Bible 2 India Mobile
[VER] : [PUNJABI]     [PL]  [PB] 
 <<  Isaiah 45 >> 

1ਯਹੋਵਾਹ ਆਪਣੇ ਮਸਹ ਕੀਤੇ ਹੋਏ ਖੋਰੁਸ ਨੂੰ ਇਹ ਆਖਦਾ ਹੈ, ਜਿਸ ਦਾ ਸੱਜਾ ਹੱਥ ਮੈਂ ਇਸ ਲਈ ਫੜ੍ਹਿਆ ਕਿ ਮੈਂ ਉਹ ਦੇ ਅੱਗੇ ਕੌਮਾਂ ਨੂੰ ਹੇਠਾਂ ਕਰ ਦਿਆਂ, ਅਤੇ ਰਾਜਿਆਂ ਦੇ ਕਮਰ ਕੱਸੇ ਖੋਲ੍ਹ ਦਿਆਂ, ਕਿ ਮੈਂ ਉਹ ਦੇ ਸਾਹਮਣੇ ਦਰਵਾਜ਼ਿਆਂ ਨੂੰ ਖੋਲ੍ਹ ਦਿਆਂ ਅਤੇ ਫਾਟਕ ਬੰਦ ਨਾ ਕੀਤੇ ਜਾਣ ।

2ਮੈਂ ਤੇਰੇ ਅੱਗੇ-ਅੱਗੇ ਚਲਾਂਗਾ, ਅਤੇ ਉੱਚੇ-ਉੱਚੇ ਪਹਾੜਾਂ ਨੂੰ ਪੱਧਰਾ ਕਰਾਂਗਾ, ਮੈਂ ਪਿੱਤਲ ਦੇ ਫਾਟਕ ਭੰਨ ਸੁੱਟਾਂਗਾ, ਅਤੇ ਲੋਹੇ ਦੀਆਂ ਬੇੜੀਆਂ ਵੱਢ ਸੁੱਟਾਂਗਾ ।

3ਮੈਂ ਤੈਨੂੰ ਹਨੇਰੇ ਵਿੱਚ ਲੁਕੇ ਹੋਏ ਖ਼ਜ਼ਾਨੇ, ਅਤੇ ਗੁਪਤ ਸਥਾਨਾਂ ਵਿੱਚ ਦੱਬੇ ਹੋਏ ਪਦਾਰਥ ਦਿਆਂਗਾ, ਤਾਂ ਜੋ ਤੂੰ ਜਾਣੇ ਕਿ ਮੈਂ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਹਾਂ, ਜੋ ਤੇਰਾ ਨਾਮ ਲੈ ਕੇ ਤੈਨੂੰ ਬੁਲਾਉਂਦਾ ਹਾਂ ।

4ਮੇਰੇ ਦਾਸ ਯਾਕੂਬ ਦੀ, ਅਤੇ ਮੇਰੇ ਚੁਣੇ ਹੋਏ ਇਸਰਾਏਲ ਦੀ ਖਾਤਰ, ਮੈਂ ਤੇਰਾ ਨਾਮ ਲੈ ਕੇ ਤੈਨੂੰ ਬੁਲਾਇਆ ਹੈ, ਅਤੇ ਤੈਨੂੰ ਪਦਵੀ ਦਿੱਤੀ ਭਾਵੇਂ ਤੂੰ ਮੈਨੂੰ ਨਹੀਂ ਜਾਣਦਾ ।

5ਮੈਂ ਯਹੋਵਾਹ ਹਾਂ ਅਤੇ ਹੋਰ ਕੋਈ ਨਹੀਂ, ਮੇਰੇ ਬਿਨ੍ਹਾਂ ਕੋਈ ਪਰਮੇਸ਼ੁਰ ਨਹੀਂ, ਮੈਂ ਤੈਨੂੰ ਬਲ ਦੇਵਾਂਗਾ, ਭਾਵੇਂ ਤੂੰ ਮੈਨੂੰ ਨਹੀਂ ਜਾਣਦਾ,

