Bible 2 India Mobile
[VER] : [PUNJABI]     [PL]  [PB] 
 <<  Ezekiel 23 >> 

1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

2ਹੇ ਮਨੁੱਖ ਦੇ ਪੁੱਤਰ, ਦੋ ਔਰਤਾਂ ਇੱਕ ਮਾਂ ਦੀਆਂ ਧੀਆਂ ਸਨ ।

3ਉਹਨਾਂ ਨੇ ਮਿਸਰ ਵਿੱਚ ਵਿਭਚਾਰ ਕੀਤਾ । ਉਹ ਆਪਣੀ ਜੁਆਨੀ ਵਿੱਚ ਵਿਭਚਾਰਨਾਂ ਬਣੀਆਂ । ਉੱਥੇ ਉਹਨਾਂ ਦੀਆਂ ਛਾਤੀਆਂ ਪੁੱਟੀਆਂ ਗਈਆਂ ਅਤੇ ਉੱਥੇ ਹੀ ਉਹਨਾਂ ਦੇ ਕੁਆਰਪੁਣੇ ਦੀਆਂ ਦੁੱਧੀਆਂ ਖਿੱਚੀਆਂ ਗਈਆਂ ।

4ਉਹਨਾਂ ਵਿੱਚੋਂ ਵੱਡੀ ਦਾ ਨਾਮ ਆਹਾਲਾਹ ਅਤੇ ਉਹ ਦੀ ਭੈਣ ਦਾ ਨਾਮ ਆਹਾਲੀਬਾਹ ਸੀ । ਉਹ ਮੇਰੀਆਂ ਹੋ ਗਈਆਂ ਅਤੇ ਉਹਨਾਂ ਨੇ ਧੀਆਂ ਪੁੱਤਰ ਜੰਮੇ ਅਤੇ ਉਹਨਾਂ ਦੇ ਨਾਮ ਆਹਾਲਾਹ ਸਾਮਰਿਯਾ ਅਤੇ ਆਹਾਲੀਬਾਹ ਯਰੂਸ਼ਲਮ ਹੈ ।

5ਆਹਾਲਾਹ ਜਦੋਂ ਕਿ ਮੇਰੀ ਸੀ ਵਿਭਚਾਰ ਕਰਨ ਲੱਗੀ ਅਤੇ ਉਹ ਆਪਣੇ ਗੁਆਂਢੀ ਯਾਰਾਂ ਅਰਥਾਤ ਅੱਸ਼ੂਰੀਆਂ ਤੇ ਮੋਹਤ ਹੋ ਗਈ ।

6ਉਹ ਸੂਬੇਦਾਰ, ਸ਼ਰੀਫ ਅਤੇ ਸਾਰੇ ਦੇ ਸਾਰੇ ਚੁਣਵੇਂ ਸੁਨੱਖੇ ਗੱਭਰੂ ਸਨ, ਜੋ ਘੋੜਿਆਂ ਤੇ ਸਵਾਰ ਹੁੰਦੇ ਅਤੇ ਬੈਂਗਣੀ ਕੱਪੜੇ ਪਹਿਨਦੇ ਸਨ ।

7ਉਸ ਨੇ ਉਹਨਾਂ ਸਾਰਿਆਂ ਦੇ ਨਾਲ ਜਿਹੜੇ ਅੱਸ਼ੂਰੀਆਂ ਦੇ ਚੁਣਵੇਂ ਜੁਆਨ ਸਨ, ਵਿਭਚਾਰ ਕੀਤਾ ਅਤੇ ਜਿਹਨਾਂ ਉੱਤੇ ਉਹ ਮੋਹਤ ਸੀ ਉਹਨਾਂ ਦੀਆਂ ਮੂਰਤੀਆਂ ਦੇ ਨਾਲ ਉਹ ਭ੍ਰਿਸ਼ਟ ਹੋਈ ।

