1ਅਜਿਹਾ ਹੋਵੇਗਾ ਕਿ ਜੇਕਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋ, ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ, ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਨਾਲੋਂ ਉੱਚਾ ਕਰੇਗਾ ।
2ਜੇਕਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੋ, ਤਾਂ ਇਹ ਸਾਰੀਆਂ ਅਸੀਸਾਂ ਤੁਹਾਡੇ ਉੱਤੇ ਆਉਣਗੀਆਂ, ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ।
3ਮੁਬਾਰਕ ਹੋਵੋਗੇ ਤੁਸੀਂ ਸ਼ਹਿਰ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਖੇਤ ਵਿੱਚ,
4ਮੁਬਾਰਕ ਹੋਵੇਗਾ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਪਸ਼ੂਆਂ ਦੇ ਫਲ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ ।
5ਮੁਬਾਰਕ ਹੋਵੇਗੀ ਤੁਹਾਡੀ ਟੋਕਰੀ ਅਤੇ ਤੁਹਾਡੀ ਪਰਾਤ,
6ਮੁਬਾਰਕ ਹੋਵੋਗੇ ਤੁਸੀਂ ਅੰਦਰ ਆਉਂਦੇ ਹੋਏ ਅਤੇ ਮੁਬਾਰਕ ਹੋਵੋਗੇ ਤੁਸੀਂ ਬਾਹਰ ਜਾਂਦੇ ਹੋਏ,
7ਯਹੋਵਾਹ ਤੁਹਾਡੇ ਵੈਰੀਆਂ ਨੂੰ ਜਿਹੜੇ ਤੁਹਾਡੇ ਵਿਰੁੱਧ ਉੱਠਦੇ ਹਨ, ਤੁਹਾਡੇ ਅੱਗਿਓਂ ਮਰਵਾ ਸੁੱਟੇਗਾ । ਉਹ ਇੱਕ ਰਾਹ ਤੋਂ ਆਉਣਗੇ ਪਰ ਸੱਤ ਰਾਹਾਂ ਤੋਂ ਤੁਹਾਡੇ ਅੱਗਿਓਂ ਭੱਜਣਗੇ ।
8ਯਹੋਵਾਹ ਤੁਹਾਡੇ ਭੰਡਾਰਾਂ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ ਅਸੀਸ ਦੀ ਆਗਿਆ ਦੇਵੇਗਾ ਅਤੇ ਜਿਹੜਾ ਦੇਸ਼ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ, ਉਸ ਵਿੱਚ ਉਹ ਤੁਹਾਨੂੰ ਅਸੀਸ ਦੇਵੇਗਾ ।
9ਜੇਕਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਨਾ ਕਰੋ ਅਤੇ ਉਸ ਦੇ ਮਾਰਗਾਂ ਉੱਤੇ ਚੱਲੋ, ਤਾਂ ਜਿਵੇਂ ਉਸ ਨੇ ਤੁਹਾਡੇ ਨਾਲ ਸਹੁੰ ਖਾਧੀ ਹੈ, ਯਹੋਵਾਹ ਤੁਹਾਨੂੰ ਆਪਣੇ ਲਈ ਇੱਕ ਪਵਿੱਤਰ ਪਰਜਾ ਕਰਕੇ ਕਾਇਮ ਕਰੇਗਾ ।
10ਅਤੇ ਧਰਤੀ ਦੇ ਸਾਰੇ ਲੋਕ ਵੇਖਣਗੇ ਕਿ ਤੁਸੀਂ ਯਹੋਵਾਹ ਦੇ ਨਾਮ ਤੋਂ ਪੁਕਾਰੇ ਜਾਂਦੇ ਹੋ, ਤਾਂ ਉਹ ਤੁਹਾਡੇ ਤੋਂ ਡਰਨਗੇ ।
