Bible 2 India Mobile
[VER] : [PUNJABI]     [PL]  [PB] 
 <<  Judges 20 >> 

1ਤਦ ਦਾਨ ਤੋਂ ਲੈ ਕੇ ਬਏਰਸਬਾ ਤੱਕ ਦੇ ਸਾਰੇ ਇਸਰਾਏਲੀ ਅਤੇ ਗਿਲਆਦ ਦੇ ਲੋਕ ਵੀ ਨਿੱਕਲੇ, ਅਤੇ ਸਾਰੀ ਮੰਡਲੀ ਇੱਕ ਮਨੁੱਖ ਵਾਂਗ ਯਹੋਵਾਹ ਦੇ ਸਨਮੁਖ ਮਿਸਫਾਹ ਵਿੱਚ ਇੱਕਠੀ ਹੋਈ ।

2ਅਤੇ ਸਾਰੇ ਲੋਕਾਂ ਦੇ ਸਰਦਾਰ ਸਗੋਂ ਇਸਰਾਏਲ ਦੇ ਸਾਰੇ ਗੋਤਾਂ ਦੇ ਲੋਕ, ਜੋ ਪਰਮੇਸ਼ੁਰ ਦੇ ਲੋਕਾਂ ਦੀ ਸਭਾ ਵਿੱਚ ਆਏ, ਚਾਰ ਲੱਖ ਤਲਵਾਰ ਧਾਰੀ ਪਿਆਦੇ ਸਨ ।

3ਬਿਨਯਾਮੀਨੀਆਂ ਨੇ ਸੁਣਿਆ ਕਿ ਇਸਰਾਏਲੀ ਮਿਸਫਾਹ ਵਿੱਚ ਇਕੱਠੇ ਹੋਏ ਹਨ ਅਤੇ ਇਸਰਾਏਲੀ ਪੁੱਛਣ ਲੱਗੇ, "ਸਾਨੂੰ ਦੱਸੋ ਕਿ ਇਹ ਬੁਰਿਆਈ ਕਿਸ ਤਰ੍ਹਾਂ ਹੋਈ ? "

4ਤਦ ਉਸ ਲੇਵੀ ਨੇ ਜੋ ਉਸ ਮਾਰੀ ਗਈ ਇਸਤਰੀ ਦਾ ਪਤੀ ਸੀ, ਉੱਤਰ ਦੇ ਕੇ ਕਿਹਾ, "ਮੈਂ ਆਪਣੀ ਰਖ਼ੈਲ ਦੇ ਨਾਲ ਬਿਨਯਾਮੀਨ ਦੇ ਗਿਬਆਹ ਵਿੱਚ ਰਾਤ ਕੱਟਣ ਲਈ ਗਿਆ ਸੀ ।

5ਤਦ ਗਿਬਆਹ ਦੇ ਲੋਕ ਮੇਰੇ ਉੱਤੇ ਆ ਪਏ ਅਤੇ ਰਾਤ ਨੂੰ ਘਰ ਦੇ ਦੁਆਲੇ ਘਾਤ ਲਾ ਕੇ ਬੈਠੇ ਅਤੇ ਮੈਨੂੰ ਮਾਰਨਾ ਚਾਹੁੰਦੇ ਸਨ ਅਤੇ ਮੇਰੀ ਰਖ਼ੈਲ ਨਾਲ ਅਜਿਹਾ ਕੁਕਰਮ ਕੀਤਾ ਕਿ ਉਹ ਮਰ ਗਈ ।

6ਤਦ ਮੈਂ ਆਪਣੀ ਰਖ਼ੈਲ ਨੂੰ ਲੈ ਕੇ ਟੁੱਕੜੇ-ਟੁੱਕੜੇ ਕੀਤਾ ਅਤੇ ਉਸ ਨੂੰ ਇਸਰਾਏਲ ਦੇ ਹਿੱਸੇ ਦੇ ਸਾਰੇ ਦੇਸ਼ ਵਿੱਚ ਭੇਜਿਆ ਕਿਉਂ ਜੋ ਉਨ੍ਹਾਂ ਨੇ ਇਸਰਾਏਲ ਵਿੱਚ ਅਜਿਹਾ ਲੁੱਚਪੁਣਾ ਅਤੇ ਦੁਸ਼ਟਤਾ ਕੀਤੀ ਹੈ ।