8ਉਸ ਨੇ ਜੋ ਵਿਭਚਾਰ ਮਿਸਰ ਵਿੱਚ ਕੀਤਾ ਸੀ, ਉਹ ਨੂੰ ਨਾ ਛੱਡਿਆ ਕਿਉਂ ਜੋ ਉਹ ਉਸ ਦੀ ਜੁਆਨੀ ਸਮੇਂ ਉਸ ਨਾਲ ਲੇਟੇ ਅਤੇ ਉਹਨਾਂ ਨੇ ਉਹ ਦੇ ਕੁਆਰਪੁਣੇ ਦੀਆਂ ਦੁੱਧੀਆਂ ਨੂੰ ਖਿੱਚਿਆ ਅਤੇ ਆਪਣਾ ਵਿਭਚਾਰ ਉਹ ਦੇ ਉੱਤੇ ਪਾ ਦਿੱਤਾ ।

9ਇਸ ਲਈ ਮੈਂ ਉਹ ਨੂੰ ਉਸ ਦੇ ਯਾਰਾਂ ਦੇ ਹੱਥ ਵਿੱਚ ਅਰਥਾਤ ਅੱਸ਼ੂਰੀਆਂ ਦੇ ਹੱਥ ਵਿੱਚ ਸੌਂਪ ਦਿੱਤਾ, ਜਿਹਨਾਂ ਉੱਤੇ ਉਹ ਮੋਹਤ ਸੀ ।

10ਉਹਨਾਂ ਨੇ ਉਹ ਨੂੰ ਬੇ-ਪੜਦਾ ਕੀਤਾ ਅਤੇ ਉਸ ਦੇ ਧੀਆਂ ਪੁੱਤਰਾਂ ਨੂੰ ਖੋਹ ਲਿਆ ਅਤੇ ਉਹਨਾਂ ਨੇ ਉਹ ਨੂੰ ਤਲਵਾਰ ਨਾਲ ਵੱਢ ਦਿੱਤਾ, ਸੋ ਉਹ ਸਾਰੀਆਂ ਔਰਤਾਂ ਵਿੱਚ ਪ੍ਰਸਿੱਧ ਹੋ ਗਈ, ਕਿਉਂ ਜੋ ਉਹਨਾਂ ਉਹ ਦੇ ਉੱਤੇ ਸਜ਼ਾ ਲਿਆਈ ।

11ਉਸ ਦੀ ਭੈਣ ਆਹਾਲੀਬਾਹ ਨੇ ਇਹ ਵੇਖਿਆ, ਪਰ ਉਹ ਇਸ਼ਕ ਵਿੱਚ ਅਤੇ ਵਿਭਚਾਰ ਵਿੱਚ, ਆਪਣੀ ਉਸ ਭੈਣ ਤੋਂ ਭੈੜੀ ਨਿੱਕਲੀ ।

12ਉਹ ਅੱਸ਼ੂਰੀਆਂ ਤੇ ਮੋਹਤ ਹੋਈ ਜਿਹੜੇ ਸੂਬੇਦਾਰ ਅਤੇ ਸ਼ਰੀਫ ਗੁਆਂਢੀ ਸਨ, ਜਿਹੜੇ ਸੁੰਦਰ ਕੱਪੜੇ ਪਹਿਨਦੇ ਅਤੇ ਘੋੜਿਆਂ ਤੇ ਸਵਾਰ ਹੁੰਦੇ ਅਤੇ ਸਾਰਿਆਂ ਦੇ ਸਾਰੇ ਚੁਣਵੇਂ ਗੱਭਰੂ ਸਨ ।

13ਮੈਂ ਵੇਖਿਆ ਕਿ ਉਹ ਵੀ ਭ੍ਰਿਸ਼ਟ ਹੋ ਗਈ, ਉਹਨਾਂ ਦੋਵਾਂ ਦਾ ਇੱਕੋ ਹੀ ਮਾਰਗ ਸੀ ।

14ਉਹ ਵਿਭਚਾਰ ਵਿੱਚ ਵੱਧ ਗਈ, ਨਾਲੇ ਉਹ ਨੇ ਕੰਧ ਉੱਤੇ ਮਨੁੱਖਾਂ ਦੀਆਂ ਮੂਰਤਾਂ ਅਰਥਾਤ ਕਸਦੀਆਂ ਦੀਆਂ ਮੂਰਤਾਂ ਵੇਖੀਆਂ ਜਿਹੜੀਆਂ ਸ਼ਿੰਗਰਫ ਨਾਲ ਖਿੱਚੀਆਂ ਹੋਈਆਂ ਸਨ ।