11ਅਤੇ ਜਿਸ ਦੇਸ਼ ਨੂੰ ਤੁਹਾਨੂੰ ਦੇਣ ਦੀ ਸਹੁੰ ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਨਾਲ ਖਾਧੀ ਸੀ, ਉਸ ਵਿੱਚ ਯਹੋਵਾਹ ਤੁਹਾਡੇ ਪਦਾਰਥਾਂ ਨੂੰ ਅਰਥਾਤ ਤੁਹਾਡੇ ਸਰੀਰਾਂ ਦੇ ਫਲ, ਤੁਹਾਡੇ ਚੌਣੇ ਦੇ ਫਲ, ਅਤੇ ਤੁਹਾਡੀ ਜ਼ਮੀਨ ਦੇ ਫਲ ਨੂੰ ਵਧਾਵੇਗਾ ।
12ਯਹੋਵਾਹ ਤੁਹਾਡੇ ਲਈ ਆਪਣਾ ਚੰਗਾ ਅਕਾਸ਼ ਰੂਪੀ ਭੰਡਾਰ ਖੋਲ੍ਹੇਗਾ ਕਿ ਵੇਲੇ ਸਿਰ ਤੁਹਾਡੀ ਧਰਤੀ ਉੱਤੇ ਮੀਂਹ ਵਰ੍ਹਾਵੇ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ ਬਰਕਤ ਦੇਵੇ । ਤੁਸੀਂ ਬਹੁਤੀਆਂ ਕੌਮਾਂ ਨੂੰ ਕਰਜ਼ ਦਿਓਗੇ ਪਰ ਤੁਹਾਨੂੰ ਆਪ ਕਿਸੇ ਤੋਂ ਕਰਜ਼ ਲੈਣਾ ਨਾ ਪਵੇਗਾ ।
13ਯਹੋਵਾਹ ਤੁਹਾਨੂੰ ਪੂਛ ਨਹੀਂ, ਸਗੋਂ ਸਿਰ ਠਹਿਰਾਵੇਗਾ ਅਤੇ ਤੁਸੀਂ ਹੇਠਾਂ ਨਹੀਂ ਸਗੋਂ ਉੱਤੇ ਹੀ ਰਹੋਗੇ, ਜੇਕਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨੋ, ਜਿਨ੍ਹਾਂ ਦੀ ਪਾਲਨਾ ਕਰਨ ਦਾ ਹੁਕਮ ਮੈਂ ਅੱਜ ਤੁਹਾਨੂੰ ਦਿੰਦਾ ਹਾਂ ।
14ਅਤੇ ਤੁਸੀਂ ਇਨ੍ਹਾਂ ਗੱਲਾਂ ਤੋਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ, ਸੱਜੇ ਜਾਂ ਖੱਬੇ ਨਾ ਮੁੜੋ ਕਿ ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਜਾ ਕੇ ਉਹਨਾਂ ਦੀ ਪੂਜਾ ਕਰੋ ।
15ਪਰ ਅਜਿਹਾ ਹੋਵੇਗਾ ਕਿ ਜੇਕਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਅਤੇ ਬਿਧੀਆਂ ਦੀ ਪਾਲਣਾ ਨਾ ਕਰੋ, ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਤਾਂ ਇਹ ਸਾਰੇ ਸਰਾਪ ਤੁਹਾਡੇ ਉੱਤੇ ਆਉਣਗੇ ਅਤੇ ਤੁਹਾਨੂੰ ਆ ਫੜ੍ਹਨਗੇ,
16ਸਰਾਪੀ ਹੋਵੋਗੇ ਤੁਸੀਂ ਸ਼ਹਿਰ ਵਿੱਚ ਅਤੇ ਸਰਾਪੀ ਹੋਵੋਗੇ ਤੁਸੀਂ ਖੇਤ ਵਿੱਚ,
17ਸਰਾਪੀ ਹੋਵੇਗੀ ਤੁਹਾਡੀ ਟੋਕਰੀ ਅਤੇ ਤੁਹਾਡੀ ਪਰਾਤ,
18ਸਰਾਪੀ ਹੋਵੇਗਾ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ,
19ਸਰਾਪੀ ਹੋਵੋਗੇ ਤੁਸੀਂ ਅੰਦਰ ਆਉਂਦੇ ਹੋਏ ਅਤੇ ਸਰਾਪੀ ਹੋਵੋਗੇ ਤੁਸੀਂ ਬਾਹਰ ਜਾਂਦੇ ਹੋਏ,