7ਵੇਖੋ, ਹੇ ਇਸਰਾਏਲੀਓ, ਅਤੇ ਇੱਥੇ ਹੀ ਤੁਸੀਂ ਆਪਣਾ ਮੱਤ ਦੱਸੋ ।"

8ਤਦ ਸਾਰੇ ਲੋਕ ਇੱਕ ਮਨੁੱਖ ਵਾਂਗ ਉੱਠੇ ਅਤੇ ਕਹਿਣ ਲੱਗੇ, "ਨਾ ਤਾਂ ਸਾਡੇ ਵਿੱਚੋਂ ਕੋਈ ਆਪਣੇ ਤੰਬੂ ਵੱਲ ਜਾਵੇਗਾ ਅਤੇ ਨਾ ਹੀ ਕੋਈ ਆਪਣੇ ਘਰ ਵੱਲ ਮੁੜੇਗਾ ।

9ਪਰ ਹੁਣ ਅਸੀਂ ਗਿਬਆਹ ਨਾਲ ਇਹ ਕਰਾਂਗੇ ਅਰਥਾਤ ਅਸੀਂ ਪਰਚੀਆਂ ਪਾ ਕੇ ਉਹ ਦੇ ਉੱਤੇ ਚੜ੍ਹਾਈ ਕਰਾਂਗੇ,

10ਅਤੇ ਅਸੀਂ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਸੌ ਵਿੱਚੋਂ ਦਸ, ਹਜ਼ਾਰ ਵਿੱਚੋਂ ਸੌ ਅਤੇ ਦਸ ਹਜ਼ਾਰ ਵਿੱਚੋਂ ਇੱਕ ਹਜ਼ਾਰ ਮਨੁੱਖ ਵੱਖਰੇ ਕਰਾਂਗੇ ਤਾਂ ਜੋ ਉਹ ਫੌਜ ਲਈ ਭੋਜਨ ਵਸਤੂਆਂ ਲਿਆਉਣ, ਕਿਉਂ ਜੋ ਅਸੀਂ ਬਿਨਯਾਮੀਨ ਦੇ ਗਿਬਆਹ ਵਿੱਚ ਜਾ ਕੇ ਉਨ੍ਹਾਂ ਨਾਲ ਉਸੇ ਦੁਸ਼ਟਤਾ ਦੇ ਅਨੁਸਾਰ ਕਰਾਂਗੇ ਜਿਹੜੀ ਉਨ੍ਹਾਂ ਨੇ ਇਸਰਾਏਲ ਵਿੱਚ ਕੀਤੀ ਹੈ ।"

11ਤਦ ਸਾਰੇ ਇਸਰਾਏਲੀ ਇੱਕ ਮਨੁੱਖ ਵਾਂਗ ਜੁੜ ਕੇ ਉਸ ਸ਼ਹਿਰ ਦੇ ਵਿਰੁੱਧ ਇਕੱਠੇ ਹੋਏ ।

12ਇਸਰਾਏਲ ਦੇ ਗੋਤਾਂ ਨੇ ਬਿਨਯਾਮੀਨ ਦੇ ਸਾਰੇ ਗੋਤ ਵਿੱਚ ਇਹ ਪੁੱਛਣ ਲਈ ਮਨੁੱਖ ਭੇਜੇ, "ਭਈ ਇਹ ਕੀ ਬੁਰਿਆਈ ਹੈ ਜੋ ਤੁਹਾਡੇ ਵਿਚਕਾਰ ਹੋਈ ਹੈ ?

