Bible 2 India Mobile
[VER] : [PUNJABI]     [PL]  [PB] 
 <<  Ezekiel 12 >> 

1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਤੇ ਆਖਿਆ ਕਿ

2ਹੇ ਮਨੁੱਖ ਦੇ ਪੁੱਤਰ ਤੂੰ ਇੱਕ ਵਿਦਰੋਹੀ ਘਰਾਣੇ ਦੇ ਵਿੱਚ ਰਹਿੰਦਾ ਹੈਂ, ਜਿਹਨਾਂ ਦੀਆਂ ਅੱਖਾਂ ਹਨ ਕਿ ਉਹ ਵੇਖਣ ਪਰ ਉਹ ਨਹੀਂ ਵੇਖਦੇ ਅਤੇ ਉਹਨਾਂ ਦੇ ਕੰਨ ਹਨ ਕਿ ਉਹ ਸੁਣਨ ਪਰ ਉਹ ਨਹੀਂ ਸੁਣਦੇ, ਕਿਉਂ ਜੋ ਉਹ ਵਿਦਰੋਹੀ ਘਰਾਣਾ ਹੈ ।

3ਇਸ ਲਈ ਤੂੰ ਹੇ ਮਨੁੱਖ ਦੇ ਪੁੱਤਰ, ਦੇਸ ਨਿਕਾਲੇ ਲਈ ਸਮਾਨ ਬੰਨ੍ਹ ਅਤੇ ਦਿਨ ਨੂੰ ਉਹਨਾਂ ਦੇ ਵੇਖਦਿਆਂ ਦੇਸੋਂ ਨਿੱਕਲ ਜਾ । ਤੂੰ ਉਹਨਾਂ ਦੇ ਸਾਹਮਣੇ ਆਪਣੇ ਸਥਾਨ ਤੋਂ ਦੂਜੇ ਸਥਾਨ ਵੱਲ ਦੇਸ ਨਿਕਾਲੇ ਵਾਂਗੂੰ ਨਿੱਕਲ ਜਾ । ਸ਼ਾਇਦ ਉਹ ਵੇਖਣ, ਪਰ ਉਹ ਤਾਂ ਇੱਕ ਵਿਦਰੋਹੀ ਘਰਾਣਾ ਹੈ ।

4ਤੂੰ ਦਿਨ ਨੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਆਪਣਾ ਸਮਾਨ ਬਾਹਰ ਕੱਢ, ਜਿਵੇਂ ਦੇਸ ਨਿਕਾਲੇ ਦਾ ਸਮਾਨ ਅਤੇ ਸ਼ਾਮ ਨੂੰ ਉਹਨਾਂ ਦੇ ਸਾਹਮਣੇ ਉਹਨਾਂ ਵਾਂਗੂੰ ਨਿੱਕਲ ਜਾ, ਜੋ ਗੁਲਾਮੀ ਲਈ ਨਿੱਕਲ ਜਾਂਦੇ ਹਨ ।

5ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਕੰਧ ਵਿੱਚ ਰਾਹ ਬਣਾ ਉਸ ਰਾਹ ਨਿੱਕਲ ਜਾ ।

6ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਤੂੰ ਉਹ ਨੂੰ ਆਪਣੇ ਮੋਢੇ ਤੇ ਚੁੱਕ ਅਤੇ ਹਨ੍ਹੇਰੇ ਵਿੱਚ ਉਹ ਨੂੰ ਕੱਢ ਲੈ ਜਾ । ਤੂੰ ਆਪਣਾ ਚਿਹਰਾ ਢੱਕ ਤਾਂ ਜੋ ਤੂੰ ਦੇਸ ਨੂੰ ਨਾ ਵੇਖ ਸਕੇਂ, ਕਿਉਂ ਜੋ ਮੈਂ ਤੈਨੂੰ ਇਸਰਾਏਲ ਦੇ ਘਰਾਣੇ ਲਈ ਇੱਕ ਨਿਸ਼ਾਨ ਠਹਿਰਾਇਆ ਹੈ ।