15ਜਿਹਨਾਂ ਨੇ ਪਟਕਿਆਂ ਨਾਲ ਕਮਰਾਂ ਬੰਨ੍ਹੀਆਂ ਸਨ ਅਤੇ ਸਿਰਾਂ ਉੱਤੇ ਰੰਗਦਾਰ ਲੜਾਂ ਵਾਲੀਆਂ ਪੱਗਾਂ ਸਨ ਅਤੇ ਸਾਰੇ ਦੇ ਸਾਰੇ ਵੇਖਣ ਵਿੱਚ ਬਾਬਲੀਆਂ ਦੇ ਕਪਤਾਨਾਂ ਵਰਗੇ ਸਨ, ਜਿਹਨਾਂ ਦੀ ਜਨਮ ਭੂਮੀ ਕਸਦੀਮ ਹੈ ।

16ਤਾਂ ਵੇਖਦਿਆਂ ਹੀ ਉਹ ਉਹਨਾਂ ਉੱਤੇ ਮੋਹਤ ਹੋ ਗਈ ਅਤੇ ਉਹਨਾਂ ਦੇ ਕੋਲ ਕਸਦੀਮ ਵਿੱਚ ਦੂਤ ਭੇਜੇ ।

17ਇਸ ਲਈ ਬਾਬਲ ਵਾਸੀ ਉਹ ਦੇ ਕੋਲ ਆਏ ਅਤੇ ਭੋਗ ਦੀ ਸੇਜ ਤੇ ਲੇਟੇ ਅਤੇ ਉਹਨਾਂ ਨੇ ਵਿਭਚਾਰ ਨਾਲ ਉਹ ਨੂੰ ਭ੍ਰਿਸ਼ਟ ਕੀਤਾ ਅਤੇ ਉਹ ਉਹਨਾਂ ਤੋਂ ਭਿੱਟੀ ਗਈ, ਤਾਂ ਉਹ ਦੀ ਜਾਨ ਨੇ ਉਹਨਾਂ ਤੋਂ ਸੂਗ ਕੀਤੀ ।

18ਜਦ ਉਹ ਦਾ ਵਿਭਚਾਰ ਖੁੱਲ੍ਹ ਗਿਆ ਅਤੇ ਉਹ ਦਾ ਨੰਗੇਜ਼ ਖੁੱਲ੍ਹ ਗਿਆ ਤਾਂ ਮੇਰੀ ਜਾਨ ਨੇ ਉਸ ਤੋਂ ਸੂਗ ਕੀਤੀ, ਜਿਵੇਂ ਉਸ ਦੀ ਭੈਣ ਤੋਂ ਮੇਰੀ ਜਾਨ ਨੇ ਸੂਗ ਕੀਤੀ ਸੀ ।

19ਫਿਰ ਵੀ ਉਸ ਨੇ ਆਪਣੇ ਵਿਭਚਾਰ ਨੂੰ ਵਧਾਇਆ, ਆਪਣੀ ਜੁਆਨੀ ਦੇ ਦਿਨਾਂ ਨੂੰ ਚੇਤੇ ਕਰ ਕੇ, ਜਿਵੇਂ ਉਸ ਨੇ ਮਿਸਰ ਦੇਸ ਵਿੱਚ ਵਿਭਚਾਰ ਕੀਤਾ ਸੀ ।

20ਉਹ ਫੇਰ ਆਪਣੇ ਯਾਰਾਂ ਉੱਤੇ ਮੋਹਤ ਹੋਣ ਲੱਗੀ, ਜਿਹਨਾਂ ਦਾ ਅੰਗ ਖੋਤਿਆਂ ਵਰਗਾ ਅਤੇ ਜਿਹਨਾਂ ਦਾ ਵਰ੍ਹਾਓ ਘੋੜਿਆਂ ਦਾ ਵਰ੍ਹਾਓ ਹੈ ।

