Bible 2 India Mobile
[VER] : [PUNJABI]     [PL]  [PB] 
 <<  Isaiah 48 >> 

1ਹੇ ਯਾਕੂਬ ਦੇ ਘਰਾਣੇ, ਇਹ ਸੁਣੋ, ਜਿਹੜੇ ਇਸਰਾਏਲ ਦੇ ਨਾਮ ਤੋਂ ਸਦਾਉਂਦੇ, ਅਤੇ ਯਹੂਦਾਹ ਦੇ ਵੰਸ਼ ਵਿੱਚੋਂ ਨਿੱਕਲੇ ਹੋ, ਜਿਹੜੇ ਯਹੋਵਾਹ ਦੇ ਨਾਮ ਦੀ ਸਹੁੰ ਖਾਂਦੇ, ਅਤੇ ਇਸਰਾਏਲ ਦੇ ਪਰਮੇਸ਼ੁਰ ਦਾ ਵਰਣਨ ਕਰਦੇ ਹੋ, ਪਰ ਸਚਿਆਈ ਅਤੇ ਧਰਮ ਨਾਲ ਨਹੀਂ ।

2ਉਹ ਤਾਂ ਆਪਣੇ ਆਪ ਨੂੰ ਪਵਿੱਤਰ ਸ਼ਹਿਰ ਦੇ ਕਹਾਉਂਦੇ ਹਨ, ਅਤੇ ਇਸਰਾਏਲ ਦੇ ਪਰਮੇਸ਼ੁਰ ਉੱਤੇ ਜਿਸ ਦਾ ਨਾਮ ਸੈਨਾਂ ਦਾ ਯਹੋਵਾਹ ਹੈ, ਢਾਸਣਾ ਲੈਂਦੇ ਹਨ ।

3ਮੈਂ ਪਹਿਲੀਆਂ ਗੱਲਾਂ ਪੁਰਾਣੇ ਸਮੇਂ ਤੋਂ ਦੱਸੀਆਂ, ਉਹ ਮੇਰੇ ਮੂੰਹੋਂ ਨਿੱਕਲੀਆਂ ਅਤੇ ਮੈਂ ਉਹਨਾਂ ਨੂੰ ਅਚਾਨਕ ਪਰਗਟ ਕੀਤਾ, ਤੁਰੰਤ ਹੀ ਮੈਂ ਉਹਨਾਂ ਨੂੰ ਕਰ ਦਿੱਤਾ ਅਤੇ ਉਹ ਹੋ ਗਈਆਂ ।

4ਮੈਂ ਜਾਣਦਾ ਸੀ ਕਿ ਤੂੰ ਹਠੀਲਾ ਹੈਂ, ਅਤੇ ਤੇਰੀ ਗਰਦਨ ਲੋਹੇ ਦਾ ਪੱਠਾ ਹੈ, ਅਤੇ ਤੇਰਾ ਮੱਥਾ ਪਿੱਤਲ ਦਾ ਹੈ,

5ਇਸ ਲਈ ਮੈਂ ਇਹ ਗੱਲਾਂ ਤੈਨੂੰ ਪੁਰਾਣੇ ਸਮੇਂ ਤੋਂ ਦੱਸੀਆਂ, ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਤੈਨੂੰ ਸੁਣਾਇਆ, ਕਿਤੇ ਤੂੰ ਅਜਿਹਾ ਨਾ ਆਖੇਂ, ਮੇਰੇ ਬੁੱਤ ਨੇ ਉਹਨਾਂ ਨੂੰ ਕੀਤਾ, ਮੇਰੀ ਘੜੀ ਹੋਈ ਮੂਰਤ ਅਤੇ ਮੇਰੇ ਢਾਲੇ ਹੋਏ ਬੁੱਤ ਨੇ ਇਹਨਾਂ ਦਾ ਹੁਕਮ ਦਿੱਤਾ ਸੀ !

6ਤੂੰ ਇਨ੍ਹਾਂ ਗੱਲਾਂ ਬਾਰੇ ਸੁਣਿਆ ਹੈ ਅਤੇ ਇਨ੍ਹਾਂ ਗੱਲਾਂ ਉੱਤੇ ਧਿਆਨ ਕਰ - ਭਲਾ, ਤੁਸੀਂ ਇਨ੍ਹਾਂ ਨੂੰ ਨਾ ਦੱਸੋਗੇ ? ਹੁਣ ਤੋਂ ਮੈਂ ਤੈਨੂੰ ਨਵੀਆਂ ਗੱਲਾਂ ਸੁਣਾਉਂਦਾ ਹਾਂ, ਅਤੇ ਗੁਪਤ ਗੱਲਾਂ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ ।