7ਇਸ ਲਈ ਜਿਵੇਂ ਮੈਨੂੰ ਹੁਕਮ ਹੋਇਆ ਸੀ, ਮੈਂ ਉਸੇ ਤਰ੍ਹਾਂ ਕੀਤਾ । ਮੈਂ ਦਿਨ ਵੇਲੇ ਆਪਣਾ ਸਮਾਨ ਕੱਢਿਆ ਜਿਵੇਂ ਦੇਸ ਨਿਕਾਲੇ ਲਈ ਕੱਢਦੇ ਹਨ ਅਤੇ ਸ਼ਾਮ ਵੇਲੇ ਆਪਣੇ ਹੱਥ ਨਾਲ ਕੰਧ ਵਿੱਚ ਰਾਹ ਬਣਾਇਆ, ਤਾਂ ਮੈਂ ਹਨ੍ਹੇਰੇ ਵਿੱਚ ਉਹ ਨੂੰ ਕੱਢਿਆ ਅਤੇ ਉਹਨਾਂ ਦੇ ਵੇਖਦਿਆਂ ਹੋਇਆਂ ਮੋਢੇ ਤੇ ਚੁੱਕ ਲਿਆ ।

8ਸਵੇਰ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ,

9ਹੇ ਮਨੁੱਖ ਦੇ ਪੁੱਤਰ, ਕੀ ਇਸਰਾਏਲ ਦੇ ਘਰਾਣੇ ਨੇ ਜੋ ਵਿਦਰੋਹੀ ਘਰਾਣਾ ਹੈ, ਤੇਰੇ ਕੋਲੋਂ ਇਹ ਨਹੀਂ ਪੁੱਛਿਆ ਕਿ ਤੂੰ ਕੀ ਕਰਦਾ ਹੈਂ ?

10ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਹ ਵਾਕ ਯਰੂਸ਼ਲਮ ਦੇ ਸ਼ਹਿਜਾਦੇ ਲਈ ਅਤੇ ਇਸਰਾਏਲ ਦੇ ਸਾਰੇ ਘਰਾਣੇ ਲਈ ਹੈ, ਜੋ ਉਸ ਵਿੱਚ ਰਹਿੰਦੇ ਹਨ ।

11ਉਹਨਾਂ ਨੂੰ ਆਖ ਦੇ ਕਿ ਮੈਂ ਤੁਹਾਡੇ ਲਈ ਇੱਕ ਨਿਸ਼ਾਨ ਹਾਂ । ਜਿਵੇਂ ਮੈਂ ਕੀਤਾ ਹੈ ਉਸੇ ਤਰ੍ਹਾਂ ਹੀ ਉਹਨਾਂ ਨਾਲ ਕੀਤਾ ਜਾਵੇਗਾ । ਉਹ ਦੇਸ ਨਿਕਾਲਾ ਪਾਉਣਗੇ ਅਤੇ ਗੁਲਾਮੀ ਵਿੱਚ ਜਾਣਗੇ ।

12ਸ਼ਹਿਜਾਦਾ ਜਿਹੜਾ ਤੁਹਾਡੇ ਵਿੱਚ ਹੈ, ਹਨ੍ਹੇਰੇ ਵਿੱਚ ਆਪਣਾ ਸਮਾਨ ਮੋਢੇ ਤੇ ਚੁੱਕ ਕੇ ਨਿੱਕਲ ਜਾਵੇਗਾ । ਉਹ ਕੰਧ ਵਿੱਚ ਰਾਹ ਬਣਾਏਗਾ, ਤਾਂ ਜੋ ਉਸ ਰਾਹ ਨਿੱਕਲ ਜਾਵੇ । ਉਹ ਆਪਣਾ ਚਿਹਰਾ ਢੱਕੇਗਾ, ਕਿਉਂ ਜੋ ਉਹ ਆਪਣੀਆਂ ਅੱਖਾਂ ਨਾਲ ਦੇਸ ਨੂੰ ਨਾ ਵੇਖੇਗਾ ।

13ਮੈਂ ਆਪਣਾ ਜਾਲ਼ ਉਸ ਉੱਤੇ ਪਾਵਾਂਗਾ ਅਤੇ ਉਹ ਮੇਰੀ ਫਾਹੀ ਵਿੱਚ ਫਸ ਜਾਵੇਗਾ ਅਤੇ ਮੈਂ ਉਸ ਨੂੰ ਕਸਦੀਆਂ ਦੇ ਦੇਸ ਬਾਬਲ ਵਿੱਚ ਪਹੁੰਚਾ ਦਿਆਂਗਾ, ਪਰ ਉਹ ਉਸ ਨੂੰ ਨਹੀਂ ਵੇਖੇਗਾ ਅਤੇ ਉਹ ਉੱਥੇ ਹੀ ਮਰ ਜਾਏਗਾ ।

