Bible 2 India Mobile
[VER] : [PUNJABI]     [PL]  [PB] 
 <<  Deuteronomy 26 >> 

1ਅਜਿਹਾ ਹੋਵੇਗਾ ਕਿ ਜਦ ਤੁਸੀਂ ਉਸ ਦੇਸ਼ ਵਿੱਚ ਪਹੁੰਚ ਜਾਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ ਅਤੇ ਉਸ ਉੱਤੇ ਅਧਿਕਾਰ ਕਰਕੇ ਉਸ ਵਿੱਚ ਵੱਸ ਜਾਓ,

2ਤਦ ਜੋ ਦੇਸ਼ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦੇਣ ਵਾਲਾ ਹੈ, ਤੂੰ ਉਸ ਦੀ ਜ਼ਮੀਨ ਦੇ ਸਾਰੇ ਪਹਿਲੇ ਫਲਾਂ ਵਿੱਚੋਂ ਜਿਹੜੇ ਤੂੰ ਆਪਣੇ ਘਰ ਲੈ ਆਵੇਂਗਾ, ਉਨ੍ਹਾਂ ਵਿੱਚੋਂ ਕੁਝ ਲੈ ਕੇ ਟੋਕਰੀ ਵਿੱਚ ਰੱਖੀਂ ਅਤੇ ਉਸ ਸਥਾਨ ਨੂੰ ਜਾਵੀਂ ਜਿਹੜਾ ਯਹੋਵਾਹ ਤੇਰਾ ਪਰਮੇਸ਼ੁਰ ਆਪਣਾ ਨਾਮ ਵਸਾਉਣ ਲਈ ਚੁਣੇਗਾ ।

3ਅਤੇ ਉਨ੍ਹਾਂ ਦਿਨਾਂ ਵਿੱਚ ਜੋ ਜਾਜਕ ਹੋਵੇ ਤੂੰ ਉਸ ਦੇ ਕੋਲ ਜਾ ਆਖੀਂ, "ਮੈਂ ਅੱਜ ਦੇ ਦਿਨ ਇਹ ਗੱਲ ਯਹੋਵਾਹ ਤੇਰੇ ਪਰਮੇਸ਼ੁਰ ਦੇ ਅੱਗੇ ਦੱਸਦਾ ਹਾਂ ਕਿ ਮੈਂ ਉਸ ਦੇਸ਼ ਵਿੱਚ ਆ ਗਿਆ ਹਾਂ ਜਿਸ ਨੂੰ ਸਾਨੂੰ ਦੇਣ ਦੀ ਯਹੋਵਾਹ ਨੇ ਸਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ । "

4ਤਦ ਜਾਜਕ ਉਸ ਟੋਕਰੀ ਨੂੰ ਤੇਰੇ ਹੱਥੋਂ ਲੈ ਕੇ ਯਹੋਵਾਹ ਤੇਰੇ ਪਰਮੇਸ਼ੁਰ ਦੀ ਜਗਵੇਦੀ ਦੇ ਅੱਗੇ ਰੱਖ ਦੇਵੇ ।

5ਫੇਰ ਤੂੰ ਉੱਤਰ ਦੇ ਕੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਆਖੀਂ, "ਮੇਰਾ ਪਿਤਾ ਇੱਕ ਅਰਾਮੀ ਮਨੁੱਖ ਸੀ ਜੋ ਮਰਨ ਵਾਲਾ ਸੀ, ਉਹ ਥੋੜ੍ਹੇ ਜਿਹੇ ਹੀ ਸਨ ਅਤੇ ਉਹ ਮਿਸਰ ਵਿੱਚ ਜਾ ਕੇ ਉੱਥੇ ਟਿਕਿਆ ਅਤੇ ਉੱਥੇ ਉਹ ਇੱਕ ਵੱਡੀ, ਬਲਵੰਤ ਅਤੇ ਬਹੁਤ ਸਾਰੇ ਲੋਕਾਂ ਨਾਲ ਭਰੀ ਹੋਏ ਕੌਮ ਬਣ ਗਿਆ ।

