Bible 2 India Mobile
[VER] : [PUNJABI]     [PL]  [PB] 
 <<  Ezekiel 21 >> 

1ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

2ਹੇ ਮਨੁੱਖ ਦੇ ਪੁੱਤਰ, ਯਰੂਸ਼ਲਮ ਵੱਲ ਆਪਣਾ ਮੂੰਹ ਕਰ ਅਤੇ ਪਵਿੱਤਰ ਸਥਾਨਾਂ ਦੇ ਵਿਰੁੱਧ ਬੋਲ ਅਤੇ ਇਸਰਾਏਲ ਦੀ ਭੂਮੀ ਦੇ ਵਿਰੁੱਧ ਭਵਿੱਖਬਾਣੀ ਕਰ ।

3ਇਸਰਾਏਲ ਦੀ ਭੂਮੀ ਨੂੰ ਆਖ, ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਤੇਰਾ ਵਿਰੋਧੀ ਹਾਂ ਅਤੇ ਆਪਣੀ ਤਲਵਾਰ ਮਿਆਨ ਵਿੱਚੋਂ ਕੱਢ ਲਵਾਂਗਾ ਅਤੇ ਤੇਰੇ ਧਰਮੀ ਤੇ ਦੁਸ਼ਟ ਨੂੰ ਤੇਰੇ ਵਿੱਚੋਂ ਕੱਢ ਸੁੱਟਾਂਗਾ ।

4ਕਿਉਂ ਜੋ ਮੈਂ ਤੇਰੇ ਵਿੱਚੋਂ ਧਰਮੀ ਅਤੇ ਦੁਸ਼ਟ ਨੂੰ ਵੱਢ ਸੁੱਟਾਂਗਾ, ਇਸ ਲਈ ਮੇਰੀ ਤਲਵਾਰ ਆਪਣੇ ਮਿਆਨ ਵਿੱਚੋਂ ਨਿੱਕਲ ਕੇ ਦੱਖਣ ਤੋਂ ਉੱਤਰ ਤੱਕ ਸਾਰੇ ਪ੍ਰਾਣੀਆਂ ਉੱਤੇ ਚੱਲੇਗੀ ।

5ਸਾਰੇ ਪ੍ਰਾਣੀ ਜਾਣਨਗੇ ਕਿ ਮੈਂ ਯਹੋਵਾਹ ਨੇ ਆਪਣੀ ਤਲਵਾਰ ਮਿਆਨ ਵਿੱਚੋਂ ਖਿੱਚੀ ਹੈ, ਉਹ ਮੁੜ ਉਸ ਵਿੱਚ ਨਾ ਜਾਵੇਗੀ ।

6ਹੇ ਮਨੁੱਖ ਦੇ ਪੁੱਤਰ, ਤੂੰ ਆਪਣਾ ਲੱਕ ਟੁੱਟ ਜਾਣ ਕਰਕੇ ਹੌਕੇ ਭਰ ਅਤੇ ਕੁੜੱਤਣ ਵਿੱਚ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਠੰਡੇ ਸਾਹ ਲੈ ।

7ਇਹ ਹੋਵੇਗਾ ਕਿ ਜਦੋਂ ਉਹ ਤੈਨੂੰ ਆਖਣ ਕਿ ਤੂੰ ਕਿਉਂ ਹਾਏ, ਹਾਏ ਕਰਦਾ ਹੈਂ ? ਤਾਂ ਤੂੰ ਆਖੀਂ ਕਿ ਉਸ ਅਫ਼ਵਾਹ ਦੇ ਆਉਣ ਦੇ ਕਾਰਨ ਕਿ ਹਰ ਇੱਕ ਦਿਲ ਪੰਘਰ ਜਾਵੇਗਾ, ਸਾਰੇ ਹੱਥ ਨਿਰਬਲ ਹੋ ਜਾਣਗੇ, ਹਰ ਇੱਕ ਆਤਮਾ ਕਮਜ਼ੋਰ ਹੋ ਜਾਵੇਗਾ ਅਤੇ ਸਾਰੇ ਗੋਡੇ ਪਾਣੀ ਵਰਗੇ ਢਿੱਲੇ ਹੋ ਜਾਣਗੇ । ਵੇਖੋ, ਪ੍ਰਭੂ ਯਹੋਵਾਹ ਦਾ ਵਾਕ ਹੈ, ਇਹ ਆਉਂਦਾ ਹੈ ਅਤੇ ਹੋ ਜਾਵੇਗਾ ।

8ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

9ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਤੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਆਖ, ਤਲਵਾਰ ਸਗੋਂ ਤੇਜ਼ ਅਤੇ ਲਿਸ਼ਕਾਈ ਹੋਈ ਤਲਵਾਰ ਹੈ !

10ਇਹ ਇਸ ਲਈ ਤਿੱਖੀ ਕੀਤੀ ਗਈ ਹੈ ਤਾਂ ਜੋ ਉਹ ਦੇ ਨਾਲ ਵੱਢਿਆ ਜਾਵੇ । ਉਹ ਲਿਸ਼ਕਾਈ ਗਈ ਹੈ, ਤਾਂ ਜੋ ਉਹ ਬਿਜਲੀ ਵਾਂਗੂੰ ਲਿਸ਼ਕੇ । ਫੇਰ ਕੀ ਅਸੀਂ ਖੁਸ਼ ਹੋ ਸਕਦੇ ਹਾਂ ? ਮੇਰੇ ਪੁੱਤਰਾਂ ਦਾ ਆੱਸਾ ਸਾਰਿਆਂ ਰੁੱਖਾਂ ਨੂੰ ਤੁੱਛ ਸਮਝਦਾ ਹੈ ।

11ਉਹ ਨੇ ਉਸ ਨੂੰ ਲਿਸ਼ਕਾਉਣ ਲਈ ਦਿੱਤਾ ਹੈ, ਤਾਂ ਜੋ ਹੱਥ ਵਿੱਚ ਫੜੀ ਜਾਵੇ । ਉਹ ਤਿੱਖੀ ਕੀਤੀ ਗਈ ਅਤੇ ਲਿਸ਼ਕਾਈ ਗਈ, ਤਾਂ ਜੋ ਉਹ ਵੱਢਣ ਵਾਲੇ ਦੇ ਹੱਥ ਵਿੱਚ ਦਿੱਤੀ ਜਾਵੇ ।

12ਹੇ ਮਨੁੱਖ ਦੇ ਪੁੱਤਰ, ਤੂੰ ਦੁਹਾਈ ਦੇ ਅਤੇ ਧਾਹਾਂ ਮਾਰ, ਕਿਉਂ ਜੋ ਉਹ ਮੇਰੀ ਪਰਜਾ ਵਿੱਚ ਚੱਲੇਗੀ । ਉਹ ਇਸਰਾਏਲ ਦੇ ਸਾਰੇ ਪ੍ਰਧਾਨਾਂ ਤੇ ਚੱਲੇਗੀ । ਉਹ ਮੇਰੀ ਪਰਜਾ ਸਮੇਤ ਤਲਵਾਰ ਦੇ ਹਵਾਲੇ ਕੀਤੇ ਗਏ ਹਨ, ਇਸ ਲਈ ਤੂੰ ਆਪਣੇ ਪੱਟ ਤੇ ਹੱਥ ਮਾਰ,

13ਕਿਉਂਕਿ ਪਰਤਾਵਾ ਹੋ ਗਿਆ ਅਤੇ ਕੀ ਹੋਵੇਗਾ ਜੇ ਆੱਸਾ ਤੁੱਛ ਜਾਣੇ ਅਤੇ ਫੇਰ ਨਾ ਹੋਵੇ ? ਪ੍ਰਭੂ ਯਹੋਵਾਹ ਦਾ ਵਾਕ ਹੈ ।

