1ਜਦ ਹਸੋਰ ਦੇ ਰਾਜੇ ਯਬੀਨ ਨੇ ਇਹ ਸੁਣਿਆ ਤਾ ਉਸ ਨੇ ਮਾਦੋਨ ਦੇ ਰਾਜੇ ਯੋਬਾਬ ਅਤੇ ਸ਼ਿਮਰੋਨ ਦੇ ਰਾਜੇ ਅਤੇ ਆਕਸ਼ਾਫ਼ ਦੇ ਰਾਜੇ ਨੂੰ ਸੁਨੇਹਾ ਭੇਜਿਆ ।
2ਨਾਲੇ ਉਹਨਾਂ ਰਾਜਿਆਂ ਨੂੰ ਜਿਹੜੇ ਉਤਰ ਵੱਲ ਪਹਾੜੀ ਦੇਸ ਵਿੱਚ ਅਤੇ ਕਿੰਨਰੋਥ ਦੇ ਦੱਖਣ ਵੱਲ ਮੈਦਾਨ ਵਿੱਚ ਅਤੇ ਬੇਟ ਵਿੱਚ ਅਤੇ ਲਹਿੰਦੇ ਵੱਲ ਦੋਰ ਦੀਆਂ ਉਚਿਆਈਆਂ ਵਿੱਚ ਸਨ ।
3ਨਾਲੇ ਕਨਾਨੀਆਂ ਨੂੰ ਜਿਹੜੇ ਪੂਰਬ ਅਤੇ ਪੱਛਮ ਵੱਲ ਸਨ ਅਤੇ ਅਮੋਰੀਆਂ ਨੂੰ ਅਤੇ ਹਿੱਤੀਆਂ ਨੂੰ ਅਤੇ ਫਰਿੱਜ਼ੀਆਂ ਨੂੰ ਅਤੇ ਯਬੂਸੀਆਂ ਨੂੰ ਜਿਹੜੇ ਪਹਾੜ ਵਿੱਚ ਸਨ ਅਤੇ ਹਿੱਵੀਆਂ ਨੂੰ ਜਿਹੜੇ ਹਰਮੋਨ ਦੇ ਹੇਠ ਮਿਸਫ਼ਾਹ ਦੇ ਦੇਸ ਵਿੱਚ ਸਨ ।
4ਅਤੇ ਉਹ ਅਤੇ ਉਹਨਾਂ ਦੀਆਂ ਸਾਰੀਆਂ ਸੈਨਾਂ ਬਾਹਰ ਨਿੱਕਲੀਆਂ । ਉਹ ਢੇਰ ਸਾਰੇ ਲੋਕ ਗਿਣਤੀ ਵਿੱਚ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂੰ ਸਨ ਨਾਲੇ ਘੋੜੇ ਅਤੇ ਰੱਥ ਵੀ ਬਹੁਤ ਹੀ ਸਨ ।
5ਤਾਂ ਇਹ ਸਾਰੇ ਰਾਜੇ ਇਕੱਠੇ ਹੋਏ ਅਤੇ ਆ ਕੇ ਉਹਨਾਂ ਨੇ ਮੇਰੋਮ ਦੇ ਪਾਣੀਆਂ ਕੋਲ ਡੇਰੇ ਲਾਏ ਤਾਂ ਜੋ ਇਸਰਾਏਲ ਨਾਲ ਯੁੱਧ ਕਰਨ ।
6ਉਸ ਤੋਂ ਬਾਅਦ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਉਹਨਾਂ ਦੇ ਅੱਗੋਂ ਨਾ ਡਰ ਕਿਉਂ ਜੋ ਭਲਕੇ ਇਸੇ ਵੇਲੇ ਮੈਂ ਇਹਨਾਂ ਸਾਰਿਆਂ ਨੂੰ ਇਸਰਾਏਲ ਦੇ ਵੱਸ ਵਿੱਚ ਕਰਕੇ ਮਰਵਾ ਦਿਆਂਗਾ ! ਤੂੰ ਉਹਨਾਂ ਦੇ ਘੋੜਿਆਂ ਦੀਆਂ ਵਾਗਾਂ ਵੱਢੇਂਗਾ ਅਤੇ ਉਹਨਾਂ ਦੇ ਰੱਥਾਂ ਨੂੰ ਅੱਗ ਨਾਲ ਸਾੜੇਂਗਾ ।
