Bible 2 India Mobile
[VER] : [PUNJABI]     [PL]  [PB] 
 <<  Zechariah 7 >> 

1ਦਾਰਾ ਪਾਤਸ਼ਾਹ ਦੇ ਚੌਥੇ ਸਾਲ ਵਿੱਚ ਇਸ ਤਰ੍ਹਾਂ ਹੋਇਆ ਕਿ ਯਹੋਵਾਹ ਦੀ ਬਾਣੀ ਨੌਵੇਂ ਮਹੀਨੇ ਦੀ ਚੌਥੀ ਤਾਰੀਖ਼ ਨੂੰ ਅਰਥਾਤ ਕਿਸਲੇਵ ਮਹੀਨੇ ਵਿੱਚ ਜ਼ਕਰਯਾਹ ਨੂੰ ਆਈ ।

2ਤਾਂ ਬੈਤਏਲ ਵਾਲਿਆਂ ਨੇ ਸ਼ਰਾਸਰ, ਰਗਮ ਮਲਕ ਅਤੇ ਉਸ ਦੇ ਮਨੁੱਖਾਂ ਨੂੰ ਭੇਜਿਆ ਕਿ ਯਹੋਵਾਹ ਦੇ ਅੱਗੇ ਬੇਨਤੀ ਕਰਨ

3ਅਤੇ ਜਾਜ਼ਕਾਂ ਨੂੰ ਜਿਹੜੇ ਸੈਨਾਂ ਦੇ ਯਹੋਵਾਹ ਦੇ ਭਵਨ ਲਈ ਸਨ ਅਤੇ ਨਬੀਆਂ ਨੂੰ ਆਖਣ, ਕਿ ਮੈਂ ਪੰਜਵੇਂ ਮਹੀਨੇ ਵਿੱਚ ਵਰਤ ਰੱਖਾਂ ਅਤੇ ਸੋਗ ਕਰਨ, ਜਿਵੇਂ ਮੈਂ ਕਈ ਸਾਲਾਂ ਤੋਂ ਕਰਦਾ ਰਿਹਾ ਹਾਂ ?

4ਫੇਰ ਸੈਨਾਂ ਦੇ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

5ਦੇਸ ਦੇ ਸਾਰੇ ਲੋਕਾਂ ਨੂੰ ਅਤੇ ਜਾਜ਼ਕਾਂ ਨੂੰ ਆਖ ਕਿ ਜਦ ਤੁਸੀਂ ਇਹਨਾਂ ਸੱਤਰ ਸਾਲਾਂ ਤੋਂ ਪੰਜਵੇਂ ਅਤੇ ਸੱਤਵੇਂ ਮਹੀਨੇ ਵਿਚ ਵਰਤ ਰੱਖਦੇ ਅਤੇ ਸੋਗ ਕਰਦੇ ਸੀ, ਕੀ ਤੁਸੀਂ ਕਦੀ ਮੇਰੇ ਲਈ ਵਰਤ ਰੱਖਿਆ ?

6ਜਦ ਤੁਸੀਂ ਖਾਂਦੇ-ਪੀਂਦੇ ਹੋ, ਤਾਂ ਕੀ ਆਪਣੇ ਲਈ ਹੀ ਨਹੀਂ ਖਾਂਦੇ ਅਤੇ ਆਪਣੇ ਲਈ ਹੀ ਨਹੀਂ ਪੀਂਦੇ ਹੋ ?

7ਕੀ ਇਹ ਉਹ ਗੱਲਾਂ ਨਹੀਂ ਹਨ ਜਿਹੜੀਆਂ ਯਹੋਵਾਹ ਨੇ ਪਹਿਲੇ ਨਬੀਆਂ ਦੇ ਰਾਹੀਂ ਪੁਕਾਰ ਕੇ ਆਖੀਆਂ ਸਨ, ਜਦੋਂ ਯਰੂਸ਼ਲਮ ਸੁੱਖ ਅਤੇ ਚੈਨ ਦੇ ਨਾਲ ਵੱਸਦਾ ਸੀ ਅਤੇ ਉਹ ਦੇ ਆਲੇ ਦੁਆਲੇ ਦੇ ਨਗਰ, ਦੱਖਣ ਅਤੇ ਹੇਠਾਂ ਵਾਲੇ ਨਗਰ ਵੀ ਵੱਸਦੇ ਸਨ ?