20ਯਹੋਵਾਹ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ, ਤੁਹਾਡੀਆਂ ਕਰਤੂਤਾਂ ਦੀ ਬੁਰਿਆਈ ਦੇ ਕਾਰਨ, ਜਿਨ੍ਹਾਂ ਨਾਲ ਤੁਸੀਂ ਮੈਨੂੰ ਤਿਆਗ ਦਿੱਤਾ, ਤੁਹਾਡੇ ਉੱਤੇ ਸਰਾਪ, ਘਬਰਾਹਟ ਅਤੇ ਤਾੜਨਾ ਪਾਵੇਗਾ, ਜਦ ਤੱਕ ਤੁਸੀਂ ਬਰਬਾਦ ਹੋ ਕੇ ਛੇਤੀ ਨਾਲ ਨਾਸ਼ ਨਾ ਹੋ ਜਾਓ ।
21ਯਹੋਵਾਹ ਤੁਹਾਡੇ ਉੱਤੇ ਬਵਾ ਪਾਵੇਗਾ, ਜਦ ਤੱਕ ਉਹ ਤੁਹਾਨੂੰ ਉਸ ਦੇਸ਼ ਵਿੱਚੋਂ ਮਿਟਾ ਨਾ ਦੇਵੇ, ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਜਾਂਦੇ ਹੋ ।
22ਯਹੋਵਾਹ ਤੁਹਾਨੂੰ ਤਪਦਿੱਕ, ਤਾਪ, ਸੋਜ, ਤਿੱਖੀ ਤਪਸ਼, ਤਲਵਾਰ, ਸੋਕੇ ਅਤੇ ਉੱਲੀ ਨਾਲ ਮਾਰੇਗਾ । ਉਹ ਤਦ ਤੱਕ ਤੁਹਾਡੇ ਪਿੱਛੇ ਲੱਗੀਆਂ ਰਹਿਣਗੀਆਂ, ਜਦ ਤੱਕ ਤੁਸੀਂ ਨਾਸ਼ ਨਾ ਹੋ ਜਾਓ ।
23ਅਤੇ ਤੁਹਾਡੇ ਸਿਰ ਦੇ ਉੱਤੇ ਅਕਾਸ਼ ਪਿੱਤਲ ਵਰਗਾ ਹੋ ਜਾਵੇਗਾ ਅਤੇ ਤੇਰੇ ਪੈਰਾਂ ਹੇਠ ਧਰਤੀ ਲੋਹੇ ਵਰਗੀ ਹੋ ਜਾਵੇਗੀ ।
24ਯਹੋਵਾਹ ਤੁਹਾਡੀ ਧਰਤੀ ਦੇ ਮੀਂਹ ਨੂੰ ਘੱਟਾ ਅਤੇ ਧੂੜ ਬਣਾ ਦੇਵੇਗਾ । ਉਹ ਇਸ ਨੂੰ ਅਕਾਸ਼ ਤੋਂ ਤਦ ਤੱਕ ਤੁਹਾਡੇ ਉੱਤੇ ਪਾਵੇਗਾ, ਜਦ ਤੱਕ ਤੁਸੀਂ ਮਿਟ ਨਾ ਜਾਓ ।
25ਯਹੋਵਾਹ ਤੁਹਾਨੂੰ ਤੁਹਾਡੇ ਵੈਰੀਆਂ ਦੇ ਅੱਗੇ ਮਰਵਾ ਸੁੱਟੇਗਾ । ਤੁਸੀਂ ਇੱਕ ਰਾਹ ਤੋਂ ਉਨ੍ਹਾਂ ਦੇ ਵਿਰੁੱਧ ਜਾਉਗੇ, ਪਰ ਸੱਤ ਰਾਹਾਂ ਤੋਂ ਹੋ ਕੇ ਉਨ੍ਹਾਂ ਦੇ ਸਾਹਮਣਿਓਂ ਭੱਜੋਗੇ ਅਤੇ ਤੁਸੀਂ ਧਰਤੀ ਦੇ ਸਾਰੇ ਰਾਜਾਂ ਲਈ ਇੱਕ ਡਰਾਉਣਾ ਨਮੂਨਾ ਹੋਵੋਗੇ ।
26ਤੁਹਾਡੀਆਂ ਲਾਸ਼ਾਂ ਅਕਾਸ਼ ਦੇ ਸਾਰੇ ਪੰਛੀਆਂ ਅਤੇ ਧਰਤੀ ਦੇ ਸਾਰੇ ਜਾਨਵਰਾਂ ਦਾ ਭੋਜਨ ਹੋਣਗੀਆਂ ਅਤੇ ਉਨ੍ਹਾਂ ਨੂੰ ਕੋਈ ਹਟਾਉਣ ਵਾਲਾ ਵੀ ਨਾ ਹੋਵੇਗਾ ।
27ਯਹੋਵਾਹ ਤੁਹਾਨੂੰ ਮਿਸਰੀ ਫੋੜਿਆਂ, ਬਵਾਸੀਰ, ਦੱਦਰੀ ਅਤੇ ਖਾਰਸ਼ ਨਾਲ ਅਜਿਹਾ ਮਾਰੇਗਾ, ਜਿਨ੍ਹਾਂ ਤੋਂ ਤੁਸੀਂ ਚੰਗੇ ਨਹੀਂ ਹੋ ਸਕੋਗੇ ।
28ਯਹੋਵਾਹ ਤੁਹਾਨੂੰ ਪਾਗਲਪਣ, ਅੰਨ੍ਹਪੁਣੇ ਅਤੇ ਮਨ ਦੀ ਘਬਰਾਹਟ ਨਾਲ ਮਾਰੇਗਾ,
