Bible 2 India Mobile
[VER] : [PUNJABI]     [PL]  [PB] 
 <<  Isaiah 50 >> 

1ਯਹੋਵਾਹ ਇਹ ਆਖਦਾ ਹੈ, ਤੁਹਾਡੀ ਮਾਂ ਦੀ ਤਿਆਗ ਪੱਤ੍ਰੀ ਕਿੱਥੇ ਹੈ, ਜਿਹੜੀ ਮੈਂ ਉਸ ਨੂੰ ਤਿਆਗਣ ਦੇ ਸਮੇਂ ਦਿੱਤੀ ? ਜਾਂ ਮੈਂ ਆਪਣੇ ਕਿਹੜੇ ਲੈਣਦਾਰ ਕੋਲ ਤੁਹਾਨੂੰ ਵੇਚ ਦਿੱਤਾ ? ਵੇਖੋ, ਤੁਸੀਂ ਆਪਣੀਆਂ ਬਦੀਆਂ ਦੇ ਕਾਰਨ ਵੇਚੇ ਗਏ, ਅਤੇ ਤੁਹਾਡੇ ਅਪਰਾਧਾਂ ਦੇ ਕਾਰਨ ਤੁਹਾਡੀ ਮਾਂ ਕੱਢੀ ਗਈ ।

2ਜਦ ਮੈਂ ਆਇਆ, ਤਾਂ ਉੱਥੇ ਕਿਉਂ ਕੋਈ ਮਨੁੱਖ ਨਹੀਂ ਸੀ ? ਜਦ ਮੈਂ ਪੁਕਾਰਿਆ ਤਾਂ ਕਿਉਂ ਕੋਈ ਉੱਤਰ ਦੇਣ ਵਾਲਾ ਨਹੀਂ ਸੀ ? ਭਲਾ, ਮੇਰਾ ਹੱਥ ਐਨਾ ਛੋਟਾ ਹੋ ਗਿਆ ਜੋ ਛੁਟਕਾਰਾ ਦੇਣ ਦੇ ਯੋਗ ਨਾ ਰਿਹਾ, ਜਾਂ ਛੁਡਾਉਣ ਦੀ ਮੇਰੀ ਕੋਈ ਸਮਰਥ ਨਹੀਂ ਰਹੀ ? ਵੇਖੋ, ਮੈਂ ਆਪਣੀ ਘੁਰਕੀ ਨਾਲ ਸਮੁੰਦਰ ਨੂੰ ਸੁਕਾ ਦਿੰਦਾ, ਅਤੇ ਮੈਂ ਨਦੀਆਂ ਨੂੰ ਉਜਾੜ ਬਣਾ ਦਿੰਦਾ ਹਾਂ, ਉਨ੍ਹਾਂ ਦੀਆਂ ਮੱਛੀਆਂ ਪਾਣੀ ਨਾ ਹੋਣ ਕਰਕੇ ਬੁਸ ਜਾਂਦੀਆਂ ਹਨ, ਉਹ ਤਿਹਾਈਆਂ ਮਰ ਜਾਂਦੀਆਂ ਹਨ ।

3ਮੈਂ ਅਕਾਸ਼ ਨੂੰ ਜਾਣੋ ਸੋਗ ਦਾ ਕਾਲਾ ਕੱਪੜਾ ਪਹਿਨਾਉਂਦਾ ਹਾਂ, ਅਤੇ ਤੱਪੜ ਉਹਨਾਂ ਦਾ ਓੜ੍ਹਨਾ ਬਣਾ ਦਿੰਦਾ ਹਾਂ ।

4ਪ੍ਰਭੂ ਯਹੋਵਾਹ ਨੇ ਮੈਨੂੰ ਸੂਝਵਾਨਾਂ ਦੀ ਜ਼ਬਾਨ ਦਿੱਤੀ, ਤਾਂ ਜੋ ਮੈਂ ਜਾਣਾਂ ਕਿ ਹੁੱਸੇ ਹੋਏ ਨੂੰ ਕਿਵੇਂ ਬਚਨ ਨਾਲ ਸਹਾਇਤਾ ਦੇਵਾਂ, ਉਹ ਮੈਨੂੰ ਸਵੇਰੇ ਸਵੇਰੇ ਜਗਾਉਂਦਾ ਹੈ, ਉਹ ਮੇਰੇ ਕੰਨਾਂ ਨੂੰ ਖੋਲ੍ਹਦਾ ਹੈ, ਤਾਂ ਜੋ ਮੈਂ ਚੇਲਿਆਂ ਵਾਂਗੂੰ ਸੁਣਾਂ ।

