Bible 2 India Mobile
[VER] : [PUNJABI]     [PL]  [PB] 
 <<  Ephesians 4 >> 

1ਉਪਰੰਤ ਮੈਂ ਜੋ ਪ੍ਰਭੂ ਦੇ ਨਮਿੱਤ ਕੈਦੀ ਹਾਂ ਤੁਹਾਡੇ ਅੱਗੇ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਜਿਸ ਬੁਲਾਹਟ ਨਾਲ ਸੱਦੇ ਹੋਏ ਹੋ ਉਹ ਦੇ ਯੋਗ ਚਲੋ !

2ਅਰਥਾਤ ਪੂਰਨ ਅਧੀਨਗੀ, ਨਰਮਾਈ, ਅਤੇ ਧੀਰਜ ਸਹਿਤ ਪਿਆਰ ਨਾਲ ਇੱਕ ਦੂਜੇ ਦੇ ਵਿਖੇ ਸਹਿਣਸ਼ੀਲਤਾ ਰੱਖੋ !

3ਅਤੇ ਮਿਲਾਪ ਦੇ ਬੰਧ ਵਿੱਚ ਆਤਮਾ ਦੀ ਏਕਤਾ ਦੀ ਪਾਲਨਾ ਕਰਨ ਦੀ ਕੋਸ਼ਿਸ਼ ਕਰੋ !

4ਇੱਕੋ ਦੇਹੀ ਅਤੇ ਇੱਕੋ ਆਤਮਾ ਹੈ ਜਿਵੇਂ ਤੁਸੀਂ ਵੀ ਆਪਣੀ ਬੁਲਾਹਟ ਦੀ ਇੱਕੋ ਆਸ ਵਿੱਚ ਸੱਦੇ ਗਏ !

5ਇੱਕੋ ਪ੍ਰਭੂ, ਇੱਕ ਵਿਸ਼ਵਾਸ, ਇੱਕੋ ਬਪਤਿਸਮਾ ਹੈ ।

6ਸਭਨਾਂ ਦਾ ਇੱਕੋ ਪਰਮੇਸ਼ੁਰ ਅਤੇ ਪਿਤਾ ਹੈ ਜਿਹੜਾ ਸਭਨਾਂ ਦੇ ਉੱਤੇ, ਸਭਨਾਂ ਦੇ ਵਿੱਚ ਅਤੇ ਸਭਨਾਂ ਦੇ ਅੰਦਰ ਹੈ !

7ਪਰ ਸਾਡੇ ਵਿੱਚੋਂ ਹਰੇਕ ਉੱਤੇ ਮਸੀਹ ਦੀ ਦਾਤ ਦੇ ਮਾਪ ਅਨੁਸਾਰ ਕਿਰਪਾ ਕੀਤੀ ਗਈ !

8ਇਸ ਲਈ ਉਹ ਆਖਦਾ ਹੈ - ਜਦ ਉਹ ਉਤਾਹਾਂ ਉੱਠਾਇਆ ਗਿਆ, ਉਸ ਨੇ ਬੰਧਨ ਨੂੰ ਬੰਨ੍ਹ ਲਿਆ ਅਤੇ ਮਨੁੱਖਾਂ ਨੂੰ ਦਾਤਾਂ ਦਿੱਤੀਆਂ

9ਹੁਣ ਇਸ ਗੱਲ ਦਾ ਕੀ ਅਰਥ ਹੈ ਕਿ ਉਹ ਉਤਾਹਾਂ ਚੜ੍ਹਿਆ, ਇਹ ਵੀ ਕਿ ਉਹ ਧਰਤੀ ਦੇ ਹੇਠਲਿਆਂ ਥਾਵਾਂ ਵਿੱਚ ਵੀ ਉਤਰਿਆ ਸੀ !

10ਉਹ ਜਿਹੜਾ ਉਤਰਿਆ ਸੀ ਉਹੀ ਹੈ ਜੋ ਸਾਰੇ ਅਕਾਸ਼ਾਂ ਦੇ ਉਤਾਹਾਂ ਚੜ੍ਹਿਆ ਵੀ ਸੀ ਕਿ ਸੱਭੋ ਕੁੱਝ ਸੰਪੂਰਨ ਕਰੇ ।

11ਉਹ ਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਪਰਚਾਰਕ, ਕਈਆਂ ਨੂੰ ਪਾਸਬਾਨ ਅਤੇ ਉਸਤਾਦ ਕਰਕੇ ਦੇ ਦਿੱਤਾ !

12ਤਾਂ ਜੋ ਸੇਵਕਾਈ ਦੇ ਕੰਮ ਲਈ ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹੀ ਦੀ ਉਨਤੀ ਹੋਵੇ !

