Bible 2 India Mobile
[VER] : [PUNJABI]     [PL]  [PB] 
 <<  Isaiah 49 >> 

1ਹੇ ਟਾਪੂਓ, ਮੇਰੀ ਸੁਣੋ, ਹੇ ਦੂਰ ਦੀਓ ਕੌਮੋਂ, ਕੰਨ ਲਾਓ ! ਯਹੋਵਾਹ ਨੇ ਮੈਨੂੰ ਢਿੱਡੋਂ ਹੀ ਸੱਦ ਲਿਆ, ਮੇਰੀ ਮਾਂ ਦੀ ਕੁੱਖੋਂ ਉਸ ਨੇ ਮੇਰਾ ਨਾਮ ਲਿਆ ।

2ਉਸ ਨੇ ਮੇਰੇ ਮੂੰਹ ਨੂੰ ਤਿੱਖੀ ਤਲਵਾਰ ਵਾਂਗੂੰ ਬਣਾਇਆ, ਉਸ ਨੇ ਆਪਣੇ ਹੱਥ ਦੇ ਸਾਯੇ ਵਿੱਚ ਮੈਨੂੰ ਲੁਕਾਇਆ, ਉਸ ਨੇ ਮੈਨੂੰ ਇੱਕ ਚਮਕੀਲਾ ਬਾਣ ਬਣਾਇਆ, ਅਤੇ ਮੈਨੂੰ ਆਪਣੀ ਤਰਕਸ਼ ਵਿੱਚ ਲੁਕਾਇਆ ਹੈ,

3ਉਸ ਨੇ ਮੈਨੂੰ ਆਖਿਆ, ਤੂੰ ਮੇਰਾ ਦਾਸ ਇਸਰਾਏਲ ਹੈ, ਜਿਸ ਦੇ ਵਿੱਚ ਮੈਂ ਆਪਣੀ ਸ਼ਾਨ ਵਿਖਾਵਾਂਗਾ ।

4ਤਦ ਮੈਂ ਆਖਿਆ, ਮੈਂ ਵਿਅਰਥ ਹੀ ਮਿਹਨਤ ਕੀਤੀ, ਮੈਂ ਆਪਣਾ ਬਲ ਫੋਕਟ ਤੇ ਵਿਅਰਥ ਲਈ ਗੁਆ ਦਿੱਤਾ, ਸੱਚਮੁੱਚ ਮੇਰਾ ਇਨਸਾਫ਼ ਯਹੋਵਾਹ ਕੋਲ, ਅਤੇ ਮੇਰਾ ਬਦਲਾ ਮੇਰੇ ਪਰਮੇਸ਼ੁਰ ਕੋਲ ਹੈ ।

5ਹੁਣ ਯਹੋਵਾਹ ਇਹ ਆਖਦਾ ਹੈ, ਜਿਸ ਨੇ ਮੈਨੂੰ ਕੁੱਖੋਂ ਹੀ ਆਪਣਾ ਦਾਸ ਹੋਣ ਲਈ ਸਿਰਜਿਆ ਤਾਂ ਜੋ ਮੈਂ ਯਾਕੂਬ ਨੂੰ ਉਹ ਦੇ ਕੋਲ ਮੋੜ ਲਿਆਵਾਂ, ਅਤੇ ਇਸਰਾਏਲ ਉਹ ਦੇ ਕੋਲ ਇਕੱਠਾ ਕੀਤਾ ਜਾਵੇ, ਮੈਂ ਯਹੋਵਾਹ ਦੀ ਨਿਗਾਹ ਵਿੱਚ ਆਦਰ ਪਾਉਂਦਾ ਹਾਂ, ਅਤੇ ਮੇਰਾ ਪਰਮੇਸ਼ੁਰ ਮੇਰਾ ਬਲ ਹੈ, -

