Bible 2 India Mobile
[VER] : [PUNJABI]     [PL]  [PB] 
 <<  Isaiah 65 >> 

1ਜੋ ਮੈਨੂੰ ਪੁੱਛਦੇ ਨਹੀਂ ਸਨ, ਮੈਂ ਆਪਣੇ ਆਪ ਨੂੰ ਉਨ੍ਹਾਂ ਉੱਤੇ ਪਰਗਟ ਕੀਤਾ, ਜੋ ਮੈਨੂੰ ਭਾਲਦੇ ਨਹੀਂ ਸਨ, ਉਨ੍ਹਾਂ ਨੇ ਮੈਨੂੰ ਲੱਭ ਲਿਆ, ਇੱਕ ਕੌਮ ਨੂੰ ਵੀ ਜੋ ਮੇਰਾ ਨਾਮ ਨਹੀਂ ਲੈਂਦੀ ਸੀ, ਉਸ ਨੂੰ ਮੈਂ ਆਖਿਆ, "ਵੇਖੋ, ਮੈਂ ਹਾਂ, ਮੈਂ ਹਾਂ ।"

2ਮੈਂ ਸਾਰਾ ਦਿਨ ਆਪਣੇ ਹੱਥਾਂ ਨੂੰ ਇੱਕ ਵਿਦਰੋਹੀ ਪਰਜਾ ਲਈ ਪਸਾਰਿਆ ਹੈ, ਜਿਸ ਦੇ ਲੋਕ ਬੁਰੇ ਰਾਹਾਂ ਵਿੱਚ ਆਪਣੇ ਹੀ ਖ਼ਿਆਲਾਂ ਦੇ ਪਿੱਛੇ ਚੱਲਦੇ ਹਨ, -

3ਇੱਕ ਪਰਜਾ ਜਿਸ ਦੇ ਲੋਕ ਮੇਰੇ ਸਾਹਮਣੇ ਹੀ ਬਾਗਾਂ ਵਿੱਚ ਬਲੀਆਂ ਚੜ੍ਹਾ ਕੇ ਅਤੇ ਇੱਟਾਂ ਉੱਤੇ ਧੂਪ ਧੁਖਾ ਕੇ ਮੇਰਾ ਕ੍ਰੋਧ ਭੜਕਾਉਂਦੇ ਹਨ ।

4ਜਿਹੜੇ ਕਬਰਾਂ ਵਿੱਚ ਬਹਿੰਦੇ ਹਨ, ਅਤੇ ਗੁੱਝਿਆਂ ਥਾਵਾਂ ਵਿੱਚ ਰਾਤ ਕੱਟਦੇ ਹਨ, ਜਿਹੜੇ ਸੂਰ ਦਾ ਮਾਸ ਖਾਂਦੇ ਹਨ, ਅਤੇ ਗੰਦੀਆਂ ਚੀਜ਼ਾਂ ਦਾ ਸ਼ੋਰਾ ਉਹਨਾਂ ਦੇ ਭਾਂਡਿਆਂ ਵਿੱਚ ਹੈ,

5ਜਿਹੜੇ ਆਖਦੇ ਹਨ, ਤੂੰ ਇਕੱਲਾ ਰਹਿ, ਮੇਰੇ ਨੇੜੇ ਨਾ ਆ, ਕਿਉਂ ਜੋ ਮੈਂ ਤੇਰੇ ਤੋਂ ਜ਼ਿਆਦਾ ਪਵਿੱਤਰ ਹਾਂ । ਇਹ ਮੇਰੇ ਨੱਕ ਵਿੱਚ ਧੂੰਏਂ ਅਤੇ ਇੱਕ ਅੱਗ ਵਾਂਗੂੰ ਹਨ, ਜੋ ਸਾਰਾ ਦਿਨ ਬਲਦੀ ਰਹਿੰਦੀ ਹੈ !

6ਵੇਖੋ, ਮੇਰੇ ਸਾਹਮਣੇ ਇਹ ਲਿਖਿਆ ਹੈ, ਮੈਂ ਚੁੱਪ ਨਾ ਰਹਾਂਗਾ ਪਰ ਮੈਂ ਬਦਲਾ ਦਿਆਂਗਾ, ਹਾਂ, ਮੈਂ ਉਹਨਾਂ ਦੇ ਪੱਲੇ ਵਿੱਚ ਬਦਲਾ ਪਾਵਾਂਗਾ,

