Bible 2 India Mobile
[VER] : [PUNJABI]     [PL]  [PB] 
 <<  Revelation 14 >> 

1ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਲੇਲਾ ਸੀਯੋਨ ਦੇ ਪਹਾੜ ਉੱਤੇ ਖੜ੍ਹਾ ਹੈ ਅਤੇ ਉਹ ਦੇ ਨਾਲ ਇੱਕ ਲੱਖ ਚੁਤਾਲੀ ਹਜ਼ਾਰ ਹਨ, ਜਿਨ੍ਹਾਂ ਦੇ ਮੱਥੇ ਉੱਤੇ ਉਹ ਦਾ ਅਤੇ ਉਹ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਹੈ ।

2ਅਤੇ ਮੈਂ ਬਾਹਲੇ ਪਾਣੀਆਂ ਦੀ ਘੂਕ ਵਰਗੀ ਅਤੇ ਬੱਦਲ ਦੀ ਵੱਡੀ ਗਰਜ ਦੀ ਆਵਾਜ਼ ਵਰਗੀ ਇੱਕ ਅਵਾਜ਼ ਸੁਣੀ ਅਤੇ ਜਿਹੜੀ ਮੈਂ ਸੁਣੀ ਉਹ ਰਬਾਬ ਵਜਾਉਣ ਵਾਲਿਆਂ ਦੀ ਅਵਾਜ਼ ਵਰਗੀ ਸੀ, ਜਿਹੜੇ ਆਪਣੇ ਰਬਾਬ ਵਜਾਉਂਦੇ ਹਨ ।

3ਅਤੇ ਉਹ ਸਿੰਘਾਸਣ, ਚਾਰ ਪ੍ਰਾਣੀਆਂ ਅਤੇ ਉਹਨਾਂ ਬਜ਼ੁਰਗਾਂ ਦੇ ਅੱਗੇ ਇੱਕ ਨਵਾਂ ਗੀਤ ਗਾਉਂਦੇ ਹਨ, ਅਤੇ ਉਹਨਾਂ ਇੱਕ ਲੱਖ ਚੁਤਾਲੀ ਹਜ਼ਾਰ ਤੋਂ ਬਿਨ੍ਹਾਂ ਜਿਹੜੇ ਧਰਤੀਓਂ ਮੁੱਲ ਲਏ ਹੋਏ ਸਨ, ਕੋਈ ਹੋਰ ਉਸ ਗੀਤ ਨੂੰ ਸਿੱਖ ਨਾ ਸਕਿਆ ।

4ਇਹ ਉਹ ਹਨ ਜਿਹੜੇ ਔਰਤਾਂ ਦੇ ਨਾਲ ਭ੍ਰਿਸ਼ਟ ਨਹੀਂ ਹੋਏ ਕਿਉਂਕਿ ਇਹ ਕੁਆਰੇ ਹਨ । ਇਹ ਉਹ ਹਨ ਕਿ ਜਿੱਥੇ ਵੀ ਲੇਲਾ ਜਾਂਦਾ ਹੈ ਉਹ ਉਸ ਦੇ ਮਗਰ ਮਗਰ ਤੁਰਦੇ ਹਨ । ਇਹ ਪਰਮੇਸ਼ੁਰ ਅਤੇ ਲੇਲੇ ਦੇ ਲਈ ਪਹਿਲਾ ਫਲ ਹੋਣ ਨੂੰ ਮਨੁੱਖਾਂ ਵਿੱਚੋਂ ਮੁੱਲ ਲਏ ਗਏ ਸਨ ।

5ਅਤੇ ਉਹਨਾਂ ਦੇ ਮੂੰਹੋਂ ਕੋਈ ਝੂਠ ਨਹੀਂ ਨਿੱਕਲਿਆ, ਉਹ ਨਿਰਦੋਸ਼ ਹਨ ।

6ਮੈਂ ਇੱਕ ਹੋਰ ਦੂਤ ਨੂੰ ਸਦੀਪਕ ਕਾਲ ਦੀ ਖੁਸ਼ਖਬਰੀ ਨਾਲ ਅਕਾਸ਼ ਵਿੱਚ ਉੱਡਦਿਆਂ ਦੇਖਿਆ ਤਾਂ ਉਹ ਧਰਤੀ ਦੇ ਵਾਸੀਆਂ, ਹਰੇਕ ਕੌਮ, ਗੋਤ, ਭਾਸ਼ਾ ਅਤੇ ਉੱਮਤ ਨੂੰ ਖੁਸ਼ਖਬਰੀ ਸੁਣਾਵੇ ।

7ਅਤੇ ਉਸ ਨੇ ਵੱਡੀ ਅਵਾਜ਼ ਨਾਲ ਆਖਿਆ ਕਿ ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਕਿਉਂਕਿ ਉਹ ਦੇ ਨਿਆਂ ਦਾ ਸਮਾਂ ਆ ਗਿਆ ਹੈ ਅਤੇ ਜਿਸ ਨੇ ਅਕਾਸ਼, ਧਰਤੀ, ਸਮੁੰਦਰ ਅਤੇ ਪਾਣੀਆਂ ਦੇ ਸੋਤਿਆਂ ਨੂੰ ਬਣਾਇਆ, ਤੁਸੀਂ ਉਹ ਨੂੰ ਮੱਥਾ ਟੇਕੋ !