6ਹਾਂ, ਉਹ ਆਖਦਾ ਹੈ, ਕੀ ਇਹ ਛੋਟੀ ਗੱਲ ਹੈ, ਕਿ ਤੂੰ ਯਾਕੂਬ ਦਿਆਂ ਗੋਤਾਂ ਨੂੰ ਉਠਾਉਣ ਲਈ ਅਤੇ ਇਸਰਾਏਲ ਦੇ ਬਚਿਆਂ ਹੋਇਆਂ ਨੂੰ ਮੋੜਨ ਲਈ ਮੇਰਾ ਦਾਸ ਹੋਵੇਂ, ਸਗੋਂ ਮੈਂ ਤੈਨੂੰ ਕੌਮਾਂ ਲਈ ਜੋਤ ਠਹਿਰਾਵਾਂਗਾ, ਤਾਂ ਜੋ ਮੇਰੀ ਮੁਕਤੀ ਧਰਤੀ ਦੀਆਂ ਹੱਦਾਂ ਤੱਕ ਪਹੁੰਚੇ ।

7ਯਹੋਵਾਹ ਇਸਰਾਏਲ ਦਾ ਛੁਟਕਾਰਾ ਦੇਣ ਵਾਲਾ ਅਤੇ ਉਹ ਦਾ ਪਵਿੱਤਰ ਪੁਰਖ, ਉਸ ਨੂੰ ਜਿਸ ਨੂੰ ਤੁੱਛ ਜਾਣਿਆ ਜਾਂਦਾ ਹੈ, ਜਿਹੜਾ ਕੌਮਾਂ ਲਈ ਘਿਣਾਉਣਾ ਹੈ ਅਤੇ ਉਸ ਹਾਕਮਾਂ ਦੇ ਦਾਸ ਨੂੰ ਇਹ ਆਖਦਾ ਹੈ, - ਰਾਜੇ ਤੈਨੂੰ ਵੇਖਣਗੇ ਤੇ ਉੱਠਣਗੇ, ਹਾਕਮ ਵੀ ਅਤੇ ਉਹ ਮੱਥਾ ਟੇਕਣਗੇ, ਇਹ ਯਹੋਵਾਹ ਦੇ ਕਾਰਨ ਹੋਵੇਗਾ ਜੋ ਵਫ਼ਾਦਾਰ ਹੈ, ਇਸਰਾਏਲ ਦੇ ਪਵਿੱਤਰ ਪੁਰਖ ਦੇ ਕਾਰਨ ਜਿਸ ਨੇ ਤੈਨੂੰ ਚੁਣਿਆ ਹੈ ।

8ਯਹੋਵਾਹ ਇਹ ਆਖਦਾ ਹੈ, ਮੈਂ ਮਨਭਾਉਂਦੇ ਸਮੇਂ ਤੈਨੂੰ ਉੱਤਰ ਦਿੱਤਾ, ਮੈਂ ਮੁਕਤੀ ਦੇ ਦਿਨ ਤੇਰੀ ਸਹਾਇਤਾ ਕੀਤੀ, ਅਤੇ ਮੈਂ ਤੇਰੀ ਰੱਖਿਆ ਕਰਾਂਗਾ ਅਤੇ ਤੈਨੂੰ ਪਰਜਾ ਦੇ ਨੇਮ ਲਈ ਦਿਆਂਗਾ, ਤਾਂ ਜੋ ਤੂੰ ਦੇਸ ਨੂੰ ਬਹਾਲ ਕਰੇਂ, ਵਿਰਾਨ ਵਿਰਾਸਤਾਂ ਨੂੰ ਵੰਡੇਂ,

9ਗੁਲਾਮਾਂ ਨੂੰ ਇਹ ਆਖੇਂ ਕਿ ਨਿੱਕਲ ਜਾਓ ! ਅਤੇ ਉਹਨਾਂ ਨੂੰ ਜੋ ਹਨੇਰੇ ਵਿੱਚ ਹਨ, ਆਪਣੇ ਆਪ ਨੂੰ ਵਿਖਲਾਓ । ਉਹ ਰਾਹਾਂ ਦੇ ਨਾਲ-ਨਾਲ ਚਰਨਗੇ, ਅਤੇ ਸਾਰੀਆਂ ਨੰਗੀਆਂ ਟੀਸੀਆਂ ਉੱਤੇ ਉਹਨਾਂ ਦੀਆਂ ਜੂਹਾਂ ਹੋਣਗੀਆਂ ।

