Bible 2 India Mobile
[VER] : [PUNJABI]     [PL]  [PB] 
 <<  Isaiah 54 >> 

1ਹੇ ਬਾਂਝ, ਤੂੰ ਜੋ ਨਹੀਂ ਜਣੀ, ਜੈਕਾਰਾ ਗਜਾ ! ਖੁੱਲ੍ਹ ਕੇ ਜੈਕਾਰਾ ਗਜਾ ਅਤੇ ਚਿੱਲਾ, ਤੂੰ ਜਿਸ ਨੂੰ ਪੀੜਾਂ ਨਹੀਂ ਲੱਗੀਆਂ ! ਕਿਉਂ ਜੋ ਛੱਡੀ ਹੋਈ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ, ਯਹੋਵਾਹ ਦਾ ਬਚਨ ਹੈ ।

2ਆਪਣੇ ਤੰਬੂ ਦੇ ਥਾਂ ਨੂੰ ਚੌੜਾ ਕਰ, ਉਹ ਆਪਣੇ ਵਾਸਾਂ ਦੇ ਪੜਦੇ ਤਾਨਣ, ਤੂੰ ਸਰਫ਼ਾ ਨਾ ਕਰ, ਆਪਣੀਆਂ ਰੱਸੀਆਂ ਲੰਮੀਆਂ ਤੇ ਆਪਣਿਆਂ ਕੀਲਿਆਂ ਨੂੰ ਤਕੜਾ ਕਰ !

3ਤੂੰ ਤਾਂ ਸੱਜੇ-ਖੱਬੇ ਫੈਲੇਂਗੀ, ਤੇਰੀ ਅੰਸ ਕੌਮਾਂ ਉੱਤੇ ਕਬਜ਼ਾ ਕਰੇਗੀ, ਅਤੇ ਉੱਜੜੇ ਹੋਏ ਸ਼ਹਿਰਾਂ ਨੂੰ ਵਸਾਵੇਗੀ ।

4ਨਾ ਡਰ, ਕਿਉਂ ਜੋ ਤੂੰ ਲੱਜਿਆਵਾਨ ਨਾ ਹੋਵੇਂਗੀ, ਨਾ ਘਬਰਾ, ਕਿਉਂ ਜੋ ਤੂੰ ਸ਼ਰਮਿੰਦੀ ਨਾ ਹੋਵੇਂਗੀ, ਤੂੰ ਤਾਂ ਆਪਣੀ ਜੁਆਨੀ ਦੀ ਲਾਜ ਨੂੰ ਭੁੱਲ ਜਾਵੇਂਗੀ, ਅਤੇ ਆਪਣੇ ਰੰਡੇਪੇ ਦੇ ਉਲਾਂਭੇ ਨੂੰ ਫੇਰ ਯਾਦ ਨਾ ਕਰੇਂਗੀ ।

5ਤੇਰਾ ਪਤੀ ਤਾਂ ਤੇਰਾ ਕਰਤਾਰ ਹੈ, ਸੈਨਾਂ ਦਾ ਯਹੋਵਾਹ ਉਹ ਦਾ ਨਾਮ ਹੈ । ਤੇਰਾ ਛੁਡਾਉਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਹੈ, ਉਹ ਸਾਰੀ ਧਰਤੀ ਦਾ ਪਰਮੇਸ਼ੁਰ ਸੱਦਿਆ ਜਾਵੇਗਾ ।

6ਯਹੋਵਾਹ ਨੇ ਤਾਂ ਤੈਨੂੰ ਤਿਆਗੀ ਹੋਈ ਅਤੇ ਆਤਮਾ ਵਿੱਚ ਸੋਗਣ ਇਸਤਰੀ ਵਾਂਗੂੰ ਬੁਲਾਇਆ, ਜੁਆਨੀ ਦੀ ਪਤਨੀ ਵਾਂਗੂੰ ਜਦ ਉਹ ਛੱਡੀ ਜਾਂਦੀ, ਤੇਰਾ ਪਰਮੇਸ਼ੁਰ ਆਖਦਾ ਹੈ ।

7ਕੁਝ ਪਲ ਲਈ ਹੀ ਮੈਂ ਤੈਨੂੰ ਤਿਆਗਿਆ ਸੀ, ਪਰ ਵੱਡੀਆਂ ਰਹਮਤਾਂ ਨਾਲ ਮੈਂ ਤੈਨੂੰ ਇਕੱਠਾ ਕਰਾਂਗਾ ।

8ਕ੍ਰੋਧ ਦੇ ਹੜ੍ਹ ਵਿੱਚ ਮੈਂ ਆਪਣਾ ਮੂੰਹ ਕੁਝ ਪਲਾਂ ਲਈ ਤੇਰੇ ਕੋਲੋਂ ਲੁਕਾ ਲਿਆ ਸੀ, ਪਰ ਹੁਣ ਸਦੀਪਕ ਦਯਾ ਨਾਲ ਮੈਂ ਤੇਰੇ ਉੱਤੇ ਰਹਮ ਕਰਾਂਗਾ, ਯਹੋਵਾਹ ਤੇਰਾ ਛੁਡਾਉਣ ਵਾਲਾ ਆਖਦਾ ਹੈ ।