21ਇਸ ਤਰ੍ਹਾਂ ਤੂੰ ਆਪਣੀ ਜੁਆਨੀ ਦੇ ਲੁੱਚਪੁਣੇ ਨੂੰ ਜਦੋਂ ਕਿ ਮਿਸਰੀ ਤੇਰੀਆਂ ਜੁਆਨ ਦੁੱਧੀਆਂ ਨੂੰ ਖਿੱਚਦੇ ਅਤੇ ਤੇਰੀਆਂ ਛਾਤੀਆਂ ਨੂੰ ਮਲਦੇ ਸਨ, ਫੇਰ ਲੋਚਣ ਲੱਗੀ ।

22ਇਸ ਲਈ ਹੇ ਆਹਾਲੀਬਾਹ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਤੇਰੇ ਉਹਨਾਂ ਯਾਰਾਂ ਨੂੰ ਜਿਹਨਾਂ ਤੋਂ ਤੇਰੀ ਜਾਨ ਤੰਗ ਆ ਗਈ ਹੈ, ਤੇਰੇ ਵਿਰੁੱਧ ਉਠਾਵਾਂਗਾ ਅਤੇ ਉਹਨਾਂ ਨੂੰ ਤੇਰੇ ਵਿਰੁੱਧ ਚਾਰੇ ਪਾਸਿਓਂ ਲੈ ਆਵਾਂਗਾ ।

23ਬਾਬਲ ਵਾਸੀਆਂ ਅਤੇ ਸਾਰੇ ਕਸਦੀਆਂ ਨੂੰ ਫਿਦੋਕ, ਸ਼ੋਆ, ਕੋਅ ਅਤੇ ਉਹਨਾਂ ਦੇ ਨਾਲ ਸਾਰੇ ਅੱਸ਼ੂਰੀਆਂ ਨੂੰ, ਸਾਰੇ ਦੇ ਸਾਰੇ ਚੁਣਵੇਂ ਸੁੰਦਰ ਗੱਭਰੂਆਂ ਨੂੰ, ਸੂਬੇਦਾਰਾਂ, ਸ਼ਰੀਫਾਂ ਨੂੰ ਅਤੇ ਸਾਰੇ ਕਪਤਾਨਾਂ ਨੂੰ ਅਤੇ ਪ੍ਰਸਿੱਧ ਲੋਕਾਂ ਨੂੰ, ਜੋ ਸਾਰੇ ਦੇ ਸਾਰੇ ਘੋੜਿਆਂ ਤੇ ਸਵਾਰ ਹੁੰਦੇ ਹਨ

24ਅਤੇ ਉਹ ਜੰਗੀ ਸ਼ਸ਼ਤ੍ਰਾਂ, ਰਥਾਂ, ਛਕੜਿਆਂ ਅਤੇ ਲੋਕਾਂ ਦੀ ਸਭਾ ਨਾਲ ਤੇਰੇ ਉੱਤੇ ਚੜ੍ਹਾਈ ਕਰਨਗੇ ਅਤੇ ਢਾਲ਼, ਸੀਨਾ ਬੰਦ ਅਤੇ ਲੋਹੇ ਦਾ ਟੋਪ ਪਾ ਕੇ ਚਾਰੇ ਪਾਸਿਓਂ ਤੈਨੂੰ ਘੇਰ ਲੈਣਗੇ । ਮੈਂ ਨਿਆਂ ਉਹਨਾਂ ਨੂੰ ਸੌਂਪਾਂਗਾ ਅਤੇ ਉਹ ਆਪਣੇ ਨਿਆਂ ਅਨੁਸਾਰ ਤੇਰਾ ਨਿਆਂ ਕਰਨਗੇ ।

