Bible 2 India Mobile
[VER] : [PUNJABI]     [PL]  [PB] 
 <<  Revelation 17 >> 

1ਉਹਨਾਂ ਸੱਤਾਂ ਦੂਤਾਂ ਵਿੱਚੋਂ ਜਿਨ੍ਹਾਂ ਕੋਲ ਸੱਤ ਕਟੋਰੇ ਸਨ, ਇੱਕ ਨੇ ਆਣ ਕੇ ਮੈਨੂੰ ਕਿਹਾ ਕਿ ਮੇਰੇ ਕੋਲ ਆ, ਮੈਂ ਤੈਨੂੰ ਉਸ ਵੱਡੀ ਕੰਜਰੀ ਦੀ ਸਜ਼ਾ ਵਿਖਾਵਾਂ, ਜਿਹੜੀ ਬਹੁਤਿਆਂ ਪਾਣੀਆਂ ਉੱਤੇ ਬੈਠੀ ਹੋਈ ਹੈ !

2ਜਿਸ ਦੇ ਨਾਲ ਧਰਤੀ ਦੇ ਰਾਜਿਆਂ ਨੇ ਹਰਾਮਕਾਰੀ ਕੀਤੀ ਅਤੇ ਧਰਤੀ ਦੇ ਵਾਸੀ ਉਹ ਦੀ ਹਰਾਮਕਾਰੀ ਦੀ ਮੈਂ ਨਾਲ ਮਸਤ ਹੋਏ ।

3ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਉਜਾੜ ਵੱਲ ਲੈ ਗਿਆ ਅਤੇ ਮੈਂ ਇੱਕ ਔਰਤ ਨੂੰ ਕਿਰਮਚੀ ਰੰਗ ਦੇ ਇੱਕ ਦਰਿੰਦੇ ਉੱਤੇ ਬੈਠੇ ਵੇਖਿਆ, ਜਿਹੜਾ ਦਰਿੰਦਾ ਨਿੰਦਿਆ ਦੇ ਨਾਵਾਂ ਨਾਲ ਭਰਿਆ ਹੋਇਆ ਸੀ ਅਤੇ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਸਨ ।

4ਅਤੇ ਉਸ ਔਰਤ ਨੇ ਬੈਂਗਣੀ ਅਤੇ ਲਾਲ ਪੁਸ਼ਾਕ ਪਹਿਨੀ ਹੋਈ ਸੀ ਅਤੇ ਉਹ ਸੋਨੇ, ਮੋਤੀਆਂ ਅਤੇ ਜਵਾਹਰਾਂ ਨਾਲ ਸ਼ਿੰਗਾਰੀ ਹੋਈ ਸੀ । ਉਹ ਨੇ ਇੱਕ ਸੋਨੇ ਦਾ ਪਿਆਲਾ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ ਜਿਹੜਾ ਘਿਣਾਉਣੀਆਂ ਵਸਤਾਂ ਅਤੇ ਉਹ ਦੀ ਹਰਾਮਕਾਰੀ ਦੀਆਂ ਭ੍ਰਿਸ਼ਟਤਾਈਆਂ ਨਾਲ ਭਰਿਆ ਹੋਇਆ ਸੀ ।

5ਅਤੇ ਉਹ ਦੇ ਮੱਥੇ ਉੱਤੇ ਇਹ ਭੇਤ ਵਾਲਾ ਨਾਮ ਲਿਖਿਆ ਹੋਇਆ ਸੀ ਅਰਥਾਤ “ਬਾਬੁਲ ਉਹ ਵੱਡੀ ਨਗਰੀ, ਕੰਜਰੀਆਂ ਅਤੇ ਧਰਤੀ ਦੀਆਂ ਘਿਣਾਉਣੀਆਂ ਵਸਤਾਂ ਦੀ ਮਾਂ”।

6ਅਤੇ ਮੈਂ ਉਸ ਔਰਤ ਨੂੰ ਸੰਤਾਂ ਦੇ ਲਹੂ ਨਾਲ ਅਤੇ ਯਿਸੂ ਦੇ ਸ਼ਹੀਦਾਂ ਦੇ ਲਹੂ ਨਾਲ ਮਸਤ ਹੋਈ ਵੇਖਿਆ, ਅਤੇ ਉਹ ਨੂੰ ਵੇਖ ਕੇ ਮੈਂ ਬਹੁਤ ਹੈਰਾਨ ਹੋ ਕੇ ਹੱਕਾ-ਬੱਕਾ ਰਹਿ ਗਿਆ ।

