Bible 2 India Mobile
[VER] : [PUNJABI]     [PL]  [PB] 
 <<  Ephesians 5 >> 

1ਸੋ ਤੁਸੀਂ ਪਿਆਰਿਆਂ ਬਾਲਕਾਂ ਵਾਂਗੂੰ ਪਰਮੇਸ਼ੁਰ ਦੀ ਰੀਸ ਕਰੋ ।

2ਅਤੇ ਪਿਆਰ ਨਾਲ ਚੱਲੋ ਜਿਵੇਂ ਮਸੀਹ ਨੇ ਵੀ ਤੁਹਾਡੇ ਨਾਲ ਪਿਆਰ ਕੀਤਾ, ਅਤੇ ਸਾਡੇ ਲਈ ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਭੇਟ ਅਤੇ ਬਲੀਦਾਨ ਕਰਕੇ ਸੁਗੰਧ ਦੀ ਤਰ੍ਹਾਂ ਦੇ ਦਿੱਤਾ ।

3ਜਿਵੇਂ ਸੰਤਾਂ ਨੂੰ ਯੋਗ ਹੈ ਤੁਹਾਡੇ ਵਿੱਚ ਹਰਾਮਕਾਰੀ ਅਤੇ ਹਰ ਭਾਂਤ ਦੇ ਗੰਦ-ਮੰਦ ਅਥਵਾ ਲੋਭ ਦੀ ਚਰਚਾ ਵੀ ਨਾ ਹੋਵੇ ।

4ਅਤੇ ਨਾ ਬੇਸ਼ਰਮੀ, ਨਾ ਮੂਰਖਤਾ ਦੇ ਬੋਲ ਅਥਵਾ ਠੱਠੇ ਬਾਜ਼ੀ ਜੋ ਅਯੋਗ ਹਨ ਅਤੇ ਤੁਹਾਡੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਪਰ ਧੰਨਵਾਦ ਹੋਇਆ ਕਰੇ ।

5ਕਿਉਂ ਜੋ ਤੁਸੀਂ ਇਸ ਗੱਲ ਨੂੰ ਜਾਣਦੇ ਹੋ ਕਿ ਹਰਾਮਕਾਰ ਜਾਂ ਭ੍ਰਿਸ਼ਟ ਜਾਂ ਲੋਭੀ ਮਨੁੱਖ ਜੋ ਮੂਰਤੀ ਪੂਜਕ ਹੈ, ਮਸੀਹ ਅਤੇ ਪਰਮੇਸ਼ੁਰ ਦੇ ਰਾਜ ਵਿੱਚ ਵਾਰਿਸ ਨਹੀਂ ਹੋ ਸਕਦਾ ।

6ਕੋਈ ਤੁਹਾਨੂੰ ਵਿਅਰਥ ਗੱਲਾਂ ਨਾਲ ਧੋਖਾ ਨਾ ਦੇਵੇ ਕਿਉਂ ਜੋ ਇਹਨਾਂ ਦੇ ਕਾਰਨ ਪਰਮੇਸ਼ੁਰ ਦਾ ਕੋਪ ਅਣ-ਆਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ ।

7ਸੋ ਤੁਸੀਂ ਉਹਨਾਂ ਦੇ ਸਾਂਝੀ ਨਾ ਹੋਵੋ ।

8ਕਿਉਂ ਜੋ ਤੁਸੀਂ ਅੱਗੇ ਹਨ੍ਹੇਰਾ ਸੀ ਪਰ ਹੁਣ ਪ੍ਰਭੂ ਵਿੱਚ ਹੋ ਕੇ ਚਾਨਣ ਹੋ, ਸੋ ਤੁਸੀਂ ਚਾਨਣ ਦੇ ਪੁੱਤਰਾਂ ਦੀ ਤਰ੍ਹਾਂ ਚਲੋ ।

9ਕਿਉਂ ਜੋ ਚਾਨਣ ਦਾ ਫਲ ਹਰ ਤਰ੍ਹਾਂ ਦੀ ਭਲਿਆਈ, ਧਰਮ ਅਤੇ ਸਚਿਆਈ ਹੈ ।

10ਅਤੇ ਭਾਲ ਕਰੋ ਕਿ ਪਰਮੇਸ਼ੁਰ ਨੂੰ ਕਿਹੜੀਆਂ ਗੱਲਾਂ ਪਸੰਦ ਹਨ !