13ਜਦੋਂ ਤੱਕ ਅਸੀਂ ਸਾਰੇ ਵਿਸ਼ਵਾਸ ਦੀ ਅਤੇ ਪਰਮੇਸ਼ੁਰ ਦੇ ਪੁੱਤਰ ਦੀ ਪਹਿਚਾਣ ਦੀ ਏਕਤਾ ਅਤੇ ਪੂਰੇ ਸਿਆਣਪੁਣੇ ਤੱਕ ਅਰਥਾਤ ਮਸੀਹ ਦੀ ਪੂਰੀ ਡੀਲ ਡੌਲ ਦੇ ਅੰਦਾਜ਼ੇ ਤੱਕ ਨਾ ਵੱਧ ਜਾਈਏ !

14ਕਿ ਅਸੀਂ ਅਗਾਹਾਂ ਨੂੰ ਬਾਲਕ ਨਾ ਰਹੀਏ ਜਿਹੜੇ ਮਨੁੱਖਾਂ ਦੀ ਠੱਗ ਵਿੱਦਿਆ ਅਤੇ ਭੁਲਾਉਣ ਵਾਲੀ ਛਲ ਛਿੱਦ੍ਰ ਰੂਪੀ ਚਤਰਾਈ ਨਾਲ ਸਿੱਖਿਆ ਦੇ ਹਰੇਕ ਬੁੱਲੇ ਨਾਲ ਇੱਧਰ-ਉੱਧਰ ਡੋਲਦੇ ਫਿਰਦੇ ਹਨ !

15ਸਗੋਂ ਅਸੀਂ ਪਿਆਰ ਨਾਲ ਸੱਚ ਕਮਾਉਂਦਿਆਂ ਹੋਇਆਂ, ਉਸ ਵਿੱਚ ਜੋ ਸਿਰ ਹੈ ਅਰਥਾਤ ਮਸੀਹ ਵਿੱਚ ਸਭਨਾਂ ਗੱਲਾਂ ਵਿੱਚ ਵੱਧਦੇ ਜਾਈਏ !

16ਜਿਸ ਤੋਂ ਸੰਪੂਰਨ ਦੇਹੀ ਹਰੇਕ ਜੋੜ ਦੀ ਮਦਦ ਨਾਲ ਸਹੀ ਰੀਤੀ ਨਾਲ ਜੁੜ ਕੇ ਅਤੇ ਇੱਕ ਸੰਗ ਮਿਲ ਕੇ ਹਰੇਕ ਅੰਗ ਦੇ ਠੀਕ ਕੰਮ ਕਰਨ ਅਨੁਸਾਰ ਆਪਣੇ ਆਪ ਨੂੰ ਵਧਾਈ ਜਾਂਦੀ ਹੈ ਕਿ ਉਹ ਪਿਆਰ ਵਿੱਚ ਆਪਣੀ ਉਸਾਰੀ ਕਰੇ ॥

17ਉਪਰੰਤ ਮੈਂ ਇਹ ਆਖਦਾ ਹਾਂ ਅਤੇ ਪ੍ਰਭੂ ਵਿੱਚ ਗਵਾਹ ਹੋ ਕੇ ਚਿਤਾਵਨੀ ਦਿੰਦਾ ਹਾਂ ਜੋ ਤੁਸੀਂ ਅੱਗੇ ਤੋਂ ਅਜਿਹੀ ਚਾਲ ਨਾ ਚੱਲੋ ਜਿਵੇਂ ਪਰਾਈਆਂ ਕੌਮਾਂ ਵੀ ਆਪਣੀ ਬੁੱਧ ਦੀ ਵਿਅਰਥ ਸੋਚ ਨਾਲ ਚੱਲਦੀਆਂ ਹਨ !

18ਉਨ੍ਹਾਂ ਦੀ ਬੁੱਧ ਅੰਨੀ ਹੋ ਗਈ ਹੈ ਅਤੇ ਉਸ ਅਗਿਆਨ ਦੇ ਕਾਰਨ ਜੋ ਉਨ੍ਹਾਂ ਵਿੱਚ ਹੈ ਅਤੇ ਆਪਣੇ ਮਨ ਦੀ ਕਠੋਰਤਾ ਦੇ ਕਾਰਨ ਉਹ ਪਰਮੇਸ਼ੁਰ ਦੇ ਜੀਵਨ ਤੋਂ ਅਲੱਗ ਹੋ ਗਏ ਹਨ !

