Bible 2 India Mobile
[VER] : [PUNJABI]     [PL]  [PB] 
 <<  Isaiah 60 >> 

1ਉੱਠ, ਚਮਕ, ਕਿਉਂ ਜੋ ਤੇਰਾ ਚਾਨਣ ਆ ਗਿਆ ਹੈ, ਅਤੇ ਯਹੋਵਾਹ ਦਾ ਪਰਤਾਪ ਤੇਰੇ ਉੱਤੇ ਚਮਕਿਆ ਹੈ ।

2ਵੇਖੋ, ਹਨੇਰਾ ਧਰਤੀ ਨੂੰ ਢੱਕ ਲਵੇਗਾ, ਅਤੇ ਉੱਮਤਾਂ ਉੱਤੇ ਘੁੱਪ ਹਨੇਰਾ ਛਾਇਆ ਹੈ, ਪਰ ਯਹੋਵਾਹ ਤੇਰੇ ਉੱਤੇ ਚਮਕੇਗਾ, ਅਤੇ ਉਹ ਦਾ ਪਰਤਾਪ ਤੇਰੇ ਉੱਤੇ ਪਰਗਟ ਹੋਵੇਗਾ ।

3ਕੌਮਾਂ ਤੇਰੇ ਚਾਨਣ ਵੱਲ ਆਉਣਗੀਆਂ, ਅਤੇ ਰਾਜੇ ਤੇਰੇ ਚੜ੍ਹਾਓ ਦੀ ਚਮਕ ਵੱਲ ।

4ਆਪਣੀਆਂ ਅੱਖਾਂ ਚੁੱਕ ਕੇ ਆਲੇ-ਦੁਆਲੇ ਵੇਖ ! ਉਹ ਸਭ ਦੇ ਸਭ ਇਕੱਠੇ ਹੁੰਦੇ, ਉਹ ਤੇਰੇ ਕੋਲ ਆਉਂਦੇ, ਤੇਰੇ ਪੁੱਤਰ ਦੂਰੋਂ ਆਉਣਗੇ, ਅਤੇ ਤੇਰੀਆਂ ਧੀਆਂ ਕੁੱਛੜ ਚੁੱਕੀਆਂ ਜਾਣਗੀਆਂ ।

5ਤਦ ਤੂੰ ਇਸ ਨੂੰ ਵੇਖੇਂਗੀ ਅਤੇ ਚਮਕੇਂਗੀ, ਅਤੇ ਤੇਰਾ ਦਿਲ ਥਰ-ਥਰ ਕੰਬੇਗਾ ਅਤੇ ਅਨੰਦ ਨਾਲ ਭਰ ਜਾਵੇਗਾ, ਕਿਉਂ ਜੋ ਸਮੁੰਦਰ ਦੀ ਬਹੁਤਾਇਤ ਤੇਰੇ ਵੱਲ ਫਿਰੇਗੀ, ਅਤੇ ਕੌਮਾਂ ਦਾ ਮਾਲ-ਧਨ ਤੇਰੇ ਵੱਲ ਆਵੇਗਾ ।

6ਊਠਾਂ ਦੇ ਝੁੰਡ ਤੇਰੇ ਦੇਸ ਨੂੰ ਭਰ ਦੇਣਗੇ, ਮਿਦਯਾਨ ਅਤੇ ਏਫਾਹ ਦੇ ਜੁਆਨ ਊਠ, ਸ਼ਬਾ ਤੋਂ ਸਾਰੇ ਲੋਕ ਆਉਣਗੇ, ਅਤੇ ਸੋਨਾ ਅਤੇ ਲੁਬਾਨ ਲਿਆਉਣਗੇ ਅਤੇ ਯਹੋਵਾਹ ਦੀ ਉਸਤਤ ਦਾ ਪਰਚਾਰ ਕਰਨਗੇ ।