7ਤੁਹਾਡੀਆਂ ਬਦੀਆਂ ਦਾ ਬਦਲਾ ਅਤੇ ਤੁਹਾਡੇ ਪਿਉ-ਦਾਦਿਆਂ ਦੀਆਂ ਬਦੀਆਂ ਦਾ ਬਦਲਾ ਵੀ, ਯਹੋਵਾਹ ਆਖਦਾ ਹੈ, ਜਿਨ੍ਹਾਂ ਨੇ ਪਹਾੜਾਂ ਉੱਤੇ ਧੂਪ ਧੁਖਾਇਆ ਹੈ, ਅਤੇ ਟਿੱਬਿਆਂ ਦੇ ਉੱਤੇ ਮੇਰੇ ਵਿਰੁੱਧ ਕੁਫ਼ਰ ਬਕਿਆ ਹੈ, ਇਸ ਲਈ ਮੈਂ ਉਹਨਾਂ ਦੇ ਪਹਿਲੇ ਕੰਮਾਂ ਦਾ ਫਲ ਉਹਨਾਂ ਦੇ ਪੱਲੇ ਵਿੱਚ ਮਿਣ ਕੇ ਪਾਵਾਂਗਾ ।

8ਯਹੋਵਾਹ ਇਹ ਆਖਦਾ ਹੈ, ਜਿਵੇਂ ਅੰਗੂਰ ਦੇ ਗੁੱਛੇ ਵਿੱਚ ਨਵੀਂ ਮੈਅ ਭਰ ਜਾਂਦੀ ਹੈ, ਤਾਂ ਲੋਕ ਆਖਦੇ ਹਨ, ਇਹ ਦਾ ਨਾਸ ਨਾ ਕਰੋ, ਕਿਉਂ ਜੋ ਉਹ ਦੇ ਵਿੱਚ ਬਰਕਤ ਹੈ, ਉਸੇ ਤਰ੍ਹਾਂ ਹੀ ਮੈਂ ਆਪਣੇ ਦਾਸਾਂ ਦੀ ਖ਼ਾਤਰ ਵਰਤਾਂਗਾ ਕਿ ਮੈਂ ਸਾਰਿਆਂ ਦਾ ਨਾਸ ਨਾ ਕਰਾਂ ।

9ਮੈਂ ਯਾਕੂਬ ਵਿੱਚੋਂ ਇੱਕ ਵੰਸ਼ ਅਤੇ ਯਹੂਦਾਹ ਵਿੱਚੋਂ ਆਪਣੇ ਪਹਾੜ ਦਾ ਅਧਿਕਾਰੀ ਕੱਢਾਂਗਾ, ਮੇਰੇ ਚੁਣੇ ਹੋਏ ਉਸ ਨੂੰ ਅਧਿਕਾਰ ਵਿੱਚ ਲੈਣਗੇ, ਅਤੇ ਮੇਰੇ ਦਾਸ ਉੱਥੇ ਵੱਸਣਗੇ ।

10ਮੇਰੀ ਪਰਜਾ ਲਈ ਜਿਨ੍ਹਾਂ ਨੇ ਮੈਨੂੰ ਭਾਲਿਆ ਹੈ, ਉਨ੍ਹਾਂ ਲਈ ਸ਼ਾਰੋਨ ਇੱਜੜਾਂ ਦਾ ਵਾੜਾ ਅਤੇ ਆਕੋਰ ਦੀ ਘਾਟੀ ਚੌਣੇ ਦੇ ਬੈਠਣ ਦਾ ਥਾਂ ਹੋਵੇਗੀ ।

11ਪਰ ਤੁਸੀਂ ਜੋ ਯਹੋਵਾਹ ਨੂੰ ਤਿਆਗਦੇ ਹੋ, ਜੋ ਮੇਰੇ ਪਵਿੱਤਰ ਪਰਬਤ ਨੂੰ ਭੁਲਾਉਂਦੇ ਹੋ, ਜੋ ਕਿਸਮਤ ਦੀ ਦੇਵੀ ਲਈ ਮੇਜ਼ ਸੁਆਰਦੇ ਹੋ, ਅਤੇ ਭਾਗ ਦੀ ਦੇਵੀ ਲਈ ਰਲਵੀਂ ਮਧ ਭਰਦੇ ਹੋ,

12ਮੈਂ ਤਲਵਾਰ ਨੂੰ ਤੁਹਾਡਾ ਭਾਗ ਬਣਾਵਾਂਗਾ, ਤੁਸੀਂ ਸਾਰੇ ਵੱਢੇ ਜਾਣ ਲਈ ਝੁੱਕ ਜਾਓਗੇ, ਕਿਉਂ ਜੋ ਮੈਂ ਬੁਲਾਇਆ ਪਰ ਤੁਸੀਂ ਉੱਤਰ ਨਾ ਦਿੱਤਾ, ਮੈਂ ਗੱਲ ਕੀਤੀ ਪਰ ਤੁਸੀਂ ਨਾ ਸੁਣੀ, ਤੁਸੀਂ ਮੇਰੀ ਨਿਗਾਹ ਵਿੱਚ ਬਦੀ ਕੀਤੀ, ਅਤੇ ਜੋ ਮੈਨੂੰ ਪਸੰਦ ਨਹੀਂ ਸੀ, ਉਹ ਹੀ ਤੁਸੀਂ ਚੁਣਿਆ ।