10ਉਹ ਨਾ ਭੁੱਖੇ ਹੋਣਗੇ, ਨਾ ਤਿਹਾਏ ਹੋਣਗੇ, ਨਾ ਲੂ, ਨਾ ਧੁੱਪ ਉਹਨਾਂ ਨੂੰ ਮਾਰੇਗੀ, ਕਿਉਂ ਜੋ ਉਹਨਾਂ ਉੱਤੇ ਦਯਾ ਕਰਨ ਵਾਲਾ ਉਹਨਾਂ ਦੀ ਅਗਵਾਈ ਕਰੇਗਾ, ਅਤੇ ਪਾਣੀ ਦੇ ਸੋਤਿਆਂ ਕੋਲ ਉਹਨਾਂ ਨੂੰ ਲੈ ਜਾਵੇਗਾ ।

11ਮੈਂ ਆਪਣੇ ਸਾਰੇ ਪਰਬਤਾਂ ਨੂੰ ਰਾਹ ਬਣਾਵਾਂਗਾ, ਅਤੇ ਮੇਰੀਆਂ ਸੜਕਾਂ ਉੱਚੀਆਂ ਕੀਤੀਆਂ ਜਾਣਗੀਆਂ ।

12ਵੇਖੋ, ਉਹ ਦੂਰੋਂ ਆਉਣਗੇ, ਅਤੇ ਵੇਖੋ, ਉਹ ਉੱਤਰ ਵੱਲੋਂ ਤੇ ਪੱਛਮ ਵੱਲੋਂ, ਅਤੇ ਸਿਨੀਮ ਦੇਸ ਤੋਂ ਆਉਣਗੇ ।

13ਹੇ ਅਕਾਸ਼ੋ, ਜੈਕਾਰਾ ਗਜਾਓ ! ਹੇ ਧਰਤੀ, ਬਾਗ ਬਾਗ ਹੋ ! ਹੇ ਪਹਾੜੋ, ਜੈ ਜੈ ਕਾਰ ਦੇ ਨਾਰੇ ਮਾਰੋ ! ਕਿਉਂਕਿ ਯਹੋਵਾਹ ਨੇ ਆਪਣੀ ਪਰਜਾ ਨੂੰ ਦਿਲਾਸਾ ਦਿੱਤਾ, ਅਤੇ ਆਪਣੇ ਦੁਖਿਆਰਿਆਂ ਉੱਤੇ ਰਹਮ ਕੀਤਾ ਹੈ ।

14ਪਰ ਸੀਯੋਨ ਨੇ ਆਖਿਆ, ਯਹੋਵਾਹ ਨੇ ਮੈਨੂੰ ਛੱਡ ਦਿੱਤਾ, ਅਤੇ ਪ੍ਰਭੂ ਨੇ ਮੈਨੂੰ ਭੁਲਾ ਦਿੱਤਾ ਹੈ ।

15ਭਲਾ, ਮਾਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁਲਾ ਸਕਦੀ ਹੈ ਕਿ ਉਹ ਆਪਣੀ ਕੁੱਖ ਤੋਂ ਜੰਮੇ ਹੋਏ ਬਾਲ ਉੱਤੇ ਰਹਮ ਨਾ ਕਰੇ ? ਉਹ ਤਾਂ ਭਾਵੇਂ ਭੁੱਲ ਜਾਵੇ ਪਰ ਮੈਂ ਤੈਨੂੰ ਨਹੀਂ ਭੁੱਲਾਂਗਾ ।

