Bible 2 India Mobile
[VER] : [PUNJABI]     [PL]  [PB] 
 <<  Isaiah 40 >> 

1ਦਿਲਾਸਾ ਦਿਓ, ਮੇਰੀ ਪਰਜਾ ਨੂੰ ਦਿਲਾਸਾ ਦਿਓ, ਤੁਹਾਡਾ ਪਰਮੇਸ਼ੁਰ ਆਖਦਾ ਹੈ ।

2ਯਰੂਸ਼ਲਮ ਨਾਲ ਸ਼ਾਂਤੀ ਦੀਆਂ ਗੱਲਾਂ ਕਰੋ ਅਤੇ ਉਸ ਨੂੰ ਪੁਕਾਰ ਕੇ ਆਖੋ, ਤੇਰੀ ਔਖੀ ਸੇਵਾ ਪੂਰੀ ਹੋਈ ਹੈ, ਤੇਰੀ ਬਦੀ ਦੀ ਸਜ਼ਾ ਭਰ ਦਿੱਤੀ ਗਈ ਹੈ, ਯਹੋਵਾਹ ਦੇ ਹੱਥੋਂ ਤੂੰ ਆਪਣੇ ਸਾਰੇ ਪਾਪਾਂ ਦੀ ਦੁੱਗਣੀ ਸਜ਼ਾ ਪਾ ਚੁੱਕੀਂ ਹੈਂ ।

3ਇੱਕ ਅਵਾਜ਼ ਪੁਕਾਰਦੀ ਹੈ, ਉਜਾੜ ਵਿੱਚ ਯਹੋਵਾਹ ਦਾ ਰਾਹ ਤਿਆਰ ਕਰੋ, ਬਿਆਬਾਨ ਵਿੱਚ ਸਾਡੇ ਪਰਮੇਸ਼ੁਰ ਲਈ ਇੱਕ ਸ਼ਾਹੀ ਮਾਰਗ ਨੂੰ ਸਿੱਧਾ ਕਰੋ ।

4ਹਰੇਕ ਘਾਟੀ ਭਰ ਦਿੱਤੀ ਜਾਵੇਗੀ, ਅਤੇ ਹਰੇਕ ਪਹਾੜ ਅਤੇ ਟਿੱਬਾ ਨੀਵਾਂ ਕੀਤਾ ਜਾਵੇਗਾ, ਖੁਰਦਰਾ ਪੱਧਰਾ ਅਤੇ ਉੱਚੇ-ਨੀਵੇਂ ਸਿੱਧੇ ਕੀਤੇ ਜਾਣਗੇ ।

5ਯਹੋਵਾਹ ਦਾ ਪਰਤਾਪ ਪਰਗਟ ਹੋਵੇਗਾ, ਅਤੇ ਸਾਰੇ ਪ੍ਰਾਣੀ ਇਕੱਠੇ ਵੇਖਣਗੇ, ਯਹੋਵਾਹ ਨੇ ਆਪਣੇ ਮੂੰਹ ਨਾਲ ਬੋਲਿਆ ਹੈ ।

6ਇੱਕ ਅਵਾਜ਼ ਆਖਦੀ ਹੈ, ਪਰਚਾਰ ਕਰ ! ਤਾਂ ਮੈਂ ਆਖਿਆ, ਮੈਂ ਕੀ ਪਰਚਾਰ ਕਰਾਂ ? ਹਰੇਕ ਪ੍ਰਾਣੀ ਘਾਹ ਹੀ ਹੈ, ਉਹ ਦਾ ਸਾਰਾ ਸੁਹੱਪਣ ਖੇਤ ਦੇ ਫੁੱਲ ਵਰਗਾ ਹੈ ।

7ਜਦ ਯਹੋਵਾਹ ਦਾ ਸਾਹ ਉਸ ਉੱਤੇ ਫੂਕਿਆ ਜਾਂਦਾ ਹੈ, ਤਾਂ ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, - ਸੱਚ-ਮੁੱਚ ਲੋਕ ਘਾਹ ਹੀ ਹਨ !

8ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, ਪਰ ਸਾਡੇ ਪਰਮੇਸ਼ੁਰ ਦਾ ਬਚਨ ਸਦਾ ਤੱਕ ਕਾਇਮ ਰਹੇਗਾ ।

9ਹੇ ਸੀਯੋਨ ਖੁਸ਼ਖਬਰੀ ਦੇ ਸੁਣਾਉਣ ਵਾਲੀ, ਉੱਚੇ ਪਹਾੜ ਉੱਤੇ ਚੜ੍ਹ ਜਾ ! ਹੇ ਯਰੂਸ਼ਲਮ, ਖੁਸ਼ਖਬਰੀ ਦੇ ਸੁਣਾਉਣ ਵਾਲੀ, ਆਪਣੀ ਅਵਾਜ਼ ਜ਼ੋਰ ਨਾਲ ਉੱਚੀ ਕਰ ਕੇ ਚੁੱਕ ! ਉੱਚੀ ਕਰ ਕੇ ਚੁੱਕ, ਨਾ ਡਰ, ਯਹੂਦਾਹ ਦੇ ਸ਼ਹਿਰਾਂ ਨੂੰ ਆਖ, ਆਪਣੇ ਪਰਮੇਸ਼ੁਰ ਨੂੰ ਵੇਖੋ !

10ਵੇਖੋ, ਪ੍ਰਭੂ ਯਹੋਵਾਹ ਬਲ ਨਾਲ ਆ ਰਿਹਾ ਹੈ, ਉਹ ਦੀ ਭੁਜਾ ਉਹ ਦੇ ਲਈ ਰਾਜ ਕਰਦੀ ਹੈ, ਵੇਖੋ, ਉਹ ਦਾ ਫਲ ਉਹ ਦੇ ਨਾਲ ਹੈ, ਅਤੇ ਉਹ ਦਾ ਬਦਲਾ ਉਹ ਦੇ ਸਨਮੁਖ ਹੈ ।

11ਉਹ ਅਯਾਲੀ ਵਾਂਗੂੰ ਆਪਣੇ ਇੱਜੜ ਨੂੰ ਚਰਾਵੇਗਾ, ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਉਹਨਾਂ ਨੂੰ ਲਈ ਫਿਰੇਗਾ, ਅਤੇ ਦੁੱਧ ਚੁੰਘਾਉਣ ਵਾਲੀਆਂ ਨੂੰ ਹੌਲੀ-ਹੌਲੀ ਤੋਰੇਗਾ ।

12ਕਿਸ ਨੇ ਆਪਣੀਆਂ ਚੁਲੀਆਂ ਨਾਲ ਸਮੁੰਦਰਾਂ ਨੂੰ ਮਿਣਿਆ ਹੈ, ਅਤੇ ਆਪਣੀਆਂ ਗਿੱਠਾਂ ਨਾਲ ਅਕਾਸ਼ ਨੂੰ ਮਾਪਿਆ, ਧਰਤੀ ਦੀ ਧੂੜ ਨੂੰ ਟੋਪੇ ਵਿੱਚ ਭਰਿਆ, ਪਹਾੜਾਂ ਨੂੰ ਤੱਕੜੀਆਂ ਵਿੱਚ, ਅਤੇ ਟਿੱਬਿਆਂ ਨੂੰ ਤਰਾਜੂ ਵਿੱਚ ਤੋਲਿਆ ਹੈ ?

13ਕਿਸ ਨੇ ਯਹੋਵਾਹ ਦੇ ਆਤਮਾ ਨੂੰ ਮਾਰਗ ਵਿਖਾਇਆ ਜਾਂ ਉਹ ਦਾ ਸਲਾਹਕਾਰ ਹੋ ਕੇ ਉਸ ਨੂੰ ਸਮਝਾਇਆ ?

14ਉਹ ਨੇ ਕਿਸ ਦੇ ਨਾਲ ਸਲਾਹ ਕੀਤੀ, ਕਿਸ ਨੇ ਉਹ ਨੂੰ ਸਮਝ ਬਖ਼ਸ਼ੀ, ਜਾਂ ਨਿਆਂ ਦਾ ਮਾਰਗ ਉਹ ਨੂੰ ਸਿਖਾਇਆ, ਜਾਂ ਉਸ ਨੂੰ ਵਿੱਦਿਆ ਸਿਖਾਈ, ਜਾਂ ਉਸ ਨੂੰ ਗਿਆਨ ਦਾ ਰਾਹ ਸਮਝਾਇਆ ?

15ਵੇਖੋ, ਕੌਮਾਂ ਡੋਲ ਵਿੱਚੋਂ ਇੱਕ ਤੁਪਕੇ ਜਿਹੀਆਂ ਹਨ, ਅਤੇ ਤਰਾਜੂਆਂ ਦੀ ਧੂੜ ਜਿਹੀਆਂ ਠਹਿਰਦੀਆਂ ਹਨ, ਵੇਖੋ, ਉਹ ਟਾਪੂਆਂ ਨੂੰ ਧੂੜ ਦੇ ਕਣਾਂ ਵਾਂਗੂੰ ਚੁੱਕ ਲੈਂਦਾ ਹੈ ।