13ਹੁਣ ਉਨ੍ਹਾਂ ਮਨੁੱਖਾਂ ਨੂੰ ਅਰਥਾਤ ਬਲਿਆਲ ਵੰਸ਼ੀਆਂ ਨੂੰ ਜੋ ਗਿਬਆਹ ਵਿੱਚ ਹਨ, ਸਾਡੇ ਹੱਥ ਵਿੱਚ ਸੌਂਪ ਦਿਉ ਤਾਂ ਜੋ ਅਸੀਂ ਉਨ੍ਹਾਂ ਨੂੰ ਮਾਰ ਕੇ ਇਸਰਾਏਲ ਵਿੱਚੋਂ ਬੁਰਿਆਈ ਦਾ ਨਾਸ਼ ਕਰ ਦੇਈਏ ।" ਪਰ ਬਿਨਯਾਮੀਨੀਆਂ ਨੇ ਆਪਣੇ ਇਸਰਾਏਲੀ ਭਰਾਵਾਂ ਦੀ ਗੱਲ ਨਾ ਮੰਨੀ

14ਸਗੋਂ ਬਿਨਯਾਮੀਨੀ ਆਪੋ ਆਪਣੇ ਸ਼ਹਿਰਾਂ ਵਿੱਚੋਂ ਆ ਕੇ ਗਿਬਆਹ ਵਿੱਚ ਇਸ ਲਈ ਇਕੱਠੇ ਹੋਏ ਤਾਂ ਜੋ ਇਸਰਾਏਲੀਆਂ ਨਾਲ ਲੜਨ ਨੂੰ ਨਿੱਕਲਣ ।

15ਅਤੇ ਉਸੇ ਦਿਨ ਗਿਬਆਹ ਦੇ ਵਾਸੀਆਂ ਤੋਂ ਬਿਨਾਂ ਜੋ ਸੱਤ ਸੌ ਚੁਣੇ ਹੋਏ ਜੁਆਨ ਸਨ, ਦੂਸਰੇ ਸ਼ਹਿਰਾਂ ਤੋਂ ਆਏ ਹੋਏ ਬਿਨਯਾਮੀਨੀ ਤਲਵਾਰ ਧਾਰੀ ਸੂਰਮਿਆਂ ਦੀ ਗਿਣਤੀ ਛੱਬੀ ਹਜ਼ਾਰ ਸੀ ।

16ਇਨ੍ਹਾਂ ਸਾਰੇ ਲੋਕਾਂ ਵਿੱਚੋਂ ਸੱਤ ਸੌ ਚੁਣੇ ਹੋਏ ਜੁਆਨ ਖੱਬੇ ਸਨ, ਇਹ ਸਾਰੇ ਦੇ ਸਾਰੇ ਅਜਿਹੇ ਸਨ ਜੋ ਗੁਲੇਲ ਨਾਲ ਪੱਥਰ ਦਾ ਨਿਸ਼ਾਨਾ ਲਗਾਉਂਦੇ ਸਨ ਅਤੇ ਕਦੀ ਚੂਕਦੇ ਨਹੀਂ ਸਨ ।

17ਬਿਨਯਾਮੀਨ ਤੋਂ ਬਿਨ੍ਹਾਂ ਇਸਰਾਏਲ ਦੇ ਲੋਕ ਚਾਰ ਲੱਖ ਤਲਵਾਰ ਧਾਰੀ ਸਨ ਅਤੇ ਇਹ ਸਭ ਯੋਧਾ ਸਨ ।

18ਸਾਰੇ ਇਸਰਾਏਲੀ ਉੱਠ ਕੇ ਬੈਤੇਲ ਨੂੰ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਤੋਂ ਸਲਾਹ ਮੰਗੀ, "ਸਾਡੇ ਵਿੱਚੋਂ ਬਿਨਯਾਮੀਨੀਆਂ ਨਾਲ ਲੜਾਈ ਕਰਨ ਨੂੰ ਪਹਿਲਾਂ ਕੌਣ ਜਾਵੇ ? " ਯਹੋਵਾਹ ਨੇ ਕਿਹਾ, "ਪਹਿਲਾਂ ਯਹੂਦਾਹ ਜਾਵੇਗਾ ।"

