Bible 2 India Mobile
[VER] : [PUNJABI]     [PL]  [PB] 
 <<  Ezekiel 18 >> 

1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

2ਤੁਸੀਂ ਇਸਰਾਏਲ ਦੀ ਭੂਮੀ ਦੇ ਵਿਰੁੱਧ ਕਿਉਂ ਇਹ ਕਹਾਵਤ ਆਖਦੇ ਹੋ ਕਿ ਪਿਤਾਵਾਂ ਨੇ ਖੱਟੇ ਅੰਗੂਰ ਖਾਧੇ ਅਤੇ ਬੱਚਿਆਂ ਦੇ ਦੰਦ ਦੁੱਖਣ ਲੱਗ ਪਏ ?

3ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਤੁਸੀਂ ਫੇਰ ਇਸਰਾਏਲ ਵਿੱਚ ਇਹ ਕਹਾਵਤ ਨਹੀਂ ਆਖੋਗੇ ।

4ਵੇਖੋ, ਸਾਰੀਆਂ ਜਾਨਾਂ ਮੇਰੀਆਂ ਹਨ । ਜਿਹੀ ਪਿਉ ਦੀ ਜਾਨ, ਵੈਸੀ ਹੀ ਪੁੱਤਰ ਦੀ ਜਾਨ ਵੀ ਮੇਰੀ ਹੈ । ਜਿਹੜੀ ਜਾਨ ਪਾਪ ਕਰਦੀ ਹੈ, ਉਹੀ ਮਰੇਗੀ ।

5ਪਰ ਜਿਹੜਾ ਮਨੁੱਖ ਧਰਮੀ ਹੈ ਅਤੇ ਉਹ ਦੇ ਕੰਮ ਨਿਆਂ ਅਤੇ ਧਰਮ ਦੇ ਹਨ ।

6ਜਿਸ ਨੇ ਪਹਾੜਾਂ ਉੱਤੇ ਨਹੀਂ ਖਾਧਾ, ਨਾ ਇਸਰਾਏਲ ਦੇ ਘਰਾਣੇ ਦੀਆਂ ਮੂਰਤੀਆਂ ਵੱਲ ਅੱਖ ਚੁੱਕੀ, ਨਾ ਆਪਣੇ ਗੁਆਂਢੀ ਦੀ ਪਤਨੀ ਨੂੰ ਭ੍ਰਿਸ਼ਟ ਕੀਤਾ, ਨਾ ਮਾਸਿਕ ਧਰਮ ਵਾਲੀ ਔਰਤ ਦੇ ਨੇੜੇ ਗਿਆ,

7ਨਾ ਕਿਸੇ ਨੂੰ ਦੁੱਖੀ ਕੀਤਾ, ਕਰਜ਼ਾਈ ਦੀ ਗਿਰਵੀ ਰੱਖੀ ਹੋਈ ਚੀਜ਼ ਮੋੜ ਦਿੱਤੀ ਅਤੇ ਜਬਰ ਕਰ ਕੇ ਕੁੱਝ ਖੋਹ ਨਹੀਂ ਲਿਆ ਪਰ ਭੁੱਖਿਆਂ ਨੂੰ ਆਪਣੀ ਰੋਟੀ ਖੁਆਈ ਅਤੇ ਨੰਗਿਆਂ ਨੂੰ ਕੱਪੜੇ ਪਵਾਏ ।

8ਵਿਆਜ ਉੱਤੇ ਲੈਣ ਦੇਣ ਨਹੀਂ ਕੀਤਾ, ਨਾ ਵਿਆਜ ਲਿਆ ਅਤੇ ਆਪਣਾ ਹੱਥ ਬਦੀ ਵੱਲ ਮੋੜਿਆ ਅਤੇ ਮਨੁੱਖਾਂ ਵਿੱਚ ਸੱਚਾ ਨਿਆਂ ਕੀਤਾ ।