8ਫੇਰ ਯਹੋਵਾਹ ਦਾ ਬਚਨ ਜ਼ਕਰਯਾਹ ਨੂੰ ਆਇਆ ਕਿ

9ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਸਚਿਆਈ ਨਾਲ ਨਿਆਂ ਕਰੋ ਅਤੇ ਹਰੇਕ ਮਨੁੱਖ ਆਪਣੇ ਭਰਾ ਉੱਤੇ ਦਯਾ ਅਤੇ ਤਰਸ ਕਰੇ ।

10ਵਿਧਵਾ, ਯਤੀਮ, ਪਰਦੇਸੀ ਅਤੇ ਗਰੀਬ ਨੂੰ ਨਾ ਸਤਾਓ ਅਤੇ ਨਾ ਤੁਹਾਡੇ ਵਿੱਚੋਂ ਕੋਈ ਆਪਣੇ ਭਰਾ ਦੇ ਵਿਰੁੱਧ ਆਪਣੇ ਮਨ ਵਿੱਚ ਬੁਰਿਆਈ ਸੋਚੇ ।

11ਪਰ ਉਹ ਇਸ ਵੱਲ ਧਿਆਨ ਦੇਣ ਲਈ ਸਹਿਮਤ ਨਾ ਹੋਏ । ਉਹਨਾਂ ਨੇ ਆਪਣੀਆਂ ਪਿੱਠਾਂ ਮੋੜ ਲਈਆਂ ਅਤੇ ਉਹਨਾਂ ਨੇ ਆਪਣੇ ਕੰਨ ਬੰਦ ਕਰ ਲਏ ਕਿ ਨਾ ਸੁਣਨ

12ਅਤੇ ਉਹਨਾਂ ਨੇ ਆਪਣੇ ਦਿਲਾਂ ਨੂੰ ਅਲਮਸ ਪੱਥਰ ਵਾਂਗੂੰ ਕਠੋਰ ਕਰ ਲਿਆ, ਤਾਂ ਕਿ ਬਿਵਸਥਾ ਨੂੰ ਅਤੇ ਉਹਨਾਂ ਗੱਲਾਂ ਨੂੰ ਨਾ ਸੁਣਨ ਜਿਹੜੀਆਂ ਸੈਨਾਂ ਦੇ ਯਹੋਵਾਹ ਨੇ ਆਪਣੇ ਆਤਮਾ ਦੇ ਰਾਹੀਂ ਨਬੀਆਂ ਦੇ ਹੱਥੀਂ ਭੇਜੀਆਂ ਸਨ । ਤਾਂ ਸੈਨਾਂ ਦੇ ਯਹੋਵਾਹ ਵੱਲੋਂ ਵੱਡਾ ਕੋਪ ਹੋਇਆ ।

13ਤਦ ਜਿਵੇਂ ਉਹ ਨੇ ਪੁਕਾਰਿਆ ਅਤੇ ਉਹਨਾਂ ਨੇ ਨਾ ਸੁਣਿਆ, ਉਸੇ ਤਰ੍ਹਾਂ ਹੀ ਉਹ ਪੁਕਾਰਨਗੇ ਅਤੇ ਮੈਂ ਨਾ ਸੁਣਾਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ ।

14ਸਗੋਂ ਮੈਂ ਉਹਨਾਂ ਨੂੰ ਵਾਵਰੋਲੇ ਨਾਲ ਸਾਰੀਆਂ ਕੌਮਾਂ ਦੇ ਵਿੱਚ ਖਿਲਾਰ ਦਿਆਂਗਾ, ਜਿਨ੍ਹਾਂ ਨੂੰ ਉਹ ਜਾਣਦੇ ਵੀ ਨਹੀਂ ਹਨ ਅਤੇ ਸੋ ਉਹਨਾਂ ਦਾ ਦੇਸ ਉਹਨਾਂ ਦੇ ਮਗਰੋਂ ਉਜਾੜ ਹੋ ਗਿਆ ਕਿ ਉਹ ਦੇ ਵਿੱਚ ਦੀ ਕੋਈ ਆਉਂਦਾ ਜਾਂਦਾ ਨਹੀਂ ਸੀ । ਉਹਨਾਂ ਨੇ ਉਸ ਮਨ ਮੋਹਣੇ ਦੇਸ ਨੂੰ ਉਜਾੜ ਕਰ ਦਿੱਤਾ ।


  Share Facebook  |  Share Twitter

 <<  Zechariah 7 >> 


Bible2india.com
© 2010-2025
Help
Dual Panel

Laporan Masalah/Saran