Bible 2 India Mobile
[VER] : [PUNJABI]     [PL]  [PB] 
 <<  Ezekiel 22 >> 

1ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

2ਹੇ ਮਨੁੱਖ ਦੇ ਪੁੱਤਰ, ਕੀ ਤੂੰ ਨਿਆਂ ਕਰੇਂਗਾ ? ਕੀ ਤੂੰ ਇਸ ਖੂਨੀ ਸ਼ਹਿਰ ਦਾ ਨਿਆਂ ਕਰੇਂਗਾ ? ਤੂੰ ਇਸ ਦੇ ਸਾਰੇ ਘਿਣਾਉਣੇ ਕੰਮ ਉਸ ਉੱਤੇ ਪਰਗਟ ਕਰ ।

3ਤੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਇੱਕ ਸ਼ਹਿਰ ਜਿਹ ਦੇ ਅੰਦਰ ਖੂਨ ਵਹਾਏ ਜਾਂਦੇ ਹਨ, ਤਾਂ ਜੋ ਉਹ ਦਾ ਅੰਤ ਆ ਜਾਵੇ ਅਤੇ ਜੋ ਆਪਣੇ ਆਪ ਨੂੰ ਭ੍ਰਿਸ਼ਟ ਕਰਨ ਲਈ ਆਪਣੇ ਲਈ ਮੂਰਤੀਆਂ ਬਣਾਉਂਦਾ ਹੈ !

4ਤੂੰ ਉਸ ਲਹੂ ਦੇ ਕਾਰਨ ਜਿਹੜਾ ਤੂੰ ਵਹਾਇਆ ਦੋਸ਼ੀ ਹੋ ਗਿਆ ਅਤੇ ਤੂੰ ਉਹਨਾਂ ਮੂਰਤੀਆਂ ਕਰਕੇ ਜਿਹਨਾਂ ਨੂੰ ਤੂੰ ਬਣਾਇਆ, ਭ੍ਰਿਸ਼ਟ ਹੋਇਆ, ਤੂੰ ਆਪਣੇ ਦਿਨਾਂ ਨੂੰ ਨੇੜੇ ਲਿਆਇਆ ਹੈਂ ਅਤੇ ਆਪਣੇ ਸਾਲਾਂ ਨੂੰ ਵੀ, ਇਸ ਲਈ ਮੈਂ ਤੈਨੂੰ ਕੌਮਾਂ ਲਈ ਨਮੋਸ਼ੀ ਦਾ ਨਿਸ਼ਾਨਾ ਅਤੇ ਸਾਰਿਆਂ ਦੇਸਾਂ ਦਾ ਠੱਠਾ ਬਣਾਇਆ ਹੈ ।

5ਤੇਰੇ ਵਿੱਚੋਂ ਨੇੜੇ ਦੇ ਅਤੇ ਦੂਰ ਦੇ ਤੈਨੂੰ ਠੱਠਾ ਕਰਨਗੇ, ਕਿਉਂ ਜੋ ਤੂੰ ਨਾਮ ਵਿੱਚ ਭ੍ਰਿਸ਼ਟ ਅਤੇ ਬਹੁਤਾ ਫਸਾਦੀ ਹੈਂ ।

6ਵੇਖ, ਇਸਰਾਏਲ ਦੇ ਪ੍ਰਧਾਨ ਤੇਰੇ ਵਿੱਚ ਹਰ ਇੱਕ ਆਪਣੇ ਬਲ ਅਨੁਸਾਰ ਖੂਨ ਵਹਾਉਣ ਦਾ ਕਾਰਨ ਸਨ ।

7ਤੇਰੇ ਵਿੱਚ ਉਹਨਾਂ ਨੇ ਮਾਤਾ-ਪਿਤਾ ਨੂੰ ਤੁੱਛ ਜਾਣਿਆ, ਤੇਰੇ ਵਿੱਚ ਉਹਨਾਂ ਨੇ ਪਰਦੇਸੀਆਂ ਨਾਲ ਜਬਰਦਸਤੀ ਕੀਤੀ, ਤੇਰੇ ਵਿੱਚ ਉਹਨਾਂ ਨੇ ਯਤੀਮਾਂ ਅਤੇ ਵਿਧਵਾਵਾਂ ਉੱਤੇ ਜ਼ੁਲਮ ਕੀਤਾ ।