9ਇਹ ਤਾਂ ਮੇਰੇ ਲਈ ਨੂਹ ਦੀ ਪਰਲੋ ਜਿਹੀ ਹੈ, - ਜਿਵੇਂ ਮੈਂ ਸਹੁੰ ਖਾਧੀ ਹੈ, ਕਿ ਨੂਹ ਦੀ ਪਰਲੋ ਫੇਰ ਧਰਤੀ ਉੱਤੇ ਨਾ ਆਵੇਗੀ, ਉਸੇ ਤਰ੍ਹਾਂ ਮੈਂ ਸਹੁੰ ਖਾਧੀ ਹੈ ਕਿ ਮੈਂ ਤੇਰੇ ਉੱਤੇ ਕ੍ਰੋਧਿਤ ਨਾ ਹੋਵਾਂਗਾ, ਨਾ ਤੈਨੂੰ ਝਿੜਕਾਂਗਾ ।

10ਭਾਵੇਂ ਪਹਾੜ ਜਾਂਦੇ ਰਹਿਣ ਤੇ ਟਿੱਲੇ ਹਿਲਾਏ ਜਾਣ, ਪਰ ਮੇਰੀ ਦਯਾ ਤੈਥੋਂ ਜਾਂਦੀ ਨਾ ਰਹੇਗੀ, ਨਾ ਮੇਰੀ ਸ਼ਾਂਤੀ ਦਾ ਨੇਮ ਹਿੱਲੇਗਾ, ਯਹੋਵਾਹ ਜੋ ਤੇਰੇ ਉੱਤੇ ਦਯਾ ਕਰਦਾ ਹੈ ਆਖਦਾ ਹੈ ।

11ਹੇ ਦੁਖਿਆਰੀਏ, ਅਨ੍ਹੇਰ ਦੀਏ ਮਾਰੀਏ ਹੋਈਏ, ਜਿਸ ਨੂੰ ਦਿਲਾਸਾ ਨਹੀਂ ਮਿਲਿਆ, ਵੇਖ, ਮੈਂ ਤੇਰੇ ਪੱਥਰਾਂ ਨੂੰ ਫ਼ੀਰੋਜ਼ਿਆਂ ਵਿੱਚ ਜੜ੍ਹਾਂਗਾ, ਅਤੇ ਤੇਰੀਆਂ ਨੀਂਹਾਂ ਨੂੰ ਨੀਲਮਾਂ ਨਾਲ ਧਰਾਂਗਾ ।

12ਮੈਂ ਤੇਰੇ ਕਲਸਾਂ ਨੂੰ ਲਾਲਾਂ ਨਾਲ, ਤੇਰੇ ਫਾਟਕਾਂ ਨੂੰ ਜਵਾਹਰਾਤ ਨਾਲ, ਅਤੇ ਤੇਰੇ ਸਾਰੇ ਗੜ੍ਹਾਂ ਨੂੰ ਬਹੁ-ਮੁੱਲੇ ਪੱਥਰਾਂ ਨਾਲ ਬਣਾਵਾਂਗਾ ।

13ਤੇਰੇ ਸਾਰੇ ਪੁੱਤਰ ਯਹੋਵਾਹ ਵੱਲੋਂ ਸਿੱਖੇ ਹੋਏ ਹੋਣਗੇ, ਅਤੇ ਤੇਰੇ ਪੁੱਤਰਾਂ ਦੀ ਸ਼ਾਂਤੀ ਬਹੁਤ ਹੋਵੇਗੀ ।

14ਤੂੰ ਧਰਮ ਨਾਲ ਕਾਇਮ ਰਹੇਂਗੀ, ਅਤੇ ਜ਼ੁਲਮ ਤੋਂ ਦੂਰ ਰਹੇਂਗੀ, ਇਸ ਲਈ ਤੂੰ ਨਾ ਡਰੇਂਗੀ, ਅਤੇ ਖੌਫ਼ ਨਾ ਖਾਵੇਂਗੀ, ਕਿਉਂ ਜੋ ਉਹ ਤੇਰੇ ਨੇੜੇ ਨਾ ਆਵੇਗਾ ।

15ਵੇਖ, ਉਹ ਝਗੜਾ ਛੇੜਦੇ ਹਨ, ਪਰ ਮੇਰੀ ਵੱਲੋਂ ਨਹੀਂ, ਜਿਹੜਾ ਤੇਰੇ ਨਾਲ ਝਗੜੇ ਉਹ ਤੇਰੇ ਕਾਰਨ ਡਿੱਗੇਗਾ ।

16ਵੇਖ, ਮੈਂ ਲੁਹਾਰ ਉਤਪਤ ਕੀਤਾ, ਜੋ ਕੋਲਿਆਂ ਦੀ ਅੱਗ ਧੌਂਕਦਾ ਹੈ, ਅਤੇ ਆਪਣੇ ਕੰਮ ਲਈ ਸੰਦ ਕੱਢਦਾ ਹੈ, ਮੈਂ ਹੀ ਨਾਸ ਕਰਨ ਵਾਲਾ ਉਜਾੜਨ ਲਈ ਉਤਪਤ ਕੀਤਾ ।

17ਹਰੇਕ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰੇਕ ਜੀਭ ਜੋ ਤੇਰੇ ਵਿਰੁੱਧ ਨਿਆਂ ਲਈ ਉੱਠੇ, ਤੂੰ ਉਸ ਨੂੰ ਦੋਸ਼ੀ ਠਹਿਰਾਵੇਂਗੀ - ਇਹ ਯਹੋਵਾਹ ਦੇ ਦਾਸਾਂ ਦਾ ਅਧਿਕਾਰ ਹੈ, ਅਤੇ ਉਹ ਮੇਰੇ ਕਾਰਨ ਧਰਮੀ ਠਹਿਰਣਗੇ, ਯਹੋਵਾਹ ਦਾ ਵਾਕ ਹੈ ।


  Share Facebook  |  Share Twitter

 <<  Isaiah 54 >> 


Bible2india.com
© 2010-2025
Help
Dual Panel

Laporan Masalah/Saran