14ਹੇ ਮਨੁੱਖ ਦੇ ਪੁੱਤਰ, ਤੂੰ ਭਵਿੱਖਬਾਣੀ ਕਰ, ਤਾੜੀ ਵਜਾ ਅਤੇ ਤਲਵਾਰ ਦਾ ਬਲ ਤੀਜੀ ਵਾਰ ਦੁੱਗਣਾ ਹੋ ਜਾਵੇ, ਵੱਢਿਆਂ ਹੋਇਆਂ ਦੀ ਤਲਵਾਰ ! ਇਹ ਤਲਵਾਰ ਹੈ ਜਿਸ ਤੋਂ ਕੋਠੜੀਆਂ ਵਿੱਚ ਵੀ ਕੋਈ ਨਹੀਂ ਬਚ ਸਕਦਾ ਹੈ, ਜਿਹੜੀ ਉਹਨਾਂ ਨੂੰ ਘੇਰਦੀ ਹੈ ।

15ਮੈਂ ਇਹ ਤਲਵਾਰ ਉਹਨਾਂ ਦੇ ਸਾਰੇ ਫਾਟਕਾਂ ਦੇ ਵਿਰੁੱਧ ਦਿਲ ਪਿਘਲਾਉਣ ਲਈ ਅਤੇ ਠੋਕਰ ਦੇਣ ਲਈ ਰੱਖੀ । ਹਾਏ ਲਿਸ਼ਕਾਈ ਹੋਈ ਤਲਵਾਰ ! ਇਹ ਚਮਕਣ ਲਈ ਬਣਾਈ ਗਈ ਹੈ, ਇਹ ਵੱਢਣ ਲਈ ਤਿੱਖੀ ਕੀਤੀ ਗਈ ਹੈ !

16ਆਪਣੇ ਬਲ ਨੂੰ ਇਕੱਠਾ ਕਰ ਕੇ ਸੱਜੇ ਪਾਸੇ ਜਾ ਅਤੇ ਤਿਆਰ ਹੋ ਕੇ ਖੱਬੇ ਪਾਸੇ ਜਾ, ਜਿੱਧਰ ਤੇਰਾ ਮੂੰਹ ਹੋਵੇ ।

17ਮੈਂ ਵੀ ਤਾੜੀ ਵਜਾਵਾਂਗਾ ਅਤੇ ਆਪਣੇ ਕਹਿਰ ਨੂੰ ਠੰਡਾ ਕਰਾਂਗਾ, ਮੈਂ ਯਹੋਵਾਹ ਨੇ ਇਹ ਆਖਿਆ ਹੈ ।

18ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

19ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਲਈ ਦੋ ਰਾਹ ਬਣਾ ਜਿਹਨਾਂ ਵਿੱਚੋਂ ਦੀ ਬਾਬਲ ਦੇ ਰਾਜੇ ਦੀ ਤਲਵਾਰ ਆਵੇ । ਇੱਕ ਹੀ ਦੇਸ ਵਿੱਚੋਂ ਇਹ ਦੋਨੋਂ ਨਿੱਕਲਣਗੇ । ਇੱਕ ਨਿਸ਼ਾਨ ਬਣਾ । ਸ਼ਹਿਰ ਦੇ ਰਾਹ ਦੇ ਸਿਰੇ ਤੇ ਬਣਾ ।

20ਇੱਕ ਰਾਹ ਕੱਢ ਜਿਸ ਵਿੱਚੋਂ ਤਲਵਾਰ ਅੰਮੋਨੀਆਂ ਦੇ ਰੱਬਾਹ ਉੱਤੇ ਅਤੇ ਯਹੂਦਾਹ ਦੇ ਗੜ੍ਹ ਵਾਲੇ ਯਰੂਸ਼ਲਮ ਉੱਤੇ ਵੀ ਆਵੇ ।

21ਕਿਉਂ ਜੋ ਬਾਬਲ ਦਾ ਰਾਜਾ ਦੋ ਰਾਹੇ ਉੱਤੇ ਉਪਾਅ ਪੁੱਛਣ ਲਈ ਖਲੋਤਾ ਹੈ ਅਤੇ ਤੀਰਾਂ ਨੂੰ ਹਿਲਾ ਕੇ ਤਰਾਫੀਮ ਤੋਂ ਪੁੱਛਦਾ ਅਤੇ ਕਾਲਜੇ ਨੂੰ ਵਿੰਨ੍ਹਦਾ ਹੈ ।