6ਤਦ ਮਿਸਰੀਆਂ ਨੇ ਸਾਡੇ ਨਾਲ ਬੁਰਾ ਵਰਤਾਉ ਕੀਤਾ ਅਤੇ ਸਾਨੂੰ ਦੁੱਖ ਦੇਣ ਲੱਗ ਪਏ ਅਤੇ ਸਾਡੇ ਤੋਂ ਸਖ਼ਤ ਟਹਿਲ-ਸੇਵਾ ਕਰਵਾਈ ।

7ਤਦ ਅਸੀਂ ਯਹੋਵਾਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਅੱਗੇ ਦੁਹਾਈ ਦਿੱਤੀ ਅਤੇ ਯਹੋਵਾਹ ਨੇ ਸਾਡੀ ਸੁਣੀ ਅਤੇ ਸਾਡੇ ਕਸ਼ਟ, ਸਾਡੇ ਦੁੱਖ ਅਤੇ ਸਾਡੇ ਉੱਤੇ ਹੋਣ ਵਾਲਾ ਜ਼ੁਲਮ ਵੇਖਿਆ,

8ਤਦ ਯਹੋਵਾਹ ਬਲਵੰਤ ਹੱਥ, ਪਸਾਰੀ ਹੋਈ ਬਾਂਹ, ਵੱਡੇ ਡਰਾਵਿਆਂ, ਨਿਸ਼ਾਨਾਂ ਅਤੇ ਅਚਰਜ ਕੰਮਾਂ ਨਾਲ ਸਾਨੂੰ ਮਿਸਰ ਤੋਂ ਬਾਹਰ ਕੱਢ ਲਿਆਇਆ,

9ਅਤੇ ਸਾਨੂੰ ਇਸ ਸਥਾਨ ਵਿੱਚ ਪਹੁੰਚਾਇਆ ਅਤੇ ਸਾਨੂੰ ਇਹ ਦੇਸ਼ ਦਿੱਤਾ ਹੈ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ ।

10ਹੁਣ ਵੇਖ, ਮੈਂ ਉਸ ਧਰਤੀ ਦਾ ਪਹਿਲਾ ਫਲ ਲਿਆਇਆ ਹਾਂ ਜਿਹੜੀ ਹੇ ਯਹੋਵਾਹ, ਤੂੰ ਮੈਨੂੰ ਦਿੱਤੀ ਹੈ । " ਤਦ ਤੂੰ ਉਹ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਰੱਖੀਂ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕੀਂ ।

11ਇਸ ਤਰ੍ਹਾਂ ਤੂੰ ਉਸ ਸਾਰੀ ਭਲਿਆਈ ਲਈ ਜਿਹੜੀ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਅਤੇ ਤੇਰੇ ਘਰਾਣੇ ਨੂੰ ਦਿੱਤੀ ਹੈ, ਲੇਵੀਆਂ ਅਤੇ ਆਪਣੇ ਵਿਚਕਾਰ ਰਹਿਣ ਵਾਲੇ ਪਰਦੇਸੀਆਂ ਸਮੇਤ ਅਨੰਦ ਕਰੀਂ ।

12ਤੀਜੇ ਸਾਲ ਵਿੱਚ, ਜੋ ਦਸਵੰਧ ਦਾ ਸਾਲ ਹੈ, ਜਦ ਤੂੰ ਆਪਣੇ ਸਾਰੇ ਵਾਧੇ ਦਾ ਦਸਵੰਧ ਕੱਢ ਲਵੇਂ ਤਾਂ ਤੂੰ ਉਸ ਨੂੰ ਲੇਵੀ, ਪਰਦੇਸੀ, ਯਤੀਮ ਅਤੇ ਵਿਧਵਾ ਨੂੰ ਦੇਵੀਂ ਤਾਂ ਜੋ ਉਹ ਤੇਰੇ ਫਾਟਕਾਂ ਦੇ ਅੰਦਰ ਖਾ ਕੇ ਰੱਜ ਜਾਣ,