9ਮੇਰੀਆਂ ਬਿਧੀਆਂ ਉੱਤੇ ਤੁਰਿਆ ਅਤੇ ਮੇਰੇ ਹੁਕਮਾਂ ਦੀ ਪਾਲਣਾ ਕੀਤੀ, ਤਾਂ ਜੋ ਸੱਚਾਈ ਨਾਲ ਕੰਮ ਚਲਾਵੇ, ਉਹ ਧਰਮੀ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ, ਉਹ ਜ਼ਰੂਰ ਜੀਉਂਦਾ ਰਹੇਗਾ ।

10ਪਰ ਜੇਕਰ ਉਸ ਦੇ ਘਰ ਪੁੱਤਰ ਜੰਮੇ ਜਿਹੜਾ ਲੁਟੇਰਾ ਹੋਵੇ, ਖੂਨ ਕਰੇ ਅਤੇ ਇਹਨਾਂ ਕੰਮਾਂ ਵਿੱਚੋਂ ਕੋਈ ਇੱਕ ਕੰਮ ਕਰੇ

11ਅਤੇ ਇਹਨਾਂ ਬਿਧੀਆਂ ਨੂੰ ਪੂਰਾ ਨਾ ਕਰੇ, ਸਗੋਂ ਪਹਾੜਾਂ ਉੱਤੇ ਖਾਵੇ ਅਤੇ ਆਪਣੇ ਗੁਆਂਢੀ ਦੀ ਪਤਨੀ ਨੂੰ ਭ੍ਰਿਸ਼ਟ ਕਰੇ,

12ਦੀਨ ਅਤੇ ਕੰਗਾਲ ਉੱਤੇ ਜ਼ੁਲਮ ਕਰੇ, ਜ਼ੁਲਮ ਕਰ ਕੇ ਲੁੱਟ-ਖੋਹ ਕਰੇ, ਗਿਰਵੀ ਰੱਖੀ ਹੋਈ ਚੀਜ਼ ਮੋੜ ਕੇ ਨਾ ਦੇਵੇ, ਮੂਰਤੀਆਂ ਵੱਲ ਆਪਣੀਆਂ ਅੱਖਾਂ ਚੁੱਕੇ ਅਤੇ ਘਿਣਾਉਣਾ ਕੰਮ ਕਰੇ,

13ਵਿਆਜ ਉੱਤੇ ਲੈਣ ਦੇਣ ਕਰੇ ਅਤੇ ਵਿਆਜ ਲਵੇ, ਤਾਂ ਕੀ ਉਹ ਜੀਉਂਦਾ ਰਹੇਗਾ ? ਉਹ ਕਦੀ ਜੀਉਂਦਾ ਨਹੀਂ ਰਹੇਗਾ, ਉਸ ਨੇ ਇਹ ਸਾਰੇ ਘਿਣਾਉਣੇ ਕੰਮ ਕੀਤੇ, ਉਹ ਜ਼ਰੂਰ ਮਰੇਗਾ, ਉਸ ਦਾ ਖੂਨ ਉਹ ਦੇ ਉੱਤੇ ਹੋਵੇਗਾ ।

14ਵੇਖੋ, ਜੇਕਰ ਉਸ ਦੇ ਘਰ ਅਜਿਹਾ ਪੁੱਤਰ ਜੰਮੇ ਜਿਹੜਾ ਆਪਣੇ ਪਿਉ ਦੇ ਸਾਰੇ ਪਾਪ ਵੇਖੇ, ਜਿਹੜੇ ਉਸ ਕੀਤੇ ਅਤੇ ਭੈ ਖਾ ਕੇ ਉਹ ਜਿਹੇ ਕੰਮ ਨਾ ਕਰੇ

15ਅਤੇ ਪਹਾੜਾਂ ਉੱਤੇ ਨਾ ਖਾਵੇ ਅਤੇ ਇਸਰਾਏਲ ਦੇ ਘਰਾਣੇ ਦੀਆਂ ਮੂਰਤੀਆਂ ਵੱਲ ਆਪਣੀਆਂ ਅੱਖਾਂ ਨਾ ਚੁੱਕੇ, ਆਪਣੇ ਗੁਆਂਢੀ ਦੀ ਪਤਨੀ ਨੂੰ ਭ੍ਰਿਸ਼ਟ ਨਾ ਕਰੇ