19ਤਦ ਇਸਰਾਏਲੀਆਂ ਨੇ ਸਵੇਰੇ ਉੱਠ ਕੇ ਗਿਬਆਹ ਦੇ ਸਾਹਮਣੇ ਤੰਬੂ ਲਾਏ,

20ਅਤੇ ਇਸਰਾਏਲੀ ਪੁਰਖ ਬਿਨਯਾਮੀਨ ਨਾਲ ਲੜਨ ਨੂੰ ਨਿੱਕਲੇ ਅਤੇ ਇਸਰਾਏਲੀ ਪੁਰਖ ਗਿਬਆਹ ਵਿੱਚ ਉਨ੍ਹਾਂ ਦੇ ਸਾਹਮਣੇ ਕਤਾਰ ਬੰਨ ਕੇ ਲੜਾਈ ਦੇ ਲਈ ਆ ਕੇ ਖੜ੍ਹੇ ਹੋਏ ।

21ਤਦ ਬਿਨਯਾਮੀਨੀਆਂ ਨੇ ਗਿਬਆਹ ਤੋਂ ਨਿੱਕਲ ਕੇ ਉਸੇ ਦਿਨ ਬਾਈ ਹਜ਼ਾਰ ਇਸਰਾਏਲੀਆਂ ਨੂੰ ਮਾਰ ਕੇ ਮਿੱਟੀ ਵਿੱਚ ਰਲਾ ਦਿੱਤਾ ।

22ਫਿਰ ਵੀ ਇਸਰਾਏਲੀ ਮਨੁੱਖਾਂ ਨੇ ਆਪਣੇ ਆਪ ਨੂੰ ਤਕੜਾ ਕਰ ਕੇ ਅਗਲੇ ਦਿਨ ਉਸੇ ਥਾਂ ਵਿੱਚ ਜਿੱਥੇ ਪਹਿਲੇ ਦਿਨ ਕਤਾਰ ਬੰਨ੍ਹੀ ਸੀ, ਫਿਰ ਕਤਾਰ ਬੰਨ੍ਹੀ ।

23ਅਤੇ ਇਸਰਾਏਲੀ ਜਾ ਕੇ ਸ਼ਾਮ ਤੱਕ ਯਹੋਵਾਹ ਦੇ ਅੱਗੇ ਰੋਂਦੇ ਰਹੇ ਅਤੇ ਇਹ ਕਹਿ ਕੇ ਯਹੋਵਾਹ ਤੋਂ ਸਲਾਹ ਮੰਗੀ, "ਕੀ ਅਸੀਂ ਆਪਣੇ ਭਰਾ ਬਿਨਯਾਮੀਨ ਦੇ ਨਾਲ ਲੜਨ ਨੂੰ ਫੇਰ ਜਾਈਏ ਕਿ ਨਾ ? " ਯਹੋਵਾਹ ਨੇ ਕਿਹਾ, "ਉਨ੍ਹਾਂ ਦੇ ਉੱਤੇ ਚੜ੍ਹਾਈ ਕਰੋ ।"

24ਅਗਲੇ ਦਿਨ ਇਸਰਾਏਲੀ ਬਿਨਯਾਮੀਨੀਆਂ ਨਾਲ ਲੜਨ ਲਈ ਨੇੜੇ ਗਏ ।

25ਤਦ ਅਗਲੇ ਦਿਨ ਫਿਰ ਬਿਨਯਾਮੀਨੀਆਂ ਨੇ ਗਿਬਆਹ ਤੋਂ ਨਿੱਕਲ ਦੇ ਇਸਰਾਏਲੀਆਂ ਦੇ ਅਠਾਰਾਂ ਹਜ਼ਾਰ ਪੁਰਖਾਂ ਨੂੰ ਮਾਰ ਮਿੱਟੀ ਵਿੱਚ ਰਲਾ ਦਿੱਤਾ, ਇਹ ਸਭ ਤਲਵਾਰ ਧਾਰੀ ਮਨੁੱਖ ਸਨ ।

