Bible 2 India Mobile
[VER] : [PUNJABI]     [PL]  [PB] 
 <<  Ezekiel 47 >> 

1ਫੇਰ ਉਹ ਮੈਨੂੰ ਭਵਨ ਦੇ ਦਰਵਾਜ਼ੇ ਤੇ ਮੋੜ ਲਿਆਇਆ ਅਤੇ ਵੇਖੋ, ਹੈਕਲ ਦੀ ਸਰਦਲ ਦੇ ਹੇਠੋਂ ਪਾਣੀ ਪੂਰਬ ਵੱਲ ਵਗ ਰਿਹਾ ਸੀ, ਕਿਉਂ ਜੋ ਭਵਨ ਦਾ ਮੂੰਹ ਪੂਰਬ ਵੱਲ ਸੀ ਅਤੇ ਪਾਣੀ ਭਵਨ ਦੇ ਸੱਜੇ ਪਾਸੇ ਦੇ ਹੇਠਾਂ ਤੋਂ ਜਗਵੇਦੀ ਦੇ ਦੱਖਣ ਵੱਲੋਂ ਵਗ ਕੇ ਜਾਂਦਾ ਸੀ ।

2ਤਦ ਉਹ ਮੈਨੂੰ ਉਤਰੀ ਫਾਟਕ ਦੇ ਰਸਤੇ ਬਾਹਰ ਲੈ ਆਇਆ ਅਤੇ ਮੈਨੂੰ ਉਸ ਰਾਹ ਵਿੱਚੋਂ ਜਿਸ ਦਾ ਮੂੰਹ ਪੂਰਬ ਵੱਲ ਹੈ, ਬਾਹਰਲੇ ਫਾਟਕ ਤੇ ਮੋੜ ਲਿਆਇਆ ਅਰਥਾਤ ਚੜ੍ਹਦੇ ਵੱਲ ਮੂੰਹ ਵਾਲੇ ਫਾਟਕ ਤੇ ਅਤੇ ਵੇਖੋ, ਸੱਜੇ ਪਾਸਿਓਂ ਪਾਣੀ ਵਗ ਰਿਹਾ ਸੀ ।

3ਇਸ ਮਨੁੱਖ ਨੇ ਜਿਹ ਦੇ ਹੱਥ ਵਿੱਚ ਫੀਤਾ ਸੀ ਪੂਰਬ ਵੱਲ ਵੱਧ ਕੇ ਹਜ਼ਾਰ ਹੱਥ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਗਿੱਟਿਆਂ ਤੱਕ ਸੀ ।

4ਫੇਰ ਉਸ ਨੇ ਹਜ਼ਾਰ ਹੱਥ ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਗੋਡਿਆਂ ਤੱਕ ਸੀ । ਫੇਰ ਉਸ ਨੇ ਇੱਕ ਹਜ਼ਾਰ ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਲੱਕ ਤੱਕ ਸੀ ।

5ਫੇਰ ਉਹ ਨੇ ਇੱਕ ਹਜ਼ਾਰ ਹੋਰ ਮਿਣਿਆ ਅਤੇ ਉਹ ਅਜਿਹਾ ਨਾਲਾ ਸੀ ਕਿ ਮੈਂ ਉਹ ਨੂੰ ਪਾਰ ਨਹੀਂ ਕਰ ਸਕਦਾ ਸੀ, ਕਿਉਂ ਜੋ ਪਾਣੀ ਚੜ੍ਹ ਕੇ ਤਰਨ ਵਾਲਾ ਹੋ ਗਿਆ ਸੀ ਅਤੇ ਅਜਿਹਾ ਨਾਲਾ ਬਣ ਗਿਆ, ਜਿਹ ਨੂੰ ਪਾਰ ਕਰਨਾ ਅਸੰਭਵ ਸੀ ।

6ਤਦ ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਕੀ ਤੂੰ ਇਹ ਵੇਖਿਆ ? ਤਦ ਉਹ ਮੈਨੂੰ ਲੈ ਆਇਆ ਅਤੇ ਨਾਲੇ ਦੇ ਕੰਢੇ ਤੇ ਮੋੜ ਲਿਆਂਦਾ ।