14ਮੈਂ ਉਸ ਦੇ ਆਲੇ ਦੁਆਲੇ ਦੇ ਸਹਾਇਕਾਂ ਨੂੰ ਅਤੇ ਉਸ ਦੇ ਸਾਰੇ ਜੱਥਿਆਂ ਨੂੰ ਸਾਰੀਆਂ ਦਿਸ਼ਾਵਾਂ ਵੱਲ ਖਿਲਾਰ ਦਿਆਂਗਾ ਅਤੇ ਮੈਂ ਤਲਵਾਰ ਕੱਢ ਕੇ ਉਹਨਾਂ ਦਾ ਪਿੱਛਾ ਕਰਾਂਗਾ ।

15ਜਦੋਂ ਮੈਂ ਉਹਨਾਂ ਨੂੰ ਕੌਮਾਂ ਵਿੱਚ ਭਟਕਾਵਾਂਗਾ ਅਤੇ ਦੇਸਾਂ ਵਿੱਚ ਤਿੱਤਰ-ਬਿੱਤਰ ਕਰਾਂਗਾ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ ।

16ਪਰ ਮੈਂ ਉਹਨਾਂ ਵਿੱਚੋਂ ਕਈਆਂ ਨੂੰ ਤਲਵਾਰ, ਕਾਲ ਅਤੇ ਮਰੀ ਤੋਂ ਬਚਾ ਲਵਾਂਗਾ, ਤਾਂ ਜੋ ਉਹ ਕੌਮਾਂ ਦੇ ਵਿੱਚ ਜਿੱਥੇ ਕਿਤੇ ਜਾਣ ਆਪਣੇ ਸਾਰੇ ਘਿਣਾਉਣੇ ਕੰਮਾਂ ਨੂੰ ਦੱਸਣ, ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ ।

17ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

18ਹੇ ਮਨੁੱਖ ਦੇ ਪੁੱਤਰ, ਤੂੰ ਆਪਣੀ ਰੋਟੀ ਕੰਬਦੇ ਹੋਏ ਖਾ ਅਤੇ ਕੰਬਦੇ ਹੋਏ ਤੇ ਡਰਦੇ ਹੋਏ ਪਾਣੀ ਪੀ !

19ਉਸ ਦੇਸ ਦੇ ਲੋਕਾਂ ਨੂੰ ਤੂੰ ਆਖ ਕਿ ਇਸਰਾਏਲ ਦੀ ਭੂਮੀ ਦੇ ਬਾਰੇ ਅਤੇ ਯਰੂਸ਼ਲਮ ਦੇ ਵਾਸੀਆਂ ਦੇ ਬਾਰੇ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਉਹ ਆਪਣੀ ਰੋਟੀ ਫਿਕਰ ਨਾਲ ਖਾਣਗੇ ਅਤੇ ਆਪਣਾ ਪਾਣੀ ਚਿੰਤਾ ਨਾਲ ਪੀਣਗੇ, ਕਿਉਂ ਜੋ ਉਸ ਦਾ ਦੇਸ ਉਹ ਦੇ ਵਾਸੀਆਂ ਦੇ ਜ਼ੁਲਮ ਦੇ ਕਾਰਨ ਉਹ ਦੀ ਭਰਪੂਰੀ ਤੋਂ ਖਾਲੀ ਕੀਤਾ ਜਾਵੇਗਾ ।

20ਵੱਸਦੇ ਸ਼ਹਿਰ ਉੱਜੜ ਜਾਣਗੇ, ਦੇਸ ਵਿਰਾਨ ਹੋ ਜਾਏਗਾ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ !

21ਫਿਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

22ਹੇ ਮਨੁੱਖ ਦੇ ਪੁੱਤਰ ! ਇਸਰਾਏਲੀਆਂ ਦੀ ਭੂਮੀ ਵਿੱਚ ਇਹ ਕਹਾਵਤ ਹੈ, ਕਿ ਸਮਾਂ ਲੰਘਦਾ ਜਾਂਦਾ ਹੈ ਅਤੇ ਹਰ ਦਰਸ਼ਣ ਮਿਟ ਜਾਂਦਾ ਹੈ ?

