Bible 2 India Mobile
[VER] : [PUNJABI]     [PL]  [PB] 
 <<  Joshua 7 >> 

1ਪਰ ਇਸਰਾਏਲੀਆਂ ਨੇ ਚੜ੍ਹਾਵੇ ਦੀ ਚੀਜ਼ ਦੇ ਵਿਖੇ ਅਪਰਾਧ ਕੀਤਾ, ਕਿਉਂ ਜੋ ਜਰਹ ਦੇ ਪੜਪੋਤੇ, ਜ਼ਬਦੀ ਦੇ ਪੋਤੇ ਅਤੇ ਕਰਮੀ ਦੇ ਪੁੱਤਰ ਆਕਾਨ ਨੇ ਜਿਹੜਾ ਯਹੂਦਾਹ ਦੇ ਗੋਤ ਦਾ ਸੀ ਉਸ ਚੜ੍ਹਾਵੇ ਦੀ ਚੀਜ਼ ਵਿੱਚੋਂ ਕੁਝ ਲਿਆ ਅਤੇ ਯਹੋਵਾਹ ਦਾ ਕ੍ਰੋਧ ਇਸਰਾਏਲੀਆਂ ਉੱਤੇ ਭੜਕਿਆ ।

2ਯਹੋਸ਼ੁਆ ਨੇ ਯਰੀਹੋ ਤੋਂ ਅਈ ਨੂੰ ਜਿਹੜੀ ਬੈਤ-ਆਵਨ ਦੇ ਕੋਲ ਬੇਤ-ਏਲ ਦੇ ਚੜ੍ਹਦੀ ਵੱਲ ਹੈ ਮਨੁੱਖ ਭੇਜੇ ਅਤੇ ਉਹਨਾਂ ਨੂੰ ਆਖਿਆ, ਉਤਾਹਾਂ ਜਾ ਕੇ ਉਸ ਦੇਸ ਦੀ ਖ਼ੋਜ ਕੱਢ ਲਿਆਓ । ਉਸ ਤੋਂ ਬਾਅਦ ਉਹ ਮਨੁੱਖ ਗਏ ਅਤੇ ਅਈ ਦੀ ਖ਼ੋਜ ਕੱਢੀ ।

3ਉਹਨਾਂ ਨੇ ਯਹੋਸ਼ੁਆ ਕੋਲ ਵਾਪਿਸ ਆ ਕੇ ਉਹ ਨੂੰ ਆਖਿਆ, ਸਾਰੇ ਲੋਕ ਉਤਾਹਾਂ ਨਾ ਜਾਣ ਪਰ ਕੇਵਲ ਦੋ ਤਿੰਨ ਹਜ਼ਾਰ ਮਨੁੱਖ ਉਤਾਹਾਂ ਜਾ ਕੇ ਅਈ ਨੂੰ ਜਿੱਤ ਲੈਣ । ਸਾਰਿਆਂ ਲੋਕਾਂ ਨੂੰ ਭੇਜਣ ਦੀ ਖੇਚਲ ਨਾ ਕਰੋ ਕਿਉਂ ਜੋ ਉਹ ਥੋੜੇ ਹੀ ਹਨ ।

4ਇਸ ਲਈ ਲੋਕਾਂ ਵਿੱਚੋ ਤਿੰਨ ਕੁ ਹਜ਼ਾਰ ਉੱਧਰ ਉਤਾਹਾਂ ਗਏ ਅਤੇ ਅਈ ਦੇ ਮਨੁੱਖਾਂ ਦੇ ਅੱਗੋਂ ਨੱਠ ਆਏ ।

5ਅਤੇ ਅਈ ਵਾਲਿਆਂ ਨੇ ਉਹਨਾਂ ਵਿੱਚੋਂ ਲਗਭਗ ਛੱਤੀ ਮਨੁੱਖ ਮਾਰ ਦਿੱਤੇ ਅਤੇ ਫਾਟਕ ਦੇ ਅੱਗੋਂ ਲੈ ਕੇ ਸਬਾਰੀਮ ਤੱਕ ਉਹਨਾਂ ਦੇ ਪਿੱਛੇ ਆਏ ਅਤੇ ਉਹਨਾਂ ਨੂੰ ਹਠਾੜ ਵਿੱਚ ਮਾਰਿਆ ਤਾਂ ਲੋਕਾਂ ਦੇ ਮਨ ਢਲ ਗਏ ਅਤੇ ਪਾਣੀਓ ਪਾਣੀ ਹੋ ਗਏ ।