7ਅਤੇ ਦੂਤ ਨੇ ਮੈਨੂੰ ਆਖਿਆ ਕਿ ਤੂੰ ਹੱਕਾ-ਬੱਕਾ ਕਿਉਂ ਹੋਇਆ ਹੈਂ । ਉਹ ਔਰਤ ਅਤੇ ਉਹ ਦਰਿੰਦਾ ਜਿਸ ਉੱਤੇ ਉਹ ਸਵਾਰ ਹੈ, ਜਿਹ ਦੇ ਸੱਤ ਸਿਰ ਅਤੇ ਦਸ ਸਿੰਗ ਹਨ, ਮੈਂ ਉਹਨਾਂ ਦਾ ਭੇਤ ਤੈਨੂੰ ਦੱਸਾਂਗਾ ।

8ਉਹ ਦਰਿੰਦਾ ਜਿਹੜਾ ਤੂੰ ਵੇਖਿਆ ਸੋ ਹੈ ਸੀ ਅਤੇ ਨਹੀਂ ਹੈ ਅਤੇ ਉਹ ਨੇ ਅਥਾਹ ਕੁੰਡ ਵਿੱਚੋਂ ਚੜ੍ਹ ਆਉਣਾ ਅਤੇ ਨਸ਼ਟ ਹੋ ਜਾਣਾ ਹੈ, ਅਤੇ ਧਰਤੀ ਦੇ ਵਾਸੀ ਜਿਨ੍ਹਾਂ ਦਾ ਨਾਮ ਜਗਤ ਦੇ ਮੁੱਢੋਂ ਜੀਵਨ ਦੀ ਪੋਥੀ ਵਿੱਚ ਨਹੀਂ ਲਿਖਿਆ ਗਿਆ ਉਸ ਦਰਿੰਦੇ ਨੂੰ ਵੇਖ ਕੇ ਕਿ ਉਹ ਹੈ ਸੀ ਅਤੇ ਨਹੀਂ ਹੈ ਅਤੇ ਫੇਰ ਆਉਂਦਾ ਹੈ, ਹੈਰਾਨ ਹੋ ਜਾਣਗੇ ।

9ਸਮਝਦਾਰ ਬੁੱਧ ਦਾ ਮੌਕਾ ਇੱਥੇ ਹੀ ਹੈ । ਇਹ ਸੱਤ ਸਿਰ ਸੱਤ ਟਿੱਲੇ ਹਨ ਜਿੱਥੇ ਔਰਤ ਉਹਨਾਂ ਉੱਤੇ ਬੈਠੀ ਹੋਈ ਹੈ ।

10ਅਤੇ ਉਹ ਸੱਤ ਰਾਜੇ ਵੀ ਹਨ । ਪੰਜ ਤਾਂ ਡਿੱਗ ਪਏ ਹਨ, ਇੱਕ ਹੈ ਅਤੇ ਇੱਕ ਅਜੇ ਆਇਆ ਨਹੀਂ । ਜਦੋਂ ਆਵੇਗਾ ਤਾਂ ਉਹ ਨੂੰ ਥੋੜ੍ਹਾ ਸਮਾਂ ਰਹਿਣਾ ਜ਼ਰੂਰੀ ਹੈ ।

11ਅਤੇ ਉਹ ਦਰਿੰਦਾ ਜਿਹੜਾ ਸੀ ਅਤੇ ਨਹੀਂ ਹੈ ਸੋ ਆਪ ਵੀ ਅੱਠਵਾਂ ਹੈ, ਅਤੇ ਉਨ੍ਹਾਂ ਸੱਤਾਂ ਵਿੱਚੋਂ ਹੈ ਅਤੇ ਉਹ ਨਸ਼ਟ ਹੋ ਜਾਵੇਗਾ l