8ਤੂੰ ਮੇਰੀਆਂ ਪਵਿੱਤਰ ਵਸਤੂਆਂ ਨੂੰ ਨੀਚ ਜਾਣਿਆ ਅਤੇ ਮੇਰੇ ਸਬਤਾਂ ਨੂੰ ਭ੍ਰਿਸ਼ਟ ਕੀਤਾ ।

9ਤੇਰੇ ਵਿੱਚ ਚੁਗਲ ਖੋਰ ਮਨੁੱਖ ਖੂਨ ਵਹਾਉਂਦੇ ਹਨ, ਤੇਰੇ ਵਿੱਚ ਪਹਾੜਾਂ ਤੇ ਖਾਣ ਵਾਲੇ ਹਨ ਅਤੇ ਤੇਰੇ ਵਿੱਚ ਲੁੱਚਪੁਣਾ ਕਰਨ ਵਾਲੇ ਵੀ ਹਨ ।

10ਤੇਰੇ ਵਿੱਚ ਆਪਣੇ ਪਿਤਾ ਨੂੰ ਬੇ-ਪੜਦਾ ਕਰਨ ਵਾਲੇ ਵੀ ਹਨ, ਤੇਰੇ ਵਿੱਚ ਮਾਸਿਕ ਧਰਮ ਵਾਲੀ ਔਰਤ ਨਾਲ ਭੋਗ ਕਰਨ ਵਾਲੇ ਵੀ ਹਨ ।

11ਕਿਸੇ ਨੇ ਆਪਣੇ ਗੁਆਂਢੀ ਦੀ ਔਰਤ ਨਾਲ ਘਿਣਾਉਣਾ ਕੰਮ ਕੀਤਾ, ਅਤੇ ਕਿਸੇ ਨੇ ਆਪਣੀ ਨੂੰਹ ਨੂੰ ਬਦਕਾਰੀ ਨਾਲ ਭ੍ਰਿਸ਼ਟ ਕੀਤਾ ਅਤੇ ਕਿਸੇ ਨੇ ਆਪਣੀ ਭੈਣ ਅਥਵਾ ਆਪਣੇ ਪਿਉ ਦੀ ਧੀ ਨੂੰ ਤੇਰੇ ਵਿੱਚ ਭਰਿਸ਼ਟ ਕੀਤਾ ।

12ਤੇਰੇ ਵਿੱਚ ਉਹਨਾਂ ਨੇ ਰਿਸ਼ਵਤ ਲੈਕੇ ਖੂਨ ਕੀਤੇ, ਤੁਸੀਂ ਵਿਆਜ ਤੇ ਵਾਧਾ ਲਿਆ ਅਤੇ ਅੱਤਿਆਚਾਰ ਕਰ ਕੇ ਆਪਣੇ ਗੁਆਂਢੀ ਨੂੰ ਲੁੱਟਿਆ ਅਤੇ ਮੈਨੂੰ ਭੁਲਾ ਦਿੱਤਾ, ਪ੍ਰਭੂ ਯਹੋਵਾਹ ਦਾ ਵਾਕ ਹੈ ।

13ਵੇਖੋ, ਮੈਂ ਤੁਹਾਡੇ ਅਯੋਗ ਲਾਭ ਦੇ ਕਾਰਨ ਜੋ ਤੁਸੀਂ ਲਿਆ ਅਤੇ ਤੁਹਾਡੇ ਖੂਨ ਖਰਾਬੇ ਦੇ ਕਾਰਨ ਜੋ ਤੁਹਾਡੇ ਵਿੱਚ ਹੋਇਆ ਹੱਥ ਤੇ ਹੱਥ ਮਾਰਿਆ ।