6ਯਹੋਸ਼ੁਆ ਨੇ ਆਪਣੇ ਕੱਪੜੇ ਪਾੜੇ ਅਤੇ ਯਹੋਵਾਹ ਦੇ ਸੰਦੂਕ ਦੇ ਅੱਗੇ ਸ਼ਾਮਾਂ ਤੱਕ ਮੂੰਹ ਭਾਰ ਧਰਤੀ ਉੱਤੇ ਪਿਆ ਰਿਹਾ, ਉਹ ਅਤੇ ਇਸਰਾਏਲ ਦੇ ਬਜ਼ੁਰਗ ਵੀ ਅਤੇ ਉਹਨਾਂ ਆਪਣਿਆਂ ਸਿਰਾਂ ਵਿੱਚ ਧੂੜ ਪਾ ਲਈ ।

7ਯਹੋਸ਼ੁਆ ਨੇ ਆਖਿਆ, ਹਾਏ ਪ੍ਰਭੂ ਯਹੋਵਾਹ, ਕੀ ਤੂੰ ਇਹਨਾਂ ਲੋਕਾਂ ਨੂੰ ਇਸ ਕਾਰਨ ਯਰਦਨ ਤੋਂ ਪਾਰ ਲਿਆਇਆ ਹੈਂ ਕਿ ਅਮੋਰੀਆਂ ਦੇ ਹੱਥ ਵਿੱਚ ਸਾਨੂੰ ਦੇ ਕੇ ਸਾਡਾ ਸੱਤਿਆਨਾਸ ਕਰਾਏਂ ? ਚੰਗਾ ਹੀ ਹੁੰਦਾ ਜੇ ਅਸੀਂ ਸਬਰ ਕਰਦੇ ਅਤੇ ਯਰਦਨ ਦੇ ਉਸ ਪਾਸੇ ਹੀ ਵੱਸੇ ਰਹਿੰਦੇ ।

8ਹੇ ਪ੍ਰਭੂ, ਮੈਂ ਹੁਣ ਕੀ ਆਖਾਂ ਜਦ ਇਸਰਾਏਲ ਨੇ ਆਪਣੇ ਵੈਰੀਆਂ ਦੇ ਅੱਗੋਂ ਪਿੱਠ ਵਿਖਾਈ ਹੈ ?

9ਕਨਾਨੀ ਅਤੇ ਸਾਰੇ ਇਸ ਦੇਸ ਦੇ ਵਸਨੀਕ ਸੁਣਨਗੇ ਅਤੇ ਉਹ ਸਾਨੂੰ ਘੇਰ ਲੈਣਗੇ ਅਤੇ ਉਹ ਸਾਡਾ ਨਾਮ ਧਰਤੀ ਉੱਤੋਂ ਮਿਟਾ ਦੇਣਗੇ ਤਾਂ ਤੂੰ ਆਪਣੇ ਵੱਡੇ ਨਾਮ ਲਈ ਕੀ ਕਰੇਂਗਾ ?

10ਤਦ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਤੂੰ ਉੱਠ ਖਲੋ ! ਕਿਉਂ ਮੂੰਹ ਪਰਨੇ ਪਿਆ ਹੈਂ ?

11ਇਸਰਾਏਲ ਨੇ ਪਾਪ ਕੀਤਾ ਹੈ । ਹਾਂ, ਉਹਨਾਂ ਨੇ ਮੇਰੇ ਨੇਮ ਦਾ ਜਿਸ ਦਾ ਉਹਨਾਂ ਨੂੰ ਹੁਕਮ ਦਿੱਤਾ ਸੀ ਉਲੰਘਣ ਕੀਤਾ ਹੈ । ਹਾਂ, ਉਹਨਾਂ ਨੇ ਚੜ੍ਹਾਵੇ ਦੀਆਂ ਚੀਜ਼ਾਂ ਵਿੱਚੋਂ ਕੁਝ ਲੈ ਲਈਆਂ ਹਨ, ਚੋਰੀ ਕਰ ਲਈਆਂ ਹਨ, ਧੋਖਾ ਵੀ ਕੀਤਾ ਹੈ ਅਤੇ ਆਪਣੇ ਸਮਾਨ ਵਿੱਚ ਰਲਾ ਲਈਆਂ ਹਨ ।