6ਤਾਂ ਜੋ ਉਹ ਸੂਰਜ ਦੇ ਚੜ੍ਹਦੇ ਪਾਸਿਓਂ ਅਤੇ ਲਹਿੰਦੇ ਪਾਸੇ ਤੋਂ ਜਾਣਨ, ਕਿ ਮੇਰੇ ਬਿਨ੍ਹਾਂ ਹੋਰ ਕੋਈ ਨਹੀਂ, ਮੈਂ ਹੀ ਯਹੋਵਾਹ ਹਾਂ, ਹੋਰ ਕੋਈ ਹੈ ਹੀ ਨਹੀਂ ।

7ਮੈਂ ਚਾਨਣ ਦਾ ਸਿਰਜਣਹਾਰ ਅਤੇ ਹਨੇਰੇ ਦਾ ਕਰਤਾਰ ਹਾਂ, ਮੈਂ ਸ਼ਾਂਤੀ ਦਾ ਬਣਾਉਣ ਵਾਲਾ ਅਤੇ ਬਿਪਤਾ ਦਾ ਕਰਤਾ ਹਾਂ, ਮੈਂ ਯਹੋਵਾਹ ਇਹ ਸਾਰੇ ਕੰਮ ਕਰਦਾ ਹਾਂ ।

8ਹੇ ਅਕਾਸ਼ੋ, ਉੱਪਰੋਂ ਮੇਰੀ ਧਾਰਮਿਕਤਾ ਵਰ੍ਹਾਓ, ! ਅਤੇ ਗਗਨ ਤੋਂ ਧਰਮ ਵਰ੍ਹੇ, ਧਰਤੀ ਖੁੱਲ੍ਹ ਜਾਵੇ ਅਤੇ ਮੁਕਤੀ ਦਾ ਫਲ ਲਿਆਵੇ, ਅਤੇ ਧਰਮ ਨੂੰ ਵੀ ਉਗਾਵੇ, ਮੈਂ ਯਹੋਵਾਹ ਨੇ ਉਹ ਨੂੰ ਉਤਪਤ ਕੀਤਾ ।

9ਹਾਇ ਉਹ ਦੇ ਉੱਤੇ ਜੋ ਆਪਣੇ ਸਿਰਜਣਹਾਰ ਨਾਲ ਝਗੜਦਾ ਹੈ, ਉਹ ਮਿੱਟੀ ਦੇ ਠੀਕਰਿਆਂ ਵਿੱਚੋਂ ਇੱਕ ਠੀਕਰਾ ਹੈ ! ਭਲਾ, ਮਿੱਟੀ ਆਪਣੇ ਸਿਰਜਣਹਾਰ ਨੂੰ ਆਖੇ, ਤੂੰ ਕੀ ਬਣਾਉਂਦਾ ਹੈਂ ? ਜਾਂ ਕਾਰੀਗਰ ਦੀ ਕਿਰਤ ਇਹ ਆਖੇ ਕਿ ਉਹ ਦੇ ਤਾਂ ਹੱਥ ਹੈ ਹੀ ਨਹੀਂ !

10ਹਾਇ ਉਹ ਦੇ ਉੱਤੇ ਜੋ ਕਿਸੇ ਪਿਤਾ ਨੂੰ ਆਖਦਾ ਹੈ, ਤੂੰ ਕਿਸ ਨੂੰ ਜਨਮ ਦਿੰਦਾ ਹੈਂ ? ਜਾਂ ਕਿਸੇ ਮਾਤਾ ਨੂੰ, ਤੈਨੂੰ ਕਾਹ ਦੀਆਂ ਪੀੜਾਂ ਲੱਗੀਆਂ ਹਨ ?