26ਤਦ ਇਸਰਾਏਲੀ ਅਤੇ ਸਾਰੇ ਲੋਕ ਉੱਠ ਕੇ ਬੈਤੇਲ ਵਿੱਚ ਆਏ ਅਤੇ ਉੱਥੇ ਯਹੋਵਾਹ ਦੇ ਸਨਮੁਖ ਬੈਠਕੇ ਰੋਂਦੇ ਰਹੇ, ਅਤੇ ਉਸ ਦਿਨ ਸਾਰਿਆਂ ਨੇ ਸ਼ਾਮ ਤੱਕ ਵਰਤ ਰੱਖਿਆ ਅਤੇ ਹੋਮ ਦੀਆਂ ਅਤੇ ਸੁਖ-ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਈਆਂ ।

27ਅਤੇ ਇਸਰਾਏਲੀਆਂ ਨੇ ਯਹੋਵਾਹ ਕੋਲੋਂ ਪੁੱਛਿਆ ਕਿਉਂ ਜੋ ਉਨ੍ਹਾਂ ਦਿਨਾਂ ਵਿੱਚ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਉੱਥੇ ਹੀ ਸੀ ।

28ਅਤੇ ਹਾਰੂਨ ਦੇ ਪੁੱਤਰ ਅਲਆਜ਼ਾਰ ਦਾ ਪੁੱਤਰ ਫ਼ੀਨਿਹਾਸ ਉਨ੍ਹਾਂ ਦਿਨਾਂ ਵਿੱਚ ਉਹ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ । ਉਨ੍ਹਾਂ ਨੇ ਪੁੱਛਿਆ, "ਕੀ ਅਸੀਂ ਫਿਰ ਆਪਣੇ ਭਰਾ ਬਿਨਯਾਮੀਨ ਦੇ ਨਾਲ ਲੜਾਈ ਕਰਨ ਨੂੰ ਜਾਈਏ ਜਾਂ ਪਿੱਛੇ ਹਟ ਜਾਈਏ ? " ਯਹੋਵਾਹ ਨੇ ਕਿਹਾ, "ਜਾਉ, ਕਿਉਂ ਜੋ ਕੱਲ ਮੈਂ ਉਨ੍ਹਾਂ ਨੂੰ ਤੁਹਾਡੇ ਹੱਥ ਵਿੱਚ ਸੌਂਪ ਦਿਆਂਗਾ ।"

29ਤਦ ਇਸਰਾਏਲੀਆਂ ਨੇ ਗਿਬਆਹ ਦੇ ਆਲੇ-ਦੁਆਲੇ ਘਾਤ ਲਾਉਣ ਵਾਲਿਆਂ ਨੂੰ ਬਿਠਾਇਆ ।

30ਇਸਰਾਏਲੀਆਂ ਨੇ ਤੀਜੇ ਦਿਨ ਫਿਰ ਬਿਨਯਾਮੀਨੀਆਂ ਉੱਤੇ ਚੜ੍ਹਾਈ ਕੀਤੀ ਅਤੇ ਪਹਿਲਾਂ ਦੀ ਤਰ੍ਹਾਂ ਗਿਬਆਹ ਦੇ ਸਾਹਮਣੇ ਫਿਰ ਕਤਾਰ ਬੰਨ੍ਹੀ ।

31ਤਦ ਬਿਨਯਾਮੀਨੀ ਉਨ੍ਹਾਂ ਲੋਕਾਂ ਦਾ ਸਾਹਮਣਾ ਕਰਨ ਲਈ ਨਿੱਕਲੇ ਅਤੇ ਸ਼ਹਿਰ ਤੋਂ ਦੂਰ ਨਿੱਕਲ ਗਏ ਅਤੇ ਉਨ੍ਹਾਂ ਸੜਕਾਂ ਉੱਤੇ ਜਿਨ੍ਹਾਂ ਵਿੱਚੋਂ ਇੱਕ ਸੜਕ ਬੈਤੇਲ ਵੱਲ ਅਤੇ ਦੂਜੀ ਗਿਬਆਹ ਵੱਲ ਜਾਂਦੀ ਸੀ, ਪਹਿਲਾਂ ਦੀ ਤਰ੍ਹਾਂ ਲੋਕਾਂ ਨੂੰ ਮਾਰਨਾ ਸ਼ੁਰੂ ਕੀਤਾ ਅਤੇ ਮੈਦਾਨ ਵਿੱਚ ਇਸਰਾਏਲ ਦੇ ਕੋਈ ਤੀਹ ਮਨੁੱਖ ਮਾਰੇ ਗਏ ।

