Bible 2 India Mobile
[VER] : [PUNJABI]     [PL]  [PB] 
 <<  Isaiah 57 >> 

1ਧਰਮੀ ਨਾਸ ਹੁੰਦਾ ਪਰ ਕੋਈ ਇਹ ਗੱਲ ਦਿਲ ਤੇ ਨਹੀਂ ਲਾਉਂਦਾ, ਭਗਤ ਲੋਕ ਲੈ ਲਏ ਜਾਂਦੇ ਹਨ ਪਰ ਕੋਈ ਸੋਚਦਾ ਨਹੀਂ ਕਿ ਧਰਮੀ ਇਸ ਲਈ ਲੈ ਲਿਆ ਜਾਂਦਾ ਹੈ ਕਿ ਆਉਣ ਵਾਲੀ ਬਿਪਤਾ ਤੋਂ ਬਚ ਸਕੇ ।

2ਉਹ ਸ਼ਾਂਤੀ ਨਾਲ ਜਾਂਦੇ, ਉਹ ਆਪਣੇ ਬਿਸਤਰਿਆਂ ਉੱਤੇ ਅਰਾਮ ਕਰਦੇ ਹਨ, ਜਿਹੜੇ ਸਿੱਧੀ ਚਾਲ ਚੱਲਦੇ ਹਨ ।

3ਪਰ ਤੁਸੀਂ ਐਥੇ ਨੇੜੇ ਆਓ, ਹੇ ਜਾਦੂਗਰਨੀ ਦੇ ਪੁੱਤਰੋ, ਜ਼ਨਾਹਕਾਰ ਅਤੇ ਵੇਸਵਾ ਦੀ ਵੰਸ !

4ਤੁਸੀਂ ਕਿਸ ਦੇ ਉੱਤੇ ਮਖੌਲ ਕਰਦੇ ਹੋ ? ਕਿਸ ਦੇ ਉੱਤੇ ਮੂੰਹ ਅੱਡਦੇ ਅਤੇ ਜੀਭ ਕੱਢਦੇ ਹੋ ? ਕੀ ਤੁਸੀਂ ਅਪਰਾਧ ਦੇ ਬੱਚੇ, ਅਤੇ ਧੋਖੇਬਾਜ਼ਾਂ ਦੀ ਵੰਸ ਨਹੀਂ ?

5ਤੁਸੀਂ ਜਿਹੜੇ ਬਲੂਤਾਂ ਵਿੱਚ, ਹਰੇਕ ਹਰੇ ਰੁੱਖ ਦੇ ਹੇਠ ਕਾਮ-ਵਾਸਨਾ ਵਿੱਚ ਸੜਦੇ ਹੋ ਅਤੇ ਘਾਟੀਆਂ ਵਿੱਚ ਪੱਥਰਾਂ ਦੀਆਂ ਦਰਾਰਾਂ ਹੇਠ ਬੱਚਿਆਂ ਨੂੰ ਵੱਢਦੇ ਹੋ !

6ਘਾਟੀ ਦੇ ਪੱਧਰੇ ਪੱਥਰ ਤੇਰੇ ਹਿੱਸੇ ਵਿੱਚ ਆਉਣਗੇ, ਇਹੋ ਤੇਰਾ ਭਾਗ ਹੈ ! ਇਹਨਾਂ ਦੇ ਲਈ ਹੀ ਤੂੰ ਪੀਣ ਦੀ ਭੇਟ ਡੋਲ੍ਹੀ ਅਤੇ ਮੈਦੇ ਦੀ ਭੇਟ ਚੜ੍ਹਾਈ, ਕੀ ਇਹ ਸਭ ਵੇਖਦੇ ਹੋਏ ਵੀ ਮੈਂ ਸ਼ਾਂਤ ਰਹਾਂ ?

7ਇੱਕ ਉੱਚੇ ਤੇ ਬੁਲੰਦ ਪਹਾੜ ਉੱਤੇ ਤੂੰ ਆਪਣਾ ਬਿਸਤਰ ਵਿਛਾਇਆ, ਉੱਥੇ ਤੂੰ ਬਲੀਆਂ ਚੜ੍ਹਾਉਣ ਲਈ ਚੜ੍ਹ ਵੀ ਗਈ ।

8ਬੂਹਿਆਂ ਅਤੇ ਚੁਗਾਠਾਂ ਦੇ ਪਿੱਛੇ ਤੂੰ ਆਪਣੇ ਬੁੱਤਾਂ ਦੀ ਯਾਦਗਾਰੀ ਕਾਇਮ ਕੀਤੀ, ਤੂੰ ਤਾਂ ਮੈਨੂੰ ਛੱਡ ਕੇ ਨੰਗੀ ਹੋਈ, ਅਤੇ ਉਤਾਹਾਂ ਜਾ ਕੇ ਆਪਣਾ ਬਿਸਤਰਾ ਚੌੜਾ ਕੀਤਾ, ਤੂੰ ਉਹਨਾਂ ਨਾਲ ਆਪਣਾ ਨੇਮ ਬੰਨ੍ਹਿਆ, ਵੇਖਦਿਆਂ ਸਾਰ ਤੂੰ ਉਹਨਾਂ ਦੇ ਬਿਸਤਰੇ ਉੱਤੇ ਲੱਟੂ ਹੋ ਗਈ !