5ਪ੍ਰਭੂ ਯਹੋਵਾਹ ਨੇ ਮੇਰੇ ਕੰਨ ਖੋਲ੍ਹੇ ਹਨ, ਤਾਂ ਮੈਂ ਵਿਰੋਧ ਨਾ ਕੀਤਾ, ਨਾ ਪਿੱਛੇ ਹਟਿਆ,

6ਮੈਂ ਆਪਣੀ ਪਿੱਠ ਮਾਰਨ ਵਾਲਿਆਂ ਨੂੰ, ਅਤੇ ਆਪਣੀਆਂ ਗੱਲ੍ਹਾਂ ਦਾੜ੍ਹੀ ਪੁੱਟਣ ਵਾਲਿਆਂ ਨੂੰ ਦਿੱਤੀਆਂ, ਮੈਂ ਆਪਣਾ ਮੂੰਹ ਸ਼ਰਮਿੰਦਗੀ ਅਤੇ ਥੁੱਕ ਤੋਂ ਨਾ ਲੁਕਾਇਆ ।

7ਪ੍ਰਭੂ ਯਹੋਵਾਹ ਮੇਰੀ ਸਹਾਇਤਾ ਕਰਦਾ ਹੈ, ਇਸ ਲਈ ਮੈਂ ਸ਼ਰਮਿੰਦਾ ਨਾ ਹੋਇਆ, ਇਸ ਲਈ ਮੈਂ ਆਪਣਾ ਮੂੰਹ ਚਕਮਕ ਵਾਂਗੂੰ ਬਣਾਇਆ, ਅਤੇ ਮੈਂ ਜਾਣਦਾ ਹਾਂ ਕਿ ਮੈਂ ਲੱਜਿਆਵਾਨ ਨਾ ਹੋਵਾਂਗਾ ।

8ਮੈਨੂੰ ਧਰਮੀ ਠਹਿਰਾਉਣ ਵਾਲਾ ਨੇੜੇ ਹੈ, ਕੌਣ ਮੇਰੇ ਨਾਲ ਝਗੜੇਗਾ ? ਆਓ, ਅਸੀਂ ਆਹਮੋ-ਸਾਹਮਣੇ ਖੜ੍ਹੇ ਹੋਈਏ, ਮੇਰਾ ਵਿਰੋਧੀ ਕੌਣ ਹੈ ? ਉਹ ਮੇਰੇ ਨੇੜੇ ਆਵੇ !

9ਵੇਖੋ, ਪ੍ਰਭੂ ਯਹੋਵਾਹ ਮੇਰੀ ਸਹਾਇਤਾ ਕਰਦਾ ਹੈ, ਕੌਣ ਮੈਨੂੰ ਦੋਸ਼ੀ ਠਹਿਰਾਵੇਗਾ ? ਵੇਖੋ, ਉਹ ਸਾਰੇ ਕੱਪੜੇ ਵਾਂਗੂੰ ਪੁਰਾਣੇ ਹੋ ਜਾਣਗੇ, ਕੀੜਾ ਉਹਨਾਂ ਨੂੰ ਖਾ ਜਾਵੇਗਾ ।

10ਤੁਹਾਡੇ ਵਿੱਚ ਕੌਣ ਯਹੋਵਾਹ ਤੋਂ ਡਰਦਾ ਹੈ, ਅਤੇ ਉਸ ਦੇ ਦਾਸ ਦੀ ਅਵਾਜ਼ ਸੁਣਦਾ ਹੈ ? ਜਿਹੜਾ ਹਨੇਰੇ ਵਿੱਚ ਚੱਲਦਾ ਅਤੇ ਉਸ ਦੇ ਲਈ ਚਾਨਣ ਨਾ ਹੋਵੇ, ਉਹ ਯਹੋਵਾਹ ਦੇ ਨਾਮ ਉੱਤੇ ਭਰੋਸਾ ਰੱਖੇ, ਅਤੇ ਆਪਣੇ ਪਰਮੇਸ਼ੁਰ ਉੱਤੇ ਢਾਸਣਾ ਲਾਵੇ ।

11ਵੇਖੋ, ਤੁਸੀਂ ਸਾਰੇ ਅੱਗ ਬਾਲਣ ਵਾਲਿਓ, ਜਿਹੜੇ ਆਪਣੇ ਕੋਲ ਮਸ਼ਾਲਾਂ ਜਗਾਈ ਰੱਖਦੇ ਹੋ, ਤੁਸੀਂ ਆਪਣੀ ਅੱਗ ਦੀ ਲੋ ਵਿੱਚ ਅਤੇ ਆਪਣੀਆਂ ਹੀ ਜਗਦੀਆਂ ਮਸ਼ਾਲਾਂ ਦੇ ਵਿਚਕਾਰ ਤੁਰੋ ਫਿਰੋ ! ਮੇਰੇ ਹੱਥੋਂ ਤੁਹਾਡੇ ਲਈ ਇਹ ਫਲ ਹੋਵੇਗਾ, ਤੁਸੀਂ ਤਕਲੀਫ਼ ਵਿੱਚ ਪਏ ਰਹੋਗੇ ।


  Share Facebook  |  Share Twitter

 <<  Isaiah 50 >> 


Bible2india.com
© 2010-2025
Help
Dual Panel

Laporan Masalah/Saran