11ਯਹੋਵਾਹ ਜੋ ਇਸਰਾਏਲ ਦਾ ਪਵਿੱਤਰ ਪੁਰਖ, ਅਤੇ ਉਹ ਦਾ ਸਿਰਜਣਹਾਰ ਹੈ, ਇਹ ਆਖਦਾ ਹੈ, ਕੀ ਤੁਸੀਂ ਆਉਣ ਵਾਲੀਆਂ ਗੱਲਾਂ ਮੈਥੋਂ ਪੁੱਛੋਗੇ ? ਮੇਰੇ ਪੁੱਤਰਾਂ ਵਿਖੇ, ਮੇਰੀ ਦਸਤਕਾਰੀ ਵਿਖੇ, ਤੁਸੀਂ ਮੈਨੂੰ ਹੁਕਮ ਦਿਓਗੇ ?

12ਮੈਂ ਹੀ ਧਰਤੀ ਨੂੰ ਬਣਾਇਆ, ਅਤੇ ਮਨੁੱਖ ਨੂੰ ਉਹ ਦੇ ਉੱਤੇ ਉਤਪਤ ਕੀਤਾ, ਮੈਂ ਆਪਣੇ ਹੱਥਾਂ ਨਾਲ ਅਕਾਸ਼ ਨੂੰ ਤਾਣਿਆ, ਅਤੇ ਸਾਰੇ ਤਾਰਾ-ਮੰਡਲ ਨੂੰ ਮੈਂ ਹੀ ਹੁਕਮ ਦਿੱਤਾ ।

13ਮੈਂ ਉਹ ਨੂੰ ਧਰਮ ਵਿੱਚ ਉਠਾਇਆ, ਅਤੇ ਮੈਂ ਉਹ ਦੇ ਸਾਰੇ ਰਾਹ ਸਿੱਧੇ ਕਰਾਂਗਾ, ਉਹ ਮੇਰਾ ਸ਼ਹਿਰ ਉਸਾਰੇਗਾ, ਅਤੇ ਮੇਰੇ ਗੁਲਾਮਾਂ ਨੂੰ ਅਜ਼ਾਦ ਕਰੇਗਾ, ਬਿਨ੍ਹਾਂ ਮੁੱਲ ਅਤੇ ਬਿਨ੍ਹਾਂ ਬਦਲੇ ਦੇ, ਅਜ਼ਾਦ ਕਰੇਗਾ, ਸੈਨਾਂ ਦਾ ਯਹੋਵਾਹ ਆਖਦਾ ਹੈ ।

14ਯਹੋਵਾਹ ਇਹ ਆਖਦਾ ਹੈ, ਮਿਸਰ ਦੀ ਕਮਾਈ, ਕੂਸ਼ ਦਾ ਵਪਾਰ, ਅਤੇ ਸਬਾ ਦੇ ਉੱਚੇ ਕੱਦ ਵਾਲੇ ਮਨੁੱਖ, ਉਹ ਲੰਘ ਕੇ ਤੇਰੇ ਕੋਲ ਆਉਣਗੇ, ਅਤੇ ਤੇਰੇ ਹੋਣਗੇ, ਉਹ ਤੇਰੇ ਪਿੱਛੇ ਚੱਲਣਗੇ, ਉਹ ਸੰਗਲਾਂ ਨਾਲ ਜਕੜੇ ਹੋਏ ਆਉਣਗੇ, ਉਹ ਤੇਰੇ ਅੱਗੇ ਮੱਥਾ ਟੇਕਣਗੇ, ਉਹ ਤੇਰੇ ਅੱਗੇ ਬੇਨਤੀ ਕਰਨਗੇ, ਕਿ ਪਰਮੇਸ਼ੁਰ ਤੇਰੇ ਨਾਲ ਹੈ, ਹੋਰ ਕੋਈ ਨਹੀਂ, ਹੋਰ ਕੋਈ ਪਰਮੇਸ਼ੁਰ ਨਹੀਂ ।