7ਕੇਦਾਰ ਦੇ ਸਾਰੇ ਇੱਜੜ ਤੇਰੇ ਕੋਲ ਇਕੱਠੇ ਕੀਤੇ ਜਾਣਗੇ, ਨਬਾਯੋਤ ਦੇ ਮੇਂਢੇ ਤੇਰੀ ਸੇਵਾ ਕਰਨਗੇ, ਉਹ ਮੇਰੀ ਜਗਵੇਦੀ ਉੱਤੇ ਕਬੂਲ ਕੀਤੇ ਜਾਣਗੇ, ਅਤੇ ਮੈਂ ਆਪਣੇ ਸੋਹਣੇ ਭਵਨ ਨੂੰ ਹੋਰ ਵੀ ਪਰਤਾਪੀ ਬਣਾਵਾਂਗਾ ।

8ਇਹ ਕੌਣ ਹਨ ਜਿਹੜੇ ਬੱਦਲ ਵਾਂਗੂੰ ਉੱਡੇ ਆਉਂਦੇ ਹਨ, ਜਿਵੇਂ ਘੁੱਗੀਆਂ ਆਪਣੇ ਆਲ੍ਹਣਿਆਂ ਨੂੰ ?

9ਸੱਚਮੁੱਚ ਟਾਪੂ ਮੇਰੀ ਉਡੀਕ ਕਰਨਗੇ, ਸਭ ਤੋਂ ਅੱਗੇ ਤਰਸ਼ੀਸ਼ ਦੇ ਜਹਾਜ਼ ਹੋਣਗੇ, ਤਾਂ ਜੋ ਉਹ ਤੇਰੇ ਪੁੱਤਰਾਂ ਨੂੰ ਉਹਨਾਂ ਦੀ ਚਾਂਦੀ ਤੇ ਸੋਨੇ ਸਮੇਤ ਯਹੋਵਾਹ ਤੇਰੇ ਪਰਮੇਸ਼ੁਰ ਅਰਥਾਤ ਇਸਰਾਏਲ ਦੇ ਪਵਿੱਤਰ ਪੁਰਖ ਲਈ ਤੇਰੇ ਕੋਲ ਦੂਰੋਂ ਲਿਆਉਣ, ਕਿਉਂ ਜੋ ਉਸ ਨੇ ਤੈਨੂੰ ਸ਼ਾਨੋ-ਸ਼ੌਕਤ ਨਾਲ ਭਰਿਆ ਹੈ ।

10ਪਰਦੇਸੀ ਤੇਰੀਆਂ ਕੰਧਾਂ ਨੂੰ ਉਸਾਰਨਗੇ, ਅਤੇ ਉਹਨਾਂ ਦੇ ਰਾਜੇ ਤੇਰੀ ਸੇਵਾ ਕਰਨਗੇ, ਭਾਵੇਂ ਮੈਂ ਤੈਨੂੰ ਆਪਣੇ ਕ੍ਰੋਧ ਵਿੱਚ ਮਾਰਿਆ, ਪਰ ਮੈਂ ਆਪਣੀ ਪ੍ਰਸੰਨਤਾ ਵਿੱਚ ਤੇਰੇ ਉੱਤੇ ਰਹਮ ਕਰਾਂਗਾ ।

11ਤੇਰੇ ਫਾਟਕ ਸਦਾ ਖੁੱਲ੍ਹੇ ਰਹਿਣਗੇ, ਉਹ ਦਿਨ ਰਾਤ ਬੰਦ ਨਾ ਹੋਣਗੇ, ਤਾਂ ਜੋ ਲੋਕ ਤੇਰੇ ਕੋਲ ਕੌਮਾਂ ਦਾ ਧਨ, ਅਤੇ ਉਹਨਾਂ ਦੇ ਰਾਜਿਆਂ ਨੂੰ ਬੰਦੀ ਬਣਾ ਕੇ ਤੇਰੇ ਕੋਲ ਲਿਆਉਣ ।

12ਜਿਹੜੀ ਕੌਮ ਅਤੇ ਜਿਹੜਾ ਰਾਜ ਤੇਰੀ ਸੇਵਾ ਨਾ ਕਰੇਗਾ, ਉਹ ਨਾਸ ਹੋ ਜਾਵੇਗਾ, ਹਾਂ, ਉਹ ਕੌਮਾਂ ਪੂਰੀ ਤਰ੍ਹਾਂ ਹੀ ਬਰਬਾਦ ਹੋ ਜਾਣਗੀਆਂ ।

