Bible 2 India Mobile
[VER] : [PUNJABI]     [PL]  [PB] 
 <<  Joshua 23 >> 

1ਇਸ ਤਰ੍ਹਾਂ ਹੋਇਆ ਜਦ ਯਹੋਵਾਹ ਨੇ ਬਹੁਤੇ ਦਿਨਾਂ ਦੇ ਪਿੱਛੋਂ ਇਸਰਾਏਲ ਨੂੰ ਉਹਨਾਂ ਦੇ ਆਲੇ ਦੁਆਲੇ ਦੇ ਵੈਰੀਆਂ ਤੋਂ ਸੁੱਖ ਦਿੱਤਾ ਅਤੇ ਯਹੋਸ਼ੁਆ ਬੁੱਢਾ ਅਤੇ ਵੱਡੀ ਉਮਰ ਦਾ ਹੋ ਗਿਆ ।

2ਤਾਂ ਯਹੋਸ਼ੁਆ ਨੇ ਇਸਰਾਏਲ ਦੇ ਸਾਰੇ ਬਜੁਰਗਾਂ, ਸਰਦਾਰਾਂ, ਨਿਆਈਆਂ ਅਤੇ ਅਧਿਕਾਰੀਆਂ ਨੂੰ ਸੱਦ ਕੇ ਆਖਿਆ, ਮੈਂ ਬੁੱਢਾ ਅਤੇ ਵੱਡੀ ਉਮਰ ਦਾ ਹੋ ਗਿਆ ਹਾਂ ।

3ਜੋ ਕੁਝ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਇਨ੍ਹਾਂ ਸਾਰੀਆਂ ਕੌਮਾਂ ਨਾਲ ਤੁਹਾਡੇ ਕਾਰਨ ਕੀਤਾ ਤੁਸੀਂ ਵੇਖ ਲਿਆ ਹੈ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਤੁਹਾਡੇ ਲਈ ਲੜਿਆ ਹੈ ।

4ਵੇਖੋ, ਮੈਂ ਤੁਹਾਡੇ ਲਈ ਇਨ੍ਹਾਂ ਬਾਕੀ ਦੀਆਂ ਕੌਮਾਂ ਨੂੰ ਤੁਹਾਡੀਆਂ ਗੋਤਾਂ ਅਨੁਸਾਰ ਮਿਲਖ ਵਿੱਚ ਵੰਡ ਦਿੱਤਾ ਹੈ ਅਰਥਾਤ ਯਰਦਨ ਤੋਂ ਵੱਡੇ ਸਮੁੰਦਰ ਤੱਕ ਸੂਰਜ ਦੇ ਲਹਿੰਦੇ ਪਾਸੇ ਵੱਲ ਨੂੰ ਸਾਰੀਆਂ ਕੌਮਾਂ ਸਣੇ ਜਿਹੜੀਆਂ ਮੈਂ ਵੱਢ ਛੱਡੀਆਂ ਸਨ

5ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਉਹਨਾਂ ਨੂੰ ਤੁਹਾਡੇ ਅੱਗੋਂ ਕੱਢ ਦੇਵੇਗਾ ਤਦ ਤੁਸੀਂ ਉਹਨਾਂ ਦੇ ਦੇਸ ਉੱਤੇ ਕਬਜ਼ਾ ਕਰ ਲਓਗੇ ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਨਾਲ ਬਚਨ ਕੀਤਾ ਸੀ ।

6ਸੋ ਬਹੁਤ ਤਕੜੇ ਹੋਵੋ ਅਤੇ ਮੂਸਾ ਦੀ ਬਿਵਸਥਾ ਦੀ ਪੋਥੀ ਦੀ ਸਾਰੀ ਲਿਖਤ ਨੂੰ ਪੂਰਾ ਕਰ ਕੇ ਪਾਲਨਾ ਕਰੋ ਤਾਂ ਜੋ ਤੁਸੀਂ ਉਸ ਤੋਂ ਸੱਜੇ ਖੱਬੇ ਨਾ ਮੁੜੋ