25ਮੈਂ ਆਪਣੀ ਅਣਖ ਨੂੰ ਤੇਰੇ ਵਿਰੁੱਧ ਦਿਆਂਗਾ ਅਤੇ ਉਹ ਕ੍ਰੋਧਵਾਨ ਹੋ ਕੇ ਤੇਰੇ ਨਾਲ ਵਰਤਣਗੇ । ਤੇਰਾ ਨੱਕ ਅਤੇ ਤੇਰਾ ਕੰਨ ਵੱਢ ਸੁੱਟਣਗੇ, ਅਤੇ ਤੇਰੇ ਰਹਿੰਦੇ ਲੋਕ ਤਲਵਾਰ ਨਾਲ ਵੱਢੇ ਜਾਣਗੇ । ਉਹ ਤੇਰੇ ਪੁੱਤਰਾਂ ਧੀਆਂ ਨੂੰ ਲੈ ਜਾਣਗੇ ਅਤੇ ਤੇਰੇ ਬਚਿਆਂ ਹੋਇਆਂ ਨੂੰ ਅੱਗ ਭੱਖ ਲਵੇਗੀ ।

26ਉਹ ਤੇਰੇ ਕੱਪੜੇ ਲਾਹ ਲੈਣਗੇ ਅਤੇ ਤੇਰੇ ਸੁੰਦਰ ਗਹਿਣੇ ਲੁੱਟ ਲੈ ਜਾਣਗੇ ।

27ਇਸ ਲਈ ਮੈਂ ਤੇਰੇ ਲੁੱਚਪੁਣੇ ਅਤੇ ਤੇਰੇ ਵਿਭਚਾਰ ਨੂੰ ਜੋ ਤੂੰ ਮਿਸਰ ਵਿੱਚੋਂ ਲਿਆਈ, ਮੁਕਾ ਦਿਆਂਗਾ, ਤਾਂ ਜੋ ਤੂੰ ਮੁੜ ਕੇ ਉਹਨਾਂ ਵੱਲ ਆਪਣੀ ਅੱਖ ਨਾ ਚੁੱਕੇਂਗੀ, ਨਾ ਫੇਰ ਮਿਸਰ ਨੂੰ ਚੇਤੇ ਕਰੇਂਗੀ ।

28ਕਿਉਂ ਜੋ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਤੈਨੂੰ ਉਹਨਾਂ ਦੇ ਹੀ ਹੱਥ ਵਿੱਚ ਜਿਹਨਾਂ ਤੋਂ ਤੈਨੂੰ ਘਿਰਣਾ ਹੈ, ਹਾਂ, ਉਹਨਾਂ ਦੇ ਹੀ ਹੱਥਾਂ ਵਿੱਚ ਜਿਹਨਾਂ ਤੋਂ ਤੇਰੀ ਜਾਨ ਨੇ ਸੂਗ ਕੀਤੀ, ਦਿਆਂਗਾ ।

29ਉਹ ਤੇਰੇ ਨਾਲ ਘਿਰਣਾ ਦਾ ਵਰਤਾਓ ਕਰਨਗੇ ਅਤੇ ਤੇਰੀ ਸਾਰੀ ਮਿਹਨਤ ਜੋ ਤੂੰ ਇਕੱਠੀ ਕੀਤੀ ਹੈ, ਲੈ ਜਾਣਗੇ ਅਤੇ ਤੈਨੂੰ ਨੰਗਾ ਧੜੰਗਾ ਛੱਡ ਜਾਣਗੇ, ਇੱਥੋਂ ਤੱਕ ਕਿ ਤੇਰੇ ਵਿਭਚਾਰ ਦਾ ਨੰਗੇਜ਼ ਖੁੱਲ੍ਹ ਜਾਵੇਗਾ ਅਤੇ ਤੇਰਾ ਲੁੱਚਪੁਣਾ ਤੇ ਤੇਰੀ ਵਿਭਚਾਰੀ ਵੀ ।

30ਇਹ ਸਾਰੀਆਂ ਗੱਲਾਂ ਤੇਰੇ ਨਾਲ ਇਸ ਲਈ ਹੋਣਗੀਆਂ ਕਿ ਤੂੰ ਵਿਭਚਾਰ ਲਈ ਦੂਜੀਆਂ ਕੌਮਾਂ ਦੇ ਮਗਰ ਪਈ ਅਤੇ ਉਹਨਾਂ ਦੀਆਂ ਮੂਰਤਾਂ ਨਾਲ ਆਪਣੇ ਆਪ ਨੂੰ ਭ੍ਰਿਸ਼ਟ ਕੀਤਾ ।