12ਇਸੇ ਲਈ ਇਸਰਾਏਲੀ ਆਪਣੇ ਵੈਰੀਆਂ ਦੇ ਅੱਗੇ ਸਾਹਮਣਾ ਨਾ ਕਰ ਸਕੇ ਸਗੋਂ ਵੈਰੀਆਂ ਦੇ ਅੱਗੋ ਪਿੱਠ ਵਿਖਾਈ ਕਿਉਂ ਜੋ ਉਹ ਸਰਾਪੇ ਗਏ ਸਨ । ਸੋ ਹੁਣ ਮੈਂ ਅੱਗੇ ਨੂੰ ਤੁਹਾਡੇ ਨਾਲ ਨਾ ਹੋਵਾਂਗਾ ਜਦ ਤੁਸੀਂ ਉਸ ਚੜ੍ਹਾਵੇ ਦੀ ਚੀਜ਼ ਨੂੰ ਆਪਣੇ ਵਿੱਚੋ ਨਾਸ ਨਾ ਕਰ ਸੁੱਟੋ ।

13ਉੱਠ ਅਤੇ ਲੋਕਾਂ ਨੂੰ ਪਵਿੱਤਰ ਕਰ ਅਤੇ ਤੂੰ ਆਖ ਕਿ ਆਪਣੇ ਆਪ ਨੂੰ ਕੱਲ ਲਈ ਪਵਿੱਤਰ ਕਰੋ ਕਿਉਂ ਜੋ ਇਸਰਾਏਲ ਦਾ ਪਰਮੇਸ਼ੁਰ ਇਉਂ ਆਖਦਾ ਹੈ ਕਿ ਹੇ ਇਸਰਾਏਲ ਤੁਹਾਡੇ ਵਿੱਚ ਚੜ੍ਹਾਵੇ ਦੀ ਚੀਜ਼ ਹੈ । ਤੁਸੀਂ ਆਪਣੇ ਵੈਰੀਆਂ ਦੇ ਸਾਹਮਣੇ ਠਹਿਰ ਨਾ ਸਕੋਗੇ ਜਦ ਤੱਕ ਤੁਸੀਂ ਉਸ ਚੜ੍ਹਾਵੇ ਦੀ ਚੀਜ਼ ਨੂੰ ਆਪਣੇ ਵਿੱਚੋ ਕੱਢ ਨਾ ਦਿਓ ।

14ਇਸ ਲਈ ਤੁਸੀਂ ਸਵੇਰ ਦੇ ਵੇਲੇ ਆਪੋ ਆਪਣੇ ਗੋਤਾਂ ਅਨੁਸਾਰ ਨੇੜੇ ਕੀਤੇ ਜਾਓਗੇ ਅਤੇ ਅਜਿਹਾ ਹੋਵੇਗਾ ਕਿ ਉਹ ਗੋਤ ਜਿਹ ਨੂੰ ਯਹੋਵਾਹ ਫੜੇਗਾ ਉਸ ਅਨੁਸਾਰ ਨੇੜੇ ਆਵੇ ਅਤੇ ਜਿਸ ਮੂੰਹੀ ਨੂੰ ਯਹੋਵਾਹ ਫੜੇਗਾ ਉਹ ਆਪਣੇ ਘਰਾਣਿਆਂ ਅਨੁਸਾਰ ਨੇੜੇ ਆਵੇ ਅਤੇ ਜਿਸ ਘਰਾਣੇ ਨੂੰ ਯਹੋਵਾਹ ਫੜੇਗਾ ਉਹ ਇੱਕ-ਇੱਕ ਕਰਕੇ ਨੇੜੇ ਆਵੇ ।

15ਇਸ ਤਰ੍ਹਾਂ ਹੋਵੇਗਾ ਕਿ ਜੋ ਚੜ੍ਹਾਵੇ ਦੀ ਚੀਜ਼ ਨਾਲ ਫੜਿਆ ਜਾਵੇ ਉਹ ਆਪਣੇ ਸਭ ਕੁਝ ਸਮੇਤ ਅੱਗ ਵਿੱਚ ਸਾੜਿਆ ਜਾਵੇਗਾ ਕਿਉਂ ਜੋ ਉਸ ਨੇ ਯਹੋਵਾਹ ਦੇ ਨੇਮ ਦਾ ਉਲੰਘਣ ਕੀਤਾ ਅਤੇ ਇਸਰਾਏਲ ਵਿੱਚ ਸ਼ਰਮਨਾਕ ਕੰਮ ਕੀਤਾ ਹੈ ।

