Bible 2 India Mobile
[VER] : [PUNJABI]     [PL]  [PB] 
 <<  Isaiah 25 >> 

1ਹੇ ਯਹੋਵਾਹ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਤੈਨੂੰ ਵਡਿਆਵਾਂਗਾ, ਮੈਂ ਤੇਰੇ ਨਾਮ ਨੂੰ ਸਲਾਹਾਂਗਾ, ਕਿਉਂ ਜੋ ਤੂੰ ਅਚਰਜ ਕੰਮ ਕੀਤੇ ਹਨ, ਪਰਾਚੀਨ ਸਮੇਂ ਤੋਂ ਤੇਰੀਆਂ ਯੋਜਨਾਵਾਂ ਵਫ਼ਾਦਾਰੀ ਅਤੇ ਸਚਿਆਈ ਦੀਆਂ ਹਨ !

2ਤੂੰ ਤਾਂ ਸ਼ਹਿਰ ਨੂੰ ਮਲਬਾ ਅਤੇ ਗੜ੍ਹ ਵਾਲੇ ਨਗਰ ਨੂੰ ਖੰਡਰ ਬਣਾ ਦਿੱਤਾ ਹੈ, ਪਰਦੇਸੀਆਂ ਦਾ ਮਹਿਲ ਹੁਣ ਸ਼ਹਿਰ ਨਹੀਂ ਰਿਹਾ, ਉਹ ਸਦਾ ਲਈ ਫੇਰ ਉਸਾਰਿਆ ਨਾ ਜਾਵੇਗਾ ।

3ਇਸ ਲਈ ਬਲਵੰਤ ਲੋਕ ਤੇਰੀ ਮਹਿਮਾ ਕਰਨਗੇ, ਡਰਾਉਣੀਆਂ ਕੌਮਾਂ ਦਾ ਨਗਰ ਤੇਰੇ ਤੋਂ ਡਰੇਗਾ ।

4ਤੂੰ ਤਾਂ ਗਰੀਬ ਲਈ ਗੜ੍ਹ ਹੋਇਆ, ਕੰਗਾਲ ਲਈ ਉਹ ਦੇ ਕਸ਼ਟ ਵਿੱਚ ਵੀ ਗੜ੍ਹ, ਵਾਛੜ ਤੋਂ ਪਨਾਹ, ਗਰਮੀ ਤੋਂ ਸਾਯਾ, ਕਿਉਂ ਜੋ ਡਰਾਉਣਿਆਂ ਦੀ ਫੂਕ ਕੰਧ ਉੱਪਰ ਦੀ ਵਾਛੜ ਵਾਂਗੂੰ ਹੈ ।

5ਸੁੱਕੇ ਥਾਂ ਦੀ ਗਰਮੀ ਵਾਂਗੂੰ ਤੂੰ ਪਰਦੇਸੀਆਂ ਦੇ ਰੌਲੇ ਨੂੰ ਬੰਦ ਕਰ ਦੇਵੇਂਗਾ, ਜਿਵੇਂ ਗਰਮੀ ਬੱਦਲ ਦੇ ਸਾਯੇ ਨਾਲ, ਉਸੇ ਤਰ੍ਹਾਂ ਜ਼ਾਲਮਾਂ ਦਾ ਭਜਨ ਧੀਮਾ ਹੋ ਜਾਵੇਗਾ ।

6ਇਸੇ ਪਹਾੜ ਤੇ ਸੈਨਾਂ ਦਾ ਯਹੋਵਾਹ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦੀ ਦਾਵਤ ਕਰੇਗਾ, ਪੁਰਾਣੀਆਂ ਮਧਾਂ ਦੀ ਦਾਵਤ, ਗੁੱਦੇ ਸਮੇਤ ਮੋਟੀਆਂ ਵਸਤਾਂ, ਛਾਣੀਆਂ ਹੋਈਆਂ ਪੁਰਾਣੀਆਂ ਮਧਾਂ ਦੀ ਦਾਵਤ ।