13ਇਸ ਲਈ ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, ਵੇਖੋ, ਮੇਰੇ ਦਾਸ ਖਾਣਗੇ ਪਰ ਤੁਸੀਂ ਭੁੱਖੇ ਰਹੋਗੇ, ਵੇਖੋ, ਮੇਰੇ ਦਾਸ ਪੀਣਗੇ ਪਰ ਤੁਸੀਂ ਤਿਹਾਏ ਰਹੋਗੇ, ਵੇਖੋ, ਮੇਰੇ ਦਾਸ ਖੁਸ਼ੀ ਮਨਾਉਣਗੇ ਪਰ ਤੁਸੀਂ ਸ਼ਰਮਿੰਦੇ ਹੋਵੋਗੇ,

14ਵੇਖੋ, ਮੇਰੇ ਦਾਸ ਖੁਸ਼ ਦਿਲੀ ਨਾਲ ਜੈਕਾਰੇ ਗਜਾਉਣਗੇ, ਪਰ ਤੁਸੀਂ ਸੋਗ ਨਾਲ ਚਿੱਲਾਓਗੇ, ਅਤੇ ਦੁਖੀ ਆਤਮਾ ਨਾਲ ਚੀਕਾਂ ਮਾਰੋਗੇ !

15ਮੇਰੇ ਚੁਣੇ ਹੋਏ ਲੋਕ ਤੁਹਾਡਾ ਨਾਮ ਲੈ-ਲੈ ਕੇ ਸਰਾਪ ਦੇਣਗੇ, ਅਤੇ ਪ੍ਰਭੂ ਯਹੋਵਾਹ ਤੁਹਾਨੂੰ ਮਰਵਾ ਸੁੱਟੇਗਾ, ਪਰ ਉਹ ਆਪਣੇ ਦਾਸਾਂ ਨੂੰ ਦੂਜੇ ਨਾਮ ਤੋਂ ਬੁਲਾਵੇਗਾ ।

16ਜੋ ਕੋਈ ਧਰਤੀ ਉੱਤੇ ਆਪਣੇ ਆਪ ਨੂੰ ਅਸੀਸ ਦੇਵੇ, ਉਹ ਸਚਿਆਈ ਦੇ ਪਰਮੇਸ਼ੁਰ ਨਾਲ ਆਪਣੇ ਆਪ ਨੂੰ ਅਸੀਸ ਦੇਵੇਗਾ, ਜੋ ਕੋਈ ਧਰਤੀ ਉੱਤੇ ਸਹੁੰ ਖਾਵੇ, ਉਹ ਸਚਿਆਈ ਦੇ ਪਰਮੇਸ਼ੁਰ ਦੀ ਸਹੁੰ ਖਾਵੇਗਾ, ਕਿਉਂ ਜੋ ਪਹਿਲੇ ਦੁੱਖ ਭੁਲਾਏ ਜਾਣਗੇ, ਅਤੇ ਮੇਰੀਆਂ ਅੱਖਾਂ ਤੋਂ ਲੁਕਾਏ ਜਾਣਗੇ ।

17ਵੇਖੋ, ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ, ਅਤੇ ਪਹਿਲੀਆਂ ਚੀਜ਼ਾਂ ਯਾਦ ਨਾ ਰਹਿਣਗੀਆਂ, ਸਗੋਂ ਸੋਚ-ਵਿਚਾਰਾਂ ਵਿੱਚ ਵੀ ਨਾ ਚੜ੍ਹਨਗੀਆਂ ।

18ਪਰ ਜੋ ਕੁਝ ਮੈਂ ਉਤਪੰਨ ਕਰਦਾ ਹਾਂ, ਉਸ ਤੋਂ ਤੁਸੀਂ ਜੁੱਗੋ-ਜੁੱਗ ਖੁਸ਼ੀ ਮਨਾਓ ਅਤੇ ਬਾਗ-ਬਾਗ ਹੋਵੋ, ਵੇਖੋ, ਮੈਂ ਯਰੂਸ਼ਲਮ ਲਈ ਅਨੰਦਤਾ ਅਤੇ ਉਸ ਦੀ ਪਰਜਾ ਲਈ ਖੁਸ਼ੀ ਉਤਪੰਨ ਕਰਦਾ ਹਾਂ ।