12ਉਹ ਦਸ ਸਿੰਗ ਜਿਹੜੇ ਤੂੰ ਵੇਖੇ ਉਹ ਦਸ ਰਾਜੇ ਹਨ, ਜਿਨ੍ਹਾਂ ਨੂੰ ਅਜੇ ਰਾਜ ਨਹੀਂ ਮਿਲਿਆ ਪਰ ਉਸ ਦਰਿੰਦੇ ਦੇ ਨਾਲ ਇੱਕ ਘੰਟੇ ਲਈ ਰਾਜਿਆਂ ਦੇ ਸਮਾਨ ਉਹਨਾਂ ਨੂੰ ਅਧਿਕਾਰ ਮਿਲਦਾ ਹੈ ।

13ਇਨ੍ਹਾਂ ਦਾ ਇੱਕੋ ਮੱਤ ਹੈ ਅਤੇ ਇਹ ਆਪਣੀ ਸਮਰੱਥਾ ਅਤੇ ਅਧਿਕਾਰ ਉਸ ਦਰਿੰਦੇ ਨੂੰ ਦਿੰਦੇ ਹਨ ।

14ਇਹ ਲੇਲੇ ਨਾਲ ਯੁੱਧ ਕਰਨਗੇ ਅਤੇ ਲੇਲਾ ਉਹਨਾਂ ਉੱਤੇ ਜਿੱਤ ਪਾਵੇਗਾ, ਕਿਉਂਕਿ ਉਹ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਹੈ, ਅਤੇ ਉਹ ਦੇ ਨਾਲ ਉਹ ਵੀ ਜਿਹੜੇ ਸੱਦੇ ਹੋਏ, ਚੁਣੇ ਹੋਏ ਅਤੇ ਵਫ਼ਾਦਾਰ ਹਨ ।

15ਅਤੇ ਉਹ ਨੇ ਮੈਨੂੰ ਆਖਿਆ, ਜਿਹੜੇ ਪਾਣੀ ਤੂੰ ਵੇਖੇ ਸਨ ਜਿੱਥੇ ਉਹ ਕੰਜਰੀ ਬੈਠੀ ਹੈ ਉਹ ਉੱਮਤਾਂ ਅਤੇ ਭੀੜ ਅਤੇ ਕੌਮਾਂ ਅਤੇ ਭਾਸ਼ਾਵਾਂ ਹਨ ।

16ਦਰਿੰਦਾ ਅਤੇ ਜਿਹੜੇ ਦਸ ਸਿੰਗ ਤੂੰ ਵੇਖੇ ਸਨ, ਇਹ ਉਸ ਕੰਜਰੀ ਨਾਲ ਵੈਰ ਕਰਨਗੇ, ਉਹ ਨੂੰ ਉਜਾੜ ਦੇਣਗੇ, ਨੰਗਿਆਂ ਕਰਨਗੇ, ਉਹ ਦਾ ਮਾਸ ਖਾ ਜਾਣਗੇ ਅਤੇ ਉਹ ਨੂੰ ਅੱਗ ਨਾਲ ਸਾੜ ਸੁੱਟਣਗੇ ।

17ਕਿਉਂ ਜੋ ਪਰਮੇਸ਼ੁਰ ਨੇ ਉਹਨਾਂ ਦੇ ਦਿਲ ਵਿੱਚ ਇਹ ਪਾਇਆ ਜੋ ਉਸ ਦੀ ਮਰਜ਼ੀ ਪੂਰੀ ਕਰਨ ਅਤੇ ਇੱਕੋ ਮੱਤ ਦੇ ਹੋਣ ਅਤੇ ਆਪਣਾ ਰਾਜ ਉਸ ਦਰਿੰਦੇ ਨੂੰ ਦੇਣ ਜਿਨ੍ਹਾਂ ਸਮਾਂ ਪਰਮੇਸ਼ੁਰ ਦੇ ਬਚਨ ਪੂਰੇ ਨਾ ਹੋ ਜਾਣ ।

18ਅਤੇ ਉਹ ਔਰਤ ਜੋ ਤੂੰ ਵੇਖੀ ਸੀ ਉਹ ਵੱਡੀ ਨਗਰੀ ਹੈ ਜਿਹੜੀ ਧਰਤੀ ਦੇ ਰਾਜਿਆਂ ਉੱਤੇ ਰਾਜ ਕਰਦੀ ਹੈ ।


  Share Facebook  |  Share Twitter

 <<  Revelation 17 >> 


Bible2india.com
© 2010-2025
Help
Dual Panel

Laporan Masalah/Saran