Bible 2 India Mobile
[VER] : [PUNJABI]     [PL]  [PB] 
 <<  Isaiah 17 >> 

1ਦੰਮਿਸਕ ਦੇ ਵਿਖੇ ਅਗੰਮ ਵਾਕ, - ਵੇਖੋ ਦੰਮਿਸਕ ਸ਼ਹਿਰ ਹੋਣ ਤੋਂ ਰਹਿ ਜਾਵੇਗਾ, ਸਗੋਂ ਉੱਜੜਿਆ ਹੋਇਆ ਖੰਡਰ ਹੋ ਜਾਵੇਗਾ ।

2ਅਰੋਏਰ ਦੇ ਸ਼ਹਿਰ ਤਿਆਗੇ ਜਾਣਗੇ, ਉਹ ਇੱਜੜਾਂ ਲਈ ਹੋਣਗੇ, ਅਤੇ ਉਹ ਉੱਥੇ ਬੈਠਣਗੇ ਅਤੇ ਕੋਈ ਉਨ੍ਹਾਂ ਨੂੰ ਨਹੀਂ ਡਰਾਵੇਗਾ ।

3ਇਫ਼ਰਾਈਮ ਵਿੱਚੋਂ ਗੜ੍ਹ ਵਾਲੇ ਨਗਰ, ਦੰਮਿਸਕ ਵਿੱਚੋਂ ਰਾਜ, ਅਤੇ ਅਰਾਮ ਦੇ ਬਚੇ ਹੋਏ ਮੁੱਕ ਜਾਣਗੇ, ਅਤੇ ਜੋ ਹਾਲ ਇਸਰਾਏਲੀਆਂ ਦੇ ਪਰਤਾਪ ਦਾ ਹੋਇਆ, ਉਹੋ ਉਨ੍ਹਾਂ ਦਾ ਹਾਲ ਹੋਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ ।

4ਉਸ ਦਿਨ ਅਜਿਹਾ ਹੋਵੇਗਾ, ਕਿ ਯਾਕੂਬ ਦਾ ਪਰਤਾਪ ਘਟਾਇਆ ਜਾਵੇਗਾ, ਅਤੇ ਉਹ ਦਾ ਮੋਟਾ ਸਰੀਰ ਪਤਲਾ ਪੈ ਜਾਵੇਗਾ,

5ਅਤੇ ਅਜਿਹਾ ਹੋਵੇਗਾ ਕਿ ਜਿਵੇਂ ਕੋਈ ਵਾਢਾ ਆਪਣੀ ਖੜ੍ਹੀ ਫ਼ਸਲ ਇਕੱਠੀ ਕਰਦਾ ਹੋਵੇ, ਅਤੇ ਉਹ ਦਾ ਹੱਥ ਸਿੱਟੇ ਤੋੜਦਾ ਹੋਵੇ, ਅਤੇ ਜਿਵੇਂ ਕੋਈ ਰਫਾਈਮ ਦੀ ਘਾਟੀ ਵਿੱਚ ਸਿਲਾ ਚੁਗਦਾ ਹੋਵੇ ।

6ਤਾਂ ਉਹ ਦੇ ਵਿੱਚ ਕੁਝ ਲੱਗ ਲਬੇੜ ਰਹਿ ਜਾਵੇਗੀ, ਜਿਵੇਂ ਜ਼ੈਤੂਨ ਦੇ ਹਲੂਣੇ ਨਾਲ, ਦੋ-ਤਿੰਨ ਦਾਣੇ ਉੱਪਰਲੇ ਟਹਿਣੇ ਦੇ ਸਿਰੇ ਤੇ, ਚਾਰ-ਪੰਜ ਫਲਦਾਰ ਰੁੱਖ ਦੇ ਬਾਹਰਲੇ ਟਹਿਣਿਆਂ ਉੱਤੇ, ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦਾ ਵਾਕ ਹੈ ।

7ਉਸ ਦਿਨ ਮਨੁੱਖ ਆਪਣੇ ਸਿਰਜਣਹਾਰ ਵੱਲ ਗੌਰ ਕਰਨਗੇ, ਅਤੇ ਉਨ੍ਹਾਂ ਦੀਆਂ ਅੱਖਾਂ ਇਸਰਾਏਲ ਦੇ ਪਵਿੱਤਰ ਪੁਰਖ ਵੱਲ ਵੇਖਣਗੀਆਂ ।

8ਉਹ ਜਗਵੇਦੀਆਂ ਵੱਲ ਆਪਣੀ ਦਸਤਕਾਰੀ ਉੱਤੇ ਗੌਰ ਨਾ ਕਰਨਗੇ, ਨਾ ਆਪਣੀਆਂ ਉਂਗਲੀਆਂ ਦੀ ਕਿਰਤ ਵੱਲ, ਨਾ ਅਸ਼ੇਰਾਹ ਦੀਆਂ ਮੂਰਤਾਂ ਵੱਲ ਨਾ ਸੂਰਜ ਥੰਮ੍ਹਾਂ ਵੱਲ ਵੇਖਣਗੇ ।

