੁਰਸ਼ਾਂ ਅਤੇ ਉਨ੍ਹਾਂ ਇਸਤਰੀਆਂ ਨੂੰ ਜਿਨ੍ਹਾਂ ਨੇ ਪੁਰਖਾਂ ਨਾਲ ਸੰਗ ਕੀਤਾ ਹੋਇਆ ਹੋਵੇ ਨਾਸ ਕਰ ਦੇਣਾ ।"

12ਉਨ੍ਹਾਂ ਨੂੰ ਯਾਬੇਸ਼-ਗਿਲਆਦ ਦੇ ਵਾਸੀਆਂ ਵਿੱਚੋਂ ਚਾਰ ਸੌ ਕੁਆਰੀਆਂ ਮਿਲੀਆਂ ਜਿਹੜੀਆਂ ਪੁਰਖਾਂ ਤੋਂ ਅਣਜਾਣ ਸਨ, ਅਤੇ ਜਿਨ੍ਹਾਂ ਨੇ ਕਿਸੇ ਨਾਲ ਸੰਗ ਨਹੀਂ ਕੀਤਾ ਸੀ । ਉਹ ਉਨ੍ਹਾਂ ਨੂੰ ਕਨਾਨ ਦੇਸ਼ ਵਿੱਚ ਸ਼ੀਲੋਹ ਦੀ ਛਾਉਣੀ ਵਿੱਚ ਲੈ ਆਏ ।

13ਤਦ ਸਾਰੀ ਸਭਾ ਨੇ ਬਿਨਯਾਮੀਨੀਆਂ ਨੂੰ ਜੋ ਰਿੰਮੋਨ ਦੀ ਪਹਾੜੀ ਵਿੱਚ ਸਨ, ਸੰਦੇਸ਼ਾ ਭੇਜਿਆ ਅਤੇ ਅਤੇ ਉਨ੍ਹਾਂ ਨਾਲ ਸੰਧੀ ਦੀ ਘੋਸ਼ਣਾ ਕੀਤੀ ।

14ਤਦ ਉਸ ਸਮੇਂ ਬਿਨਯਾਮੀਨੀ ਮੁੜ ਆਏ ਅਤੇ ਉਨ੍ਹਾਂ ਨੂੰ ਯਾਬੇਸ਼-ਗਿਲਆਦ ਦੀਆਂ ਉਹ ਕੁਆਰੀਆਂ ਦਿੱਤੀਆਂ ਗਈਆਂ ਜਿਹੜੀਆਂ ਜੀਉਂਦੀਆਂ ਛੱਡੀਆਂ ਗਈਆਂ ਸਨ, ਪਰ ਉਹ ਉਨ੍ਹਾਂ ਲਈ ਪੂਰੀਆਂ ਨਾ ਹੋਈਆਂ ।

15ਲੋਕ ਬਿਨਯਾਮੀਨ ਦੇ ਲਈ ਬਹੁਤ ਪਛਤਾਏ ਕਿਉਂਕਿ ਯਹੋਵਾਹ ਨੇ ਇਸਰਾਏਲ ਦੇ ਗੋਤਾਂ ਵਿੱਚ ਦਰਾਰ ਪਾ ਦਿੱਤੀ ਸੀ ।

16ਤਦ ਸਭਾ ਦੇ ਬਜ਼ੁਰਗਾਂ ਨੇ ਕਿਹਾ, "ਬਿਨਯਾਮੀਨ ਦੀਆਂ ਸਾਰੀਆਂ ਇਸਤਰੀਆਂ ਤਾਂ ਮਾਰੀਆਂ ਗਈਆਂ ਹਨ, ਹੁਣ ਬਚੇ ਹੋਏ ਪੁਰਖਾਂ ਲਈ ਪਤਨੀਆਂ ਕਿੱਥੋਂ ਲਿਆਈਏ ? "

17ਤਦ ਉਨ੍ਹਾਂ ਨੇ ਕਿਹਾ, "ਇਹ ਜ਼ਰੂਰੀ ਹੈ ਕਿ ਜਿਹੜੇ ਬਿਨਯਾਮੀਨ ਦੇ ਵਿੱਚੋਂ ਬਚ ਗਏ ਹਨ, ਉਨ੍ਹਾਂ ਦਾ ਵੀ ਹਿੱਸਾ ਰਹੇ, ਤਾਂ ਜੋ ਇਸਰਾਏਲੀਆਂ ਦਾ ਇੱਕ ਗੋਤ ਮਿਟ ਨਾ ਜਾਵੇ ।

18ਫਿਰ ਵੀ ਅਸੀਂ ਤਾਂ ਆਪਣੀਆਂ ਧੀਆਂ ਦਾ ਵਿਆਹ ਉਨ੍ਹਾਂ ਨਾਲ ਨਹੀਂ ਕਰ ਸਕਦੇ, ਕਿਉਂ ਜੋ ਇਸਰਾਏਲੀਆਂ ਨੇ ਸਹੁੰ ਖਾਧੀ ਹੈ ਕਿ ਜਿਹੜਾ ਕਿਸੇ ਬਿਨਯਾਮੀਨੀ ਨਾਲ ਆਪਣੀ ਧੀ ਦਾ ਵਿਆਹ ਕਰੇ, ਉਹ ਸਰਾਪੀ ਹੋਵੇ ।