7ਉਹ ਹੁਣੇ ਉਤਪੰਨ ਹੋਈਆਂ, ਨਾ ਕਿ ਪੁਰਾਣੇ ਸਮੇਂ ਵਿੱਚ, ਅੱਜ ਤੋਂ ਪਹਿਲਾਂ ਤੂੰ ਉਹਨਾਂ ਨੂੰ ਸੁਣਿਆ ਵੀ ਨਹੀਂ, ਕਿਤੇ ਅਜਿਹਾ ਨਾ ਹੋਵੇ ਕਿ ਤੂੰ ਆਖੇਂ, ਮੈਂ ਤਾਂ ਇਹਨਾਂ ਨੂੰ ਜਾਣਦਾ ਸੀ ।

8ਨਾ ਤੂੰ ਸੁਣਿਆ, ਨਾ ਤੂੰ ਜਾਣਿਆ, ਨਾ ਪੁਰਾਣੇ ਸਮੇਂ ਤੋਂ ਤੇਰੇ ਕੰਨ ਖੋਲ੍ਹੇ ਗਏ, ਕਿਉਂ ਜੋ ਮੈਂ ਜਾਣਦਾ ਸਾਂ ਕਿ ਤੂੰ ਠੱਗੀ ਤੇ ਠੱਗੀ ਕਮਾਵੇਂਗਾ, ਅਤੇ ਕੁੱਖ ਤੋਂ ਹੀ ਤੂੰ ਅਪਰਾਧੀ ਅਖਵਾਇਆ ।

9ਮੈਂ ਆਪਣੇ ਨਾਮ ਦੇ ਨਮਿੱਤ ਆਪਣਾ ਕ੍ਰੋਧ ਰੋਕ ਰੱਖਿਆ ਹੈ, ਅਤੇ ਆਪਣੀ ਉਸਤਤ ਦੇ ਨਮਿੱਤ ਉਹ ਨੂੰ ਤੇਰੇ ਲਈ ਰੋਕ ਰੱਖਾਂਗਾ, ਤਾਂ ਜੋ ਮੈਂ ਤੈਨੂੰ ਵੱਢ ਨਾ ਸੁੱਟਾਂ ।

10ਵੇਖ, ਮੈਂ ਤੈਨੂੰ ਤਾਇਆ ਪਰ ਚਾਂਦੀ ਵਾਂਗੂੰ ਨਹੀਂ, ਮੈਂ ਤੈਨੂੰ ਦੁੱਖ ਦੀ ਕੁਠਾਲੀ ਵਿੱਚ ਪਰਤਾਇਆ ਹੈ ।

11ਮੈਂ ਆਪਣੀ ਖਾਤਰ, ਹਾਂ, ਆਪਣੀ ਹੀ ਖਾਤਰ ਇਹ ਕਰਦਾ ਹਾਂ, ਮੇਰਾ ਨਾਮ ਤਾਂ ਕਿਉਂ ਭ੍ਰਿਸ਼ਟ ਕੀਤਾ ਜਾਵੇ ? ਮੈਂ ਆਪਣਾ ਪਰਤਾਪ ਦੂਜੇ ਨੂੰ ਨਹੀਂ ਦਿਆਂਗਾ ।

12ਹੇ ਯਾਕੂਬ, ਹੇ ਇਸਰਾਏਲ, ਮੇਰੇ ਸੱਦੇ ਹੋਏ, ਮੇਰੀ ਸੁਣੋ ! ਮੈਂ ਉਹੀ ਹਾਂ, ਮੈਂ ਆਦ ਹਾਂ ਅੰਤ ਵੀ ਹਾਂ ।

13ਹਾਂ, ਮੇਰੇ ਹੱਥ ਨੇ ਧਰਤੀ ਦੀ ਨੀਂਹ ਰੱਖੀ, ਮੇਰੇ ਸੱਜੇ ਹੱਥ ਨੇ ਅਕਾਸ਼ ਨੂੰ ਫੈਲਾਇਆ, ਮੈਂ ਉਹਨਾਂ ਨੂੰ ਸੱਦਦਾ ਹਾਂ, ਉਹ ਇਕੱਠੇ ਖਲੋ ਜਾਂਦੇ ਹਨ ।

14ਤੁਸੀਂ ਸਭ ਇਕੱਠੇ ਹੋ ਜਾਓ ਅਤੇ ਸੁਣੋ, - ਇਹਨਾਂ ਬੁੱਤਾਂ ਵਿੱਚੋਂ ਕਿਸ ਨੇ ਇਨ੍ਹਾਂ ਗੱਲਾਂ ਨੂੰ ਦੱਸਿਆ ? ਯਹੋਵਾਹ ਆਪਣੇ ਚੁਣੇ ਹੋਏ ਨੂੰ ਪਿਆਰ ਕਰਦਾ ਹੈ, ਉਹ ਬਾਬਲ ਉੱਤੇ ਉਸ ਦੀ ਇੱਛਾ ਪੂਰੀ ਕਰੇਗਾ, ਅਤੇ ਉਹ ਦੀ ਭੁਜਾ ਕਸਦੀਆਂ ਉੱਤੇ ਹੋਵੇਗੀ ।