7ਸੋ ਯਹੋਸ਼ੁਆ ਅਤੇ ਉਹ ਦੇ ਨਾਲ ਸਾਰੇ ਜੋਧੇ ਉਹਨਾਂ ਦੇ ਵਿਰੁੱਧ ਮੇਰੋਮ ਦੇ ਪਾਣੀਆਂ ਕੋਲ ਅਚਾਨਕ ਉਹਨਾਂ ਉੱਤੇ ਆਣ ਪਏ ।
8ਅਤੇ ਯਹੋਵਾਹ ਨੇ ਉਹਨਾਂ ਨੂੰ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ ਸੋ ਉਹਨਾਂ ਨੇ ਉਹਨਾਂ ਨੂੰ ਮਾਰਿਆ ਅਤੇ ਵੱਡੇ ਸਿਦੋਨ ਤੱਕ ਅਤੇ ਮਿਸਰਫ਼ੋਥ-ਮਇਮ ਅਤੇ ਮਿਸਫਾਹ ਦੀ ਦੂਣ ਤੱਕ ਚੜ੍ਹਦੇ ਪਾਸੇ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਇਉਂ ਮਾਰਿਆ ਕਿ ਉਹਨਾਂ ਵਿੱਚੋਂ ਕਿਸੇ ਨੂੰ ਬਾਕੀ ਨਾ ਛੱਡਿਆ ।
9ਅਤੇ ਯਹੋਸ਼ੁਆ ਨੇ ਉਹਨਾਂ ਨਾਲ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਹ ਨੂੰ ਆਖਿਆ ਸੀ । ਉਸ ਉਹਨਾਂ ਦਿਆਂ ਘੋੜਿਆਂ ਦੀਆਂ ਨਾੜਾਂ ਨੂੰ ਵੱਢ ਸੁਟਿਆ ਅਤੇ ਉਹਨਾਂ ਦੇ ਰੱਥਾਂ ਨੂੰ ਅੱਗ ਨਾਲ ਸਾੜ ਦਿੱਤਾ ।
10ਤਾਂ ਇਸ ਸਮੇਂ ਯਹੋਸ਼ੁਆ ਮੁੜ ਆਇਆ ਅਤੇ ਹਾਸੋਰ ਨੂੰ ਲੈ ਲਿਆ ਅਤੇ ਉਸ ਦੇ ਰਾਜੇ ਨੂੰ ਤਲਵਾਰ ਨਾਲ ਵੱਢ ਸੁੱਟਿਆ ਕਿਉਂ ਜੋ ਹਾਸੋਰ ਪਹਿਲੇ ਸਮਿਆਂ ਵਿੱਚ ਇਹਨਾਂ ਸਾਰਿਆਂ ਰਾਜਿਆਂ ਦੀ ਰਾਜਧਾਨੀ ਸੀ ।
11ਉਹਨਾਂ ਨੇ ਸਾਰੇ ਪ੍ਰਾਣੀਆਂ ਨੂੰ ਜਿਹੜੇ ਉਸ ਦੇ ਵਿੱਚ ਸਨ ਤਲਵਾਰ ਦੀ ਧਾਰ ਨਾਲ ਵੱਢ ਕੇ ਉਹਨਾਂ ਦਾ ਸੱਤਿਆਨਾਸ ਕਰ ਸੁੱਟਿਆ । ਕੋਈ ਪ੍ਰਾਣੀ ਬਾਕੀ ਨਾ ਛੱਡਿਆ ਗਿਆ ਅਤੇ ਉਸ ਨੇ ਹਾਸੋਰ ਨੂੰ ਅੱਗ ਨਾਲ ਸਾੜ ਸੁੱਟਿਆ ।