16ਯਹੋਸ਼ੁਆ ਸਵੇਰ ਦੇ ਵੇਲੇ ਉੱਠਿਆ ਅਤੇ ਇਸਰਾਏਲ ਨੂੰ ਗੋਤਾਂ ਅਨੁਸਾਰ ਨੇੜੇ ਲਿਆਇਆ ਤਾਂ ਯਹੂਦਾਹ ਦਾ ਗੋਤ ਫੜਿਆ ਗਿਆ ।

17ਯਹੂਦਾਹ ਦੇ ਪਰਿਵਾਰਾਂ ਨੂੰ ਨੇੜੇ ਲਿਆਂਦਾ ਤਾਂ ਜ਼ਰਾਹੀਆਂ ਦਾ ਕਬੀਲਾ ਫੜਿਆ ਗਿਆ । ਜ਼ਰਾਹੀ ਦੇ ਕਬੀਲੇ ਦੇ ਇੱਕ-ਇੱਕ ਮਨੁੱਖ ਕਰਕੇ ਨੇੜੇ ਲਿਆਇਆ ਤਾਂ ਜ਼ਬਦੀ ਫੜਿਆ ਗਿਆ ।

18ਉਸ ਦੇ ਘਰਾਣੇ ਦਾ ਮਨੁੱਖ ਮਨੁੱਖ ਕਰਕੇ ਨੇੜੇ ਲਿਆਇਆ ਤਾਂ ਯਹੂਦਾਹ ਦੇ ਗੋਤ ਦਾ ਜ਼ਰਹ ਦਾ ਪੜਪੋਤਾ ਜ਼ਬਦੀ ਦਾ ਪੋਤਾ ਅਤੇ ਕਰਮੀ ਦਾ ਪੁੱਤਰ ਆਕਾਨ ਫੜਿਆ ਗਿਆ ।

19ਯਹੋਸ਼ੁਆ ਨੇ ਆਕਾਨ ਨੂੰ ਆਖਿਆ, ਹੇ ਮੇਰੇ ਪੁੱਤਰ, ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਮਹਿਮਾ ਕਰ ਅਤੇ ਉਸ ਨੂੰ ਵਡਿਆਈ ਦੇ ਅਤੇ ਤੂੰ ਹੁਣ ਮੈਨੂੰ ਦੱਸ ਕਿ ਤੂੰ ਕੀ ਕੀਤਾ ਹੈ ਅਤੇ ਮੇਰੇ ਕੋਲੋਂ ਨਾ ਲੁਕਾ ।

20ਆਕਾਨ ਨੇ ਯਹੋਸ਼ੁਆ ਨੂੰ ਉੱਤਰ ਦਿੱਤਾ ਕਿ ਮੈਂ ਸੱਚ-ਮੁੱਚ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦਾ ਪਾਪ ਕੀਤਾ ਹੈ ਅਤੇ ਮੈਂ ਇਸ ਤਰ੍ਹਾਂ ਕੀਤਾ ਹੈ ।

21ਮੈਂ ਲੁੱਟ ਵਿੱਚ ਇੱਕ ਸ਼ਿਨਆਰ ਦੇਸ ਦਾ ਸੋਹਣਾ ਚੋਗਾ ਵੇਖਿਆ ਅਤੇ ਦੋ ਸੌ ਰੁਪਏ ਚਾਂਦੀ ਅਤੇ ਪੰਜਾਹ ਤੋਲਾ ਤੋਲ ਵਿੱਚ ਸੋਨੇ ਦੀ ਇੱਕ ਇੱਟ ਤਾਂ ਮੈਨੂੰ ਲਾਲਚ ਆ ਗਿਆ ਅਤੇ ਮੈਂ ਉਹਨਾਂ ਨੂੰ ਚੁੱਕ ਲਿਆ ਅਤੇ ਵੇਖੋ ਉਹ ਤੰਬੂ ਦੇ ਵਿੱਚਕਾਰ ਧਰਤੀ ਵਿੱਚ ਦੱਬੇ ਹੋਏ ਹਨ ਅਤੇ ਚਾਂਦੀ ਉਸ ਦੇ ਹੇਠ ਹੈ ।