9ਤੂੰ ਤੇਲ ਲਾ ਕੇ ਮਲਕ ਦੇਵਤੇ ਕੋਲ ਗਈ, ਤੂੰ ਆਪਣੀਆਂ ਸੁਗੰਧਾਂ ਨੂੰ ਵਧਾਇਆ, ਤੂੰ ਆਪਣੇ ਵਿਚੋਲੇ ਦੂਰ-ਦੂਰ ਘੱਲੇ, ਤੂੰ ਆਪਣੇ ਆਪ ਨੂੰ ਪਤਾਲ ਤੱਕ ਨੀਵਾਂ ਕੀਤਾ !

10ਤੂੰ ਆਪਣੇ ਸਫ਼ਰਾਂ ਦੀ ਲੰਬਾਈ ਨਾਲ ਥੱਕ ਗਈ, ਪਰ ਤੂੰ ਨਾ ਆਖਿਆ, ਇਹ ਵਿਅਰਥ ਹੈ, ਤੇਰੀ ਜਾਨ ਵਿੱਚ ਜਾਨ ਆਈ, ਇਸ ਲਈ ਤੂੰ ਨਾ ਥੱਕੀ ।

11ਤੂੰ ਕਿਸ ਤੋਂ ਐਨਾ ਸਹਿਮੀ ਅਤੇ ਡਰੀ ਕਿ ਤੂੰ ਝੂਠ ਬੋਲੀ ਅਤੇ ਮੈਨੂੰ ਯਾਦ ਨਾ ਕੀਤਾ, ਨਾ ਹੀ ਮੇਰੇ ਉੱਤੇ ਧਿਆਨ ਦਿੱਤਾ ? ਕੀ ਮੈਂ ਬਹੁਤ ਸਮੇਂ ਤੱਕ ਚੁੱਪ ਨਾ ਰਿਹਾ ? ਪਰ ਤੂੰ ਮੇਰੇ ਤੋਂ ਨਾ ਡਰੀ ।

12ਮੈਂ ਤੇਰੇ ਧਰਮ ਨੂੰ ਅਤੇ ਤੇਰੇ ਕੰਮਾਂ ਨੂੰ ਦੱਸਾਂਗਾ, ਪਰ ਉਹ ਤੈਨੂੰ ਕੁਝ ਲਾਭ ਨਾ ਪੁਚਾਉਣਗੇ ।

13ਜਦ ਤੂੰ ਚਿੱਲਾਏਂ, ਤਾਂ ਤੇਰੇ ਬੁੱਤਾਂ ਦਾ ਟੋਲਾ ਤੈਨੂੰ ਛੁਡਾਵੇ । ਪਰ ਹਵਾ ਉਨ੍ਹਾਂ ਸਾਰਿਆਂ ਨੂੰ ਚੁੱਕ ਕੇ ਲੈ ਜਾਵੇਗੀ, ਅਤੇ ਇੱਕ ਫੂਕ ਨਾਲ ਉਹ ਉੱਡ ਜਾਣਗੇ, ਪਰ ਜੋ ਮੇਰੀ ਸ਼ਰਨ ਆਉਂਦਾ ਹੈ, ਉਹ ਧਰਤੀ ਉੱਤੇ ਕਬਜ਼ਾ ਕਰੇਗਾ, ਅਤੇ ਮੇਰੇ ਪਵਿੱਤਰ ਪਹਾੜ ਦਾ ਅਧਿਕਾਰੀ ਹੋਵੇਗਾ ।

14ਤਦ ਆਖਿਆ ਜਾਵੇਗਾ, ਭਰਤੀ ਪਾਓ, ਭਰਤੀ ! ਰਾਹ ਤਿਆਰ ਕਰੋ, ਮੇਰੀ ਪਰਜਾ ਦੇ ਰਾਹ ਵਿੱਚੋਂ ਹਰੇਕ ਰੁਕਾਵਟ ਚੁੱਕ ਸੁੱਟੋ !