15ਸੱਚਮੁੱਚ ਤੂੰ ਹੀ ਅਜਿਹਾ ਪਰਮੇਸ਼ੁਰ ਹੈਂ ਜੋ ਆਪ ਨੂੰ ਗੁਪਤ ਰੱਖਦਾ ਹੈ, ਹੇ ਇਸਰਾਏਲ ਦੇ ਬਚਾਉਣ ਵਾਲੇ ਪਰਮੇਸ਼ੁਰ ।

16ਉਹ ਸਾਰੇ ਸ਼ਰਮਿੰਦੇ ਹੋਣਗੇ ਅਤੇ ਨਮੋਸ਼ੀ ਉਠਾਉਣਗੇ, ਜਿਹੜੇ ਬੁੱਤ ਸਾਜ ਹਨ, ਉਹ ਇਕੱਠੇ ਨਮੋਸ਼ੀ ਵਿੱਚ ਜਾਣਗੇ ।

17ਇਸਰਾਏਲ ਯਹੋਵਾਹ ਤੋਂ ਅਨੰਤ ਮੁਕਤੀ ਲਈ ਬਚਾਇਆ ਜਾਵੇਗਾ, ਤੁਸੀਂ ਜੁੱਗੋ ਜੁੱਗ ਸਦਾ ਤੱਕ ਸ਼ਰਮਿੰਦੇ ਨਾ ਹੋਵੋਗੇ, ਨਾ ਨਮੋਸ਼ੀ ਉਠਾਓਗੇ ।

18ਯਹੋਵਾਹ ਜੋ ਅਕਾਸ਼ ਦਾ ਕਰਤਾ ਹੈ, - ਉਹ ਉਹੀ ਪਰਮੇਸ਼ੁਰ ਹੈ ਜਿਸ ਨੇ ਧਰਤੀ ਨੂੰ ਸਾਜਿਆ, ਜਿਸ ਨੇ ਉਹ ਨੂੰ ਬਣਾਇਆ ਅਤੇ ਕਾਇਮ ਕੀਤਾ, - ਉਹ ਨੇ ਉਸ ਨੂੰ ਵਿਰਾਨ ਰਹਿਣ ਲਈ ਉਤਪਤ ਨਹੀਂ ਕੀਤਾ, ਸਗੋਂ ਵੱਸਣ ਲਈ ਉਸ ਨੂੰ ਸਿਰਜਿਆ, - ਉਹ ਇਹ ਆਖਦਾ ਹੈ, ਮੈਂ ਹੀ ਯਹੋਵਾਹ ਹਾਂ, ਹੋਰ ਕੋਈ ਨਹੀਂ ।

19ਮੈਂ ਗੁਪਤ ਵਿੱਚ ਨਹੀਂ ਬੋਲਿਆ, ਨਾ ਧਰਤੀ ਦੇ ਹਨੇਰੇ ਥਾਵਾਂ ਵਿੱਚ, ਮੈਂ ਯਾਕੂਬ ਦੀ ਅੰਸ ਨੂੰ ਨਹੀਂ ਆਖਿਆ, ਕਿ "ਮੈਨੂੰ ਵਿਅਰਥ ਭਾਲੋ", ਮੈਂ ਯਹੋਵਾਹ ਸੱਚ ਬੋਲਣ ਵਾਲਾ ਹਾਂ, ਮੈਂ ਸਿੱਧੀਆਂ ਗੱਲਾਂ ਦਾ ਦੱਸਣ ਵਾਲਾ ਹਾਂ ।

20ਇਕੱਠੇ ਹੋ ਜਾਓ ਅਤੇ ਆਓ, ਤੁਸੀਂ ਰਲ ਕੇ ਨੇੜੇ ਹੋਵੋ, ਹੇ ਕੌਮਾਂ ਦੇ ਬਚੇ ਹੋਇਓ ਲੋਕੋ । ਉਹ ਅਣਜਾਣ ਹਨ ਜਿਹੜੇ ਆਪਣੇ ਲੱਕੜੀ ਦੇ ਬੁੱਤ ਨੂੰ ਚੁੱਕੀ ਫਿਰਦੇ ਹਨ, ਅਤੇ ਅਜਿਹੇ ਦੇਵਤੇ ਅੱਗੇ ਪ੍ਰਾਰਥਨਾ ਕਰਦੇ ਹਨ, ਜੋ ਨਹੀਂ ਬਚਾ ਸਕਦਾ !