13ਲਾਬਾਨੋਨ ਦੀ ਸ਼ਾਨ ਤੇਰੇ ਕੋਲ ਆਵੇਗੀ ਅਰਥਾਤ ਸਰੂ, ਚੀਲ ਅਤੇ ਚਨਾਰ ਤੇਰੇ ਕੋਲ ਇਕੱਠੇ ਕੀਤੇ ਜਾਣਗੇ ਤਾਂ ਜੋ ਉਹ ਮੇਰੇ ਪਵਿੱਤਰ ਸਥਾਨ ਨੂੰ ਸਜਾਉਣ, ਇਸ ਤਰ੍ਹਾਂ ਮੈਂ ਆਪਣੇ ਪੈਰਾਂ ਦੇ ਸਥਾਨ ਨੂੰ ਸ਼ਾਨਦਾਰ ਬਣਾਵਾਂਗਾ ।

14ਤੈਨੂੰ ਦੁੱਖ ਦੇਣ ਵਾਲਿਆਂ ਦੇ ਪੁੱਤਰ ਤੇਰੇ ਕੋਲ ਸਿਰ ਝੁਕਾ ਕੇ ਆਉਣਗੇ, ਤੈਨੂੰ ਤੁੱਛ ਜਾਣਨ ਵਾਲੇ ਸਾਰੇ ਤੇਰੇ ਪੈਰਾਂ ਉੱਤੇ ਮੱਥਾ ਟੇਕਣਗੇ, ਉਹ ਤੈਨੂੰ ਯਹੋਵਾਹ ਦਾ ਸ਼ਹਿਰ, ਇਸਰਾਏਲ ਦੇ ਪਵਿੱਤਰ ਪੁਰਖ ਦਾ ਸੀਯੋਨ ਆਖਣਗੇ ।

15ਭਾਵੇਂ ਤੂੰ ਤਿਆਗੀ ਹੋਈ ਅਤੇ ਘਿਣਾਉਣੀ ਸੀ, ਅਤੇ ਤੇਰੇ ਵਿੱਚੋਂ ਦੀ ਕੋਈ ਨਹੀਂ ਸੀ ਲੰਘਦਾ, ਪਰ ਮੈਂ ਤੈਨੂੰ ਸਦਾ ਲਈ ਮਾਣ ਅਤੇ ਪੀੜ੍ਹੀਓਂ-ਪੀੜ੍ਹੀ ਤੱਕ ਖੁਸ਼ੀ ਦਾ ਕਾਰਨ ਬਣਾਵਾਂਗਾ ।

16ਤੂੰ ਕੌਮਾਂ ਦਾ ਦੁੱਧ ਚੁੰਘੇਗੀ, ਅਤੇ ਰਾਜਿਆਂ ਦੀ ਛਾਤੀ ਚੁੰਘੇਗੀ, ਤੂੰ ਜਾਣ ਲਵੇਂਗੀ ਕਿ ਮੈਂ ਯਹੋਵਾਹ ਤੇਰਾ ਬਚਾਉਣ ਵਾਲਾ ਹਾਂ, ਤੇਰਾ ਛੁਡਾਉਣ ਵਾਲਾ, ਯਾਕੂਬ ਦਾ ਸਰਬ ਸ਼ਕਤੀਮਾਨ ਹਾਂ ।

17ਪਿੱਤਲ ਦੀ ਥਾਂ ਮੈਂ ਸੋਨਾ ਅਤੇ ਲੋਹੇ ਦੇ ਥਾਂ ਮੈਂ ਚਾਂਦੀ ਲਿਆਵਾਂਗਾ, ਲੱਕੜੀ ਦੇ ਥਾਂ ਪਿੱਤਲ ਅਤੇ ਪੱਥਰਾਂ ਦੇ ਥਾਂ ਲੋਹਾ ਲਿਆਵਾਂਗਾ, ਮੈਂ ਸ਼ਾਂਤੀ ਨੂੰ ਤੇਰਾ ਹਾਕਮ ਅਤੇ ਸੁੱਖ ਨੂੰ ਤੇਰਾ ਧਰਮ ਬਣਾਵਾਂਗਾ ।