31ਤੂੰ ਆਪਣੀ ਭੈਣ ਦੇ ਰਾਹ ਤੇ ਚਲੀ, ਇਸ ਲਈ ਮੈਂ ਉਹ ਦਾ ਕਟੋਰਾ ਤੇਰੇ ਹੱਥ ਵਿੱਚ ਦਿਆਂਗਾ ।

32ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੂੰ ਆਪਣੀ ਭੈਣ ਦੇ ਕਟੋਰੇ ਵਿੱਚੋਂ ਜੋ ਡੂੰਘਾ ਅਤੇ ਚੌੜਾ ਹੈ ਪੀਵੇਂਗੀ, ਲੋਕ ਤੇਰੇ ਉੱਤੇ ਹੱਸਣਗੇ ਅਤੇ ਤੈਨੂੰ ਠੱਠੇ ਕਰਨਗੇ, ਕਿਉਂ ਜੋ ਉਸ ਕਟੋਰੇ ਵਿੱਚ ਪੀਣ ਲਈ ਹੈ ।

33ਤੂੰ ਮਸਤੀ ਤੇ ਸੋਗ ਨਾਲ ਭਰ ਜਾਵੇਂਗੀ, ਹੈਰਾਨੀ ਅਤੇ ਉਜਾੜ ਦਾ ਕਟੋਰਾ ਹੈ ।

34ਤੂੰ ਉਹ ਨੂੰ ਪੀਵੇਂਗੀ ਅਤੇ ਉਹ ਨੂੰ ਨਿਚੋੜੇਂਗੀ, ਉਹ ਦੀਆਂ ਠੀਕਰੀਆਂ ਵੀ ਚਬਾ ਜਾਵੇਂਗੀ ਅਤੇ ਆਪਣੀਆਂ ਛਾਤੀਆਂ ਪੁਟੇਂਗੀ । ਕਿਉਂ ਜੋ ਮੈਂ ਹੀ ਇਹ ਆਖਿਆ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ ।

35ਸੋ ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੂੰ ਮੈਨੂੰ ਭੁੱਲ ਗਈ ਅਤੇ ਮੈਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ, ਇਸ ਲਈ ਤੂੰ ਆਪਣੇ ਲੁੱਚਪੁਣੇ ਨੂੰ ਅਤੇ ਆਪਣੇ ਵਿਭਚਾਰ ਨੂੰ ਚੁੱਕ ।

36ਫੇਰ ਯਹੋਵਾਹ ਨੇ ਮੈਨੂੰ ਫ਼ਰਮਾਇਆ, ਹੇ ਮਨੁੱਖ ਦੇ ਪੁੱਤਰ, ਕੀ ਤੂੰ ਆਹਾਲਾਹ ਅਤੇ ਆਹਾਲੀਬਾਹ ਦਾ ਨਿਆਂ ਕਰੇਂਗਾ ? ਤੂੰ ਉਹਨਾਂ ਦੇ ਘਿਣਾਉਣੇ ਕੰਮ ਉਹਨਾਂ ਨੂੰ ਦੱਸ ।

37ਕਿਉਂ ਜੋ ਉਹਨਾਂ ਨੇ ਵਿਭਚਾਰ ਕੀਤਾ ਅਤੇ ਉਹਨਾਂ ਦੇ ਹੱਥ ਲਹੂ ਨਾਲ ਭਰੇ ਹਨ । ਹਾਂ, ਉਹਨਾਂ ਨੇ ਆਪਣੀਆਂ ਮੂਰਤੀਆਂ ਨਾਲ ਵਿਭਚਾਰ ਕੀਤਾ ਅਤੇ ਆਪਣੇ ਪੁੱਤਰਾਂ ਨੂੰ ਜੋ ਮੇਰੇ ਤੋਂ ਜੰਮੇ ਅੱਗ ਵਿੱਚੋਂ ਲੰਘਾਇਆ ਕਿ ਮੂਰਤੀਆਂ ਲਈ ਉਹ ਖਾਣਾ ਹੋਣ !