29ਜਿਵੇਂ ਅੰਨ੍ਹਾ ਹਨੇਰੇ ਵਿੱਚ ਟੋਹੰਦਾ ਫਿਰਦਾ ਹੈ, ਉਸੇ ਤਰ੍ਹਾਂ ਤੁਸੀਂ ਦੁਪਹਿਰ ਨੂੰ ਟੋਹੰਦੇ ਫਿਰੋਗੇ । ਤੁਸੀਂ ਆਪਣੇ ਰਾਹਾਂ ਵਿੱਚ ਸਫ਼ਲ ਨਹੀਂ ਹੋਵੋਗੇ । ਤੁਸੀਂ ਸਦਾ ਲਈ ਦੱਬੇ ਰਹੋਗੇ ਅਤੇ ਲੁੱਟੇ ਜਾਓਗੇ, ਪਰ ਤੁਹਾਨੂੰ ਕੋਈ ਬਚਾਉਣ ਵਾਲਾ ਨਹੀਂ ਹੋਵੇਗਾ
30ਤੁਸੀਂ ਕਿਸੇ ਇਸਤਰੀ ਨਾਲ ਮੰਗਣੀ ਕਰੋਗੇ ਪਰ ਦੂਜਾ ਪੁਰਖ ਉਸ ਦੇ ਨਾਲ ਲੇਟੇਗਾ । ਘਰ ਤੁਸੀਂ ਬਣਾਓਗੇ, ਪਰ ਉਸ ਵਿੱਚ ਵੱਸੋਗੇ ਨਹੀਂ, ਅੰਗੂਰੀ ਬਾਗ ਤੁਸੀਂ ਲਾਓਗੇ, ਪਰ ਤੁਸੀਂ ਉਸ ਦਾ ਫਲ ਨਾ ਖਾਓਗੇ ।
31ਤੁਹਾਡਾ ਬਲਦ ਤੁਹਾਡੀਆਂ ਅੱਖਾਂ ਦੇ ਸਾਹਮਣੇ ਮਾਰਿਆ ਜਾਵੇਗਾ ਪਰ ਤੁਸੀਂ ਉਸ ਦਾ ਮਾਸ ਨਹੀਂ ਖਾਓਗੇ, ਤੁਹਾਡਾ ਗਧਾ ਤੁਹਾਡੇ ਸਾਹਮਣੇ ਲੁੱਟ ਵਿੱਚ ਚਲਾ ਜਾਵੇਗਾ ਅਤੇ ਫੇਰ ਮੁੜ ਤੁਹਾਨੂੰ ਨਹੀਂ ਲੱਭੇਗਾ । ਤੁਹਾਡਾ ਇੱਜੜ ਤੁਹਾਡੇ ਵੈਰੀਆਂ ਨੂੰ ਦਿੱਤਾ ਜਾਵੇਗਾ, ਪਰ ਤੁਹਾਡਾ ਕੋਈ ਬਚਾਉਣ ਵਾਲਾ ਨਾ ਹੋਵੇਗਾ ।
32ਤੁਹਾਡੇ ਪੁੱਤਰ ਅਤੇ ਧੀਆਂ ਦੂਜੇ ਲੋਕਾਂ ਨੂੰ ਦਿੱਤੇ ਜਾਣਗੇ ਅਤੇ ਤੁਹਾਡੀਆਂ ਅੱਖਾਂ ਸਾਰਾ ਦਿਨ ਉਨ੍ਹਾਂ ਨੂੰ ਵੇਖਣ ਲਈ ਲੋਚਦੇ-ਲੋਚਦੇ ਤਰਸ ਜਾਣਗੀਆਂ, ਪਰ ਤੁਹਾਡੇ ਹੱਥਾਂ ਵਿੱਚ ਕੋਈ ਜ਼ੋਰ ਨਹੀਂ ਹੋਵੇਗਾ ।
33ਤੁਹਾਡੀ ਜ਼ਮੀਨ ਦਾ ਫਲ ਅਤੇ ਤੁਹਾਡੀ ਸਾਰੀ ਕਮਾਈ ਉਹ ਲੋਕ ਖਾਣਗੇ, ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ । ਤੁਸੀਂ ਸਦਾ ਲਈ ਦੱਬੇ ਰਹੋਗੇ ਅਤੇ ਕੁਚਲੇ ਜਾਓਗੇ ।
34ਤੁਸੀਂ ਆਪਣੀਆਂ ਅੱਖਾਂ ਨਾਲ ਵੇਖ-ਵੇਖ ਕੇ ਕਮਲੇ ਹੋ ਜਾਓਗੇ ।
35ਯਹੋਵਾਹ ਤੁਹਾਨੂੰ ਗੋਡਿਆਂ ਅਤੇ ਲੱਤਾਂ ਵਿੱਚ, ਸਗੋਂ ਪੈਰ ਦੇ ਤਲੇ ਤੋਂ ਸਿਰ ਦੀ ਚੋਟੀ ਤੱਕ ਬਹੁਤ ਬੁਰੇ ਫੋੜਿਆਂ ਨਾਲ ਮਾਰੇਗਾ, ਜਿਨ੍ਹਾਂ ਤੋਂ ਤੁਸੀਂ ਚੰਗੇ ਨਾ ਹੋ ਸਕੋਗੇ ।
36ਯਹੋਵਾਹ ਤੁਹਾਨੂੰ ਅਤੇ ਤੁਹਾਡੇ ਰਾਜੇ ਨੂੰ ਜਿਸ ਨੂੰ ਤੁਸੀਂ ਆਪਣੇ ਉੱਤੇ ਠਹਿਰਾਓਗੇ, ਇੱਕ ਕੌਮ ਵਿੱਚ ਪਹੁੰਚਾਵੇਗਾ ਜਿਸ ਨੂੰ ਨਾ ਤੁਸੀਂ, ਨਾ ਤੁਹਾਡੇ ਪਿਉ-ਦਾਦੇ ਜਾਣਦੇ ਸਨ, ਉੱਥੇ ਤੁਸੀਂ ਦੂਜੇ ਦੇਵਤਿਆਂ ਦੀ ਪੂਜਾ ਕਰੋਗੇ ਅਰਥਾਤ ਲੱਕੜੀ ਅਤੇ ਪੱਥਰ ਦੇ ਦੇਵਤੇ ।
37ਅਤੇ ਤੁਸੀਂ ਉਨ੍ਹਾਂ ਸਾਰੀਆਂ ਕੌਮਾਂ ਵਿੱਚ ਜਿੱਥੇ-ਜਿੱਥੇ ਯਹੋਵਾਹ ਤੁਹਾਨੂੰ ਧੱਕ ਦੇਵੇਗਾ, ਇੱਕ ਭਿਆਨਕ ਨਮੂਨਾ, ਕਹਾਉਤ ਅਤੇ ਮਖੌਲ ਦਾ ਕਾਰਨ ਬਣ ਜਾਓਗੇ ।