18ਤੇਰੇ ਦੇਸ ਵਿੱਚ ਫੇਰ ਕਦੀ ਜ਼ੁਲਮ ਅਤੇ ਤੇਰੀਆਂ ਹੱਦਾਂ ਵਿੱਚ ਬਰਬਾਦੀ ਜਾਂ ਤਬਾਹੀ ਫੇਰ ਕਦੀ ਸੁਣਾਈ ਨਾ ਦੇਵੇਗੀ, ਤੂੰ ਆਪਣੀਆਂ ਕੰਧਾਂ ਨੂੰ ਮੁਕਤੀ, ਅਤੇ ਆਪਣੇ ਫਾਟਕਾਂ ਨੂੰ ਉਸਤਤ ਸੱਦੇਂਗੀ ।

19ਫੇਰ ਦਿਨ ਨੂੰ ਸੂਰਜ ਤੇਰਾ ਚਾਨਣ ਨਾ ਹੋਵੇਗਾ, ਨਾ ਚੰਦ ਉਜਾਲੇ ਲਈ ਤੈਨੂੰ ਚਾਨਣ ਦੇਵੇਗਾ, ਪਰ ਯਹੋਵਾਹ ਤੇਰਾ ਸਦੀਪਕ ਚਾਨਣ ਹੋਵੇਗਾ, ਅਤੇ ਤੇਰਾ ਪਰਮੇਸ਼ੁਰ ਤੇਰੀ ਸ਼ੋਭਾ ਠਹਿਰੇਗਾ ।

20ਤੇਰਾ ਸੂਰਜ ਫੇਰ ਨਹੀਂ ਲੱਥੇਗਾ, ਨਾ ਤੇਰੇ ਲਈ ਚੰਦ ਦੀ ਰੋਸ਼ਨੀ ਘੱਟ ਹੋਵੇਗੀ, ਕਿਉਂ ਜੋ ਯਹੋਵਾਹ ਜੋ ਤੇਰੇ ਲਈ ਸਦੀਪਕ ਚਾਨਣ ਹੋਵੇਗਾ, ਅਤੇ ਤੇਰੇ ਸੋਗ ਦੇ ਦਿਨ ਮੁੱਕ ਜਾਣਗੇ ।

21ਤੇਰੇ ਸਾਰੇ ਲੋਕ ਧਰਮੀ ਹੋਣਗੇ, ਉਹ ਧਰਤੀ ਨੂੰ ਸਦਾ ਲਈ ਵੱਸ ਵਿੱਚ ਰੱਖਣਗੇ, ਉਹ ਮੇਰੇ ਲਾਏ ਹੋਏ ਬੂਟੇ ਅਤੇ ਮੇਰੇ ਹੱਥਾਂ ਦਾ ਕੰਮ ਠਹਿਰਣਗੇ ਤਾਂ ਜੋ ਮੇਰੀ ਸ਼ੋਭਾ ਪਰਗਟ ਹੋਵੇ ।

22ਛੋਟੇ ਤੋਂ ਛੋਟਾ ਇੱਕ ਹਜ਼ਾਰ ਹੋ ਜਾਵੇਗਾ, ਅਤੇ ਸਭ ਤੋਂ ਕਮਜ਼ੋਰ ਇੱਕ ਬਲਵੰਤ ਕੌਮ, ਮੈਂ ਯਹੋਵਾਹ ਸਮੇਂ ਸਿਰ ਇਹ ਨੂੰ ਛੇਤੀ ਪੂਰਾ ਕਰਾਂਗਾ ।


  Share Facebook  |  Share Twitter

 <<  Isaiah 60 >> 


Bible2india.com
© 2010-2025
Help
Dual Panel

Laporan Masalah/Saran