38ਇਸ ਤੋਂ ਬਿਨ੍ਹਾਂ ਉਹਨਾਂ ਨੇ ਮੇਰੇ ਨਾਲ ਇਹ ਕੀਤਾ ਕਿ ਉਸੇ ਦਿਨ ਉਹਨਾਂ ਨੇ ਮੇਰੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕੀਤਾ ਅਤੇ ਮੇਰੇ ਸਬਤਾਂ ਨੂੰ ਪਲੀਤ ਕੀਤਾ ।

39ਕਿਉਂ ਜੋ ਜਦ ਉਹ ਆਪਣੇ ਪੁੱਤਰਾਂ ਨੂੰ ਆਪਣੀਆਂ ਮੂਰਤੀਆਂ ਦੇ ਲਈ ਵੱਢ ਚੁੱਕੇ, ਤਾਂ ਉਸੇ ਦਿਨ ਮੇਰੇ ਪਵਿੱਤਰ ਸਥਾਨ ਵਿੱਚ ਆ ਵੜੇ, ਤਾਂ ਜੋ ਉਹ ਨੂੰ ਪਲੀਤ ਕਰਨ ਅਤੇ ਵੇਖ, ਉਹਨਾਂ ਨੇ ਮੇਰੇ ਭਵਨ ਵਿੱਚ ਅਜਿਹਾ ਕੰਮ ਕੀਤਾ !

40ਸਗੋਂ ਉਹਨਾਂ ਨੇ ਦੂਰ ਤੋਂ ਮਨੁੱਖ ਸੱਦੇ, ਜਿਹਨਾਂ ਦੇ ਕੋਲ ਦੂਤ ਭੇਜਿਆ ਅਤੇ ਵੇਖ, ਉਹ ਆਏ ਜਿਹਨਾਂ ਦੇ ਲਈ ਤੂੰ ਨ੍ਹਾਤੀ ਧੋਤੀ, ਅੱਖਾਂ ਵਿੱਚ ਕੱਜਲ ਪਾਇਆ ਅਤੇ ਗਹਿਣਿਆਂ ਨਾਲ ਆਪਣੇ ਆਪ ਨੂੰ ਸ਼ਿੰਗਾਰਿਆ ।

41ਤੂੰ ਸਜਾਏ ਹੋਏ ਪਲੰਘ ਤੇ ਬੈਠੀ ਅਤੇ ਉਹ ਦੇ ਅੱਗੇ ਮੇਜ਼ ਤਿਆਰ ਕੀਤੀ ਅਤੇ ਉਸ ਉੱਤੇ ਤੂੰ ਮੇਰਾ ਧੂਫ਼ ਅਤੇ ਤੇਲ ਰੱਖਿਆ ।

42ਇੱਕ ਗਾਫਲਾਂ ਦੀ ਭੀੜ ਦੀ ਅਵਾਜ਼ ਉਹ ਦੇ ਨਾਲ ਸੀ, ਆਮ ਮਨੁੱਖਾਂ ਤੋਂ ਬਿਨਾਂ ਜੰਗਲ ਵਿੱਚੋਂ ਸ਼ਰਾਬੀ ਆਦਮੀਆਂ ਨੂੰ ਲਿਆਏ ਅਤੇ ਉਹਨਾਂ ਨੇ ਉਹਨਾਂ ਦੇ ਹੱਥ ਵਿੱਚ ਕੜੇ ਅਤੇ ਸਿਰਾਂ ਉੱਤੇ ਸੁੰਦਰ ਤਾਜ ਪਹਿਨਾਏ ।

43ਤਦ ਮੈਂ ਉਹ ਦੇ ਬਾਰੇ ਜੋ ਵਿਭਚਾਰ ਕਰਦੇ ਕਰਦੇ ਬੁੱਢੀ ਹੋ ਗਈ ਸੀ ਆਖਿਆ, ਹੁਣ ਇਹ ਲੋਕ ਉਹ ਦੇ ਨਾਲ ਵਿਭਚਾਰ ਕਰਨਗੇ ਤੇ ਉਹ ਇਹਨਾਂ ਦੇ ਨਾਲ ।