38ਤੁਸੀਂ ਖੇਤ ਵਿੱਚ ਬੀਜ ਤਾਂ ਬਹੁਤ ਲੈ ਕੇ ਜਾਓਗੇ ਪਰ ਉਪਜ ਥੋੜ੍ਹੀ ਹੀ ਇਕੱਠੀ ਕਰੋਗੇ, ਕਿਉਂ ਜੋ ਟਿੱਡੀਆਂ ਉਸ ਨੂੰ ਖਾ ਜਾਣਗੀਆਂ ।
39ਤੁਸੀਂ ਅੰਗੂਰੀ ਬਾਗ ਲਾ ਕੇ ਉਸ ਵਿੱਚ ਕੰਮ ਤਾਂ ਕਰੋਗੇ, ਪਰ ਨਾ ਤਾਂ ਤੁਸੀਂ ਉਸ ਦੀ ਮਧ ਪੀਓਗੇ ਅਤੇ ਨਾ ਹੀ ਗੁੱਛੇ ਇਕੱਠੇ ਕਰੋਗੇ, ਕਿਉਂ ਜੋ ਕੀੜਾ ਉਨ੍ਹਾਂ ਨੂੰ ਖਾ ਜਾਵੇਗਾ ।
40ਤੁਹਾਡੀਆਂ ਸਾਰੀਆਂ ਹੱਦਾਂ ਵਿੱਚ ਜ਼ੈਤੂਨ ਦੇ ਰੁੱਖ ਤਾਂ ਹੋਣਗੇ, ਪਰ ਉਨ੍ਹਾਂ ਦਾ ਤੇਲ ਤੁਸੀਂ ਆਪਣੇ ਸਰੀਰ ਤੇ ਨਾ ਮਲ ਸਕੋਗੇ, ਕਿਉਂ ਜੋ ਉਨ੍ਹਾਂ ਦਾ ਫਲ ਝੜ ਜਾਵੇਗਾ ।
41ਤੁਹਾਡੇ ਪੁੱਤਰ ਅਤੇ ਧੀਆਂ ਪੈਦਾ ਹੋਣਗੇ ਪਰ ਉਹ ਤੁਹਾਡੇ ਨਾ ਹੋਣਗੇ, ਕਿਉਂ ਜੋ ਉਹ ਗੁਲਾਮੀ ਵਿੱਚ ਚਲੇ ਜਾਣਗੇ ।
42ਤੁਹਾਡੇ ਸਾਰੇ ਰੁੱਖਾਂ ਅਤੇ ਤੁਹਾਡੀ ਜ਼ਮੀਨ ਦੇ ਸਾਰੇ ਫਲਾਂ ਨੂੰ ਟਿੱਡੀਆਂ ਖਾ ਜਾਣਗੀਆਂ ।
43ਉਹ ਪਰਦੇਸੀ ਜਿਹੜਾ ਤੁਹਾਡੇ ਵਿਚਕਾਰ ਹੈ, ਤੁਹਾਡੇ ਨਾਲੋਂ ਉੱਚਾ ਹੀ ਉੱਚਾ ਹੁੰਦਾ ਜਾਵੇਗਾ, ਪਰ ਤੁਸੀਂ ਨੀਵੇਂ ਹੀ ਨੀਵੇਂ ਹੁੰਦੇ ਜਾਓਗੇ ।
44ਉਹ ਤੁਹਾਨੂੰ ਕਰਜ਼ ਦੇਵੇਗਾ ਪਰ ਤੁਸੀਂ ਉਹ ਨੂੰ ਕਰਜ਼ ਨਾ ਦੇਓਗੇ । ਉਹ ਸਿਰ ਹੋਵੇਗਾ ਅਤੇ ਤੁਸੀਂ ਪੂਛ ਹੋਵੋਗੇ ।
45ਇਹ ਸਾਰੇ ਸਰਾਪ ਤੁਹਾਡੇ ਉੱਤੇ ਆਉਣਗੇ ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਆ ਫੜ੍ਹਨਗੇ ਜਦ ਤੱਕ ਕਿ ਤੁਸੀਂ ਨਾਸ਼ ਨਾ ਜਾਓ, ਕਿਉਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੀ ਅਤੇ ਨਾ ਉਸ ਦੇ ਦਿੱਤੇ ਹੋਏ ਹੁਕਮਾਂ ਅਤੇ ਬਿਧੀਆਂ ਦੀ ਪਾਲਨਾ ਕੀਤੀ ।
46ਅਤੇ ਉਹ ਤੁਹਾਡੇ ਉੱਤੇ ਨਾਲੇ ਤੁਹਾਡੇ ਵੰਸ਼ ਉੱਤੇ ਸਦਾ ਤੱਕ ਨਿਸ਼ਾਨ ਅਤੇ ਅਚਰਜ ਲਈ ਹੋਣਗੇ ।
47ਕਿਉਂ ਜੋ ਤੁਸੀਂ ਸਾਰੀਆਂ ਚੀਜ਼ਾਂ ਦੀ ਬਹੁਤਾਇਤ ਹੁੰਦਿਆਂ ਵੀ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਅਨੰਦਤਾਈ ਅਤੇ ਮਨ ਦੀ ਖੁਸ਼ੀ ਨਾਲ ਨਹੀਂ ਕੀਤੀ,