16ਲਬਾਨੋਨ ਬਾਲਣ ਲਈ ਥੋੜ੍ਹਾ ਹੈ, ਅਤੇ ਉਹ ਦੇ ਪਸ਼ੂ ਹੋਮ ਬਲੀ ਲਈ ਕਾਫ਼ੀ ਨਹੀਂ ਹਨ ।

17ਸਾਰੀਆਂ ਕੌਮਾਂ ਉਹ ਦੇ ਸਨਮੁਖ ਕੁਝ ਨਹੀਂ ਹਨ, ਉਹ ਉਸ ਦੀ ਨਜਰ ਵਿੱਚ ਵਿਅਰਥ ਅਤੇ ਫੋਕਟ ਤੋਂ ਵੀ ਘੱਟ ਗਿਣੀਆਂ ਜਾਂਦੀਆਂ ਹਨ ।

18ਤੁਸੀਂ ਪਰਮੇਸ਼ੁਰ ਨੂੰ ਕਿਸ ਦੇ ਵਰਗਾ ਦੱਸੋਗੇ, ਜਾਂ ਕਿਹੜੀ ਚੀਜ਼ ਨਾਲ ਉਹ ਦੀ ਉਪਮਾ ਦਿਓਗੇ ।

19ਮੂਰਤ ? ਕਾਰੀਗਰ ਉਹ ਨੂੰ ਢਾਲਦਾ ਹੈ, ਅਤੇ ਸੁਨਿਆਰ ਉਹ ਦੇ ਉੱਤੇ ਸੋਨਾ ਮੜ੍ਹਦਾ ਹੈ, ਅਤੇ ਚਾਂਦੀ ਦੀਆਂ ਜੰਜੀਰਾਂ ਬਣਾਉਂਦਾ ਹੈ ।

20ਜਿਹੜਾ ਅਜਿਹੀ ਭੇਟ ਦੇਣ ਲਈ ਗਰੀਬ ਹੈ, ਉਹ ਅਜਿਹੀ ਲੱਕੜੀ ਚੁਣ ਲੈਂਦਾ ਹੈ ਜਿਹੜੀ ਗਲਣ ਵਾਲੀ ਨਹੀਂ, ਉਹ ਆਪਣੇ ਲਈ ਕੋਈ ਨਿਪੁੰਨ ਕਾਰੀਗਰ ਭਾਲਦਾ ਹੈ, ਤਾਂ ਜੋ ਉਹ ਇੱਕ ਅਜਿਹੀ ਮੂਰਤ ਕਾਇਮ ਕਰੇ, ਜਿਹੜੀ ਹਿੱਲੇ ਨਾ ।

21ਕੀ ਤੁਸੀਂ ਨਹੀਂ ਜਾਣਦੇ, ਕੀ ਤੁਸੀਂ ਨਹੀਂ ਸੁਣਦੇ ? ਕੀ ਉਹ ਆਦ ਤੋਂ ਤੁਹਾਨੂੰ ਨਹੀਂ ਦੱਸਿਆ ਗਿਆ ? ਕੀ ਧਰਤੀ ਦੇ ਮੁੱਢੋਂ ਤੁਸੀਂ ਨਹੀਂ ਸਮਝਿਆ ?

22ਉਹੋ ਹੈ ਜਿਹੜਾ ਧਰਤੀ ਦੇ ਘੇਰੇ ਉੱਪਰ ਬੈਠਦਾ ਹੈ, ਅਤੇ ਧਰਤੀ ਦੇ ਵਾਸੀ ਟਿੱਡਿਆਂ ਵਾਂਗੂੰ ਹਨ, ਜਿਹੜਾ ਅਕਾਸ਼ ਨੂੰ ਪੜਦੇ ਵਾਂਗੂੰ ਤਾਣਦਾ ਹੈ, ਅਤੇ ਵੱਸਣ ਲਈ ਉਹਨਾਂ ਨੂੰ ਤੰਬੂ ਵਾਂਗੂੰ ਫੈਲਾਉਂਦਾ ਹੈ,

23ਜਿਹੜਾ ਇਖ਼ਤਿਆਰ ਵਾਲਿਆਂ ਨੂੰ ਤੁੱਛ ਜਿਹੇ ਕਰ ਦਿੰਦਾ, ਅਤੇ ਧਰਤੀ ਦੇ ਨਿਆਈਆਂ ਨੂੰ ਫੋਕਟ ਬਣਾ ਦਿੰਦਾ ਹੈ ।