7ਜਦ ਮੈਂ ਮੁੜ ਕੇ ਪਹੁੰਚਿਆ ਤਾਂ ਵੇਖੋ, ਨਾਲੇ ਦੇ ਇਸ ਪਾਸੇ ਤੇ ਦੂਜੇ ਪਾਸੇ ਬਹੁਤ ਸਾਰੇ ਰੁੱਖ ਸਨ ।

8ਤਦ ਉਹ ਨੇ ਮੈਨੂੰ ਆਖਿਆ ਕਿ ਇਹ ਪਾਣੀ ਪੂਰਬੀ ਇਲਾਕੇ ਵੱਲ ਵਗਦੇ ਹਨ ਅਤੇ ਅਰਾਬਾਹ ਵਿੱਚੋਂ ਵਗ ਕੇ ਹੇਠਾਂ ਸਾਗਰ ਵਿੱਚ ਜਾ ਪੈਂਦੇ ਹਨ ਅਤੇ ਸਾਗਰ ਵਿੱਚ ਮਿਲਦਿਆਂ ਹੀ ਉਹ ਦੇ ਪਾਣੀਆਂ ਨੂੰ ਤਾਜ਼ਾ ਕਰ ਦੇਣਗੇ ।

9ਅਜਿਹਾ ਹੋਵੇਗਾ ਕਿ ਜਿੱਥੇ ਇਹ ਨਾਲੇ ਜਾਣਗੇ ਹਰੇਕ ਜਲ ਜੰਤੂ ਜੋ ਬਹੁਤ ਸਾਰੇ ਹਨ, ਜੀਉਂਦਾ ਰਹੇਗਾ ਅਤੇ ਮੱਛੀਆਂ ਦਾ ਬਹੁਤ ਵਾਧਾ ਹੋਵੇਗਾ, ਕਿਉਂ ਜੋ ਇਹ ਪਾਣੀ ਉੱਥੇ ਪਹੁੰਚਿਆ ਅਤੇ ਉਹ ਤਾਜ਼ਾ ਹੋ ਗਿਆ । ਸੋ ਜਿੱਥੇ ਕਿਤੇ ਇਹ ਨਾਲੇ ਪਹੁੰਚਣਗੇ ਜੀਵਨ ਬਖ਼ਸ਼ਣਗੇ ।

10ਅਜਿਹਾ ਹੋਵੇਗਾ ਕਿ ਮਾਛੀ ਉਹ ਦੇ ਕੰਢੇ ਤੇ ਖਲੋਤੇ ਰਹਿਣਗੇ । ਏਨ-ਗਦੀ ਤੋਂ ਲੈ ਕੇ ਏਨ-ਅਗਲਇਮ ਤੱਕ ਜਾਲ਼ ਸੁੱਟਣ ਦੇ ਘਾਟ ਹੋਣਗੇ । ਉਹ ਦੀਆਂ ਮੱਛੀਆਂ ਆਪਣੀ ਆਪਣੀ ਜਾਤੀ ਦੇ ਅਨੁਸਾਰ ਵੱਡੇ ਸਾਗਰ ਦੀਆਂ ਮੱਛੀਆਂ ਵਾਂਗੂੰ ਬਹੁਤ ਹੀ ਹੋਣਗੀਆਂ ।

11ਪਰ ਉਹ ਦੀਆਂ ਚਿੱਕੜ ਵਾਲੀਆਂ ਅਤੇ ਜਿਲਣ ਵਾਲੀਆਂ ਜਗ੍ਹਾਂ ਤਾਜ਼ੀਆਂ ਨਾ ਕੀਤੀਆਂ ਜਾਣਗੀਆਂ, ਉਹ ਲੂਣ ਵਾਲੀਆਂ ਹੀ ਰਹਿਣਗੀਆਂ ।