12ਅਤੇ ਯਹੋਸ਼ੁਆ ਨੇ ਇਹਨਾਂ ਰਾਜਿਆਂ ਦੇ ਸਾਰੇ ਸ਼ਹਿਰ ਅਤੇ ਉਹਨਾਂ ਦੇ ਸਾਰੇ ਰਾਜੇ ਫੜ ਲਏ ਅਤੇ ਉਹਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਕੇ ਸੱਤਿਆਨਾਸ ਕਰ ਸੁੱਟਿਆ ਜਿਵੇਂ ਯਹੋਵਾਹ ਦੇ ਦਾਸ ਮੂਸਾ ਨੇ ਹੁਕਮ ਦਿੱਤਾ ਸੀ ।
13ਇਕੱਲੇ ਹਸੋਰ ਤੋਂ ਛੁੱਟ ਜਿਹ ਨੂੰ ਯਹੋਸ਼ੁਆ ਨੇ ਸਾੜ ਦਿੱਤਾ ਸੀ ਬਾਕੀ ਦੇ ਸਾਰੇ ਸ਼ਹਿਰਾਂ ਨੂੰ ਜਿਹੜੇ ਆਪੋ ਆਪਣੇ ਥਾਂ ਤੇ ਵੱਸੇ ਹੋਏ ਸਨ ਇਸਰਾਏਲ ਨੇ ਨਾ ਸਾੜਿਆ ।
14ਅਤੇ ਇਹਨਾਂ ਸ਼ਹਿਰਾਂ ਦੀ ਸਾਰੀ ਲੁੱਟ ਅਤੇ ਡੰਗਰ ਇਸਰਾਏਲੀਆਂ ਨੇ ਆਪਣੇ ਲਈ ਖੋਹ ਲਏ ਪਰ ਸਾਰੇ ਆਦਮੀਆਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ ਜਦ ਤੱਕ ਉਹਨਾਂ ਦਾ ਨਾਸ ਨਾ ਕਰ ਲਿਆ । ਕੋਈ ਪ੍ਰਾਣੀ ਬਾਕੀ ਨਾ ਛੱਡਿਆ ।
15ਜਿਵੇਂ ਯਹੋਵਾਹ ਨੇ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਹੀ ਮੂਸਾ ਨੇ ਯਹੋਸ਼ੁਆ ਨੂੰ ਹੁਕਮ ਦਿੱਤਾ ਸੀ ਅਤੇ ਉਸੇ ਤਰ੍ਹਾਂ ਹੀ ਯਹੋਸ਼ੁਆ ਨੇ ਕੀਤਾ । ਜੋ ਕੁਝ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਸ ਨੇ ਕੋਈ ਗੱਲ ਬਾਕੀ ਨਾ ਛੱਡੀ ।
16ਇਸ ਤਰ੍ਹਾਂ ਯਹੋਸ਼ੁਆ ਨੇ ਇਹ ਸਾਰਾ ਦੇਸ ਲੈ ਲਿਆ ਅਰਥਾਤ ਇਹ ਪਹਾੜੀ ਦੇਸ, ਸਾਰਾ ਦੱਖਣ, ਗੋਸ਼ਨ ਦਾ ਸਾਰਾ ਦੇਸ, ਬੇਟ, ਮੈਦਾਨ, ਇਸਰਾਏਲ ਦਾ ਪਹਾੜੀ ਦੇਸ ਅਤੇ ਉਸ ਦਾ ਬੇਟ ।
17ਹਾਲਾਕ ਨਾਮੀ ਪਹਾੜ ਤੋਂ ਜਿਹੜਾ ਸੇਈਰ ਵੱਲ ਚੜ੍ਹਦਾ ਹੈ, ਬਆਲ-ਗਾਦ ਤੱਕ ਜਿਹੜਾ ਲਬਾਨੋਨ ਦੀ ਦੂਣ ਵਿੱਚ ਹਰਮੋਨ ਪਰਬਤ ਦੇ ਹੇਠ ਹੈ ਅਤੇ ਉਹਨਾਂ ਦੇ ਸਾਰੇ ਰਾਜਿਆਂ ਨੂੰ ਫੜ ਲਿਆ ਅਤੇ ਜਾਨੋਂ ਮਾਰ ਦਿੱਤਾ ।