16ਵੇਖ, ਮੈਂ ਤੈਨੂੰ ਆਪਣੀਆਂ ਹਥੇਲੀਆਂ ਉੱਤੇ ਉੱਕਰ ਲਿਆ, ਤੇਰੀਆਂ ਕੰਧਾਂ ਸਦਾ ਮੇਰੇ ਸਾਹਮਣੇ ਹਨ ।

17ਤੇਰੇ ਪੁੱਤਰ ਫੁਰਤੀ ਨਾਲ ਆ ਰਹੇ ਹਨ, ਤੈਨੂੰ ਢਾਉਣ ਵਾਲੇ ਅਤੇ ਤੈਨੂੰ ਉਜਾੜਨ ਵਾਲੇ ਤੇਰੇ ਵਿੱਚੋਂ ਨਿੱਕਲ ਜਾਣਗੇ ।

18ਤੁਸੀਂ ਆਪਣੀਆਂ ਅੱਖਾਂ ਆਲੇ ਦੁਆਲੇ ਚੁੱਕ ਕੇ ਵੇਖੋ, ਉਹ ਸਾਰੇ ਇਕੱਠੇ ਹੁੰਦੇ ਤੇ ਤੇਰੇ ਕੋਲ ਆਉਂਦੇ ਹਨ, ਆਪਣੇ ਜੀਵਨ ਦੀ ਸਹੁੰ, ਯਹੋਵਾਹ ਦਾ ਵਾਕ ਹੈ, ਤੂੰ ਤਾਂ ਉਹਨਾਂ ਸਾਰਿਆਂ ਨੂੰ ਗਹਿਣੇ ਵਾਂਗੂੰ ਪਹਿਨੇਂਗੀ, ਅਤੇ ਉਹਨਾਂ ਨੂੰ ਲਾੜੀ ਵਾਂਗੂੰ ਆਪਣੇ ਉੱਤੇ ਬੰਨ੍ਹੇਗੀ ।

19ਭਾਵੇਂ ਤੂੰ ਬਰਬਾਦ ਅਤੇ ਵਿਰਾਨ ਕੀਤੀ ਗਈ, ਅਤੇ ਤੇਰਾ ਦੇਸ ਉਜਾੜਿਆ ਗਿਆ ਪਰ, - ਹੁਣ ਤਾਂ ਤੂੰ ਵਾਸੀਆਂ ਲਈ ਭੀੜੀ ਹੋਵੇਂਗੀ, ਅਤੇ ਤੈਨੂੰ ਭੱਖ ਲੈਣ ਵਾਲੇ ਦੂਰ ਹੋ ਜਾਣਗੇ ।

20ਜਿਹੜੇ ਬੱਚੇ ਤੈਥੋਂ ਲਏ ਗਏ ਸਨ, ਉਹ ਫੇਰ ਤੇਰੇ ਕੰਨਾਂ ਵਿੱਚ ਆਖਣਗੇ, ਇਹ ਥਾਂ ਸਾਡੇ ਲਈ ਭੀੜਾ ਹੈ, ਸਾਨੂੰ ਜਗ੍ਹਾ ਦੇ ਤਾਂ ਜੋ ਅਸੀਂ ਵੱਸੀਏ ।

21ਤਦ ਤੂੰ ਆਪਣੇ ਮਨ ਵਿੱਚ ਆਖੇਂਗੀ, ਕਿਸ ਨੇ ਇਹਨਾਂ ਨੂੰ ਮੇਰੇ ਲਈ ਜਣਿਆ ? ਮੈਂ ਬੇ-ਔਲਾਦ ਅਤੇ ਬਾਂਝ ਸੀ, ਮੈਂ ਕੱਢੀ ਹੋਈ ਅਤੇ ਛੱਡੀ ਹੋਈ ਸੀ, - ਇਹਨਾਂ ਨੂੰ ਕਿਸ ਨੇ ਪਾਲਿਆ ? ਮੈਂ ਤਾਂ ਇਕੱਲੀ ਰਹਿ ਗਈ ਸੀ, ਤਾਂ ਇਹ ਕਿੱਥੋਂ ਆਏ ਹਨ ?

22ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, ਵੇਖੋ, ਮੈਂ ਆਪਣੇ ਹੱਥ ਕੌਮਾਂ ਲਈ ਉਠਾਵਾਂਗਾ, ਅਤੇ ਲੋਕਾਂ ਲਈ ਆਪਣਾ ਝੰਡਾ ਉੱਚਾ ਕਰਾਂਗਾ, ਅਤੇ ਉਹ ਤੇਰੇ ਪੁੱਤਰਾਂ ਨੂੰ ਕੁੱਛੜ ਚੁੱਕੀ ਲਿਆਉਣਗੇ, ਅਤੇ ਤੇਰੀਆਂ ਧੀਆਂ ਮੋਢਿਆਂ ਉੱਤੇ ਚੁੱਕੀਆਂ ਜਾਣਗੀਆਂ ।

23ਰਾਜੇ ਤੇਰੇ ਪਾਲਣ ਵਾਲੇ, ਅਤੇ ਉਨ੍ਹਾਂ ਦੀਆਂ ਰਾਣੀਆਂ ਤੇਰੀਆਂ ਦਾਈਆਂ ਹੋਣਗੀਆਂ, ਉਹ ਮੂੰਹ ਭਾਰ ਡਿੱਗ ਕੇ ਤੈਨੂੰ ਮੱਥਾ ਟੇਕਣਗੇ, ਅਤੇ ਤੇਰੇ ਪੈਰਾਂ ਦੀ ਖ਼ਾਕ ਚੱਟਣਗੇ, ਤਾਂ ਤੂੰ ਜਾਣੇਂਗੀ ਕਿ ਮੈਂ ਯਹੋਵਾਹ ਹਾਂ, ਅਤੇ ਮੇਰੇ ਉਡੀਕਣ ਵਾਲੇ ਕਦੇ ਸ਼ਰਮਿੰਦੇ ਨਾ ਹੋਣਗੇ ।

24ਕੀ ਲੁੱਟ ਸੂਰਮੇ ਕੋਲੋਂ ਲਈ ਜਾਵੇਗੀ ? ਜਾਂ ਦੁਸ਼ਟ ਦੇ ਹੱਥੋਂ ਕੈਦੀ ਛੁਡਾਏ ਜਾਣਗੇ ?

25ਪਰ ਯਹੋਵਾਹ ਇਹ ਆਖਦਾ ਹੈ, ਸੂਰਮਿਆਂ ਦੇ ਕੈਦੀ ਲੈ ਲਏ ਜਾਣਗੇ, ਅਤੇ ਜ਼ਾਲਮ ਦੀ ਲੁੱਟ ਉਹ ਦੇ ਹੱਥੋਂ ਲੈ ਲਈ ਜਾਵੇਗੀ, ਤੇਰੇ ਨਾਲ ਝਗੜਨ ਵਾਲਿਆਂ ਨਾਲ ਮੈਂ ਝਗੜਾਂਗਾ, ਅਤੇ ਤੇਰੇ ਪੁੱਤਰਾਂ ਨੂੰ ਮੈਂ ਬਚਾਵਾਂਗਾ ।

26ਮੈਂ ਤੇਰੇ ਸਤਾਉਣ ਵਾਲਿਆਂ ਨੂੰ ਉਹਨਾਂ ਦਾ ਆਪਣਾ ਮਾਸ ਖੁਆਵਾਂਗਾ, ਉਹ ਆਪਣੇ ਲਹੂ ਨਾਲ ਮਸਤਾਨੇ ਹੋਣਗੇ ਜਿਵੇਂ ਮਧ ਨਾਲ, ਅਤੇ ਸਾਰੇ ਪ੍ਰਾਣੀ ਜਾਣਨਗੇ ਕਿ ਮੈਂ ਯਹੋਵਾਹ ਤੇਰਾ ਬਚਾਉਣ ਵਾਲਾ ਹਾਂ, ਅਤੇ ਤੇਰਾ ਛੁਟਕਾਰਾ ਦੇਣ ਵਾਲਾ, ਯਾਕੂਬ ਦਾ ਸ਼ਕਤੀਮਾਨ ਮੈਂ ਹੀ ਹਾਂ ।


  Share Facebook  |  Share Twitter

 <<  Isaiah 49 >> 


Bible2india.com
© 2010-2025
Help
Dual Panel

Laporan Masalah/Saran