32ਤਾਂ ਬਿਨਯਾਮੀਨੀਆਂ ਕਹਿਣ ਲੱਗੇ, "ਪਹਿਲਾਂ ਦੀ ਤਰ੍ਹਾਂ ਹੀ ਉਹ ਸਾਡੇ ਕੋਲੋਂ ਹਾਰ ਗਏ ਹਨ," ਪਰ ਇਸਰਾਏਲੀਆਂ ਨੇ ਕਿਹਾ, "ਆਉ ਭੱਜੀਏ ਅਤੇ ਉਨ੍ਹਾਂ ਨੂੰ ਸ਼ਹਿਰ ਵਿੱਚੋਂ ਸੜਕਾਂ ਉੱਤੇ ਖਿੱਚ ਲਿਆਈਏ ।"

33ਤਦ ਸਾਰੇ ਇਸਰਾਏਲੀ ਆਪੋ ਆਪਣੀ ਥਾਂ ਤੋਂ ਉੱਠ ਕੇ ਖੜ੍ਹੇ ਹੋ ਗਏ ਅਤੇ ਬਆਲ ਤਾਮਾਰ ਵਿੱਚ ਕਤਾਰ ਬੰਨ੍ਹੀ । ਉਸ ਸਮੇਂ ਉਹ ਇਸਰਾਏਲੀ ਜੋ ਘਾਤ ਵਿੱਚ ਬੈਠੇ ਹੋਏ ਸਨ, ਆਪਣੀਆਂ ਥਾਵਾਂ ਤੋਂ ਗਿਬਆਹ ਦੇ ਮੈਦਾਨ ਵਿੱਚ ਅਚਾਨਕ ਨਿੱਕਲ ਆਏ ।

34ਤਦ ਸਾਰੇ ਇਸਰਾਏਲ ਵਿੱਚੋਂ ਚੁਣੇ ਹੋਏ ਦਸ ਹਜ਼ਾਰ ਜੁਆਨ ਗਿਬਆਹ ਉੱਤੇ ਆ ਪਏ ਅਤੇ ਭਿਆਨਕ ਲੜਾਈ ਹੋਣ ਲੱਗੀ ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਬਿਪਤਾ ਸਾਡੇ ਉੱਤੇ ਪੈਣ ਵਾਲੀ ਹੈ ।

35ਤਦ ਯਹੋਵਾਹ ਨੇ ਬਿਨਯਾਮੀਨ ਨੂੰ ਇਸਰਾਏਲ ਦੇ ਅੱਗੇ ਮਾਰਿਆ ਅਤੇ ਉਸ ਦਿਨ ਇਸਰਾਏਲੀਆਂ ਨੇ ਪੱਚੀ ਹਜ਼ਾਰ ਇੱਕ ਸੌ ਬਿਨਯਾਮੀਨੀਆਂ ਨੂੰ ਮਾਰ ਦਿੱਤਾ ਜੋ ਸਭ ਤਲਵਾਰ ਧਾਰੀ ਸਨ ।

36ਤਦ ਬਿਨਯਾਮੀਨੀਆਂ ਨੇ ਵੇਖਿਆ ਕਿ ਅਸੀਂ ਹਾਰ ਗਏ ਹਾਂ ਇਸ ਲਈ ਕਿ ਇਸਰਾਏਲ ਦੇ ਮਨੁੱਖ ਬਿਨਯਾਮੀਨੀਆਂ ਦੇ ਅੱਗਿਓਂ ਭੱਜੇ ਕਿਉਂਕਿ ਉਨ੍ਹਾਂ ਨੇ ਘਾਤ ਵਿੱਚ ਬੈਠਣ ਵਾਲਿਆਂ ਉੱਤੇ ਭਰੋਸਾ ਰੱਖਿਆ ਜਿਨ੍ਹਾਂ ਨੂੰ ਉਨ੍ਹਾਂ ਨੇ ਗਿਬਆਹ ਦੇ ਦੁਆਲੇ ਬਿਠਾਇਆ ਸੀ ।