22ਉਹ ਦੇ ਸੱਜੇ ਹੱਥ ਯਰੂਸ਼ਲਮ ਦਾ ਉਪਾਅ ਪੈਂਦਾ ਹੈ ਕਿ ਕਿਲਾ ਤੋੜ ਯੰਤਰਾਂ ਨੂੰ ਲਾਵੇ ਅਤੇ ਕੱਟਣ ਵੱਢਣ ਲਈ ਮੂੰਹ ਖੋਲ੍ਹੇ, ਜੈਕਾਰੇ ਦੀ ਅਵਾਜ਼ ਉਠਾਵੇ ਅਤੇ ਫਾਟਕਾਂ ਉੱਤੇ ਕਿਲਾ ਤੋੜ ਅਵਾਜ਼ ਨੂੰ ਲਾਵੇ ਅਤੇ ਘੇਰਾ ਬੰਨ੍ਹੇ ਅਤੇ ਬੁਰਜ ਬਣਾਵੇ ।

23ਪਰ ਉਹਨਾਂ ਦੀ ਨਜ਼ਰ ਵਿੱਚ ਇਹ ਝੂਠੇ ਉਪਾਅ ਵਾਂਗੂੰ ਹੋਵੇਗਾ, ਅਰਥਾਤ ਉਹਨਾਂ ਲਈ ਜਿਹਨਾਂ ਨੇ ਸਹੁੰ ਖਾਧੀ ਸੀ, ਪਰ ਉਹ ਬਦੀ ਨੂੰ ਚੇਤੇ ਕਰੇਗਾ ਤਾਂ ਜੋ ਉਹ ਫੜੇ ਜਾਣ ।

24ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਕਿਉਂ ਜੋ ਤੁਸੀਂ ਆਪਣੀ ਬਦੀ ਨੂੰ ਚੇਤੇ ਕਰਾਇਆ ਅਤੇ ਤੁਹਾਡੇ ਅਪਰਾਧ ਪਰਗਟ ਹੋਏ, ਇੱਥੋਂ ਤੱਕ ਕਿ ਤੁਹਾਡੇ ਸਾਰੇ ਕੰਮਾਂ ਵਿੱਚ ਤੁਹਾਡੇ ਪਾਪ ਦਿਸਦੇ ਹਨ । ਤੁਸੀਂ ਧਿਆਨ ਵਿੱਚ ਆ ਗਏ ਹੋ, ਇਸ ਲਈ ਤੁਸੀਂ ਹੱਥ ਵਿੱਚ ਫੜੇ ਜਾਓਗੇ ।

25ਹੇ ਇਸਰਾਏਲ ਦੇ ਦੁਸ਼ਟ ਫੱਟੜ ਪ੍ਰਧਾਨ, ਤੇਰਾ ਦਿਨ ਆ ਗਿਆ ਹੈ ! ਇਹ ਬਦੀ ਦਾ ਅੰਤ ਸਮਾਂ ਹੈ !

26ਪ੍ਰਭੂ ਯਹੋਵਾਹ ਇਹ ਆਖਦਾ ਹੈ, ਅਮਾਮਾ ਉਤਾਰ ਅਤੇ ਤਾਜ ਲਾਹ ਦੇ । ਇਹ ਇਸ ਤਰ੍ਹਾਂ ਨਹੀਂ ਰਹੇਗਾ । ਨੀਵੇਂ ਨੂੰ ਉੱਚਾ ਕਰ ਅਤੇ ਉੱਚੇ ਨੂੰ ਨੀਵਾਂ ਕਰ ।

27ਬਰਬਾਦੀ, ਬਰਬਾਦੀ, ਮੈਂ ਹੀ ਉਹ ਨੂੰ ਬਰਬਾਦੀ ਬਣਾਵਾਂਗਾ ! ਪਰ ਇਹ ਵੀ ਨਹੀਂ ਰਹੇਗਾ, ਜਦ ਤੱਕ ਉਹ ਆਵੇਗਾ ਜਿਸ ਦਾ ਹੱਕ ਹੈ, ਤਾਂ ਮੈਂ ਉਹ ਨੂੰ ਦਿਆਂਗਾ ।