15ਮਹਾਨ ਅਤੇ ਉੱਤਮ ਪੁਰਖ ਜੋ ਸਦਾ ਕਾਇਮ ਹੈ, ਜਿਸ ਦਾ ਨਾਮ ਪਵਿੱਤਰ ਹੈ, ਇਹ ਆਖਦਾ ਹੈ, ਮੈਂ ਉੱਚੇ ਅਤੇ ਪਵਿੱਤਰ ਸਥਾਨ ਵਿੱਚ ਵੱਸਦਾ ਹਾਂ, ਅਤੇ ਉਹ ਦੇ ਨਾਲ ਵੀ ਜਿਸ ਦਾ ਆਤਮਾ ਕੁਚਲਿਆ ਅਤੇ ਦੀਨ ਹੈ, ਤਾਂ ਜੋ ਮੈਂ ਦੀਨ ਲੋਕਾਂ ਦੇ ਆਤਮਾ ਨੂੰ ਅਤੇ ਕੁਚਲਿਆਂ ਹੋਇਆਂ ਦੇ ਦਿਲ ਨੂੰ ਜੀਉਂਦਾ ਕਰਾਂ ।

16ਮੈਂ ਸਦਾ ਤੱਕ ਨਾ ਝਗੜਾਂਗਾ, ਨਾ ਹਮੇਸ਼ਾ ਕ੍ਰੋਧਵਾਨ ਰਹਾਂਗਾ, ਨਹੀਂ ਤਾਂ ਉਨ੍ਹਾਂ ਦਾ ਆਤਮਾ ਮੇਰੇ ਕਾਰਨ ਨਢਾਲ ਹੋ ਜਾਵੇਗਾ, ਉਹ ਹੀ ਮਨੁੱਖ ਜਿਨ੍ਹਾਂ ਨੂੰ ਮੈਂ ਬਣਾਇਆ ।

17ਮੈਂ ਉਹ ਦੇ ਲੋਭ ਦੀ ਬੁਰਿਆਈ ਦੇ ਕਾਰਨ ਕ੍ਰੋਧਵਾਨ ਹੋਇਆ, ਮੈਂ ਉਹ ਨੂੰ ਮਾਰਿਆ, ਮੈਂ ਆਪਣਾ ਮੂੰਹ ਲੁਕਾਇਆ, ਮੈਂ ਕ੍ਰੋਧਵਾਨ ਹੋਇਆ, ਪਰ ਫੇਰ ਵੀ ਉਹ ਆਪਣੀ ਮਨ ਦੀ ਮਰਜ਼ੀ ਵਿੱਚ ਭਟਕਦੇ ਗਏ ।

18ਮੈਂ ਉਸ ਦੇ ਰਾਹ ਵੇਖੇ ਹਨ, ਪਰ ਮੈਂ ਉਸ ਨੂੰ ਚੰਗਾ ਕਰਾਂਗਾ, ਮੈਂ ਉਸ ਦੀ ਅਗਵਾਈ ਕਰਾਂਗਾ, ਅਤੇ ਉਸ ਨੂੰ ਅਤੇ ਉਸ ਦੇ ਨਾਲ ਸੋਗ ਕਰਨ ਵਾਲਿਆਂ ਨੂੰ ਤਸੱਲੀਆਂ ਬਖ਼ਸ਼ਾਂਗਾ ।

19ਮੈਂ ਉਨ੍ਹਾਂ ਦੇ ਬੁੱਲ੍ਹਾਂ ਤੇ ਉਸਤਤ ਦਾ ਫਲ ਉਤਪੰਨ ਕਰਦਾ ਹਾਂ । ਦੂਰ ਵਾਲੇ ਲਈ ਅਤੇ ਨਜ਼ਦੀਕ ਵਾਲੇ ਲਈ ਸ਼ਾਂਤੀ, ਸ਼ਾਂਤੀ ! ਯਹੋਵਾਹ ਆਖਦਾ ਹੈ, ਅਤੇ ਮੈਂ ਉਹ ਨੂੰ ਚੰਗਾ ਕਰਾਂਗਾ ।

20ਦੁਸ਼ਟ ਉੱਛਲਦੇ ਸਮੁੰਦਰ ਵਾਂਗੂੰ ਹਨ, ਜੋ ਚੈਨ ਨਹੀਂ ਲੈ ਸਕਦਾ, ਅਤੇ ਉਹ ਦੀਆਂ ਲਹਿਰਾਂ ਚਿੱਕੜ ਅਤੇ ਗੰਦ ਉਛਾਲਦੀਆਂ ਹਨ ।

21ਮੇਰਾ ਪਰਮੇਸ਼ੁਰ ਆਖਦਾ ਹੈ, ਦੁਸ਼ਟਾਂ ਲਈ ਸ਼ਾਂਤੀ ਨਹੀਂ ।


  Share Facebook  |  Share Twitter

 <<  Isaiah 57 >> 


Bible2india.com
© 2010-2025
Help
Dual Panel

Laporan Masalah/Saran