37ਤਦ ਘਾਤ ਵਿੱਚ ਬੈਠਣ ਵਾਲੇ ਛੇਤੀ ਨਾਲ ਗਿਬਆਹ ਉੱਤੇ ਆਣ ਪਏ ਅਤੇ ਅੱਗੇ ਵੱਧ ਕੇ ਸਾਰੇ ਸ਼ਹਿਰ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ ।

38ਇਸਰਾਏਲ ਦੇ ਲੋਕਾਂ ਅਤੇ ਘਾਤ ਵਿੱਚ ਬੈਠਣ ਵਾਲਿਆਂ ਦੇ ਵਿਚਕਾਰ ਇਹ ਨਿਸ਼ਾਨੀ ਠਹਿਰਾਈ ਗਈ ਸੀ ਕਿ ਉਹ ਧੂੰਏਂ ਦਾ ਇੱਕ ਵੱਡਾ ਬੱਦਲ ਸ਼ਹਿਰ ਤੋਂ ਉੱਪਰ ਨੂੰ ਉਡਾਉਣ ।

39ਜਦ ਇਸਰਾਏਲ ਦੇ ਲੋਕ ਲੜਨ ਤੋਂ ਹਟ ਗਏ ਤਾਂ ਬਿਨਯਾਮੀਨੀ ਮਾਰਨ ਲੱਗੇ ਅਤੇ ਉਨ੍ਹਾਂ ਵਿੱਚੋਂ ਕੋਈ ਤੀਹ ਮਨੁੱਖਾਂ ਨੂੰ ਮਾਰ ਦਿੱਤਾ ਕਿਉਂ ਜੋ ਉਹ ਕਹਿੰਦੇ ਸਨ ਕਿ ਪਹਿਲੀ ਲੜਾਈ ਵਾਂਗੂ ਉਹ ਸਾਡੇ ਤੋਂ ਹਾਰੇ ਜਾਂਦੇ ਹਨ ।

40ਪਰ ਜਦੋਂ ਧੂੰਏਂ ਦਾ ਬੱਦਲ ਇੱਕਦਮ ਸ਼ਹਿਰ ਤੋਂ ਉੱਠਿਆ ਤਾਂ ਬਿਨਯਾਮੀਨੀਆਂ ਨੇ ਆਪਣੇ ਪਿੱਛੇ ਮੁੜ ਕੇ ਵੇਖਿਆ ਤਾਂ ਵੇਖੋ, ਸ਼ਹਿਰ ਤੋਂ ਅਕਾਸ਼ ਤੱਕ ਧੂੰਏਂ ਦਾ ਬੱਦਲ ਉੱਠ ਰਿਹਾ ਸੀ ।

41ਤਦ ਇਸਰਾਏਲ ਦੇ ਮਨੁੱਖ ਮੁੜੇ ਅਤੇ ਬਿਨਯਾਮੀਨ ਦੇ ਲੋਕ ਇਹ ਵੇਖ ਕੇ ਘਬਰਾ ਗਏ ਕਿ ਬਿਪਤਾ ਉਨ੍ਹਾਂ ਦੇ ਉੱਤੇ ਆਣ ਪਈ ਹੈ !

42ਇਸ ਲਈ ਉਹ ਇਸਰਾਏਲ ਦੇ ਮਨੁੱਖਾਂ ਨੂੰ ਆਪਣੀ ਪਿੱਠ ਵਿਖਾਕੇ ਉਜਾੜ ਵੱਲ ਭੱਜ ਗਏ ਪਰ ਉਨ੍ਹਾਂ ਨਾਲ ਲੜਾਈ ਹੁੰਦੀ ਹੀ ਰਹੀ ਅਤੇ ਉਹ ਲੋਕ ਜਿਹੜੇ ਦੂਸਰੇ ਸ਼ਹਿਰਾਂ ਤੋਂ ਆਏ ਸਨ, ਉਨ੍ਹਾਂ ਨੂੰ ਇਸਰਾਏਲੀ ਰਸਤੇ ਵਿੱਚ ਮਾਰਦੇ ਗਏ ।