23ਇਸ ਲਈ ਉਹਨਾਂ ਨੂੰ ਆਖ ਦੇ ਕਿ ਪ੍ਰਭੂ ਯਹੋਵਾਹ ਇਹ ਕਹਿੰਦਾ ਹੈ ਕਿ ਮੈਂ ਇਸ ਕਹਾਵਤ ਨੂੰ ਮੁਕਾ ਦਿਆਂਗਾ ਅਤੇ ਫੇਰ ਇਹ ਨੂੰ ਇਸਰਾਏਲ ਵਿੱਚ ਨਾ ਵਰਤਣਗੇ, ਸਗੋਂ ਤੂੰ ਉਹਨਾਂ ਨੂੰ ਆਖ ਕਿ ਸਮਾਂ ਆ ਗਿਆ ਹੈ ਅਤੇ ਹਰੇਕ ਦਰਸ਼ਣ ਦਾ ਸਿੱਟਾ ਨੇੜੇ ਹੈ ।

24ਕਿਉਂ ਜੋ ਅੱਗੇ ਤੋਂ ਇਸਰਾਏਲ ਦੇ ਘਰਾਣੇ ਵਿੱਚ ਕੋਈ ਝੂਠਾ ਦਰਸ਼ਣ ਨਾ ਵੇਖੇਗਾ ਅਤੇ ਚਾਪਲੂਸੀ ਨਾਲ ਵਿਭਾਜਨ ਨਹੀਂ ਹੋਵੇਗਾ ।

25ਕਿਉਂ ਜੋ ਮੈਂ ਯਹੋਵਾਹ ਹਾਂ, ਮੈਂ ਬਚਨ ਕਰਾਂਗਾ ਅਤੇ ਮੇਰਾ ਬਚਨ ਜ਼ਰੂਰ ਪੂਰਾ ਹੋਵੇਗਾ । ਉਸ ਦੇ ਪੂਰਾ ਹੋਣ ਵਿੱਚ ਢਿੱਲ ਨਾ ਹੋਵੇਗੀ, ਸਗੋਂ ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਹੇ ਵਿਦਰੋਹੀ ਘਰਾਣੇ, ਮੈਂ ਤੁਹਾਡੇ ਸਮੇਂ ਵਿੱਚ ਬਚਨ ਕਰ ਕੇ ਉਹ ਨੂੰ ਜ਼ਰੂਰ ਪੂਰਾ ਕਰਾਂਗਾ ।

26ਯਹੋਵਾਹ ਦਾ ਵਾਕ ਫੇਰ ਮੇਰੇ ਕੋਲ ਆਇਆ ਕਿ

27ਹੇ ਮਨੁੱਖ ਦੇ ਪੁੱਤਰ, ਵੇਖ, ਇਸਰਾਏਲ ਦਾ ਘਰਾਣਾ ਆਖਦਾ ਹੈ ਕਿ ਜਿਹੜਾ ਦਰਸ਼ਣ ਉਸ ਵੇਖਿਆ ਹੈ, ਬਹੁਤ ਸਮੇਂ ਬਾਅਦ ਪੂਰਾ ਹੋਵੇਗਾ ਅਤੇ ਇਹ ਭਵਿੱਖਬਾਣੀ ਦੂਰ ਦੇ ਸਮਿਆਂ ਲਈ ਹੈ ।

28ਇਸ ਲਈ ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਅੱਗੇ ਲਈ ਮੇਰੀ ਕਿਸੇ ਗੱਲ ਦੇ ਪੂਰੇ ਹੋਣ ਵਿੱਚ ਢਿੱਲ ਨਾ ਪਵੇਗੀ, ਸਗੋਂ ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਜਿਹੜੀ ਗੱਲ ਮੈਂ ਆਖਾਂਗਾ, ਉਹ ਪੂਰੀ ਹੋ ਜਾਵੇਗੀ ।


  Share Facebook  |  Share Twitter

 <<  Ezekiel 12 >> 


Bible2india.com
© 2010-2025
Help
Dual Panel

Laporan Masalah/Saran