1ਹਾਇ ਲੁਟੇਰਿਆ ਤੇਰੇ ਉੱਤੇ, ਤੂੰ ਜੋ ਲੁੱਟਿਆ ਨਹੀਂ ਗਿਆ ! ਹਾਇ ਠੱਗਾ ਤੇਰੇ ਉੱਤੇ ਜਿਸ ਨੂੰ ਉਹਨਾਂ ਨੇ ਨਹੀਂ ਠੱਗਿਆ ! ਜਦ ਤੂੰ ਲੁੱਟ ਚੁੱਕੇਂ ਤਾਂ ਤੂੰ ਲੁੱਟਿਆ ਜਾਏਂਗਾ, ਜਦ ਤੂੰ ਠੱਗ ਹਟੇਂ ਤਾਂ ਉਹ ਤੈਨੂੰ ਠੱਗਣਗੇ !
2ਹੇ ਯਹੋਵਾਹ, ਸਾਡੇ ਉੱਤੇ ਕਿਰਪਾ ਕਰ ! ਅਸੀਂ ਤੈਨੂੰ ਉਡੀਕਦੇ ਹਾਂ, ਹਰ ਸਵੇਰ ਨੂੰ ਸਾਡਾ ਬਲ ਹੋ, ਨਾਲੇ ਦੁਖ ਦੇ ਵੇਲੇ ਸਾਡਾ ਬਚਾਓ ।
3ਹੰਗਾਮੇ ਦੇ ਰੌਲੇ ਨਾਲ ਲੋਕ ਭੱਜ ਗਏ, ਤੇਰੇ ਉੱਠਦਿਆਂ ਹੀ ਕੌਮਾਂ ਖਿੰਡ-ਪੁੰਡ ਗਈਆਂ ।
4ਜਿਵੇਂ ਟਿੱਡੀਆਂ ਚੱਟ ਕਰਦੀਆਂ ਹਨ, ਉਸੇ ਤਰ੍ਹਾਂ ਤੁਹਾਡੀ ਲੁੱਟ ਚੱਟ ਕੀਤੀ ਜਾਵੇਗੀ, ਜਿਵੇਂ ਟਿੱਡੇ ਝੱਪਟਾ ਮਾਰਦੇ ਹਨ, ਉਹ ਉਸ ਉੱਤੇ ਝੱਪਟਣਗੇ ।
5ਯਹੋਵਾਹ ਮਹਾਨ ਹੈ, ਉਹ ਉੱਚਿਆਈ ਉੱਤੇ ਵੱਸਦਾ ਹੈ, ਉਹ ਸੀਯੋਨ ਨੂੰ ਇਨਸਾਫ਼ ਅਤੇ ਧਰਮ ਨਾਲ ਭਰ ਦੇਵੇਗਾ ।
6ਤੇਰੇ ਸਮੇਂ ਦੀ ਬੁਨਿਆਦ ਮੁਕਤੀ, ਬੁੱਧੀ ਅਤੇ ਗਿਆਨ ਦੀ ਬਹੁਤਾਇਤ ਹੋਵੇਗੀ, ਅਤੇ ਯਹੋਵਾਹ ਦਾ ਭੈ ਉਸ ਦਾ ਖ਼ਜ਼ਾਨਾ ਹੋਵੇਗਾ ।
7ਵੇਖੋ, ਉਹਨਾਂ ਦੇ ਸੂਰਮੇ ਬਾਹਰ ਚਿੱਲਾਉਂਦੇ ਹਨ, ਸ਼ਾਂਤੀ ਦੇ ਦੂਤ ਵਿਲਕਦੇ ਹਨ ।
8ਸ਼ਾਹੀ ਮਾਰਗ ਵਿਰਾਨ ਪਏ ਹੋਏ ਹਨ, ਕੋਈ ਲੰਘਣ ਵਾਲਾ ਨਾ ਰਿਹਾ । ਨੇਮ ਤੋੜੇ ਜਾਂਦੇ ਹਨ, ਸ਼ਹਿਰ ਤੁੱਛ ਕੀਤੇ ਜਾਂਦੇ ਹਨ, ਮਨੁੱਖ ਕਿਸੇ ਗਿਣਤੀ ਵਿੱਚ ਨਹੀਂ ।
9ਦੇਸ ਸੋਗ ਕਰਦਾ ਅਤੇ ਮਾੜਾ ਹੋ ਜਾਂਦਾ ਹੈ, ਲਬਾਨੋਨ ਘਬਰਾ ਕੇ ਕੁਮਲਾ ਜਾਂਦਾ ਹੈ, ਸ਼ਾਰੋਨ ਰੜੇ ਮੈਦਾਨ ਵਾਂਗੂੰ ਹੋ ਗਿਆ, ਬਾਸ਼ਾਨ ਅਤੇ ਕਰਮਲ ਪੱਤੇ ਝਾੜ ਸੁੱਟਦੇ ਹਨ ।