16ਅਤੇ ਕਿਸੇ ਉੱਤੇ ਜ਼ੁਲਮ ਨਾ ਕਰੇ, ਕੋਈ ਚੀਜ਼ ਗਿਰਵੀ ਨਾ ਰੱਖੇ, ਜ਼ੁਲਮ ਕਰ ਕੇ ਕੁੱਝ ਖੋਹ ਨਾ ਲਵੇ, ਪਰ ਭੁੱਖੇ ਨੂੰ ਆਪਣੀ ਰੋਟੀ ਖੁਆਵੇ ਅਤੇ ਨੰਗੇ ਨੂੰ ਕੱਪੜੇ ਪਵਾਵੇ,

17ਕੰਗਾਲ ਉੱਤੇ ਦੋਸ਼ ਲਾਉਣ ਤੋਂ ਆਪਣਾ ਹੱਥ ਮੋੜ ਲਵੇ, ਵਿਆਜ ਤੇ ਵਾਧਾ ਨਾ ਲਵੇ, ਪਰ ਮੇਰੇ ਹੁਕਮਾਂ ਨੂੰ ਪੂਰਾ ਕਰੇ ਅਤੇ ਮੇਰੀਆਂ ਬਿਧੀਆਂ ਵਿੱਚ ਤੁਰੇ, ਉਹ ਆਪਣੇ ਪਿਉ ਦੀ ਬਦੀ ਕਾਰਨ ਨਹੀਂ ਮਰੇਗਾ, ਉਹ ਜ਼ਰੂਰ ਜੀਉਂਦਾ ਰਹੇਗਾ ।

18ਪਰ ਉਸ ਦਾ ਪਿਉ ਆਪਣੀ ਬਦੀ ਦੇ ਕਾਰਨ ਮਰੇਗਾ, ਕਿਉਂ ਜੋ ਉਸ ਨੇ ਬੇਤਰਸੀ ਨਾਲ ਜ਼ੁਲਮ ਕੀਤੇ, ਆਪਣੇ ਭਰਾਵਾਂ ਨੂੰ ਜ਼ੁਲਮ ਨਾਲ ਲੁੱਟਿਆ ਅਤੇ ਆਪਣੇ ਲੋਕਾਂ ਦੇ ਵਿਚਕਾਰ ਕੁਕਰਮ ਕੀਤੇ ।

19ਫਿਰ ਵੀ ਤੁਸੀਂ ਆਖਦੇ ਹੋ ਕਿ ਪੁੱਤਰ ਪਿਉ ਦੀ ਬਦੀ ਕਿਉਂ ਨਹੀਂ ਚੁੱਕਦਾ ? ਜਦੋਂ ਪੁੱਤਰ ਨੇ ਨਿਆਂ ਤੇ ਧਰਮ ਕੀਤਾ, ਮੇਰੀਆਂ ਸਾਰੀਆਂ ਬਿਧੀਆਂ ਦੀ ਪਾਲਣਾ ਕੀਤੀ ਅਤੇ ਉਹਨਾਂ ਉੱਤੇ ਅਮਲ ਕੀਤਾ, ਤਾਂ ਉਹ ਜ਼ਰੂਰ ਜੀਉਂਦਾ ਰਹੇਗਾ ।

20ਜਿਹੜੀ ਜਾਨ ਪਾਪ ਕਰਦੀ ਹੈ, ਉਹੀ ਮਰੇਗੀ । ਪੁੱਤਰ ਪਿਉ ਦੀ ਬਦੀ ਨਾ ਚੁੱਕੇਗਾ, ਨਾ ਪਿਉ ਪੁੱਤਰ ਦੀ ਬਦੀ ਚੁੱਕੇਗਾ । ਧਰਮੀ ਦਾ ਧਰਮ ਉਹ ਦੇ ਲਈ ਹੋਵੇਗਾ ਅਤੇ ਦੁਸ਼ਟ ਦੀ ਦੁਸ਼ਟਤਾ ਉਹ ਦੇ ਉੱਤੇ ਹੋਵੇਗੀ ।