7ਇਸ ਲਈ ਕਿ ਤੁਸੀਂ ਇਨ੍ਹਾਂ ਕੌਮਾਂ ਦੇ ਵਿੱਚ ਨਾ ਵੜੋ ਜਿਹੜੀਆਂ ਤੁਹਾਡੇ ਵਿੱਚ ਬਾਕੀ ਰਹਿ ਗਈਆਂ ਹਨ ਅਤੇ ਤੁਸੀਂ ਉਹਨਾਂ ਦੇ ਦੇਵਤਿਆਂ ਦਾ ਨਾਮ ਵੀ ਜੁਬਾਨ ਤੇ ਨਾ ਲਿਆਓ, ਨਾ ਉਹਨਾਂ ਦੀ ਸਹੁੰ ਦੇਵੋ, ਨਾ ਉਹਨਾਂ ਦੀ ਉਪਾਸਨਾ ਕਰੋ ਅਤੇ ਨਾ ਉਹਨਾਂ ਦੇ ਅੱਗੇ ਮੱਥਾ ਟੇਕੋ ।

8ਸਗੋਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਜੁੜ੍ਹੇ ਰਹੋ ਜਿਵੇਂ ਅੱਜ ਦੇ ਦਿਨ ਤੱਕ ਤੁਸੀਂ ਕੀਤਾ ।

9ਯਹੋਵਾਹ ਨੇ ਤੁਹਾਡੇ ਅੱਗੋਂ ਵੱਡੀਆਂ ਅਤੇ ਬਲਵੰਤ ਕੌਮਾਂ ਨੂੰ ਕੱਢ ਛੱਡਿਆ ਹੈ ਪਰ ਤੁਹਾਡੇ ਵਿਖੇ ਇਹ ਹੈ ਕਿ ਅੱਜ ਦੇ ਦਿਨ ਤੱਕ ਤੁਹਾਡੇ ਅੱਗੇ ਕੋਈ ਮਨੁੱਖ ਠਹਿਰ ਨਹੀਂ ਸਕਿਆ

10ਤੁਹਾਡੇ ਵਿੱਚੋਂ ਇੱਕ ਮਨੁੱਖ ਹਜ਼ਾਰ ਨੂੰ ਭਜਾਵੇਗਾ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਤੁਹਾਡੇ ਲਈ ਲੜਦਾ ਹੈ ਜਿਵੇਂ ਉਸ ਤੁਹਾਡੇ ਨਾਲ ਬਚਨ ਕੀਤਾ ਸੀ ।

11ਤੁਸੀਂ ਆਪਣੀਆਂ ਜਾਨਾਂ ਲਈ ਬਹੁਤ ਸੁਚੇਤ ਰਹੋ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪਿਆਰ ਕਰੋ ।

12ਜੇ ਤੁਸੀਂ ਕਿਸੇ ਤਰਾਂ ਪਿਛੇ ਹੱਟ ਜਾਓ ਅਤੇ ਇਹਨਾਂ ਕੌਮਾਂ ਦੇ ਬਚੇ ਹੋਇਆਂ ਨਾਲ ਜਿਹੜੀਆਂ ਤੁਹਾਡੇ ਵਿੱਚ ਰਹਿ ਗਈਆਂ ਹਨ ਚਿੰਬੜੋ ਅਤੇ ਉਹਨਾਂ ਨਾਲ ਵਿਆਹ ਸ਼ਾਦੀ ਕਰੋ ਅਤੇ ਉਹਨਾਂ ਦੇ ਵਿੱਚ ਵੜੋ ਅਤੇ ਉਹ ਤੁਹਾਡੇ ਵਿੱਚ ਵੜਨ