15ਮੈਂ, ਹਾਂ, ਮੈਂ ਇਹ ਗੱਲ ਕੀਤੀ, ਮੈਂ ਹੀ ਉਹ ਨੂੰ ਸੱਦਿਆ, ਮੈਂ ਉਹ ਨੂੰ ਲਿਆਇਆ ਅਤੇ ਉਹ ਆਪਣੇ ਕੰਮ ਵਿੱਚ ਸਫ਼ਲ ਹੋਵੇਗਾ ।

16ਮੇਰੇ ਨੇੜੇ ਆਓ, ਇਹ ਸੁਣੋ, ਮੈਂ ਮੁੱਢ ਤੋਂ ਗੁਪਤ ਵਿੱਚ ਗੱਲ ਨਹੀਂ ਕੀਤੀ, ਉਹ ਦੇ ਹੋਣ ਦੇ ਸਮੇਂ ਤੋਂ ਮੈਂ ਉੱਥੇ ਸੀ, - ਅਤੇ ਹੁਣ ਪ੍ਰਭੂ ਯਹੋਵਾਹ ਨੇ ਆਪਣੇ ਆਤਮਾ ਨਾਲ ਮੈਨੂੰ ਭੇਜਿਆ ਹੈ ।

17ਯਹੋਵਾਹ ਤੇਰਾ ਛੁਡਾਉਣ ਵਾਲਾ, ਇਸਰਾਏਲ ਦਾ ਪਵਿੱਤਰ ਪੁਰਖ ਇਹ ਆਖਦਾ ਹੈ, ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਹਾਂ, ਜਿਸ ਰਾਹ ਤੂੰ ਜਾਣਾ ਹੈ ।

18ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ ! ਤਾਂ ਤੇਰੀ ਸ਼ਾਂਤੀ ਨਦੀ ਵਾਂਗੂੰ, ਅਤੇ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਗੂੰ ਹੁੰਦਾ,

19ਤਾਂ ਤੇਰਾ ਵੰਸ਼ ਰੇਤ ਜਿਹਾ ਅਤੇ ਤੇਰੀ ਸੰਤਾਨ ਉਹ ਦੇ ਦਾਣਿਆਂ ਜਿਹੀ ਹੁੰਦੀ, ਉਹ ਦਾ ਨਾਮ ਮੇਰੇ ਹਜ਼ੂਰੋਂ ਮਿਟਾਇਆ ਨਾ ਜਾਂਦਾ, ਨਾ ਨਾਸ ਕੀਤਾ ਜਾਂਦਾ ।

20ਬਾਬਲ ਤੋਂ ਨਿੱਕਲੋ, ਕਸਦੀਆਂ ਵਿੱਚੋਂ ਨੱਠੋ ! ਜੈਕਾਰਿਆਂ ਦੀ ਅਵਾਜ਼ ਨਾਲ ਦੱਸੋ, ਇਹ ਨੂੰ ਸੁਣਾਓ, ਧਰਤੀ ਦੀਆਂ ਹੱਦਾਂ ਤੱਕ ਇਸ ਦੀ ਚਰਚਾ ਕਰੋ, ਆਖੋ, ਯਹੋਵਾਹ ਨੇ ਆਪਣੇ ਦਾਸ ਯਾਕੂਬ ਨੂੰ ਛੁਟਕਾਰਾ ਦਿੱਤਾ ਹੈ !

21ਜਦ ਉਹ ਉਨ੍ਹਾਂ ਨੂੰ ਵਿਰਾਨਿਆਂ ਦੇ ਵਿੱਚੋਂ ਦੀ ਲੈ ਗਿਆ, ਤਾਂ ਉਹ ਪਿਆਸੇ ਨਾ ਹੋਏ, ਉਸ ਨੇ ਉਹਨਾਂ ਦੇ ਲਈ ਚੱਟਾਨ ਵਿੱਚੋਂ ਪਾਣੀ ਵਗਾਇਆ, ਉਸ ਨੇ ਚੱਟਾਨ ਨੂੰ ਪਾੜਿਆ ਅਤੇ ਪਾਣੀ ਫੁੱਟ ਨਿੱਕਲਿਆ ।

22ਯਹੋਵਾਹ ਆਖਦਾ ਹੈ, ਦੁਸ਼ਟਾਂ ਲਈ ਕੋਈ ਸ਼ਾਂਤੀ ਨਹੀਂ ।


  Share Facebook  |  Share Twitter

 <<  Isaiah 48 >> 


Bible2india.com
© 2010-2025
Help
Dual Panel

Laporan Masalah/Saran