21ਪਰ ਜੇਕਰ ਦੁਸ਼ਟ ਆਪਣੇ ਸਾਰੇ ਪਾਪਾਂ ਤੋਂ ਜੋ ਉਸ ਕੀਤੇ ਹਨ ਮੁੜੇ ਅਤੇ ਮੇਰੀਆਂ ਬਿਧੀਆਂ ਦੀ ਪਾਲਣਾ ਕਰੇ ਅਤੇ ਨਿਆਂ ਅਤੇ ਧਰਮ ਉੱਤੇ ਅਮਲ ਕਰੇ, ਤਾਂ ਉਹ ਜ਼ਰੂਰ ਜੀਉਂਦਾ ਰਹੇਗਾ, ਉਹ ਨਾ ਮਰੇਗਾ ।

22ਉਹ ਸਾਰੇ ਅਪਰਾਧ ਜੋ ਉਸ ਨੇ ਕੀਤੇ ਹਨ, ਉਹ ਦੇ ਲਈ ਚੇਤੇ ਨਾ ਕੀਤੇ ਜਾਣਗੇ । ਉਹ ਆਪਣੇ ਧਰਮ ਵਿੱਚ ਜਿਹੜਾ ਉਸ ਕੀਤਾ, ਜੀਉਂਦਾ ਰਹੇਗਾ ।

23ਪ੍ਰਭੂ ਯਹੋਵਾਹ ਦਾ ਵਾਕ ਹੈ, ਕੀ ਮੈਨੂੰ ਦੁਸ਼ਟ ਦੀ ਮੌਤ ਵਿੱਚ ਕੋਈ ਖੁਸ਼ੀ ਹੈ, ਕੀ ਇਸ ਵਿੱਚ ਨਹੀਂ ਕਿ ਉਹ ਆਪਣੇ ਬੁਰੇ ਰਾਹ ਤੋਂ ਮੁੜੇ ਅਤੇ ਜੀਉਂਦਾ ਰਹੇ ?

24ਪਰ ਜਦੋਂ ਧਰਮੀ ਆਪਣੇ ਧਰਮ ਤੋਂ ਮੁੜੇ ਅਤੇ ਬਦੀ ਕਰੇ ਅਤੇ ਉਹ ਸਾਰੇ ਘਿਣਾਉਣੇ ਕੰਮ ਕਰੇ ਜੋ ਦੁਸ਼ਟ ਕਰਦਾ ਹੈ, ਤਾਂ ਕੀ ਉਹ ਜੀਉਂਦਾ ਰਹੇਗਾ ? ਉਸ ਦਾ ਸਾਰਾ ਧਰਮ ਜੋ ਉਸ ਕੀਤਾ ਚੇਤੇ ਨਾ ਕੀਤਾ ਜਾਵੇਗਾ । ਉਹ ਆਪਣੀ ਬੇਈਮਾਨੀ ਅਤੇ ਪਾਪ ਵਿੱਚ ਜੋ ਉਸ ਨੇ ਕੀਤਾ, ਮਰੇਗਾ ।

25ਫਿਰ ਵੀ ਤੁਸੀਂ ਆਖਦੇ ਹੋ ਕਿ ਪ੍ਰਭੂ ਯਹੋਵਾਹ ਦਾ ਮਾਰਗ ਠੀਕ ਨਹੀਂ ਹੈ । ਹੇ ਇਸਰਾਏਲ ਦੇ ਘਰਾਣੇ, ਸੁਣੋ ! ਕੀ ਮੇਰਾ ਮਾਰਗ ਠੀਕ ਨਹੀਂ ਹੈ ? ਕੀ ਇਹ ਨਹੀਂ ਕਿ ਤੁਹਾਡੇ ਮਾਰਗ ਠੀਕ ਨਹੀਂ ਹਨ ?