24ਉਹ ਅਜੇ ਲਾਏ ਹੀ ਹਨ, ਉਹ ਅਜੇ ਬੀਜੇ ਹੀ ਹਨ, ਉਹਨਾਂ ਦੀ ਨਾਲੀ ਨੇ ਅਜੇ ਧਰਤੀ ਵਿੱਚ ਜੜ੍ਹ ਹੀ ਫੜ੍ਹੀ ਹੈ, ਕਿ ਉਹ ਉਹਨਾਂ ਉੱਤੇ ਫੂਕ ਮਾਰਦਾ ਹੈ, ਅਤੇ ਉਹ ਕੁਮਲਾ ਜਾਂਦੇ ਅਤੇ ਤੂਫ਼ਾਨ ਉਹਨਾਂ ਨੂੰ ਕੱਖਾਂ ਵਾਂਗੂੰ ਉਡਾ ਕੇ ਲੈ ਜਾਂਦਾ ਹੈ ।

25ਤੁਸੀਂ ਮੈਨੂੰ ਕਿਸ ਦੇ ਵਰਗਾ ਦੱਸੋਗੇ, ਕਿ ਮੈਂ ਉਹ ਦੇ ਤੁੱਲ ਠਹਿਰਾਂ ? ਪਵਿੱਤਰ ਪੁਰਖ ਆਖਦਾ ਹੈ ।

26ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ, ਕਿਸ ਨੇ ਇਹਨਾਂ ਨੂੰ ਸਿਰਜਿਆ, ਜਿਹੜਾ ਇਹਨਾਂ ਦੀ ਸੈਨਾ ਗਿਣ ਕੇ ਬਾਹਰ ਲੈ ਜਾਂਦਾ ਹੈ, ਉਹ ਇਹਨਾਂ ਸਾਰਿਆਂ ਨੂੰ ਨਾਮ ਲੈ-ਲੈ ਕੇ ਪੁਕਾਰਦਾ ਹੈ, ਉਹ ਦੀ ਵੱਡੀ ਸ਼ਕਤੀ ਨਾਲ, ਅਤੇ ਉਹ ਦੇ ਡਾਢੇ ਬਲ ਦੇ ਕਾਰਨ, ਇੱਕ ਦੀ ਵੀ ਕਮੀ ਨਹੀਂ ਹੁੰਦੀ ।

27ਹੇ ਯਾਕੂਬ, ਤੂੰ ਕਿਉਂ ਆਖਦਾ, ਅਤੇ ਹੇ ਇਸਰਾਏਲ, ਤੂੰ ਕਿਉਂ ਬੋਲਦਾ ਹੈਂ, ਕਿ ਮੇਰਾ ਰਾਹ ਯਹੋਵਾਹ ਤੋਂ ਲੁਕਿਆ ਹੋਇਆ ਹੈ, ਅਤੇ ਮੇਰਾ ਇਨਸਾਫ਼ ਮੇਰੇ ਪਰਮੇਸ਼ੁਰ ਵੱਲੋਂ ਛੱਡਿਆ ਗਿਆ ਹੈ ?

28ਕੀ ਤੂੰ ਨਹੀਂ ਜਾਣਿਆ, ਕੀ ਤੂੰ ਨਹੀਂ ਸੁਣਿਆ, ਕਿ ਅਨਾਦੀ ਪਰਮੇਸ਼ੁਰ ਯਹੋਵਾਹ ਜੋ ਧਰਤੀ ਦਿਆਂ ਬੰਨਿਆਂ ਦਾ ਕਰਤਾ ਹੈ, ਨਾ ਹੁੱਸਦਾ ਹੈ, ਨਾ ਥੱਕਦਾ ਹੈ, ਉਹ ਦੀ ਸਮਝ ਅਥਾਹ ਹੈ ?

29ਉਹ ਥੱਕੇ ਹੋਏ ਨੂੰ ਬਲ ਦਿੰਦਾ ਹੈ, ਅਤੇ ਨਿਰਬਲ ਦੀ ਸ਼ਕਤੀ ਵਧਾਉਂਦਾ ਹੈ ।

30ਮੁੰਡੇ ਹੁੱਸ ਜਾਣਗੇ ਅਤੇ ਥੱਕ ਜਾਣਗੇ, ਅਤੇ ਜੁਆਨ ਵੀ ਡਿੱਗ ਹੀ ਪੈਣਗੇ,

31ਪਰ ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਉਹ ਉਕਾਬਾਂ ਵਾਂਗੂੰ ਖੰਭਾਂ ਉੱਤੇ ਉੱਡਣਗੇ, ਉਹ ਦੌੜਨਗੇ ਅਤੇ ਨਾ ਥੱਕਣਗੇ, ਉਹ ਚੱਲਣਗੇ ਅਤੇ ਹੁੱਸਣਗੇ ਨਹੀਂ ।


  Share Facebook  |  Share Twitter

 <<  Isaiah 40 >> 


Bible2india.com
© 2010-2025
Help
Dual Panel

Laporan Masalah/Saran