14ਕੀ ਤੁਹਾਡਾ ਦਿਲ ਕਾਇਮ ਰਹੇਗਾ ਅਤੇ ਤੁਹਾਡੇ ਹੱਥਾਂ ਵਿੱਚ ਬਲ ਹੋਵੇਗਾ, ਜਿਨਾਂ ਦਿਨਾਂ ਵਿੱਚ ਮੈਂ ਤੇਰਾ ਨਿਆਂ ਕਰਾਂਗਾ ? ਮੈਂ ਯਹੋਵਾਹ ਨੇ ਆਖਿਆ ਅਤੇ ਮੈਂ ਹੀ ਕਰਾਂਗਾ,

15ਹਾਂ ਮੈਂ ਤੁਹਾਨੂੰ ਕੌਮਾਂ ਵਿੱਚ ਖ਼ੱਜਲ ਖੁਆਰ ਕਰ ਕੇ ਦੂਜੇ ਦੇਸਾਂ ਵਿੱਚ ਫਿਰਾਵਾਂਗਾ ਅਤੇ ਤੁਹਾਡੀ ਪਲੀਤੀ ਤੁਹਾਡੇ ਵਿੱਚੋਂ ਕੱਢ ਦਿਆਂਗਾ ।

16ਤੂੰ ਕੌਮਾਂ ਦੀ ਨਿਗਾਹ ਵਿੱਚ ਆਪਣੇ ਆਪ ਨੂੰ ਪਲੀਤ ਸਮਝੇਂਗੀ ਅਤੇ ਜਾਣੇਗੀ ਕਿ ਮੈਂ ਯਹੋਵਾਹ ਹਾਂ !

17ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

18ਹੇ ਮਨੁੱਖ ਦੇ ਪੁੱਤਰ, ਇਸਰਾਏਲ ਦਾ ਘਰਾਣਾ ਮੇਰੇ ਲਈ ਮੈਲ਼ ਹੋ ਗਿਆ ਹੈ, ਉਹ ਸਾਰੇ ਦਾ ਸਾਰਾ ਪਿੱਤਲ, ਟੀਨ, ਲੋਹਾ ਅਤੇ ਸਿੱਕਾ ਹੈ, ਜੋ ਭੱਠੀ ਵਿੱਚ ਹਨ । ਉਹ ਚਾਂਦੀ ਦੀ ਮੈਲ਼ ਹਨ ।

19ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੁਸੀਂ ਸਾਰੇ ਮੈਲ਼ ਬਣ ਗਏ ਹੋ, ਇਸ ਲਈ ਵੇਖੋ, ਮੈਂ ਤੁਹਾਨੂੰ ਯਰੂਸ਼ਲਮ ਵਿੱਚ ਇਕੱਠਾ ਕਰਾਂਗਾ ।

20ਜਿਵੇਂ ਉਹ ਚਾਂਦੀ, ਪਿੱਤਲ, ਲੋਹਾ, ਸਿੱਕਾ ਅਤੇ ਟੀਨ ਭੱਠੀ ਵਿੱਚ ਇਕੱਠਾ ਪਾਉਂਦੇ ਹਨ ਅਤੇ ਉਹਨਾਂ ਨੂੰ ਅੱਗ ਨਾਲ ਤਾਉਂਦੇ ਹਨ, ਤਾਂ ਜੋ ਉਹਨਾਂ ਨੂੰ ਪਿਘਲਾ ਦੇਣ, ਓਵੇਂ ਹੀ ਮੈਂ ਆਪਣੇ ਕਹਿਰ ਅਤੇ ਕ੍ਰੋਧ ਵਿੱਚ ਤੁਹਾਨੂੰ ਇਕੱਠਾ ਕਰਾਂਗਾ ਅਤੇ ਤੁਹਾਨੂੰ ਉੱਥੇ ਰੱਖ ਕੇ ਪਿਘਲਾਵਾਂਗਾ ।