12ਨਾਲੇ ਦੇ ਨੇੜੇ ਉਹ ਦੇ ਦੋਨਾਂ ਕੰਢਿਆਂ ਤੇ ਹਰ ਪ੍ਰਕਾਰ ਦੇ ਮੇਵੇ ਵਾਲੇ ਰੁੱਖ ਉੱਗਣਗੇ, ਜਿਹਨਾਂ ਦੇ ਪੱਤੇ ਕਦੇ ਨਾ ਸੁੱਕਣਗੇ ਅਤੇ ਜਿਹਨਾਂ ਦੇ ਮੇਵੇ ਕਦੇ ਨਾ ਮੁੱਕਣਗੇ । ਉਹਨਾਂ ਨੂੰ ਹਰ ਮਹੀਨੇ ਨਵੇਂ ਮੇਵੇ ਲੱਗਣਗੇ, ਕਿਉਂ ਜੋ ਉਹਨਾਂ ਨੂੰ ਉਹ ਪਾਣੀ ਲੱਗਦੇ ਹਨ, ਜਿਹੜੇ ਪਵਿੱਤਰ ਸਥਾਨ ਵਿੱਚੋਂ ਨਿੱਕਲਦੇ ਹਨ ਅਤੇ ਉਹਨਾਂ ਦੇ ਮੇਵੇ ਖਾਣ ਲਈ ਅਤੇ ਉਹਨਾਂ ਦੇ ਪੱਤੇ ਦਵਾਈ ਦੇ ਕੰਮ ਆਉਣਗੇ ।

13ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਹ ਉਹ ਹੱਦ ਹੈ ਜਿਸ ਦੇ ਅਨੁਸਾਰ ਤੁਸੀਂ ਦੇਸ ਨੂੰ ਵੰਡੋਗੇ, ਤਾਂ ਜੋ ਇਸਰਾਏਲ ਦੇ ਬਾਰਾਂ ਗੋਤਾਂ ਦੀ ਮਿਰਾਸ ਹੋਵੇ । ਯੂਸੁਫ਼ ਦੇ ਘਰਾਣੇ ਦੇ ਲਈ ਦੁਗਣਾ ਭਾਗ ਹੋਵੇਗਾ ।

14ਤੁਸੀਂ ਸਾਰੇ ਇੱਕੋ ਜਿੰਨਾ ਦੇਸ ਮਿਰਾਸ ਵਿੱਚ ਲਵੋਗੇ, ਜਿਸ ਦੇ ਬਾਰੇ ਮੈਂ ਸਹੁੰ ਖਾਧੀ ਕਿ ਤੁਹਾਡੇ ਪਿਉ-ਦਾਦਿਆਂ ਨੂੰ ਦੇਵਾਂ ਅਤੇ ਇਹ ਦੇਸ ਤੁਹਾਡੀ ਮਿਰਾਸ ਹੋਵੇਗਾ ।

15ਦੇਸ ਦੀ ਹੱਦ ਇਹ ਹੋਵੇਗੀ, - ਉਤਰ ਵੱਲ ਵੱਡੇ ਸਾਗਰ ਤੋਂ ਲੈ ਕੇ ਹਥਲੋਨ ਤੋਂ ਹੁੰਦੀ ਹੋਈ ਸਦਾਦ ਦੇ ਲਾਂਘੇ ਤੱਕ,

16ਹਮਾਥ, ਬੇਰੋਥਾਹ, ਸਿਬਰਈਮ ਜੋ ਦੰਮਿਸਕ ਦੀ ਹੱਦ ਅਤੇ ਹਮਾਥ ਦੀ ਹੱਦ ਦੇ ਵਿਚਕਾਰ ਹੈ ਅਤੇ ਹਸੇਰ-ਹੱਤੀਕੋਨ ਜੋ ਹੌਰਾਨ ਦੀ ਹੱਦ ਤੇ ਹੈ ।

17ਸਾਗਰ ਤੋਂ ਹੱਦ ਇਹ ਹੋਵੇਗੀ, ਅਰਥਾਤ ਹਸਰ-ਏਨੋਨ ਦੰਮਿਸਕ ਦੀ ਹੱਦ ਅਤੇ ਉਤਰ ਵੱਲ ਉੱਤਰੀ ਦਿਸ਼ਾ ਵੱਲ ਹਮਾਥ ਦੀ ਹੱਦ । ਉਤਰੀ ਦਿਸ਼ਾ ਇਹੀ ਹੈ ।