48ਇਸ ਲਈ ਤੁਸੀਂ ਭੁੱਖ, ਪਿਆਸ, ਨੰਗੇਪਣ ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਥੁੜ ਦੇ ਕਾਰਨ ਆਪਣੇ ਵੈਰੀਆਂ ਦੀ ਟਹਿਲ ਸੇਵਾ ਕਰੋਗੇ, ਜਿਨ੍ਹਾਂ ਨੂੰ ਯਹੋਵਾਹ ਤੁਹਾਡੇ ਵਿਰੁੱਧ ਭੇਜੇਗਾ ਅਤੇ ਉਹ ਲੋਹੇ ਦਾ ਜੂਲਾ ਤੁਹਾਡੀ ਧੌਣ ਉੱਤੇ ਰੱਖੇਗਾ, ਜਦ ਤੱਕ ਤੁਹਾਡਾ ਨਾਸ਼ ਨਾ ਕਰ ਦੇਵੇ ।
49ਯਹੋਵਾਹ ਤੁਹਾਡੇ ਵਿਰੁੱਧ ਦੂਰੋਂ ਅਰਥਾਤ ਧਰਤੀ ਦੇ ਕੰਢੇ ਤੋਂ, ਉਕਾਬ ਦੀ ਤਰ੍ਹਾਂ ਉੱਡਣ ਵਾਲੀ ਇੱਕ ਕੌਮ ਨੂੰ ਲੈ ਆਵੇਗਾ, ਅਜਿਹੀ ਕੌਮ ਜਿਸ ਦੀ ਭਾਸ਼ਾ ਤੁਸੀਂ ਨਹੀਂ ਸਮਝੋਗੇ ।
50ਇੱਕ ਅਜਿਹੀ ਕੌਮ ਜੋ ਨਿਰਦਈ ਹੋਵੇਗੀ, ਜਿਹੜੀ ਨਾ ਬਜ਼ੁਰਗਾਂ ਦਾ ਆਦਰ ਕਰੇਗੀ ਅਤੇ ਨਾ ਜੁਆਨਾਂ ਉੱਤੇ ਦਯਾ ਕਰੇਗੀ,
51ਜਦ ਤੱਕ ਉਹ ਤੁਹਾਨੂੰ ਮਿਟਾ ਨਾ ਦੇਵੇ, ਉਹ ਤੁਹਾਡੇ ਡੰਗਰਾਂ ਦਾ ਫਲ ਅਤੇ ਤੁਹਾਡੀ ਜ਼ਮੀਨ ਦਾ ਫਲ ਖਾਵੇਗੀ ਅਤੇ ਉਹ ਤੁਹਾਡੇ ਲਈ ਅੰਨ, ਨਵੀਂ ਮਧ, ਤੇਲ ਅਤੇ ਤੁਹਾਡੇ ਚੌਣੇ ਦਾ ਵਾਧਾ ਅਤੇ ਇੱਜੜ ਦੇ ਬੱਚੇ ਨਾ ਛੱਡੇਗੀ, ਜਦ ਤੱਕ ਕਿ ਤੁਹਾਨੂੰ ਨਾਸ਼ ਨਾ ਕਰ ਦੇਵੇ ।
52ਉਹ ਤੁਹਾਨੂੰ ਤੁਹਾਡੇ ਸਾਰੇ ਫਾਟਕਾਂ ਵਿੱਚ ਘੇਰ ਲਵੇਗੀ, ਜਦ ਤੱਕ ਤੁਹਾਡੀਆਂ ਉੱਚੀਆਂ ਅਤੇ ਗੜ੍ਹਾਂ ਵਾਲੀਆਂ ਕੰਧਾਂ ਢਾਹੀਆਂ ਨਾ ਜਾਣ, ਜਿਨ੍ਹਾਂ ਉੱਤੇ ਤੁਸੀਂ ਆਪਣੇ ਦੇਸ਼ ਵਿੱਚ ਭਰੋਸਾ ਰੱਖੀ ਬੈਠੇ ਸੀ । ਉਹ ਤੁਹਾਨੂੰ ਤੁਹਾਡੇ ਸਾਰੇ ਫਾਟਕਾਂ ਵਿੱਚ ਤੁਹਾਡੇ ਸਾਰੇ ਦੇਸ਼ ਦੇ ਅੰਦਰ ਘੇਰ ਲਵੇਗੀ, ਜਿਹੜਾ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤਾ ਹੈ ।
53ਉਸ ਘੇਰੇ ਅਤੇ ਉਸ ਬਿਪਤਾ ਵਿੱਚ ਜਿਸ ਦੇ ਨਾਲ ਤੁਹਾਡੇ ਵੈਰੀ ਤੁਹਾਨੂੰ ਸਤਾਉਣਗੇ, ਤੁਸੀਂ ਆਪਣੇ ਸਰੀਰ ਦਾ ਫਲ ਅਰਥਾਤ ਆਪਣੇ ਪੁੱਤਰ ਅਤੇ ਧੀਆਂ ਦਾ ਮਾਸ ਖਾਓਗੇ, ਜਿਹੜੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਵੇਗਾ ।
54ਤੁਹਾਡੇ ਵਿੱਚ ਜਿਹੜਾ ਮਨੁੱਖ ਬਹੁਤ ਸੱਜਣ ਅਤੇ ਕੋਮਲ ਸੁਭਾਓ ਦਾ ਹੋਵੇਗਾ, ਉਸ ਦੀ ਅੱਖ ਵੀ ਆਪਣੇ ਭਰਾ, ਆਪਣੀ ਪਿਆਰੀ ਪਤਨੀ ਅਤੇ ਆਪਣੇ ਬਚੇ ਹੋਏ ਪੁੱਤਰਾਂ ਅਤੇ ਧੀਆਂ ਵੱਲ ਭੈੜੀ ਹੋਵੇਗੀ,