22ਯਹੋਸ਼ੁਆ ਨੇ ਖੋਜੀ ਭੇਜੇ । ਉਹ ਤੰਬੂ ਵੱਲ ਭੱਜ ਕੇ ਗਏ ਅਤੇ ਵੇਖੋ ਉਹ ਤੰਬੂ ਵਿੱਚ ਦੱਬਿਆ ਹੋਇਆ ਸੀ ਅਤੇ ਚਾਂਦੀ ਉਸ ਦੇ ਹੇਠ ਸੀ ।

23ਉਹ ਉਹਨਾਂ ਨੂੰ ਤੰਬੂ ਵਿੱਚੋਂ ਕੱਢ ਕੇ ਯਹੋਸ਼ੁਆ ਅਤੇ ਸਾਰੇ ਇਸਰਾਏਲੀਆਂ ਦੇ ਸਾਹਮਣੇ ਲੈ ਆਏ ਅਤੇ ਉਹਨਾਂ ਨੂੰ ਯਹੋਵਾਹ ਦੇ ਸਨਮੁਖ ਰੱਖ ਦਿੱਤਾ ।

24ਯਹੋਸ਼ੁਆ ਨੇ ਸਾਰੇ ਇਸਰਾਏਲ ਸਣੇ ਜ਼ਰਹ ਦੇ ਪੁੱਤਰ ਆਕਾਨ ਨੂੰ ਅਤੇ ਚਾਂਦੀ, ਚੋਗਾ ਅਤੇ ਸੋਨੇ ਦੀ ਇੱਟ ਨੂੰ ਅਤੇ ਉਹ ਦੇ ਪੁੱਤਰਾਂ ਧੀਆਂ, ਉਹ ਦੇ ਬਲ਼ਦ, ਖੋਤੇ, ਉਹ ਦੀਆਂ ਭੇਡਾਂ, ਉਹ ਦਾ ਤੰਬੂ ਅਤੇ ਉਹ ਦਾ ਸਾਰਾ ਮਾਲ ਲੈ ਲਿਆ ਅਤੇ ਆਕੋਰ ਦੀ ਖੱਡ ਵਿੱਚ ਉੱਪਰ ਲੈ ਆਏ ।

25ਯਹੋਸ਼ੁਆ ਨੇ ਆਖਿਆ, ਤੂੰ ਸਾਨੂੰ ਕਿਉਂ ਦੁੱਖ ਦਿੱਤਾ ? ਯਹੋਵਾਹ ਅੱਜ ਦੇ ਦਿਨ ਤੈਨੂੰ ਦੁੱਖ ਦੇਵੇਗਾ ਤਾਂ ਸਾਰੇ ਇਸਰਾਏਲੀਆਂ ਨੇ ਉਹ ਨੂੰ ਪਥਰਾਓ ਕੀਤਾ ਅਤੇ ਪਥਰਾਓ ਤੋਂ ਬਾਅਦ ਉਹ ਨੂੰ ਅੱਗ ਵਿੱਚ ਸਾੜ ਸੁੱਟਿਆ ।

26ਉਹਨਾਂ ਨੇ ਉਹ ਦੇ ਉੱਤੇ ਪੱਥਰਾਂ ਦਾ ਇੱਕ ਵੱਡਾ ਢੇਰ ਲਾ ਦਿੱਤਾ ਜਿਹੜਾ ਅੱਜ ਦੇ ਦਿਨ ਤੱਕ ਹੈ; ਤਦ ਯਹੋਵਾਹ ਦਾ ਕ੍ਰੋਧ ਸ਼ਾਂਤ ਹੋ ਗਿਆ । ਇਸ ਲਈ ਉਸ ਥਾਂ ਦਾ ਨਾਮ ਅੱਜ ਤੱਕ ਆਕੋਰ ਦੀ ਖੱਡ ਹੈ ।


  Share Facebook  |  Share Twitter

 <<  Joshua 7 >> 


Bible2india.com
© 2010-2025
Help
Dual Panel

Laporan Masalah/Saran