26ਜਦੋਂ ਧਰਮੀ ਆਪਣੇ ਧਰਮ ਤੋਂ ਮੁੜੇ ਅਤੇ ਬਦੀ ਕਰੇ ਅਤੇ ਉਸ ਵਿੱਚ ਮਰੇ, ਤਾਂ ਉਹ ਆਪਣੀ ਬਦੀ ਵਿੱਚ ਜੋ ਉਸ ਕੀਤੀ ਮਰੇਗਾ ।

27ਜੇਕਰ ਦੁਸ਼ਟ ਆਪਣੀ ਦੁਸ਼ਟਤਾਈ ਤੋਂ ਜਿਹੜੀ ਉਸ ਕੀਤੀ ਹੈ, ਮੁੜੇ ਅਤੇ ਉਹ ਕੰਮ ਕਰੇ ਜੋ ਨਿਆਂ ਅਤੇ ਧਰਮ ਦਾ ਹੈ, ਤਾਂ ਉਹ ਆਪਣੀ ਜਾਨ ਜੀਉਂਦੀ ਰੱਖੇਗਾ ।

28ਇਸ ਲਈ ਕਿ ਉਸ ਨੇ ਸੋਚਿਆ ਅਤੇ ਆਪਣਿਆਂ ਸਾਰਿਆਂ ਅਪਰਾਧਾਂ ਤੋਂ ਜੋ ਉਹ ਕਰਦਾ ਸੀ ਮੁੜਿਆ, ਉਹ ਜ਼ਰੂਰ ਜੀਉਂਦਾ ਰਹੇਗਾ, ਉਹ ਨਾ ਮਰੇਗਾ ।

29ਫਿਰ ਵੀ ਇਸਰਾਏਲ ਦਾ ਘਰਾਣਾ ਆਖਦਾ ਹੈ, ਪ੍ਰਭੂ ਦਾ ਮਾਰਗ ਠੀਕ ਨਹੀਂ । ਹੇ ਇਸਰਾਏਲ ਦੇ ਘਰਾਣੇ, ਕੀ ਮੇਰਾ ਮਾਰਗ ਠੀਕ ਨਹੀਂ ? ਕੀ ਇਹ ਨਹੀਂ ਕਿ ਤੁਹਾਡੇ ਮਾਰਗ ਠੀਕ ਨਹੀਂ ਹਨ ?

30ਇਸ ਲਈ ਪ੍ਰਭੂ ਯਹੋਵਾਹ ਦਾ ਵਾਕ ਹੈ, ਹੇ ਇਸਰਾਏਲ ਦੇ ਘਰਾਣੇ, ਮੈਂ ਹਰ ਇੱਕ ਮਨੁੱਖ ਦਾ ਨਿਆਂ ਉਸ ਦੇ ਚਾਲ ਚੱਲਣ ਦੇ ਅਨੁਸਾਰ ਹੀ ਕਰਾਂਗਾ । ਤੁਸੀਂ ਮੁੜੋ ਅਤੇ ਆਪਣੇ ਸਾਰੇ ਅਪਰਾਧਾਂ ਵੱਲੋਂ ਮੁੜ ਆਓ, ਤਾਂ ਜੋ ਤੁਹਾਡੀ ਬਦੀ ਤੁਹਾਡੇ ਲਈ ਠੋਕਰ ਦਾ ਕਾਰਨ ਨਾ ਹੋਵੇ ।

31ਉਹਨਾਂ ਸਾਰੇ ਅਪਰਾਧਾਂ ਨੂੰ ਜਿਹਨਾਂ ਵਿੱਚ ਤੁਸੀਂ ਅਪਰਾਧੀ ਬਣੇ ਆਪਣੇ ਤੋਂ ਦੂਰ ਕਰੋ ਅਤੇ ਆਪਣੇ ਲਈ ਨਵਾਂ ਦਿਲ ਤੇ ਨਵੀਂ ਆਤਮਾ ਬਣਾਓ । ਹੇ ਇਸਰਾਏਲ ਦੇ ਘਰਾਣੇ, ਤੁਸੀਂ ਕਿਉਂ ਮਰੋਗੇ ?

32ਕਿਉਂ ਜੋ ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਮਰਨ ਵਾਲੇ ਦੀ ਮੌਤ ਤੋਂ ਖ਼ੁਸ਼ੀ ਨਹੀਂ, ਇਸ ਲਈ ਮੁੜੋ ਅਤੇ ਜੀਉਂਦੇ ਰਹੋ ।


  Share Facebook  |  Share Twitter

 <<  Ezekiel 18 >> 


Bible2india.com
© 2010-2025
Help
Dual Panel

Laporan Masalah/Saran