1ਸੰਘ ਅੱਡ ਕੇ ਪੁਕਾਰ, ਸਰਫ਼ਾ ਨਾ ਕਰ, ਤੁਰ੍ਹੀ ਵਾਂਗੂੰ ਆਪਣੀ ਅਵਾਜ਼ ਉੱਚੀ ਕਰ ! ਮੇਰੀ ਪਰਜਾ ਨੂੰ ਉਹਨਾਂ ਦੇ ਅਪਰਾਧ, ਅਤੇ ਯਾਕੂਬ ਦੇ ਘਰਾਣੇ ਨੂੰ ਉਹਨਾਂ ਦੇ ਪਾਪ ਦੱਸ !
2ਉਹ ਨਿੱਤ ਦਿਹਾੜੇ ਮੈਨੂੰ ਭਾਲਦੇ ਹਨ, ਅਤੇ ਮੇਰੇ ਰਾਹ ਜਾਣਨ ਦੀ ਅਜਿਹੀ ਇੱਛਾ ਰੱਖਦੇ ਹਨ ਜਾਣੋ ਉਹ ਅਜਿਹੀ ਧਰਮੀ ਕੌਮ ਹਨ, ਜਿਸ ਨੇ ਧਰਮ ਕਮਾਇਆ, ਅਤੇ ਆਪਣੇ ਪਰਮੇਸ਼ੁਰ ਦੇ ਹੁਕਮਨਾਮੇ ਨੂੰ ਨਹੀਂ ਤਿਆਗਿਆ, ਉਹ ਧਰਮ ਦੇ ਨਿਯਮ ਮੇਰੇ ਤੋਂ ਪੁੱਛਦੇ ਹਨ, ਉਹ ਪਰਮੇਸ਼ੁਰ ਦੇ ਨੇੜੇ ਆਉਣ ਵਿੱਚ ਖੁਸ਼ ਹੁੰਦੇ ਹਨ ।
3ਉਹ ਆਖਦੇ ਹਨ, ਕੀ ਕਾਰਨ ਹੈ ਕਿ ਅਸੀਂ ਵਰਤ ਰੱਖਿਆ ਪਰ ਤੂੰ ਵੇਖਦਾ ਨਹੀਂ ? ਅਸੀਂ ਆਪਣੀਆਂ ਜਾਨਾਂ ਨੂੰ ਦੁੱਖ ਦਿੱਤਾ ਪਰ ਤੂੰ ਖ਼ਿਆਲ ਨਹੀਂ ਕਰਦਾ ? ਵੇਖੋ, ਵਰਤ ਦੇ ਦਿਨ ਤੁਸੀਂ ਆਪਣੀ ਹੀ ਖੁਸ਼ੀ ਲੱਭਦੇ ਹੋ, ਅਤੇ ਆਪਣੇ ਸਾਰੇ ਕਾਮਿਆਂ ਨੂੰ ਧੱਕੀ ਫਿਰਦੇ ਹੋ ।
4ਵੇਖੋ, ਤੁਸੀਂ ਝਗੜੇ-ਰਗੜੇ ਲਈ, ਅਤੇ ਬੁਰਿਆਈ ਦੇ ਹੂਰੇ ਮਾਰਨ ਲਈ ਵਰਤ ਰੱਖਦੇ ਹੋ, ਜਿਹੋ ਜਿਹੇ ਵਰਤ ਤੁਸੀਂ ਰੱਖਦੇ ਹੋ ਉਸ ਨਾਲ ਤੁਹਾਡੀ ਅਵਾਜ਼ ਉਚਿਆਈ ਤੇ ਨਹੀਂ ਸੁਣੇਗੀ ।
5ਭਲਾ, ਇਹ ਇਹੋ ਜਿਹਾ ਵਰਤ ਹੈ ਜਿਸ ਨੂੰ ਮੈਂ ਚੁਣਿਆ, ਅਰਥਾਤ ਇੱਕ ਦਿਨ ਜਿਸ ਦੇ ਵਿੱਚ ਮਨੁੱਖ ਆਪਣੇ-ਆਪ ਨੂੰ ਦੀਨ ਕਰੇ ? ਭਲਾ, ਸਿਰ ਨੂੰ ਕਾਨੇ ਵਾਂਗੂੰ ਝੁਕਾਉਣਾ, ਅਤੇ ਆਪਣੇ ਥੱਲੇ ਤੱਪੜ ਅਤੇ ਸੁਆਹ ਵਿਛਾਉਣਾ, ਭਲਾ, ਇਸ ਨੂੰ ਤੁਸੀਂ ਵਰਤ ਆਖੋਗੇ, ਇੱਕ ਦਿਨ ਜਿਹੜਾ ਯਹੋਵਾਹ ਨੂੰ ਭਾਵੇ ?