19ਮੈਂ ਯਰੂਸ਼ਲਮ ਤੋਂ ਅਨੰਦ ਹੋਵਾਂਗਾ, ਅਤੇ ਆਪਣੀ ਪਰਜਾ ਤੋਂ ਖੁਸ਼ ਹੋਵਾਂਗਾ, ਉਸ ਵਿੱਚ ਫੇਰ ਰੋਣ ਦੀ ਅਵਾਜ਼ ਜਾਂ ਦੁਹਾਈ ਦੀ ਅਵਾਜ਼ ਸੁਣਾਈ ਨਾ ਦੇਵੇਗੀ,

20ਉੱਥੇ ਫੇਰ ਕੋਈ ਥੋੜ੍ਹੇ ਦਿਨਾਂ ਦਾ ਬੱਚਾ ਨਾ ਹੋਵੇਗਾ, ਨਾ ਕੋਈ ਬਜ਼ੁਰਗ ਜਿਸ ਨੇ ਆਪਣੇ ਦਿਨ ਪੂਰੇ ਨਾ ਕੀਤੇ ਹੋਣ, ਕਿਉਂਕਿ ਸੌ ਸਾਲ ਦੀ ਉਮਰ ਵਿੱਚ ਮਰੇਗਾ, ਉਸ ਨੂੰ ਬੱਚਾ ਹੀ ਮੰਨਿਆ ਜਾਵੇਗਾ, ਪਰ ਸੌ ਸਾਲ ਦਾ ਪਾਪੀ ਸਰਾਪੀ ਹੋਵੇਗਾ ।

21ਉਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਉਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ ।

22ਅਜਿਹਾ ਨਹੀਂ ਹੋਵੇਗਾ ਕਿ ਉਹ ਬਣਾਉਣ ਅਤੇ ਦੂਜਾ ਵੱਸੇ, ਜਾਂ ਉਹ ਲਾਉਣਗੇ ਅਤੇ ਦੂਜਾ ਖਾਵੇ, ਕਿਉਂਕਿ ਮੇਰੀ ਪਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ, ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦੇ ਕੰਮਾਂ ਦਾ ਲੰਮੇ ਸਮੇਂ ਤੱਕ ਅਨੰਦ ਮਾਨਣਗੇ ।

23ਉਹ ਵਿਅਰਥ ਮਿਹਨਤ ਨਾ ਕਰਨਗੇ, ਨਾ ਉਹਨਾਂ ਦੀ ਸੰਤਾਨ ਕਲੇਸ਼ ਲਈ ਜੰਮੇਗੀ, ਕਿਉਂ ਜੋ ਉਹ ਅਤੇ ਉਹਨਾਂ ਦੀ ਸੰਤਾਨ, ਯਹੋਵਾਹ ਦੀ ਮੁਬਾਰਕ ਅੰਸ ਹੋਣਗੇ ।

24ਉਹਨਾਂ ਦੇ ਪੁਕਾਰਨ ਤੋਂ ਪਹਿਲਾਂ ਮੈਂ ਉੱਤਰ ਦਿਆਂਗਾ, ਅਤੇ ਉਹ ਅਜੇ ਗੱਲਾਂ ਹੀ ਕਰਦੇ ਹੋਣਗੇ, ਕਿ ਮੈਂ ਸੁਣ ਲਵਾਂਗਾ ।

25ਬਘਿਆੜ ਅਤੇ ਲੇਲਾ ਇਕੱਠੇ ਚਰਨਗੇ, ਅਤੇ ਬੱਬਰ ਸ਼ੇਰ ਬਲਦ ਵਾਂਗੂੰ ਘਾਹ ਖਾਵੇਗਾ, ਸੱਪ ਦਾ ਭੋਜਨ ਮਿੱਟੀ ਹੀ ਹੋਵੇਗੀ, ਮੇਰੇ ਸਾਰੇ ਪਵਿੱਤਰ ਪਰਬਤ ਵਿੱਚ ਨਾ ਉਹ ਕਿਸੇ ਨੂੰ ਦੁੱਖ ਦੇਣਗੇ, ਨਾ ਨਾਸ ਕਰਨਗੇ, ਯਹੋਵਾਹ ਫ਼ਰਮਾਉਂਦਾ ਹੈ ।


  Share Facebook  |  Share Twitter

 <<  Isaiah 65 >> 


Bible2india.com
© 2010-2025
Help
Dual Panel

Laporan Masalah/Saran