43ਉਨ੍ਹਾਂ ਨੇ ਬਿਨਯਾਮੀਨੀਆਂ ਨੂੰ ਘੇਰ ਲਿਆ ਅਤੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਗਿਬਆਹ ਦੇ ਪੂਰਬ ਵੱਲ ਦੀ ਛਾਉਣੀ ਤੱਕ ਉਨ੍ਹਾਂ ਨੂੰ ਖਦੇੜਦੇ ਗਏ ।

44ਬਿਨਯਾਮੀਨੀਆਂ ਦੇ ਅਠਾਰਾਂ ਹਜ਼ਾਰ ਪੁਰਖ ਮਾਰੇ ਗਏ । ਉਹ ਸਾਰੇ ਸੂਰਬੀਰ ਮਨੁੱਖ ਸਨ ।

45ਤਦ ਉਹ ਘੁੰਮ ਕੇ ਉਜਾੜ ਵਿੱਚ ਰਿੰਮੋਨ ਦੀ ਪਹਾੜੀ ਵੱਲ ਭੱਜ ਗਏ ਪਰ ਇਸਰਾਏਲੀਆਂ ਨੇ ਉਨ੍ਹਾਂ ਵਿੱਚੋਂ ਪੰਜ ਹਜ਼ਾਰ ਨੂੰ ਚੁਣ-ਚੁਣ ਕੇ ਸੜਕਾਂ ਉੱਤੇ ਮਾਰ ਦਿੱਤਾ ਅਤੇ ਫਿਰ ਗਿਦੋਮ ਤੱਕ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਵਿੱਚੋਂ ਦੋ ਹਜ਼ਾਰ ਪੁਰਖ ਹੋਰ ਮਾਰ ਦਿੱਤੇ ।

46ਸਭ ਬਿਨਯਾਮੀਨੀ ਜੋ ਉਸ ਦਿਨ ਮਾਰੇ ਗਏ ਉਹ ਪੱਚੀ ਹਜ਼ਾਰ ਤਲਵਾਰ ਧਾਰੀ ਜੁਆਨ ਸਨ ਅਤੇ ਇਹ ਸਾਰੇ ਸੂਰਬੀਰ ਸਨ ।

47ਪਰ ਛੇ ਸੌ ਪੁਰਖ ਘੁੰਮ ਕੇ ਉਜਾੜ ਵੱਲ ਭੱਜੇ ਅਤੇ ਰਿੰਮੋਨ ਦੀ ਪਹਾੜੀ ਵੱਲ ਚਲੇ ਗਏ ਅਤੇ ਚਾਰ ਮਹੀਨੇ ਤੱਕ ਉੱਥੇ ਹੀ ਰਹੇ ।

48ਤਦ ਇਸਰਾਏਲ ਦੇ ਮਨੁੱਖਾਂ ਨੇ ਮੁੜ ਕੇ ਬਿਨਯਾਮੀਨੀਆਂ ਉੱਤੇ ਫੇਰ ਹਮਲਾ ਕੀਤਾ, ਅਤੇ ਸਾਰੇ ਸ਼ਹਿਰਾਂ ਵਿੱਚ ਮਨੁੱਖਾਂ ਨੂੰ, ਪਸ਼ੂਆਂ ਨੂੰ ਅਤੇ ਉਹ ਸਭ ਕੁਝ ਜੋ ਉਨ੍ਹਾਂ ਨੂੰ ਲੱਭਿਆ, ਤਲਵਾਰ ਦੀ ਧਾਰ ਨਾਲ ਨਾਸ਼ ਕਰ ਦਿੱਤਾ ਅਤੇ ਜਿੰਨੇ ਸ਼ਹਿਰ ਉਨ੍ਹਾਂ ਨੂੰ ਲੱਭੇ ਉਹ ਸਾਰੇ ਅੱਗ ਨਾਲ ਸਾੜ ਦਿੱਤੇ ।


  Share Facebook  |  Share Twitter

 <<  Judges 20 >> 


Bible2india.com
© 2010-2024
Help
Dual Panel

Laporan Masalah/Saran