9ਉਸ ਦਿਨ ਉਨ੍ਹਾਂ ਦੇ ਤਕੜੇ ਸ਼ਹਿਰ ਉਸ ਜੰਗਲ ਦੇ ਅਤੇ ਉਸ ਟੀਸੀ ਦੇ ਛੱਡੇ ਹੋਏ ਥਾਵਾਂ ਵਾਂਗੂੰ ਹੋਣਗੇ, ਜਿਹੜੇ ਇਸਰਾਏਲੀਆਂ ਦੇ ਡਰ ਦੇ ਕਾਰਨ ਛੱਡੇ ਗਏ, ਉਹ ਵਿਰਾਨ ਹੋਣਗੇ ।

10ਤੂੰ ਤਾਂ ਆਪਣੀ ਮੁਕਤੀ ਦੇ ਪਰਮੇਸ਼ੁਰ ਨੂੰ ਵਿਸਾਰ ਦਿੱਤਾ, ਅਤੇ ਆਪਣੀ ਤਕੜੀ ਚੱਟਾਨ ਨੂੰ ਯਾਦ ਨਾ ਰੱਖਿਆ, ਇਸ ਲਈ ਭਾਵੇਂ ਤੂੰ ਸੋਹਣੇ ਬੂਟੇ ਲਾਵੇਂ, ਅਤੇ ਵਿਦੇਸ਼ੀ ਦਾਬ ਨੂੰ ਦੱਬੇਂ,

11ਭਾਵੇਂ ਤੂੰ ਉਸ ਨੂੰ ਲਾਉਣ ਦੇ ਦਿਨ ਉਹ ਦੀ ਵਾੜ ਕਰੇਂ, ਅਤੇ ਸਵੇਰ ਨੂੰ ਆਪਣੇ ਬੀਜ ਤੋਂ ਕਲੀਆਂ ਫੁਟਵਾ ਲਵੇਂ, ਪਰ ਫ਼ਸਲ ਸੋਗ ਅਤੇ ਡਾਢੀ ਪੀੜ ਦੇ ਦਿਨ ਵਿੱਚ ਉੱਡ ਜਾਵੇਗੀ ।

12ਹਾਇ ! ਦੇਸ-ਦੇਸ ਦੇ ਲੋਕਾਂ ਦੀ ਗੱਜ, ਉਹ ਸਮੁੰਦਰਾਂ ਦੀਆਂ ਲਹਿਰਾਂ ਵਾਂਗੂੰ ਉਹ ਗੱਜਦੇ ਹਨ ! ਅਤੇ ਉੱਮਤਾਂ ਦਾ ਰੌਲਾ ! ਉਹ ਹੜ੍ਹਾਂ ਦੇ ਰੌਲੇ ਵਾਂਗੂੰ ਰੌਲਾ ਪਾਉਂਦੇ ਹਨ ।

13ਉੱਮਤਾਂ ਬਹੁਤੇ ਪਾਣੀਆਂ ਦੇ ਰੌਲੇ ਵਾਂਗੂੰ ਰੌਲਾ ਪਾਉਂਦੀਆਂ ਹਨ, ਪਰ ਉਹ ਉਨ੍ਹਾਂ ਨੂੰ ਝਿੜਕੇਗਾ ਅਤੇ ਉਹ ਦੂਰ-ਦੂਰ ਨੱਠ ਜਾਣਗੀਆਂ । ਉਹ ਇਸ ਤਰ੍ਹਾਂ ਭਜਾਏ ਜਾਣਗੇ, ਜਿਵੇਂ ਪਹਾੜਾਂ ਦਾ ਕੱਖ ਪੌਣ ਅੱਗੋਂ, ਅਤੇ ਜਿਵੇਂ ਵਾਵਰੋਲੇ ਦੀ ਧੂੜ ਝੱਖੜ-ਝੋਲੇ ਅੱਗੋਂ ਉੱਡ ਜਾਂਦਾ ਹੈ ।

14ਸ਼ਾਮ ਦੇ ਵੇਲੇ, ਵੇਖੋ ਖੌਫ਼ ਹੈ ! ਸਵੇਰ ਤੋਂ ਪਹਿਲਾਂ ਉਹ ਹਨ ਹੀ ਨਹੀਂ, - ਇਹ ਸਾਨੂੰ ਨਾਸ ਕਰਨ ਵਾਲਿਆਂ ਦਾ ਹਿੱਸਾ, ਅਤੇ ਸਾਨੂੰ ਲੁੱਟਣ ਵਾਲਿਆਂ ਦਾ ਭਾਗ ਹੈ ।


  Share Facebook  |  Share Twitter

 <<  Isaiah 17 >> 


Bible2india.com
© 2010-2025
Help
Dual Panel

Laporan Masalah/Saran