7ਅਤੇ ਇਸ ਪਹਾੜ ਤੇ ਉਸ ਪੜਦੇ ਨੂੰ ਨਾਸ ਕਰੇਗਾ, ਉਸ ਪੜਦੇ ਨੂੰ ਜਿਹੜਾ ਸਾਰਿਆਂ ਲੋਕਾਂ ਉੱਤੇ ਪਿਆ ਹੈ, ਨਾਲੇ ਉਸ ਕੱਜਣ ਨੂੰ ਜਿਹੜਾ ਸਾਰੀਆਂ ਕੌਮਾਂ ਉੱਤੇ ਲਟਕਦਾ ਹੈ ।

8ਉਹ ਮੌਤ ਨੂੰ ਸਦਾ ਲਈ ਨਿਗਲ ਲਵੇਗਾ, ਅਤੇ ਪ੍ਰਭੂ ਯਹੋਵਾਹ ਸਾਰੀਆਂ ਅੱਖਾਂ ਤੋਂ ਹੰਝੂ ਪੂੰਝ ਸੁੱਟੇਗਾ, ਅਤੇ ਆਪਣੀ ਪਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਦੇ ਉੱਤੋਂ ਦੂਰ ਕਰ ਦੇਵੇਗਾ, ਕਿਉਂਕਿ ਇਹ ਯਹੋਵਾਹ ਦਾ ਵਾਕ ਹੈ ।

9ਉਸ ਦਿਨ ਆਖਿਆ ਜਾਵੇਗਾ, ਵੇਖੋ, ਇਹ ਸਾਡਾ ਪਰਮੇਸ਼ੁਰ ਹੈ, ਅਸੀਂ ਉਹ ਨੂੰ ਉਡੀਕਦੇ ਸੀ, ਕਿ ਉਹ ਸਾਨੂੰ ਬਚਾਵੇਗਾ - ਇਹ ਯਹੋਵਾਹ ਹੈ, ਅਸੀਂ ਉਹ ਨੂੰ ਉਡੀਕਦੇ ਸੀ, ਅਸੀਂ ਉਹ ਦੀ ਮੁਕਤੀ ਵਿੱਚ ਖੁਸ਼ੀ ਮਨਾਈਏ ਅਤੇ ਅਨੰਦ ਕਰੀਏ ।

10ਕਿਉਂ ਜੋ ਯਹੋਵਾਹ ਦਾ ਹੱਥ ਇਸ ਪਹਾੜ ਉੱਤੇ ਠਹਿਰੇਗਾ, ਮੋਆਬ ਆਪਣੇ ਥਾਂ ਵਿੱਚ ਇਸ ਤਰ੍ਹਾਂ ਮਿੱਧਿਆ ਜਾਵੇਗਾ, ਜਿਵੇਂ ਤੂੜੀ ਰੂੜੀ ਦੇ ਟੋਏ ਵਿੱਚ,

11ਅਤੇ ਉਹ ਉਸ ਦੇ ਵਿਚਕਾਰ ਆਪਣੇ ਹੱਥ ਮਾਰੇਗਾ, ਜਿਵੇਂ ਤੈਰਾਕ ਆਪਣੇ ਹੱਥ ਤੈਰਨ ਲਈ ਮਾਰਦਾ ਹੈ, ਪਰ ਉਹ ਉਸ ਦੇ ਘਮੰਡ ਨੂੰ, ਉਸ ਦੇ ਹੱਥਾਂ ਦੀ ਚਲਾਕੀ ਸਮੇਤ ਨੀਵਾਂ ਕਰ ਦੇਵੇਗਾ ।

12ਸ਼ਹਿਰਪਨਾਹ ਦੇ ਉੱਚੇ ਬੁਰਜਾਂ ਨੂੰ ਉਹ ਝੁਕਾ ਦੇਵੇਗਾ, ਨੀਵਾਂ ਕਰੇਗਾ ਅਤੇ ਧਰਤੀ ਤੱਕ ਸਗੋਂ ਖ਼ਾਕ ਤੱਕ ਲਾਹ ਦੇਵੇਗਾ ।


  Share Facebook  |  Share Twitter

 <<  Isaiah 25 >> 


Bible2india.com
© 2010-2025
Help
Dual Panel

Laporan Masalah/Saran