6ਜਿਹੜਾ ਵਰਤ ਮੈਂ ਚੁਣਿਆ ਕੀ ਉਹ ਇਹ ਨਹੀਂ ਹੈ ਕਿ ਤੁਸੀਂ ਅਨਿਆਂ ਦੇ ਬੰਧਨਾਂ ਨੂੰ ਖੋਲ੍ਹੋ, ਅਤੇ ਅਨ੍ਹੇਰ ਦੇ ਜੂਲੇ ਦੇ ਬੰਧਨਾਂ ਨੂੰ ਤੋੜੋ ? ਕੁਚਲੇ ਹੋਇਆਂ ਨੂੰ ਛੁਡਾਓ ਅਤੇ ਹਰੇਕ ਜੂਲੇ ਨੂੰ ਭੰਨ ਸੁੱਟੋ ?
7ਕੀ ਇਹ ਨਹੀਂ ਕਿ ਤੁਸੀਂ ਆਪਣੀ ਰੋਟੀ ਭੁੱਖਿਆਂ ਨੂੰ ਵੰਡ ਦਿਓ, ਅਤੇ ਬੇ-ਘਰੇ ਭਟਕਣ ਵਾਲਿਆਂ ਨੂੰ ਆਪਣੇ ਘਰ ਲਿਆਓ ? ਜਦ ਤੁਸੀਂ ਕਿਸੇ ਨੂੰ ਨੰਗੇ ਵੇਖੋ ਤਾਂ ਉਹ ਨੂੰ ਕੱਜੋ, ਅਤੇ ਆਪਣੇ ਸਾਥੀਆਂ ਤੋਂ ਆਪਣਾ ਮੂੰਹ ਨਾ ਲੁਕਾਓ ?
8ਫੇਰ ਤੇਰਾ ਚਾਨਣ ਸਵੇਰ ਵਾਂਗੂੰ ਫੁੱਟ ਨਿੱਕਲੇਗਾ, ਅਤੇ ਤੇਰੀ ਤੰਦਰੁਸਤੀ ਛੇਤੀ ਪਰਗਟ ਹੋਵੇਗੀ । ਤੇਰਾ ਧਰਮ ਤੇਰੇ ਅੱਗੇ-ਅੱਗੇ ਚੱਲੇਗਾ, ਯਹੋਵਾਹ ਦਾ ਪਰਤਾਪ ਤੇਰੇ ਪਿੱਛੇ ਰਾਖਾ ਹੋਵੇਗਾ ।
9ਜਦ ਤੂੰ ਪੁਕਾਰੇਂਗਾ ਤਦ ਯਹੋਵਾਹ ਉੱਤਰ ਦੇਵੇਗਾ, ਜਦ ਤੂੰ ਦੁਹਾਈ ਦੇਵੇਂਗਾ ਤਾਂ ਉਹ ਆਖੇਗਾ, ਮੈਂ ਇੱਥੇ ਹਾਂ । ਜੇ ਤੂੰ ਆਪਣੇ ਵਿੱਚੋਂ ਅਨ੍ਹੇਰ ਦਾ ਜੂਲਾ, ਉਂਗਲ ਚੁੱਕਣਾ ਅਤੇ ਦੁਰਬਚਨ ਬੋਲਣਾ ਦੂਰ ਕਰੇਂ,
10ਜੇ ਤੂੰ ਭੁੱਖੇ ਦੀ ਸਹਾਇਤਾ ਦਿਲ ਖੋਲ੍ਹ ਕੇ ਕਰੇਂ ਅਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰੇਂ, ਤਾਂ ਤੇਰਾ ਚਾਨਣ ਹਨੇਰੇ ਵਿੱਚ ਚੜ੍ਹੇਗਾ, ਅਤੇ ਤੇਰਾ ਘੁੱਪ ਹਨੇਰਾ ਦੁਪਹਿਰ ਵਾਂਗੂੰ ਹੋਵੇਗਾ ।