21ਹਾਂ, ਮੈਂ ਤੁਹਾਨੂੰ ਇਕੱਠਾ ਕਰਾਂਗਾ ਅਤੇ ਆਪਣੇ ਕਹਿਰ ਦੀ ਅੱਗ ਵਿੱਚ ਤੁਹਾਨੂੰ ਤਪਾਵਾਂਗਾ ਅਤੇ ਤੁਸੀਂ ਉਸ ਵਿੱਚ ਪਿਘਲੋਗੇ ।

22ਜਿਵੇਂ ਚਾਂਦੀ ਭੱਠੀ ਵਿੱਚ ਪਿਘਲਾਈ ਜਾਂਦੀ ਹੈ, ਓਵੇਂ ਤੁਸੀਂ ਉਸ ਵਿੱਚ ਪਿਘਲਾਏ ਜਾਓਗੇ, ਤਾਂ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਨੇ ਆਪਣਾ ਕਹਿਰ ਤੁਹਾਡੇ ਉੱਤੇ ਪਾਇਆ ਹੈ ।

23ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

24ਹੇ ਮਨੁੱਖ ਦੇ ਪੁੱਤਰ, ਉਹ ਨੂੰ ਆਖ, ਤੂੰ ਉਹ ਧਰਤੀ ਹੈਂ, ਜਿਹੜੀ ਸ਼ੁੱਧ ਨਹੀਂ ਕੀਤੀ ਗਈ ਅਤੇ ਜਿਹ ਉੱਤੇ ਕ੍ਰੋਧ ਦੇ ਦਿਨ ਵਿੱਚ ਵਰਖਾ ਨਹੀਂ ਹੋਈ ?

25ਉਹ ਦੇ ਵਿੱਚ ਉਹ ਦੇ ਨਬੀਆਂ ਨੇ ਸਲਾਹ ਕੀਤੀ, ਗੱਜਣ ਵਾਲੇ ਬੱਬਰ ਸ਼ੇਰ ਵਾਂਗੂੰ ਸ਼ਿਕਾਰ ਨੂੰ ਪਾੜਦਿਆਂ ਉਹ ਜੀਆਂ ਨੂੰ ਖਾ ਗਏ ਹਨ, ਉਹ ਖਜ਼ਾਨੇ ਅਤੇ ਵੱਡ ਮੁੱਲੀਆਂ ਵਸਤੂਆਂ ਨੂੰ ਖੋਹ ਲੈਂਦੇ ਹਨ, ਉਹਨਾਂ ਨੇ ਉਸ ਵਿੱਚ ਢੇਰ ਵਿਧਵਾ ਬਣਾ ਦਿੱਤੀਆਂ ਹਨ ।

26ਉਹ ਦੇ ਜਾਜਕਾਂ ਨੇ ਮੇਰੀ ਬਿਵਸਥਾ ਨੂੰ ਤੋੜਿਆ ਅਤੇ ਮੇਰੀਆਂ ਪਵਿੱਤਰ ਵਸਤੂਆਂ ਨੂੰ ਪਲੀਤ ਕੀਤਾ ਹੈ, ਉਹਨਾਂ ਨੇ ਪਵਿੱਤਰ ਅਤੇ ਅਪਵਿੱਤਰ ਵਿੱਚ ਕੁੱਝ ਭੇਦ ਨਹੀਂ ਰੱਖਿਆ ਅਤੇ ਅਸ਼ੁੱਧ ਤੇ ਸ਼ੁੱਧ ਵਿੱਚ ਫਰਕ ਨਹੀਂ ਜਾਣਿਆ ਅਤੇ ਮੇਰੇ ਸਬਤਾਂ ਤੋਂ ਉਹਨਾਂ ਨੇ ਅੱਖਾਂ ਫੇਰ ਲਈਆਂ, ਇਸ ਲਈ ਮੈਂ ਉਹਨਾਂ ਵਿੱਚ ਪਲੀਤ ਹੋਇਆ ।