18ਪੂਰਬੀ ਹੱਦ ਹੌਰਾਨ ਤੇ ਦੰਮਿਸਕ ਅਤੇ ਗਿਲਆਦ ਦੇ ਵਿਚਕਾਰ ਤੋਂ ਅਤੇ ਇਸਰਾਏਲ ਦੀ ਧਰਤੀ ਦੇ ਵਿਚਕਾਰ ਤੋਂ ਯਰਦਨ ਉੱਤੇ ਹੋਵੇਗੀ, ਉਤਰੀ ਹੱਦ ਤੋਂ ਪੂਰਬੀ ਸਾਗਰ ਤੱਕ ਮਿਣਨਾ । ਇਹੀ ਪੂਰਬੀ ਹੱਦ ਹੈ ।

19ਦੱਖਣੀ ਦਿਸ਼ਾ ਵੱਲ ਦੱਖਣੀ ਹੱਦ ਇਹੀ ਹੈ, ਅਰਥਾਤ ਤਾਮਰ ਤੋਂ ਮਰੀਥੋਥ-ਕਾਦੇਸ਼ ਦੇ ਪਾਣੀ ਤੱਕ ਅਤੇ ਮਿਸਰ ਨਦੀ ਤੋਂ ਹੋ ਕੇ ਵੱਡੇ ਸਾਗਰ ਤੱਕ ਦੱਖਣੀ ਦਿਸ਼ਾ ਇਹੀ ਹੈ ।

20ਪੱਛਮੀ ਦਿਸ਼ਾ ਵੱਲ ਵੱਡਾ ਸਾਗਰ ਹੋਵੇਗਾ, ਦੱਖਣੀ ਹੱਦ ਤੋਂ ਲੈ ਕੇ ਹਮਾਥ ਦੇ ਦਰਵਾਜ਼ੇ ਤੱਕ । ਇਹੀ ਪੱਛਮੀ ਹੱਦ ਹੈ ।

21ਸੋ ਤੁਸੀਂ ਇਸ ਦੇਸ ਨੂੰ ਇਸਰਾਏਲ ਦੇ ਗੋਤਾਂ ਦੇ ਅਨੁਸਾਰ ਆਪਸ ਵਿੱਚ ਵੰਡ ਲੈਣਾ ।

22ਅਜਿਹਾ ਹੋਵੇਗਾ ਕਿ ਤੁਸੀਂ ਆਪਣੇ ਅਤੇ ਉਹਨਾਂ ਓਪਰਿਆਂ ਦੇ ਵਿਚਕਾਰ ਜਿਹੜੇ ਤੁਹਾਡੇ ਨਾਲ ਵੱਸਦੇ ਹਨ ਅਤੇ ਜਿਹਨਾਂ ਦੀ ਅੰਸ ਤੁਹਾਡੇ ਵਿਚਕਾਰ ਜੰਮੇਗੀ, ਦੇਸ ਵੰਡਣ ਲਈ ਪਰਚੀਆਂ ਪਾਵੋਗੇ ਅਤੇ ਉਹ ਤੁਹਾਡੇ ਲਈ ਦੇਸੀ ਇਸਰਾਏਲੀਆਂ ਵਾਂਗੂੰ ਹੋਣਗੇ । ਉਹ ਤੁਹਾਡੇ ਨਾਲ ਇਸਰਾਏਲ ਦੇ ਗੋਤਾਂ ਦੇ ਵਿੱਚ ਮਿਰਾਸ ਪ੍ਰਾਪਤ ਕਰਨਗੇ ।

23ਅਜਿਹਾ ਹੋਵੇਗਾ ਕਿ ਜਿਸ ਗੋਤ ਵਿੱਚ ਕੋਈ ਓਪਰਾ ਵੱਸਦਾ ਹੋਵੇਗਾ, ਉਸੇ ਵਿੱਚ ਤੁਸੀਂ ਉਹ ਨੂੰ ਮਿਰਾਸ ਦਿਓਗੇ, ਪ੍ਰਭੂ ਯਹੋਵਾਹ ਦਾ ਵਾਕ ਹੈ ।


  Share Facebook  |  Share Twitter

 <<  Ezekiel 47 >> 


Bible2india.com
© 2010-2025
Help
Dual Panel

Laporan Masalah/Saran