13ਤੁਸੀਂ ਪੱਕੇ ਤੋਰ ਤੇ ਜਾਣ ਰੱਖੋ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਇਹਨਾਂ ਕੋਮਾਂ ਨੂੰ ਤੁਹਾਡੇ ਅੱਗੋ ਫਿਰ ਨਹੀਂ ਕੱਢੇਗਾ ਸਗੋਂ ਉਹ ਤੁਹਾਡੇ ਲਈ ਫਾਹੀ ਅਤੇ ਜਾਲ ਅਤੇ ਤੁਹਾਡੀਆਂ ਵੱਖੀਆਂ ਵਿੱਚ ਕੋਰੜੇ ਅਤੇ ਤੁਹਾਡੀਆਂ ਅੱਖਾਂ ਵਿੱਚ ਕੰਡੇ ਹੋਣਗੇ ਜਦ ਤੱਕ ਇਸ ਚੰਗੀ ਜ਼ਮੀਨ ਤੋਂ ਜਿਹੜੀ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਤੁਸੀਂ ਨਾਸ ਨਾ ਹੋ ਜਾਓ ।

14ਵੇਖੋ ਮੈਂ ਅੱਜ ਸਾਰੇ ਸੰਸਾਰ ਦੇ ਰਾਹ ਉੱਤੇ ਜਾਣ ਵਾਲਾ ਹਾਂ ਅਤੇ ਤੁਸੀਂ ਆਪਣੇ ਸਾਰੇ ਮਨਾਂ ਵਿੱਚ ਅਤੇ ਆਪਣੀਆਂ ਸਾਰੀਆਂ ਜਾਨਾਂ ਵਿੱਚ ਜਾਣਦੇ ਹੋ ਕਿ ਇਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ । ਉਹ ਸਾਰੇ ਤੁਹਾਡੇ ਲਈ ਪੂਰੇ ਹੋਏ । ਉਹਨਾਂ ਵਿੱਚੋਂ ਇੱਕ ਬਚਨ ਵੀ ਪੂਰਾ ਹੋਏ ਬਿਨ੍ਹਾਂ ਨਹੀਂ ਰਿਹਾ ।

15ਇਸ ਤਰ੍ਹਾਂ ਹੋਵੇਗਾ ਕੇ ਜਿਵੇਂ ਸਾਰੀਆਂ ਚੰਗੀਆਂ ਗੱਲਾਂ ਤੁਹਾਡੇ ਉੱਤੇ ਆਈਆਂ ਹਨ ਜਿਹੜੀਆਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ ਸੀ ਉਸੇ ਤਰ੍ਹਾਂ ਯਹੋਵਾਹ ਤੁਹਾਡੇ ਉੱਤੇ ਸਾਰੀਆਂ ਬੁਰੀਆਂ ਗੱਲਾਂ ਵੀ ਲਿਆਵੇਗਾ ਜਦ ਤੱਕ ਕਿ ਉਹ ਇਸ ਚੰਗੀ ਜ਼ਮੀਨ ਉੱਤੋਂ ਜਿਹੜੀ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਹੈ ਤੁਹਾਡਾ ਨਾਸ ਨਾ ਕਰ ਦੇਵੇ ।

16ਜਦ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਦੀ ਉਲੰਘਣਾ ਕਰੋਗੇ ਜਿਹ ਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਸੀ ਅਤੇ ਤੁਸੀਂ ਜਾ ਕੇ ਦੂਜੇ ਦੇਵਤਿਆਂ ਦੀ ਉਪਾਸਨਾ ਕਰੋਗੇ ਅਤੇ ਉਹਨਾਂ ਦੇ ਅੱਗੇ ਮੱਥਾ ਟੇਕੋਗੇ ਤਾਂ ਯਹੋਵਾਹ ਦਾ ਕ੍ਰੋਧ ਤੁਹਾਡੇ ਉੱਤੇ ਭੜਕ ਉੱਠੇਗਾ ਅਤੇ ਤੁਸੀਂ ਛੇਤੀ ਨਾਲ ਇਸ ਚੰਗੀ ਧਰਤੀ ਦੇ ਉੱਤੋਂ ਜਿਹੜੀ ਉਸ ਨੇ ਤੁਹਾਨੂੰ ਦਿੱਤੀ ਹੈ ਨਾਸ ਹੋ ਜਾਓਗੇ ।


  Share Facebook  |  Share Twitter

 <<  Joshua 23 >> 


Bible2india.com
© 2010-2025
Help
Dual Panel

Laporan Masalah/Saran