11ਅਤੇ ਅਨ੍ਹੇਰੇ ਦੇ ਬੇਫਲ ਕੰਮਾਂ ਵਿੱਚ ਸਾਂਝੀ ਨਾ ਹੋਵੋ ਪਰ ਉਨ੍ਹਾਂ ਨੂੰ ਉਜਾਗਰ ਕਰੋ ।

12ਕਿਉਂਕਿ ਜਿਹੜੇ ਕੰਮ ਗੁਪਤ ਵਿੱਚ ਉਹਨਾਂ ਦੁਆਰਾ ਕੀਤੇ ਜਾਂਦੇ ਹਨ ! ਉਨ੍ਹਾਂ ਦੀ ਗੱਲ ਕਰਦਿਆਂ ਵੀ ਸ਼ਰਮ ਆਉਂਦੀ ਹੈ ।

13ਪਰ ਸਾਰੇ ਕੰਮ ਜਿਹਨਾਂ ਨੂੰ ਉਜਾਗਰ ਕੀਤਾ ਜਾਂਦਾ ਹੈ ਉਹ ਸਭ ਚਾਨਣ ਦੁਆਰਾ ਪਰਗਟ ਕੀਤੇ ਜਾਂਦੇ ਹਨ, ਕਿਉਂਕਿ ਜੋ ਸਭ ਕੁੱਝ ਪਰਗਟ ਕਰਦਾ ਹੈ ਉਹ ਚਾਨਣ ਹੈ ।

14ਇਸ ਲਈ ਉਹ ਆਖਦਾ ਹੈ, ਹੇ ਸੌਣ ਵਾਲਿਆ, ਜਾਗ ਅਤੇ ਮੁਰਦਿਆਂ ਵਿੱਚੋਂ ਜੀ ਉੱਠ ! ਤਾਂ ਮਸੀਹ ਦਾ ਚਾਨਣ ਤੇਰੇ ਉੱਤੇ ਚਮਕੇਗਾ ।

15ਸੋ ਚੌਕਸੀ ਨਾਲ ਵੇਖੋ ਤੁਸੀਂ ਕਿਹੋ ਜਿਹੀ ਚਾਲ ਚੱਲਦੇ ਹੋ, ਨਿਰਬੁੱਧਾਂ ਵਾਂਗੂੰ ਨਹੀਂ, ਸਗੋਂ ਬੁੱਧਵਾਨਾਂ ਵਾਂਗੂੰ ।

16ਸਮੇਂ ਦਾ ਸਹੀ ਉਪਯੋਗ ਕਰੋ ਕਿਉਂ ਜੋ ਦਿਨ ਬੁਰੇ ਹਨ ।

17ਇਸ ਕਾਰਨ ਤੁਸੀਂ ਨਿਰਬੁੱਧ ਨਾ ਹੋਵੋ, ਸਗੋਂ ਸਮਝੋ ਕਿ ਪ੍ਰਭੂ ਦੀ ਕੀ ਮਰਜ਼ੀ ਹੈ ।

18ਅਤੇ ਸ਼ਰਾਬ ਨਾਲ ਮਸਤ ਨਾ ਹੋਵੋ ਜਿਹ ਦੇ ਵਿੱਚ ਲੁੱਚਪੁਣਾ ਹੁੰਦਾ ਹੈ, ਸਗੋਂ ਆਤਮਾ ਨਾਲ ਭਰਪੂਰ ਹੋ ਜਾਓ ।

19ਅਤੇ ਜ਼ਬੂਰ, ਭਜਨ ਅਤੇ ਆਤਮਿਕ ਗੀਤ ਗਾ ਕੇ ਇੱਕ ਦੂਜੇ ਨਾਲ ਗੱਲਾਂ ਕਰੋ ਅਤੇ ਮਨ ਲਗਾ ਕੇ ਪ੍ਰਭੂ ਲਈ ਗਾਉਂਦੇ ਵਜਾਉਂਦੇ ਰਿਹਾ ਕਰੋ ।

20ਅਤੇ ਸਭਨਾਂ ਗੱਲਾਂ ਦੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਪਰਮੇਸ਼ੁਰ ਪਿਤਾ ਦਾ ਸਦਾ ਧੰਨਵਾਦ ਕਰੋ ।

21ਅਤੇ ਮਸੀਹ ਦੇ ਡਰ ਵਿੱਚ ਇੱਕ ਦੂਜੇ ਦੇ ਅਧੀਨ ਰਹੋ ।

22ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਦੇ ਅਧੀਨ ਹੋ ।

23ਕਿਉਂ ਜੋ ਪਤੀ ਪਤਨੀ ਦਾ ਸਿਰ ਹੈ, ਜਿਵੇਂ ਮਸੀਹ ਵੀ ਕਲੀਸਿਯਾ ਦਾ ਸਿਰ ਹੈ । ਉਹ ਤਾਂ ਆਪ ਦੇਹੀ ਦਾ ਬਚਾਉਣ ਵਾਲਾ ਹੈ ।