55ਅਤੇ ਉਹ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਆਪਣੇ ਬੱਚਿਆਂ ਦੇ ਮਾਸ ਵਿੱਚੋਂ ਜਿਹੜਾ ਉਹ ਖਾਂਦਾ ਹੋਵੇਗਾ ਕੁਝ ਨਹੀਂ ਦੇਵੇਗਾ, ਕਿਉਂ ਜੋ ਉਸ ਘੇਰੇ ਅਤੇ ਉਸ ਬਿਪਤਾ ਵਿੱਚ ਜਿਸ ਨਾਲ ਤੁਹਾਡੇ ਵੈਰੀ ਤੁਹਾਡੇ ਸਾਰੇ ਫਾਟਕਾਂ ਦੇ ਅੰਦਰ ਤੁਹਾਨੂੰ ਸਤਾਉਣਗੇ, ਉਸ ਦੇ ਲਈ ਹੋਰ ਕੁਝ ਬਾਕੀ ਨਹੀਂ ਰਿਹਾ ।
56ਤੁਹਾਡੇ ਵਿੱਚੋਂ ਉਹ ਕੋਮਲ ਅਤੇ ਨਾਜ਼ੁਕ ਇਸਤਰੀ ਜਿਸ ਨੇ ਕਦੀ ਕੋਮਲਤਾ ਅਤੇ ਨਜ਼ਾਕਤ ਦੇ ਕਾਰਨ ਆਪਣੇ ਪੈਰ ਧਰਤੀ ਉੱਤੇ ਰੱਖਣ ਦਾ ਹੌਂਸਲਾ ਨਹੀਂ ਕੀਤਾ, ਉਸ ਦੀ ਅੱਖ ਆਪਣੇ ਪਿਆਰੇ ਪਤੀ ਅਤੇ ਆਪਣੇ ਪੁੱਤਰ ਅਤੇ ਧੀ ਵੱਲ,
57ਆਪਣੀ ਆਓਲ ਵੱਲ ਜਿਹੜੀ ਉਸ ਦੀਆਂ ਲੱਤਾਂ ਦੇ ਵਿੱਚੋਂ ਦੀ ਨਿੱਕਲੀ ਹੈ ਅਤੇ ਉਨ੍ਹਾਂ ਬੱਚਿਆਂ ਵੱਲ ਭੈੜੀ ਹੋਵੇਗੀ, ਜਿਨ੍ਹਾਂ ਨੂੰ ਉਸ ਨੇ ਜਨਮ ਦਿੱਤਾ, ਕਿਉਂ ਜੋ ਉਸ ਘੇਰੇ ਅਤੇ ਬਿਪਤਾ ਵਿੱਚ ਜਿਸਦੇ ਨਾਲ ਤੁਹਾਡੇ ਵੈਰੀ ਤੁਹਾਡੇ ਫਾਟਕਾਂ ਦੇ ਅੰਦਰ ਤੁਹਾਨੂੰ ਸਤਾਉਣਗੇ, ਉਹ ਸਾਰੀਆਂ ਚੀਜ਼ਾਂ ਦੀ ਥੁੜ ਦੇ ਕਾਰਨ ਚੁੱਪ ਕੀਤੇ ਉਹਨਾਂ ਨੂੰ ਖਾ ਜਾਵੇਗੀ ।
58ਜੇਕਰ ਤੁਸੀਂ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਨੂੰ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ, ਪੂਰੇ ਕਰਨ ਦੀ ਪਾਲਣਾ ਨਾ ਕਰੋ ਕਿ ਤੁਸੀਂ ਉਸ ਪ੍ਰਤਾਪੀ ਅਤੇ ਭੈ ਦਾਇਕ ਨਾਮ ਤੋਂ ਅਰਥਾਤ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਡਰੋ,
59ਤਾਂ ਯਹੋਵਾਹ ਤੁਹਾਡੀਆਂ ਅਤੇ ਤੁਹਾਡੇ ਵੰਸ਼ ਦੀਆਂ ਬਵਾਂ ਨੂੰ ਭਿਆਨਕ ਬਣਾਵੇਗਾ, ਉਹ ਬਵਾਂ ਵੱਡੀਆਂ ਅਤੇ ਬਹੁਤ ਸਮੇਂ ਤੱਕ ਰਹਿਣਗੀਆਂ ਅਤੇ ਰੋਗ ਬੁਰੇ ਅਤੇ ਬਹੁਤ ਸਮੇਂ ਤੱਕ ਰਹਿਣ ਵਾਲੇ ਹੋਣਗੇ ।
60ਉਹ ਤੁਹਾਡੇ ਉੱਤੇ ਉਨ੍ਹਾਂ ਸਾਰੇ ਮਿਸਰੀ ਰੋਗਾਂ ਨੂੰ ਮੁੜ ਲੈ ਆਵੇਗਾ, ਜਿਨ੍ਹਾਂ ਤੋਂ ਤੁਸੀਂ ਡਰਦੇ ਹੋ, ਉਹ ਤੁਹਾਨੂੰ ਲੱਗੇ ਰਹਿਣਗੇ,
61ਸਗੋਂ ਹਰ ਇੱਕ ਬਿਮਾਰੀ ਅਤੇ ਹਰ ਇੱਕ ਬਿਪਤਾ ਜਿਹੜੀ ਇਸ ਬਿਵਸਥਾ ਦੀ ਪੋਥੀ ਵਿੱਚ ਲਿਖੀ ਨਹੀਂ ਗਈ, ਯਹੋਵਾਹ ਤੁਹਾਡੇ ਉੱਤੇ ਲੈ ਆਵੇਗਾ, ਜਦ ਤੱਕ ਤੁਸੀਂ ਮਿਟ ਨਾ ਜਾਓ ।