10ਹੁਣ ਮੈਂ ਉੱਠਾਂਗਾ, ਯਹੋਵਾਹ ਆਖਦਾ ਹੈ, ਹੁਣ ਮੈਂ ਆਪ ਨੂੰ ਉੱਚਾ ਕਰਾਂਗਾ, ਹੁਣ ਮੈਂ ਸਲਾਹਿਆ ਜਾਂਵਾਂਗਾ ।
11ਤੁਹਾਡੇ ਗਰਭ ਵਿੱਚ ਕੱਖ ਪਵੇਗਾ ਅਤੇ ਤੁਸੀਂ ਘਾਹ ਜਣੋਗੇ, ਤੁਹਾਡਾ ਸਾਹ ਇੱਕ ਅੱਗ ਹੈ ਜਿਹੜੀ ਤੁਹਾਨੂੰ ਭਸਮ ਕਰੇਗੀ ।
12ਲੋਕ ਸਾੜੇ ਹੋਏ ਚੂਨੇ ਵਾਂਗੂੰ ਹੋ ਜਾਣਗੇ, ਅਤੇ ਵੱਢੇ ਹੋਏ ਕੰਡਿਆਂ ਵਾਂਗੂੰ ਉਹ ਅੱਗ ਵਿੱਚ ਜਲਾਏ ਜਾਣਗੇ ।
13ਹੇ ਦੂਰ ਦਿਓ, ਤੁਸੀਂ ਸੁਣੋ ਜੋ ਮੈਂ ਕੀਤਾ, ਹੇ ਨੇੜੇ ਦਿਓ, ਤੁਸੀਂ ਮੇਰੀ ਸ਼ਕਤੀ ਨੂੰ ਜਾਣੋ !
14ਸੀਯੋਨ ਵਿੱਚ ਪਾਪੀ ਡਰ ਗਏ, ਕਾਂਬੇ ਨੇ ਕਾਫਰਾਂ ਨੂੰ ਫੜ ਲਿਆ, ਕੌਣ ਸਾਡੇ ਵਿੱਚੋਂ ਭਸਮ ਕਰਨ ਵਾਲੀ ਅੱਗ ਕੋਲ ਟਿਕ ਸੱਕਦਾ ਹੈ ? ਕੌਣ ਸਾਡੇ ਵਿੱਚੋਂ ਸਦੀਪਕ ਸਾੜੇ ਕੋਲ ਰਹਿ ਸੱਕਦਾ ਹੈ ?
15ਉਹ ਜਿਹੜਾ ਧਰਮ ਨਾਲ ਚੱਲਦਾ, ਜਿਹੜਾ ਸਿੱਧੀਆਂ ਗੱਲਾਂ ਕਰਦਾ, ਜਿਹੜਾ ਜ਼ੁਲਮ ਦੀ ਕਮਾਈ ਨੂੰ ਤੁੱਛ ਜਾਣਦਾ, ਜਿਹੜਾ ਰਿਸ਼ਵਤ ਲੈਣ ਤੋਂ ਆਪਣਾ ਹੱਥ ਖਿੱਚਦਾ ਹੈ, ਖੂਨ ਦੀ ਗੱਲ ਸੁਣਨ ਤੋਂ ਆਪਣੇ ਕੰਨ ਬੰਦ ਕਰਦਾ ਹੈ, ਅਤੇ ਬਦੀ ਦੇ ਵੇਖਣ ਤੋਂ ਆਪਣੀਆਂ ਅੱਖਾਂ ਮੀਟ ਲੈਂਦਾ ਹੈ ।
16ਉਹ ਹੀ ਉੱਚਿਆਈਆਂ ਉੱਤੇ ਵੱਸੇਗਾ, ਉਹ ਦੀ ਪਨਾਹਗਾਹ ਚੱਟਾਨਾਂ ਦੇ ਗੜ੍ਹ ਹੋਣਗੇ, ਉਹ ਦੀ ਰੋਟੀ ਉਹ ਨੂੰ ਦਿੱਤੀ ਜਾਵੇਗੀ, ਉਹ ਨੂੰ ਪਾਣੀ ਦੀ ਘਾਟ ਨਾ ਹੋਵੇਗੀ ।
17ਤੇਰੀਆਂ ਅੱਖਾਂ ਰਾਜੇ ਨੂੰ ਉਹ ਦੇ ਸੁਹੱਪਣ ਵਿੱਚ ਵੇਖਣਗੀਆਂ, ਉਹ ਲੰਮੇ-ਚੌੜੇ ਦੇਸ ਨੂੰ ਵੇਖਣਗੀਆਂ ।
18ਤੇਰਾ ਮਨ ਉਸ ਬੀਤੇ ਹੋਏ ਖੌਫ਼ ਬਾਰੇ ਸੋਚੇਗਾ, ਲੇਖਾ ਲੈਣ ਵਾਲਾ ਕਿੱਥੇ ਹੈ ? ਲਗਾਨ ਵਸੂਲਣ ਵਾਲਾ ਕਿੱਥੇ ਹੈ ? ਬੁਰਜਾਂ ਦਾ ਗਿਣਨ ਵਾਲਾ ਕਿੱਥੇ ਹੈ ?