19ਉਨ੍ਹਾਂ ਨੇ ਸੁੰਨ ਹੋ ਕੇ ਆਪਣੇ ਆਪ ਨੂੰ ਲੁੱਚਪੁਣੇ ਦੇ ਹੱਥ ਸੌਂਪ ਦਿੱਤਾ ਕਿ ਹਰ ਭਾਂਤ ਦੇ ਗੰਦੇ ਮੰਦੇ ਕੰਮ ਲਾਲਸਾ ਨਾਲ ਕਰਨ !

20ਪਰ ਤੁਸੀਂ ਮਸੀਹ ਦੀ ਅਜਿਹੀ ਸਿੱਖਿਆ ਨਹੀਂ ਪਾਈ !

21ਜੇ ਤੁਸੀਂ ਕਦੇ ਉਸ ਦੀ ਸੁਣੀ ਅਤੇ ਜਿਵੇਂ ਸਚਿਆਈ ਯਿਸੂ ਵਿੱਚ ਹੈ ਉਸੇ ਤਰ੍ਹਾਂ ਉਸ ਵਿੱਚ ਤੁਸੀਂ ਸਿਖਾਏ ਗਏ ਹੋ !

22ਕਿ ਤੁਸੀਂ ਪਹਿਲੇ ਚਾਲ-ਚੱਲਣ ਦੀ ਉਸ ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟੋ ਜੋ ਧੋਖਾ ਦੇਣ ਵਾਲੀਆਂ ਕਾਮਨਾਂ ਦੇ ਅਨੁਸਾਰ ਵਿਗੜਦੀ ਜਾਂਦੀ ਹੈ !

23ਅਤੇ ਆਪਣੇ ਮਨ ਦੇ ਸੁਭਾਓ ਵਿੱਚ ਨਵੇਂ ਬਣੋ !

24ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ, ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਸਿਰਜੀ ਗਈ ॥

25ਇਸ ਲਈ ਤੁਸੀਂ ਝੂਠ ਨੂੰ ਤਿਆਗ ਕੇ ਆਪਣੇ ਗੁਆਂਢੀ ਨਾਲ ਸੱਚ ਬੋਲੋ ਕਿਉਂ ਜੋ ਅਸੀਂ ਇੱਕ ਦੂਜੇ ਦੇ ਅੰਗ ਹਾਂ !

26ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਦੇ ਡੁੱਬਣ ਤੱਕ ਤੁਹਾਡਾ ਕ੍ਰੋਧ ਬਣਿਆ ਨਾ ਰਹੇ !

27ਅਤੇ ਸ਼ੈਤਾਨ ਨੂੰ ਮੌਕਾ ਨਾ ਦਿਓ ! ॥

28ਚੋਰੀ ਕਰਨ ਵਾਲਾ ਅੱਗੇ ਤੋਂ ਚੋਰੀ ਨਾ ਕਰੇ ਸਗੋਂ ਆਪਣੇ ਹੱਥੀਂ ਮਿਹਨਤ ਕਰਕੇ ਭਲਾ ਕੰਮ ਕਰੇ ਕਿ ਜਿਸ ਨੂੰ ਲੋੜ ਹੈ ਉਹ ਨੂੰ ਦੇਣ ਲਈ ਉਹ ਦੇ ਕੋਲ ਕੁੱਝ ਹੋਵੇ !

29ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿੱਕਲੇ ਸਗੋਂ ਜ਼ਰੂਰਤ ਅਨੁਸਾਰ ਉਹ ਗੱਲ ਨਿੱਕਲੇ ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ ਕਿ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ !

30ਅਤੇ ਪਰਮੇਸ਼ੁਰ ਦੇ ਪਵਿੱਤਰ ਆਤਮਾ ਨੂੰ ਉਦਾਸ ਨਾ ਕਰੋ, ਜਿਸ ਦੇ ਨਾਲ ਛੁਟਕਾਰੇ ਦੇ ਦਿਨ ਤੱਕ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਹੈ !

31ਸਭ ਕੁੱੜਤਣ, ਕ੍ਰੋਧ, ਕੋਪ, ਰੌਲ਼ਾ ਅਤੇ ਬੁਰੇ ਬੋਲ ਸਾਰੀ ਬੁਰਿਆਈ ਸਣੇ ਤੁਹਾਡੇ ਤੋਂ ਦੂਰ ਹੋਵੇ !

32ਅਤੇ ਤੁਸੀਂ ਇੱਕ ਦੂਜੇ ਉੱਤੇ ਦਿਆਲੂ ਅਤੇ ਤਰਸਵਾਨ ਹੋਵੋ, ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ ॥


  Share Facebook  |  Share Twitter

 <<  Ephesians 4 >> 


Bible2india.com
© 2010-2024
Help
Dual Panel

Laporan Masalah/Saran