19ਤਦ ਉਨ੍ਹਾਂ ਨੇ ਕਿਹਾ, "ਵੇਖੋ, ਸ਼ੀਲੋਹ ਵਿੱਚ ਉਸ ਥਾਂ ਦੇ ਕੋਲ ਜੋ ਬੈਤੇਲ ਦੇ ਉੱਤਰ ਵੱਲ ਅਤੇ ਉਸ ਸੜਕ ਦੇ ਪੂਰਬ ਵੱਲ ਜਿਹੜੀ ਬੈਤੇਲ ਤੋਂ ਸ਼ਕਮ ਨੂੰ ਲਬੋਨਾਹ ਦੇ ਦੱਖਣ ਵੱਲ ਲੰਘ ਕੇ ਜਾਂਦੀ ਹੈ, ਯਹੋਵਾਹ ਦੇ ਲਈ ਹਰ ਸਾਲ ਇੱਕ ਪਰਬ ਮਨਾਇਆ ਜਾਂਦਾ ਹੈ ।"

20ਤਦ ਉਨ੍ਹਾਂ ਨੇ ਬਿਨਯਾਮੀਨੀਆਂ ਨੂੰ ਇਹ ਆਗਿਆ ਦਿੱਤੀ, "ਤੁਸੀਂ ਜਾ ਕੇ ਅੰਗੂਰਾਂ ਦੇ ਬਾਗ਼ਾਂ ਦੇ ਵਿੱਚ ਘਾਤ ਲਾ ਕੇ ਬੈਠ ਜਾਉ,

21ਅਤੇ ਧਿਆਨ ਨਾਲ ਵੇਖੋ, ਜੇਕਰ ਸ਼ੀਲੋਹ ਦੀਆਂ ਧੀਆਂ ਨੱਚਣ ਨੂੰ ਬਾਹਰ ਨਿੱਕਲਣ ਤਾਂ ਤੁਸੀਂ ਅੰਗੂਰਾਂ ਦੇ ਬਾਗ਼ਾਂ ਵਿੱਚੋਂ ਨਿੱਕਲ ਕੇ ਸ਼ੀਲੋਹ ਦੀਆਂ ਧੀਆਂ ਵਿੱਚੋਂ ਇੱਕ-ਇੱਕ ਕੁੜੀ ਆਪਣੇ ਲਈ ਫੜਕੇ ਬਿਨਯਾਮੀਨ ਦੇ ਦੇਸ਼ ਨੂੰ ਚਲੇ ਜਾਉ,

22ਅਤੇ ਜਦ ਉਨ੍ਹਾਂ ਦੇ ਪਿਤਾ ਜਾਂ ਭਰਾ ਸਾਡੇ ਕੋਲ ਸ਼ਿਕਾਇਤ ਕਰਨ ਲਈ ਆਉਣਗੇ ਤਾਂ ਅਸੀਂ ਉਨ੍ਹਾਂ ਨੂੰ ਕਹਾਂਗੇ ਕਿ ਕਿਰਪਾ ਕਰਕੇ ਸਾਡੇ ਲਈ ਉਨ੍ਹਾਂ ਨੂੰ ਬਖ਼ਸ਼ ਦਿਉ ਕਿਉਂਕਿ ਅਸੀਂ ਲੜਾਈ ਵਿੱਚ ਕਿਸੇ ਮਨੁੱਖ ਦੇ ਲਈ ਪਤਨੀ ਨਾ ਛੱਡੀ, ਨਾ ਹੀ ਤੁਸੀਂ ਆਪ ਉਨ੍ਹਾਂ ਨੂੰ ਉਹ ਕੁੜੀਆਂ ਦਿੱਤੀਆਂ ਹਨ ਕਿ ਤੁਸੀਂ ਅਪਰਾਧੀ ਹੁੰਦੇ ।"

23ਤਦ ਬਿਨਯਾਮੀਨੀਆਂ ਨੇ ਅਜਿਹਾ ਹੀ ਕੀਤਾ । ਉਨ੍ਹਾਂ ਨੇ ਆਪਣੀ ਗਿਣਤੀ ਦੇ ਅਨੁਸਾਰ ਨੱਚਣ ਵਾਲੀਆਂ ਵਿੱਚੋਂ ਆਪਣੇ ਲਈ ਇੱਕ-ਇੱਕ ਕੁੜੀ ਫੜ ਲਈ ਅਤੇ ਉਨ੍ਹਾਂ ਨੂੰ ਲੈ ਕੇ ਆਪਣੇ ਹਿੱਸੇ ਵੱਲ ਮੁੜ ਗਏ ਅਤੇ ਆਪਣੇ ਸ਼ਹਿਰਾਂ ਨੂੰ ਸੁਧਾਰ ਕੇ ਉਨ੍ਹਾਂ ਵਿੱਚ ਵੱਸ ਗਏ ।

24ਉਸੇ ਸਮੇਂ ਸਾਰੇ ਇਸਰਾਏਲੀ ਵੀ ਉੱਥੋਂ ਆਪੋ ਆਪਣੇ ਗੋਤ ਅਤੇ ਆਪੋ ਆਪਣੇ ਘਰਾਣੇ ਵਿੱਚ ਚਲੇ ਗਏ ਅਤੇ ਉੱਥੋਂ ਉਹ ਸਾਰੇ ਆਪੋ ਆਪਣੇ ਹਿੱਸਿਆਂ ਵਿੱਚ ਚਲੇ ਗਏ ।

25ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ । ਜਿਸ ਕਿਸੇ ਨੂੰ ਜੋ ਠੀਕ ਲੱਗਦਾ ਸੀ, ਉਹ ਉਹੀ ਕਰਦਾ ਸੀ ।


  Share Facebook  |  Share Twitter

 <<  Judges 21 >> 


Bible2india.com
© 2010-2024
Help
Dual Panel

Laporan Masalah/Saran