62ਭਾਵੇਂ ਤੁਸੀਂ ਆਕਾਸ਼ ਦੇ ਤਾਰਿਆਂ ਜਿੰਨ੍ਹੇ ਸੀ, ਪਰ ਤੁਸੀਂ ਗਿਣਤੀ ਵਿੱਚ ਥੋੜ੍ਹੇ ਜਿਹੇ ਬਾਕੀ ਰਹਿ ਜਾਓਗੇ, ਕਿਉਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਹੀਂ ਸੁਣੀ ।
63ਅਜਿਹਾ ਹੋਵੇਗਾ ਕਿ ਜਿਵੇਂ ਹੁਣ ਯਹੋਵਾਹ ਤੁਹਾਡੇ ਉੱਤੇ ਤੁਹਾਡੀ ਭਲਿਆਈ ਅਤੇ ਤੁਹਾਡੇ ਵਾਧੇ ਲਈ ਖੁਸ਼ ਹੁੰਦਾ ਹੈ, ਉਸੇ ਤਰ੍ਹਾਂ ਹੀ ਯਹੋਵਾਹ ਤੁਹਾਡੇ ਉੱਤੇ ਤੁਹਾਨੂੰ ਨਾਸ਼ ਕਰਨ ਅਤੇ ਤੁਹਾਨੂੰ ਮਿਟਾਉਣ ਲਈ ਖੁਸ਼ ਹੋਵੇਗਾ ਅਤੇ ਤੁਸੀਂ ਉਸ ਦੇਸ਼ ਵਿੱਚੋਂ ਉਖਾੜੇ ਜਾਓਗੇ, ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਜਾਂਦੇ ਹੋ ।
64ਯਹੋਵਾਹ ਤੁਹਾਨੂੰ ਸਾਰਿਆਂ ਲੋਕਾਂ ਵਿੱਚ ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਖਿਲਾਰ ਦੇਵੇਗਾ ਅਤੇ ਉੱਥੇ ਤੁਸੀਂ ਦੂਜੇ ਦੇਵਤਿਆਂ ਦੀ ਪੂਜਾ ਕਰੋਗੇ ਅਰਥਾਤ ਲੱਕੜੀ ਅਤੇ ਪੱਥਰ ਦੇ ਦੇਵਤੇ ਜਿਹਨਾਂ ਨੂੰ ਨਾ ਤੁਸੀਂ ਅਤੇ ਨਾ ਤੁਹਾਡੇ ਪਿਉ-ਦਾਦਿਆਂ ਜਾਣਦੇ ਸਨ ।
65ਇਹਨਾਂ ਕੌਮਾਂ ਵਿੱਚ ਤੁਸੀਂ ਸੁੱਖ ਨਾ ਪਾਓਗੇ ਅਤੇ ਨਾ ਤੁਹਾਡੇ ਪੈਰ ਦੇ ਤਲੇ ਨੂੰ ਆਰਾਮ ਹੋਵੇਗਾ, ਸਗੋਂ ਉੱਥੇ ਯਹੋਵਾਹ ਤੁਹਾਨੂੰ ਕੰਬਣ ਵਾਲੇ ਦਿਲ, ਅੱਖਾਂ ਦਾ ਧੁੰਦਲਾਪਣ ਅਤੇ ਮਨ ਦੀ ਘਬਰਾਹਟ ਦੇਵੇਗਾ ।
66ਤੁਹਾਡਾ ਜੀਵਨ ਤੁਹਾਡੇ ਅੱਗੇ ਦੁਬਿਧਾ ਵਿੱਚ ਅਟਕਿਆ ਰਹੇਗਾ ਅਤੇ ਤੁਸੀਂ ਦਿਨ ਰਾਤ ਡਰਦੇ ਰਹੋਗੇ । ਤੁਸੀਂ ਆਪਣੇ ਜੀਉਣ ਦੀ ਆਸ ਛੱਡ ਬੈਠੋਗੇ ।
67ਤੁਹਾਡੇ ਦਿਲ ਵਿੱਚ ਬਣੇ ਹੋਏ ਡਰ ਦੇ ਕਾਰਨ, ਅਤੇ ਉਸ ਸਭ ਦੇ ਕਾਰਨ ਜੋ ਤੁਹਾਡੀਆਂ ਅੱਖਾਂ ਵੇਖਣਗੀਆਂ, ਤੁਸੀਂ ਸਵੇਰ ਨੂੰ ਆਖੋਗੇ, "ਸ਼ਾਮ ਕਦੋਂ ਹੋਵੇਗੀ ? " ਅਤੇ ਸ਼ਾਮ ਨੂੰ ਆਖੋਗੇ, "ਸਵੇਰ ਕਦੋਂ ਹੋਵੇਗੀ ? "
68ਅਤੇ ਯਹੋਵਾਹ ਤੁਹਾਨੂੰ ਬੇੜਿਆਂ ਵਿੱਚ ਚੜ੍ਹਾ ਕੇ ਉਸੇ ਰਾਹ ਤੋਂ ਮਿਸਰ ਨੂੰ ਲੈ ਜਾਵੇਗਾ, ਜਿਸ ਦੇ ਵਿਖੇ ਮੈਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਉਸ ਨੂੰ ਫੇਰ ਕਦੀ ਨਹੀਂ ਵੇਖੋਗੇ । ਉੱਥੇ ਤੁਸੀਂ ਆਪਣੇ ਆਪ ਨੂੰ ਆਪਣੇ ਵੈਰੀਆਂ ਦੇ ਹੱਥ ਦਾਸ-ਦਾਸੀਆਂ ਕਰਕੇ ਵੇਚੋਗੇ ਪਰ ਕੋਈ ਖਰੀਦਦਾਰ ਨਹੀਂ ਹੋਵੇਗਾ ।