19ਤੂੰ ਫੇਰ ਉਹਨਾਂ ਘਮੰਡੀ ਲੋਕਾਂ ਨੂੰ ਨਾ ਵੇਖੇਂਗਾ, ਅਰਥਾਤ ਇੱਕ ਗੁੱਝੀ ਬੋਲੀ ਦੇ ਲੋਕ ਜਿਨ੍ਹਾਂ ਦੀ ਤੂੰ ਸਮਝ ਨਹੀਂ ਸਕਦਾ, ਅਤੇ ਓਪਰੀ ਬੋਲੀ ਵਾਲੇ ਜਿਨ੍ਹਾਂ ਨੂੰ ਤੂੰ ਬੁੱਝ ਨਹੀਂ ਸਕਦਾ ।
20ਸੀਯੋਨ ਨੂੰ ਵੇਖ, ਸਾਡੇ ਨਿਯੁਕਤ ਕੀਤੇ ਹੋਏ ਪਰਬਾਂ ਦਾ ਨਗਰ, ਤੇਰੀਆਂ ਅੱਖਾਂ ਯਰੂਸ਼ਲਮ ਨੂੰ ਵੇਖਣਗੀਆਂ, ਇੱਕ ਅਰਾਮ ਦਾ ਵਾਸ, ਇੱਕ ਤੰਬੂ ਜਿਹੜਾ ਪੁੱਟਿਆ ਨਾ ਜਾਵੇਗਾ, ਜਿਸ ਦੇ ਕੀਲੇ ਕਦੀ ਉਖਾੜੇ ਨਹੀਂ ਜਾਣਗੇ, ਜਿਸ ਦੀਆਂ ਰੱਸੀਆਂ ਵਿੱਚੋਂ ਇੱਕ ਵੀ ਤੋੜੀ ਨਾ ਜਾਵੇਗੀ ।
21ਪਰ ਉੱਥੇ ਯਹੋਵਾਹ ਸ਼ਾਨ ਵਿੱਚ ਸਾਡੇ ਅੰਗ-ਸੰਗ ਹੋਵੇਗਾ, ਜਿੱਥੇ ਚੌੜੀਆਂ ਨਦੀਆਂ ਅਤੇ ਦਰਿਆ ਹਨ, ਜਿੱਥੇ ਕੋਈ ਚੱਪੂਆਂ ਵਾਲੀ ਬੇੜੀ ਨਾ ਚੱਲੇਗੀ, ਜਿਹ ਦੇ ਉੱਤੇ ਕੋਈ ਸ਼ਾਨਦਾਰ ਜਹਾਜ਼ ਨਾ ਲੰਘੇਗਾ ।
22ਯਹੋਵਾਹ ਤਾਂ ਸਾਡਾ ਨਿਆਈ ਹੈ, ਯਹੋਵਾਹ ਸਾਡਾ ਬਿਧੀਆਂ ਦੇਣ ਵਾਲਾ ਹੈ, ਯਹੋਵਾਹ ਸਾਡਾ ਰਾਜਾ ਹੈ, ਉਹ ਸਾਨੂੰ ਬਚਾਵੇਗਾ ।
23ਤੇਰੇ ਰੱਸੇ ਢਿੱਲੇ ਹਨ, ਉਹ ਮਸਤੂਲ ਉਹ ਦੇ ਥਾਂ ਨੂੰ ਕੱਸ ਨਾ ਸਕੇ, ਨਾ ਉਹ ਪਾਲ ਨੂੰ ਉਡਾ ਸਕੇ । ਤਦ ਸ਼ਿਕਾਰ ਅਤੇ ਲੁੱਟ ਬਹੁਤਾਇਤ ਨਾਲ ਵੰਡੀ ਜਾਵੇਗੀ, ਅਤੇ ਲੰਗੜੇ ਵੀ ਲੁੱਟ ਲੁੱਟਣਗੇ ।
24ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ, ਜਿਹੜੇ ਲੋਕ ਉਸ ਵਿੱਚ ਵੱਸਦੇ ਹਨ, ਉਹਨਾਂ ਦੀ ਬਦੀ ਮਾਫ਼ ਕੀਤੀ ਜਾਵੇਗੀ ।