44ਉਹ ਉਹ ਦੇ ਕੋਲ ਇਸ ਤਰ੍ਹਾਂ ਗਏ ਜਿਵੇਂ ਕੋਈ ਮਨੁੱਖ ਕਿਸੇ ਵਿਭਚਾਰਨ ਔਰਤ ਕੋਲ ਜਾਂਦਾ ਹੈ । ਓਵੇਂ ਹੀ ਉਹ ਆਹਾਲਾਹ ਅਤੇ ਆਹਾਲੀਬਾਹ ਲੁੱਚੜ ਔਰਤਾਂ ਦੇ ਕੋਲ ਗਏ ।

45ਪਰ ਧਰਮੀ ਮਨੁੱਖ ਉਹਨਾਂ ਦਾ ਨਿਆਂ ਕਰਨਗੇ, ਜਿਹੜਾ ਵਿਭਚਾਰਨਾਂ ਅਤੇ ਲਹੂ ਵਹਾਉਣ ਵਾਲੀਆਂ ਔਰਤਾਂ ਲਈ ਦਿੱਤਾ ਜਾਂਦਾ ਹੈ, ਕਿਉਂ ਜੋ ਉਹ ਵਿਭਚਾਰਨੀਆਂ ਹਨ ਅਤੇ ਉਹਨਾਂ ਦੇ ਹੱਥ ਲਹੂ ਨਾਲ ਭਰੇ ਹਨ ।

46ਕਿਉਂ ਜੋ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਉਹਨਾਂ ਉੱਤੇ ਇੱਕ ਦਲ ਚੜ੍ਹਾ ਲਿਆਵਾਂਗਾ ਅਤੇ ਉਹਨਾਂ ਨੂੰ ਹੌਲ ਅਤੇ ਲੁੱਟ ਜ਼ਰੂਰ ਬਣਾਵਾਂਗਾ

47ਅਤੇ ਉਹ ਦਲ ਉਹਨਾਂ ਨੂੰ ਪੱਥਰਾਂ ਨਾਲ ਮਾਰ ਦੇਵੇਗਾ ਅਤੇ ਆਪਣੀਆਂ ਤਲਵਾਰਾਂ ਨਾਲ ਉਹਨਾਂ ਨੂੰ ਵੱਢੇਗਾ, ਉਹਨਾਂ ਦੇ ਪੁੱਤਰਾਂ ਧੀਆਂ ਨੂੰ ਮਾਰ ਦੇਵੇਗਾ ਅਤੇ ਉਹਨਾਂ ਦੇ ਘਰਾਂ ਨੂੰ ਅੱਗ ਨਾਲ ਫੂਕ ਸੁੱਟੇਗਾ ।

48ਇਸ ਤਰ੍ਹਾਂ ਮੈਂ ਦੇਸ ਵਿੱਚੋਂ ਲੁੱਚਪੁਣੇ ਨੂੰ ਮੁਕਾਵਾਂਗਾ, ਤਾਂ ਜੋ ਸਾਰੀਆਂ ਔਰਤਾਂ ਸਿੱਖਿਆ ਪ੍ਰਾਪਤ ਕਰਨ ਅਤੇ ਤੁਹਾਡੇ ਵਾਂਗੂੰ ਲੁੱਚਪੁਣਾ ਨਾ ਕਰਨ

49ਅਤੇ ਉਹ ਤੁਹਾਡੇ ਲੁੱਚਪੁਣੇ ਦਾ ਬਦਲਾ ਤੁਹਾਨੂੰ ਦੇਣਗੇ ਅਤੇ ਤੁਸੀਂ ਆਪਣੀਆਂ ਮੂਰਤੀਆਂ ਦੇ ਪਾਪਾਂ ਦੀ ਸਜ਼ਾ ਭੋਗੋ ਗੀਆਂ, ਤਾਂ ਜੋ ਤੁਸੀਂ ਜਾਣੋ ਕਿ ਪ੍ਰਭੂ ਯਹੋਵਾਹ ਮੈਂ ਹੀ ਹਾਂ !


  Share Facebook  |  Share Twitter

 <<  Ezekiel 23 >> 


Bible2india.com
© 2010-2025
Help
Dual Panel

Laporan Masalah/Saran