27ਉਹ ਦੇ ਹਾਕਮ ਉਹ ਦੇ ਵਿੱਚ ਸ਼ਿਕਾਰ ਨੂੰ ਪਾੜਨ ਵਾਲੇ ਬਘਿਆੜ ਵਾਂਗੂੰ ਹਨ, ਜੋ ਬੇਈਮਾਨੀ ਦੇ ਲਾਭ ਦੇ ਲਈ ਲਹੂ ਵਹਾਉਂਦੇ ਅਤੇ ਪ੍ਰਾਣਾਂ ਨੂੰ ਨਾਸ਼ ਕਰਦੇ ਹਨ ।

28ਉਹ ਦੇ ਨਬੀ ਉਹਨਾਂ ਦੇ ਲਈ ਕੱਚੀ ਕਲੀ ਕਰਦੇ ਹਨ, ਝੂਠੇ ਦਰਸ਼ਣ ਵੇਖਦੇ ਅਤੇ ਝੂਠੇ ਉਪਾਅ ਕੱਢਦੇ ਹਨ ਅਤੇ ਆਖਦੇ ਹਨ ਕਿ ਪ੍ਰਭੂ ਯਹੋਵਾਹ ਨੇ ਇਹ ਆਖਿਆ ਹੈ, ਜਦੋਂ ਕਿ ਯਹੋਵਾਹ ਨੇ ਨਹੀਂ ਆਖਿਆ ।

29ਇਸ ਦੇਸ ਦੇ ਲੋਕਾਂ ਨੇ ਅੱਤਿਆਚਾਰ ਅਤੇ ਲੁੱਟਮਾਰ ਕੀਤੀ ਹੈ ਅਤੇ ਮਸਕੀਨਾਂ ਤੇ ਕੰਗਾਲਾਂ ਨੂੰ ਦੁੱਖ ਦਿੱਤਾ ਹੈ ਅਤੇ ਪਰਦੇਸੀਆਂ ਉੱਤੇ ਨਾਹੱਕ ਜ਼ਬਰਦਸਤੀ ਕੀਤੀ ਹੈ ।

30ਮੈਂ ਉਹਨਾਂ ਵਿੱਚ ਭਾਲ ਕੀਤੀ ਹੈ ਕਿ ਕੋਈ ਅਜਿਹਾ ਮਨੁੱਖ ਲੱਭੇ ਜੋ ਕੰਧ ਬਣਾਵੇ ਅਤੇ ਉਸ ਧਰਤੀ ਦੇ ਲਈ ਉਸ ਦੇ ਝਰਨੇ ਵਿੱਚ ਮੇਰੇ ਅੱਗੇ ਖਲੋਵੇ, ਤਾਂ ਜੋ ਮੈਂ ਉਹ ਨੂੰ ਨਾ ਉਜਾੜਾਂ, ਪਰ ਕੋਈ ਨਾ ਲੱਭਿਆ ।

31ਇਸ ਲਈ ਮੈਂ ਆਪਣਾ ਕਹਿਰ ਉਹਨਾਂ ਉੱਤੇ ਵਹਾਇਆ ਅਤੇ ਆਪਣੇ ਕ੍ਰੋਧ ਦੀ ਅੱਗ ਨਾਲ ਉਹਨਾਂ ਨੂੰ ਮੁਕਾ ਦਿੱਤਾ ਅਤੇ ਮੈਂ ਉਹਨਾਂ ਦੀ ਕਰਨੀ ਨੂੰ ਉਹਨਾਂ ਦੇ ਸਿਰ ਉੱਤੇ ਪਾ ਦਿੱਤਾ, ਪ੍ਰਭੂ ਯਹੋਵਾਹ ਦਾ ਵਾਕ ਹੈ ।


  Share Facebook  |  Share Twitter

 <<  Ezekiel 22 >> 


Bible2india.com
© 2010-2025
Help
Dual Panel

Laporan Masalah/Saran