24ਇਸ ਲਈ, ਜਿਵੇਂ ਕਲੀਸਿਯਾ ਮਸੀਹ ਦੇ ਅਧੀਨ ਹੈ, ਇਸੇ ਤਰ੍ਹਾਂ ਪਤਨੀਆਂ ਵੀ ਹਰ ਗੱਲ ਵਿੱਚ ਆਪਣਿਆਂ ਪਤੀਆਂ ਦੇ ਅਧੀਨ ਰਹਿਣ ।

25ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਰੱਖੋ, ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ ।

26ਪਰਮੇਸ਼ੁਰ ਦੇ ਬਚਨ ਦੇ ਰਾਹੀਂ ਜਲ ਦੇ ਇਸ਼ਨਾਨ ਨਾਲ ਸ਼ੁੱਧ ਕਰਕੇ ਪਵਿੱਤਰ ਕਰੇ ।

27ਅਤੇ ਉਹ ਉਸ ਨੂੰ ਆਪਣੇ ਲਈ ਇਹੋ ਜਿਹੀ ਪਰਤਾਪਵਾਨ ਕਲੀਸਿਯਾ ਤਿਆਰ ਕਰੇ ਜਿਹ ਦੇ ਵਿੱਚ ਕਲੰਕ ਜਾਂ ਬੱਜ ਜਾਂ ਕੋਈ ਹੋਰ ਅਜਿਹਾ ਔਗੁਣ ਨਾ ਹੋਵੇ ਸਗੋਂ ਉਹ ਪਵਿੱਤਰ ਅਤੇ ਨਿਰਮਲ ਹੋਵੇ ।

28ਇਸੇ ਤਰ੍ਹਾਂ ਪਤੀਆਂ ਨੂੰ ਵੀ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪਿਆਰ ਰੱਖਣ ਜਿਵੇਂ ਆਪਣੇ ਸਰੀਰਾਂ ਨਾਲ ਰੱਖਦੇ ਹਨ । ਜਿਹੜਾ ਆਪਣੀ ਪਤਨੀ ਨਾਲ ਪਿਆਰ ਕਰਦਾ ਹੈ ਉਹ ਆਪਣੇ ਹੀ ਨਾਲ ਪਿਆਰ ਕਰਦਾ ਹੈ ।

29ਕਿਉਂ ਜੋ ਕਿਸੇ ਨੇ ਆਪਣੇ ਸਰੀਰ ਨਾਲ ਕਦੇ ਵੈਰ ਨਹੀਂ ਕੀਤਾ ਸਗੋਂ ਉਹ ਉਸ ਨੂੰ ਪਾਲਦਾ ਪਲੋਸਦਾ ਹੈ ਜਿਵੇਂ ਮਸੀਹ ਵੀ ਕਲੀਸਿਯਾ ਨੂੰ ਪਾਲਦਾ ਪਲੋਸਦਾ ਹੈ ।

30ਕਿਉਂ ਜੋ ਅਸੀਂ ਉਸ ਦੀ ਦੇਹੀ ਦੇ ਅੰਗ ਹਾਂ ।

31ਇਸ ਕਰਕੇ ਮਨੁੱਖ ਆਪਣੇ ਮਾਪੇ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ ।

32ਇਹ ਭੇਤ ਤਾਂ ਵੱਡਾ ਹੈ ਪਰ ਮੈਂ ਮਸੀਹ ਅਤੇ ਕਲੀਸਿਯਾ ਵਿਖੇ ਬੋਲਦਾ ਹਾਂ ।

33ਪਰ ਤੁਹਾਡੇ ਵਿੱਚੋਂ ਵੀ ਹਰੇਕ ਆਪੋ-ਆਪਣੀ ਪਤਨੀ ਨਾਲ ਆਪਣੇ ਹੀ ਜਿਹਾ ਪਿਆਰ ਕਰੇ, ਅਤੇ ਪਤਨੀ ਆਪਣੇ ਪਤੀ ਦਾ ਆਦਰ ਕਰੇ ।


  Share Facebook  |  Share Twitter

 <<  Ephesians 5 >> 


Bible2india.com
© 2010-2024
Help
Dual Panel

Laporan Masalah/Saran