18ਯਹੋਸ਼ੁਆ ਬਹੁਤ ਸਮੇਂ ਤੱਕ ਇਹਨਾਂ ਸਾਰਿਆਂ ਰਾਜਿਆਂ ਨਾਲ ਯੁੱਧ ਕਰਦਾ ਰਿਹਾ ।
19ਹਿੱਵੀਆਂ ਤੋਂ ਛੁੱਟ ਜਿਹੜੇ ਗਿਬਓਨ ਦੇ ਵਸਨੀਕ ਸਨ ਕੋਈ ਸ਼ਹਿਰ ਨਹੀਂ ਸੀ ਜਿਸ ਨੇ ਇਸਰਾਏਲੀਆਂ ਨਾਲ ਸੁਲਾਹ ਕੀਤੀ ਹੋਵੇ ਸਗੋਂ ਉਹਨਾਂ ਨੇ ਸਾਰਿਆਂ ਨੂੰ ਯੁੱਧ ਨਾਲ ਜਿੱਤ ਲਿਆ ।
20ਕਿਉਂ ਜੋ ਇਹ ਯਹੋਵਾਹ ਵੱਲੋਂ ਹੋਇਆ ਕਿ ਉਹਨਾਂ ਦੇ ਮਨ ਕਠੋਰ ਹੋ ਗਏ ਅਤੇ ਉਹਨਾਂ ਨੇ ਇਸਰਾਏਲ ਨਾਲ ਯੁੱਧ ਕੀਤਾ ਤਾਂ ਜੋ ਉਹ ਉਹਨਾਂ ਦਾ ਸੱਤਿਆਨਾਸ ਕਰੇ ਅਤੇ ਉਹਨਾਂ ਉੱਤੇ ਕੋਈ ਦਯਾ ਨਾ ਹੋਵੇ ਪਰ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਹ ਉਹਨਾਂ ਦਾ ਨਾਸ ਕਰੇ ।
21ਫਿਰ ਉਸੇ ਸਮੇਂ ਯਹੋਸ਼ੁਆ ਨੇ ਆਣ ਕੇ ਅਨਾਕੀਆਂ ਨੂੰ ਪਹਾੜੀ ਦੇਸ ਵਿੱਚੋਂ ਵੱਢ ਸੁੱਟਿਆ ਅਰਥਾਤ ਹਬਰੋਨ, ਦਬੀਰ, ਅਨਾਬ ਅਤੇ ਯਹੂਦਾਹ ਦੇ ਸਾਰੇ ਪਹਾੜੀ ਦੇਸ ਅਤੇ ਇਸਰਾਏਲ ਦੇ ਸਾਰੇ ਪਹਾੜੀ ਦੇਸ ਤੋਂ ਯਹੋਸ਼ੁਆ ਨੇ ਉਹਨਾਂ ਦਾ ਨਾਲੇ ਉਹਨਾਂ ਦੇ ਸ਼ਹਿਰਾਂ ਦਾ ਸੱਤਿਆਨਾਸ ਕਰ ਸੁੱਟਿਆ ।
22ਇਸਰਾਏਲੀਆਂ ਦੇ ਦੇਸ ਵਿੱਚ ਕੋਈ ਅਨਾਕੀ ਬਾਕੀ ਨਾ ਰਿਹਾ, ਕੇਵਲ ਅੱਜ਼ਾਹ, ਗਥ ਅਤੇ ਅਸ਼ਦੋਦ ਵਿੱਚ ਕੁਝ ਬਾਕੀ ਰਹਿ ਗਏ ।
23ਸੋ ਯਹੋਸ਼ੁਆ ਨੇ ਇਹ ਸਾਰਾ ਦੇਸ ਲੈ ਲਿਆ ਜਿਵੇਂ ਹੀ ਯਹੋਵਾਹ ਮੂਸਾ ਨਾਲ ਬੋਲਿਆ ਸੀ ਅਤੇ ਯਹੋਸ਼ੁਆ ਨੇ ਉਹ ਨੂੰ ਇਸਰਾਏਲ ਲਈ ਉਹਨਾਂ ਦੇ ਗੋਤਾਂ ਦੇ ਹਿੱਸਿਆਂ ਅਨੁਸਾਰ ਮਿਲਖ ਵਿੱਚ ਦੇ ਦਿੱਤਾ । ਇਸ ਲਈ ਉਸ ਦੇਸ ਨੂੰ ਯੁੱਧ ਤੋਂ ਅਰਾਮ ਮਿਲਿਆ ।