11ਯਹੋਵਾਹ ਤੇਰੀ ਅਗਵਾਈ ਸਦਾ ਕਰਦਾ ਰਹੇਗਾ, ਝੁਲਸਿਆਂ ਥਾਵਾਂ ਵਿੱਚ ਤੇਰੀ ਜਾਨ ਨੂੰ ਤ੍ਰਿਪਤ ਕਰੇਗਾ, ਅਤੇ ਤੇਰੀਆਂ ਹੱਡੀਆਂ ਨੂੰ ਮਜ਼ਬੂਤ ਕਰੇਗਾ, ਤੂੰ ਸਿੰਜੇ ਹੋਏ ਬਾਗ ਜਿਹਾ ਹੋਵੇਂਗਾ, ਅਤੇ ਉਸ ਸੁੰਬ ਜਿਹਾ ਜਿਹ ਦਾ ਪਾਣੀ ਮੁੱਕਦਾ ਨਹੀਂ ।
12ਤੇਰੇ ਲੋਕ ਪ੍ਰਾਚੀਨ ਖੰਡਰਾਂ ਨੂੰ ਉਸਾਰਨਗੇ, ਤੂੰ ਪਿਛਲੀਆਂ ਪੀੜ੍ਹੀਆਂ ਦੀਆਂ ਨੀਂਹਾਂ ਉੱਤੇ ਘਰ ਬਣਾਵੇਂਗਾ, ਅਤੇ ਤੂੰ "ਤੇੜ ਦੀ ਮਰੰਮਤ ਕਰਨ ਵਾਲਾ", ਅਤੇ "ਵਸੇਬਿਆਂ ਦੇ ਰਾਹਾਂ ਦਾ ਸੁਧਾਰਕ" ਅਖਵਾਏਂਗਾ ।
13ਜੇ ਤੂੰ ਸਬਤ ਦੇ ਦਿਨ ਨੂੰ ਅਸ਼ੁੱਧ ਨਾ ਕਰੇਂ ਅਤੇ ਮੇਰੇ ਪਵਿੱਤਰ ਦਿਨ ਵਿੱਚ ਆਪਣੇ ਪੈਰਾਂ ਨੂੰ ਆਪਣੀ ਮਰਜ਼ੀ ਪੂਰੀ ਕਰਨ ਤੋਂ ਰੋਕੇਂ, ਜੇ ਤੂੰ ਸਬਤ ਦੇ ਦਿਨ ਅਰਥਾਤ ਮੇਰੇ ਪਵਿੱਤਰ ਦਿਨ ਨੂੰ ਯਹੋਵਾਹ ਦਾ ਪਵਿੱਤਰ ਦਿਨ ਮੰਨ ਕੇ ਆਦਰ ਕਰੇਂ ਅਤੇ ਆਪਣੀਆਂ ਚਾਲਾਂ ਉੱਤੇ ਨਾ ਚੱਲ ਕੇ, ਅਤੇ ਆਪਣੀ ਇੱਛਾ ਪੂਰੀ ਨਾ ਕਰ ਕੇ, ਨਾ ਆਪਣੀਆਂ ਹੀ ਗੱਲਾਂ ਕਰ ਕੇ ਉਹ ਨੂੰ ਆਦਰ ਦੇਵੇਂ,
14ਤਦ ਤੂੰ ਯਹੋਵਾਹ ਵਿੱਚ ਮਗਨ ਰਹੇਂਗਾ, ਅਤੇ ਮੈਂ ਤੈਨੂੰ ਧਰਤੀ ਦੀਆਂ ਉਚਿਆਈਆਂ ਉੱਤੇ ਚੜ੍ਹਾਵਾਂਗਾ, ਤੇਰੇ ਪਿਤਾ ਯਾਕੂਬ ਦੀ ਵਿਰਾਸਤ ਵਿੱਚੋਂ ਖਵਾਵਾਂਗਾ, ਕਿਉਂ ਜੋ ਇਹ ਯਹੋਵਾਹ ਦਾ ਮੁੱਖ ਵਾਕ ਹੈ ।