28ਹੇ ਮਨੁੱਖ ਦੇ ਪੁੱਤਰ, ਤੂੰ ਭਵਿੱਖਬਾਣੀ ਕਰਕੇ ਆਖ ਕਿ ਪ੍ਰਭੂ ਯਹੋਵਾਹ ਅੰਮੋਨੀਆਂ ਲਈ ਅਤੇ ਉਹਨਾਂ ਦੇ ਤਾਨੇ ਮਿਹਣਿਆਂ ਦੇ ਬਾਰੇ ਇਹ ਆਖਦਾ ਹੈ, ਤੂੰ ਆਖ, ਇੱਕ ਤਲਵਾਰ ! ਸਗੋਂ ਖਿੱਚੀ ਹੋਈ ਤਲਵਾਰ ! ਵੱਢਣ ਲਈ ਉਹ ਡਾਢੀ ਚਮਕਾਈ ਗਈ, ਤਾਂ ਜੋ ਉਹ ਬਿਜਲੀ ਵਾਂਗੂੰ ਹੋਵੇ ।

29ਜਦੋਂ ਕਿ ਉਹ ਤੇਰੇ ਲਈ ਝੂਠੇ ਦਰਸ਼ਣ ਵੇਖਦੇ ਹਨ ਅਤੇ ਝੂਠੇ ਉਪਾਅ ਕੱਢਦੇ ਹਨ ਕਿ ਤੈਨੂੰ ਉਹਨਾਂ ਵੱਢਿਆਂ ਹੋਇਆਂ ਦੁਸ਼ਟਾਂ ਦੀਆਂ ਧੌਣਾਂ ਉੱਤੇ ਸੁੱਟ ਦੇਣ, ਜਿਹਨਾਂ ਦਾ ਦਿਨ ਬਦੀ ਦੇ ਅੰਤ ਸਮੇਂ ਵਿੱਚ ਆ ਗਿਆ ਹੈ ।

30ਉਹ ਨੂੰ ਮਿਆਨ ਵਿੱਚ ਪਾ । ਮੈਂ ਤੇਰੇ ਜਨਮ ਸਥਾਨ ਅਤੇ ਤੇਰੀ ਜਨਮ ਭੂਮੀ ਵਿੱਚ ਤੇਰਾ ਨਿਆਂ ਕਰਾਂਗਾ ।

31ਮੈਂ ਆਪਣਾ ਕਹਿਰ ਤੇਰੇ ਤੇ ਪਾਵਾਂਗਾ ਅਤੇ ਆਪਣੇ ਕ੍ਰੋਧ ਦੀ ਅੱਗ ਤੇਰੇ ਉੱਤੇ ਭੜਕਾਵਾਂਗਾ ਅਤੇ ਤੈਨੂੰ ਪਸ਼ੂ ਸੁਭਾਅ ਮਨੁੱਖਾਂ ਨੂੰ ਸੌਪਾਂਗਾ, ਜਿਹੜੇ ਨਾਸ਼ ਕਰਨ ਵਿੱਚ ਹੁਸ਼ਿਆਰ ਹਨ ।

32ਤੂੰ ਅੱਗ ਲਈ ਬਾਲਣ ਹੋਵੇਂਗਾ ਅਤੇ ਤੇਰਾ ਲਹੂ ਦੇਸ ਵਿੱਚ ਵਗੇਗਾ, ਫੇਰ ਤੂੰ ਚੇਤੇ ਵੀ ਨਾ ਕੀਤਾ ਜਾਵੇਂਗਾ ਕਿਉਂ ਜੋ ਮੈਂ ਯਹੋਵਾਹ ਨੇ ਇਹ ਆਖਿਆ ਹੈ ।


  Share Facebook  |  Share Twitter

 <<  Ezekiel 21 >> 


Bible2india.com
© 2010-2025
Help
Dual Panel

Laporan Masalah/Saran