8ਉਹ ਦੇ ਬਾਅਦ ਦੂਜਾ ਇੱਕ ਹੋਰ ਦੂਤ ਇਹ ਕਹਿੰਦਾ ਆਇਆ ਕਿ ਬਾਬੁਲ ਡਿੱਗ ਪਿਆ ਹੈ ! ਉਹ ਵੱਡੀ ਨਗਰੀ ਡਿੱਗ ਪਈ ਜਿਸ ਨੇ ਆਪਣੀ ਹਰਾਮਕਾਰੀ ਦੇ ਕ੍ਰੋਧ ਦੀ ਮੈਂ ਸਭਨਾਂ ਕੌਮਾਂ ਨੂੰ ਪਿਆਈ ਹੈ ! ।

9ਉਨ੍ਹਾਂ ਦੇ ਬਾਅਦ ਤੀਜਾ ਇੱਕ ਹੋਰ ਦੂਤ ਵੱਡੀ ਅਵਾਜ਼ ਨਾਲ ਇਹ ਕਹਿੰਦਾ ਆਇਆ ਕਿ ਜੋ ਕੋਈ ਉਸ ਦਰਿੰਦੇ ਅਤੇ ਉਹ ਦੀ ਮੂਰਤੀ ਦੀ ਪੂਜਾ ਕਰਦਾ ਅਤੇ ਆਪਣੇ ਮੱਥੇ ਜਾਂ ਆਪਣੇ ਹੱਥ ਉੱਤੇ ਦਾਗ ਲੁਆਉਂਦਾ ਹੈ

10ਤਾਂ ਉਹ ਪਰਮੇਸ਼ੁਰ ਦੇ ਕ੍ਰੋਧ ਦੀ ਮੈਂ ਵੀ ਪੀਵੇਗਾ ਜੋ ਉਹ ਦੇ ਕ੍ਰੋਧ ਦੇ ਪਿਆਲੇ ਵਿੱਚ ਨਿਰੋਲ ਭਰੀ ਹੋਈ ਹੈ ਅਤੇ ਉਹ ਪਵਿੱਤਰ ਦੂਤਾਂ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਅੱਗ ਅਤੇ ਗੰਧਕ ਨਾਲ ਦੁੱਖ ਪਾਵੇਗਾ ।

11ਅਤੇ ਉਹਨਾਂ ਦੇ ਦੁੱਖ ਦਾ ਧੂੰਆਂ ਜੁੱਗੋ-ਜੁੱਗ ਉੱਠਦਾ ਰਹਿੰਦਾ ਹੈ, ਸੋ ਉਹ ਜਿਹੜੇ ਦਰਿੰਦੇ ਦੀ ਅਤੇ ਉਹ ਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਉਹ ਜਿਹੜੇ ਉਹ ਦੇ ਨਾਮ ਦਾ ਦਾਗ ਲੁਆਉਂਦੇ ਹਨ, ਰਾਤ-ਦਿਨ ਕਦੇ ਚੈਨ ਨਹੀਂ ਪਾਉਂਦੇ ।

12ਇਹ ਸੰਤਾਂ ਦੇ ਸਬਰ ਦਾ ਮੌਕਾ ਹੈ ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ੁਰ ਦੇ ਹੁਕਮਾਂ ਅਤੇ ਯਿਸੂ ਦੇ ਵਿਸ਼ਵਾਸ ਦੀ ਪਾਲਨਾ ਕਰਦੇ ਹਨ ।

13ਫੇਰ ਮੈਂ ਇੱਕ ਅਵਾਜ਼ ਸਵਰਗ ਤੋਂ ਇਹ ਆਖਦੇ ਸੁਣੀ ਕਿ ਲਿਖ ਲੈ, ਧੰਨ ਉਹ ਮੁਰਦੇ ਜਿਹੜੇ ਇਸ ਤੋਂ ਬਾਅਦ ਪ੍ਰਭੂ ਵਿੱਚ ਹੋ ਕੇ ਮਰਨ । ਆਤਮਾ ਆਖਦਾ ਹੈ, ਹਾਂ, ਇਸ ਲਈ ਜੋ ਉਹਨਾਂ ਦੀਆਂ ਮਿਹਨਤਾਂ ਤੋਂ ਉਹਨਾਂ ਨੂੰ ਅਰਾਮ ਮਿਲੇਗਾ, ਕਿਉਂ ਜੋ ਉਹਨਾਂ ਦੇ ਕੰਮ ਉਹਨਾਂ ਦੇ ਨਾਲ-ਨਾਲ ਜਾਂਦੇ ਹਨ ।

14ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਇੱਕ ਚਿੱਟਾ ਬੱਦਲ ਹੈ ਅਤੇ ਉਸ ਬੱਦਲ ਉੱਤੇ ਮਨੁੱਖ ਦੇ ਪੁੱਤਰ ਵਰਗਾ ਕੋਈ ਆਪਣੇ ਸਿਰ ਉੱਤੇ ਸੋਨੇ ਦਾ ਮੁਕਟ ਪਹਿਨੇ ਅਤੇ ਆਪਣੇ ਹੱਥ ਵਿੱਚ ਤਿੱਖੀ ਦਾਤੀ ਫੜ੍ਹੀ ਬੈਠਾ ਹੈ ।

15ਅਤੇ ਇੱਕ ਹੋਰ ਦੂਤ ਹੈਕਲ ਵਿੱਚੋਂ ਨਿੱਕਲਿਆ ਅਤੇ ਜਿਹੜਾ ਬੱਦਲ ਉੱਤੇ ਬੈਠਾ ਸੀ ਉਹ ਨੂੰ ਵੱਡੀ ਅਵਾਜ਼ ਮਾਰ ਕੇ ਆਖਿਆ, ਆਪਣੀ ਦਾਤੀ ਫੇਰ ਕੇ ਵੱਢ ਸੁੱਟ ਕਿਉਂ ਜੋ ਵੱਢਣ ਦਾ ਸਮਾਂ ਆ ਗਿਆ ਹੈ, ਕਿਉਂਕਿ ਧਰਤੀ ਦੀ ਫ਼ਸਲ ਬਹੁਤ ਪੱਕ ਚੁੱਕੀ ਹੈ !

16ਤਦ ਜਿਹੜਾ ਬੱਦਲ ਉੱਤੇ ਬੈਠਾ ਸੀ ਉਹ ਨੇ ਆਪਣੀ ਦਾਤੀ ਧਰਤੀ ਉੱਤੇ ਫੇਰੀ ਅਤੇ ਧਰਤੀ ਦੀ ਫ਼ਸਲ ਵੱਢੀ ਗਈ ।

17ਤਦ ਇੱਕ ਹੋਰ ਦੂਤ ਉਸ ਹੈਕਲ ਵਿੱਚੋਂ ਨਿੱਕਲਿਆ ਜਿਹੜੀ ਸਵਰਗ ਵਿੱਚ ਹੈ ਅਤੇ ਉਹ ਦੇ ਕੋਲ ਵੀ ਇੱਕ ਤਿੱਖੀ ਦਾਤੀ ਸੀ ।

18ਇੱਕ ਹੋਰ ਦੂਤ ਜਿਸ ਨੂੰ ਅੱਗ ਉੱਤੇ ਅਧਿਕਾਰ ਹੈ ਜਗਵੇਦੀ ਵਿੱਚੋਂ ਨਿੱਕਲਿਆ ਅਤੇ ਉਹ ਨੇ ਉੱਚੀ ਦੇ ਕੇ ਉਸ ਨੂੰ ਜਿਸ ਦੇ ਕੋਲ ਤਿੱਖੀ ਦਾਤੀ ਸੀ ਆਖਿਆ ਕਿ ਆਪਣੀ ਤਿੱਖੀ ਦਾਤੀ ਨੂੰ ਫੇਰ ਕੇ ਧਰਤੀ ਦੇ ਅੰਗੂਰੀ ਬੇਲ ਦੇ ਗੁੱਛਿਆਂ ਨੂੰ ਵੱਢ ਲੈ ਕਿਉਂ ਜੋ ਉਹ ਦੇ ਅੰਗੂਰ ਡਾਢੇ ਪੱਕ ਚੁੱਕੇ ਹਨ ।

19ਤਾਂ ਉਸ ਦੂਤ ਨੇ ਆਪਣੀ ਦਾਤੀ ਧਰਤੀ ਉੱਤੇ ਫੇਰੀ ਅਤੇ ਧਰਤੀ ਦੀ ਅੰਗੂਰੀ ਬੇਲ ਵੱਢ ਲਈ ਅਤੇ ਚੁਬੱਚੇ ਵਿੱਚ ਸੁੱਟ ਦਿੱਤੀ ।

20ਅਤੇ ਉਹ ਚੁਬੱਚਾ ਨਗਰੀ ਦੇ ਬਾਹਰ ਲਤਾੜਿਆ ਗਿਆ ਅਤੇ ਚੁਬੱਚੇ ਵਿੱਚੋਂ ਘੋੜਿਆਂ ਦੀਆਂ ਲਗਾਮਾਂ ਤੱਕ ਕੋਈ ਦੋ ਸੋ ਮੀਲ ਤੱਕ ਲਹੂ ਵਗਿਆ ।


  Share Facebook  |  Share Twitter

 <<  Revelation 14 >> 


Bible2india.com
© 2010-2025
Help
Dual Panel

Laporan Masalah/Saran