21ਪਰਚਾਰ ਕਰੋ ਤੇ ਉਨ੍ਹਾਂ ਨੂੰ ਪੇਸ਼ ਕਰੋ, - ਹਾਂ, ਉਹ ਇੱਕਠੇ ਸਲਾਹ ਕਰਨ, - ਕਿਸ ਨੇ ਪੁਰਾਣੇ ਸਮੇਂ ਤੋਂ ਇਹ ਦੱਸਿਆ ? ਕਿਸ ਨੇ ਪਰਾਚੀਨ ਸਮੇਂ ਇਹ ਦਾ ਵਰਨਣ ਕੀਤਾ ? ਭਲਾ, ਮੈਂ ਯਹੋਵਾਹ ਨੇ ਹੀ ਨਹੀਂ ? ਮੇਰੇ ਬਿਨ੍ਹਾਂ ਹੋਰ ਕੋਈ ਪਰਮੇਸ਼ੁਰ ਨਹੀਂ, ਧਰਮੀ ਪਰਮੇਸ਼ੁਰ ਅਤੇ ਮੁਕਤੀ ਦਾਤਾ, ਮੇਰੇ ਬਿਨ੍ਹਾਂ ਕੋਈ ਹੈ ਹੀ ਨਹੀਂ ।

22ਹੇ ਧਰਤੀ ਦੇ ਕੰਢਿਆਂ ਉੱਤੇ ਰਹਿਣ ਵਾਲਿਓ, ਮੇਰੇ ਵੱਲ ਮੁੜੋ ਅਤੇ ਬਚ ਜਾਓ ! ਕਿਉਂ ਜੋ ਮੈਂ ਹੀ ਪਰਮੇਸ਼ੁਰ ਜੋ ਹਾਂ ਅਤੇ ਹੋਰ ਕੋਈ ਹੈ ਨਹੀਂ ।

23ਮੈਂ ਆਪਣੀ ਹੀ ਸਹੁੰ ਖਾਧੀ ਹੈ, ਮੇਰੇ ਮੂੰਹ ਤੋਂ ਧਰਮ ਦਾ ਬਚਨ ਨਿੱਕਲਿਆ ਹੈ, ਅਤੇ ਉਹ ਮੁੜੇਗਾ ਨਹੀਂ, ਹਰੇਕ ਗੋਡਾ ਮੇਰੇ ਅੱਗੇ ਨਿਵੇਗਾ, ਹਰ ਜ਼ਬਾਨ ਮੇਰੀ ਸਹੁੰ ਖਾਵੇਗੀ ।

24ਮੇਰੇ ਵਿਖੇ ਇਹ ਆਖਿਆ ਜਾਵੇਗਾ, ਸਿਰਫ਼ ਯਹੋਵਾਹ ਵਿੱਚ ਹੀ ਧਰਮ ਅਤੇ ਬਲ ਹੈ, ਸਭ ਜੋ ਉਸ ਨਾਲ ਗੁੱਸੇ ਹੁੰਦੇ ਸਨ ਉਸ ਦੇ ਕੋਲ ਆਉਣਗੇ ਅਤੇ ਸ਼ਰਮਿੰਦੇ ਹੋਣਗੇ ।

25ਇਸਰਾਏਲ ਦਾ ਸਾਰਾ ਵੰਸ਼ ਯਹੋਵਾਹ ਵਿੱਚ ਧਰਮੀ ਠਹਿਰੇਗਾ ਅਤੇ ਮਾਣ ਕਰੇਗਾ ।


  Share Facebook  |  Share Twitter

 <<  Isaiah 45 >> 


Bible2india.com
© 2010-2025
Help
Dual Panel

Laporan Masalah/Saran