13ਫੇਰ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਆਖੀਂ, "ਮੈਂ ਤੇਰੇ ਦਿੱਤੇ ਹੋਏ ਸਾਰੇ ਹੁਕਮਾਂ ਅਨੁਸਾਰ ਆਪਣੇ ਘਰ ਤੋਂ ਪਵਿੱਤਰ ਚੀਜ਼ਾਂ ਲੈ ਕੇ ਲੇਵੀ, ਪਰਦੇਸੀ, ਯਤੀਮ ਅਤੇ ਵਿਧਵਾ ਨੂੰ ਦਿੱਤੀਆਂ ਹਨ । ਮੈਂ ਤੇਰੇ ਕਿਸੇ ਵੀ ਹੁਕਮ ਦਾ ਉਲੰਘਣ ਨਹੀਂ ਕੀਤਾ, ਨਾ ਹੀ ਮੈਂ ਉਨ੍ਹਾਂ ਨੂੰ ਭੁੱਲਿਆ ਹਾਂ ।

14ਮੈਂ ਆਪਣੇ ਸੋਗ ਦੇ ਸਮੇਂ ਉਨ੍ਹਾਂ ਵਿੱਚੋਂ ਨਹੀਂ ਖਾਧਾ, ਜਦ ਮੈਂ ਅਸ਼ੁੱਧ ਸੀ ਤਦ ਉਨ੍ਹਾਂ ਵਿੱਚੋਂ ਕੁਝ ਨਹੀਂ ਕੱਢਿਆ, ਨਾ ਹੀ ਮੈਂ ਉਨ੍ਹਾਂ ਵਿੱਚੋਂ ਮੁਰਦਿਆਂ ਲਈ ਕੁਝ ਦਿੱਤਾ ! ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੀ, ਮੈਂ ਸਭ ਕੁਝ ਉਸੇ ਤਰ੍ਹਾਂ ਹੀ ਕੀਤਾ ਹੈ ਜਿਵੇਂ ਤੂੰ ਮੈਨੂੰ ਹੁਕਮ ਦਿੱਤਾ ਸੀ ।

15ਤੂੰ ਸਵਰਗ ਵਿੱਚੋਂ ਜੋ ਤੇਰਾ ਪਵਿੱਤਰ ਨਿਵਾਸ ਹੈ, ਹੇਠਾਂ ਨਿਗਾਹ ਮਾਰ ਅਤੇ ਆਪਣੀ ਪਰਜਾ ਇਸਰਾਏਲ ਨੂੰ ਬਰਕਤ ਦੇ, ਅਤੇ ਇਸ ਜ਼ਮੀਨ ਨੂੰ ਵੀ ਜਿਹੜੀ ਤੂੰ ਸਾਨੂੰ ਦਿੱਤੀ ਹੈ, ਜਿਵੇਂ ਤੂੰ ਸਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ, ਇੱਕ ਅਜਿਹਾ ਦੇਸ਼ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ । "

16ਅੱਜ ਦੇ ਦਿਨ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਹੁਕਮ ਦਿੰਦਾ ਹੈ ਕਿ ਇਨ੍ਹਾਂ ਬਿਧੀਆਂ ਅਤੇ ਕਨੂੰਨਾਂ ਦੀ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਪੂਰਾ ਕਰ ਕੇ ਪਾਲਣਾ ਕਰੋ ।

17ਅੱਜ ਤੁਸੀਂ ਯਹੋਵਾਹ ਨੂੰ ਆਪਣਾ ਪਰਮੇਸ਼ੁਰ ਕਰ ਕੇ ਮੰਨਿਆ ਹੈ ਅਤੇ ਬਚਨ ਦਿੱਤਾ ਹੈ ਕਿ ਤੁਸੀਂ ਉਸ ਦੇ ਸਾਰੇ ਮਾਰਗਾਂ ਉੱਤੇ ਚੱਲੋਗੇ ਅਤੇ ਉਸ ਦੀਆਂ ਸਾਰੀਆਂ ਬਿਧੀਆਂ, ਹੁਕਮਾਂ ਅਤੇ ਕਨੂੰਨਾਂ ਦੀ ਪਾਲਨਾ ਕਰੋਗੇ ਅਤੇ ਉਸ ਦੀ ਅਵਾਜ਼ ਨੂੰ ਸੁਣੋਗੇ ।

18ਅਤੇ ਯਹੋਵਾਹ ਨੇ ਵੀ ਅੱਜ ਆਪਣੇ ਬਚਨ ਅਨੁਸਾਰ ਤੁਹਾਨੂੰ ਆਪਣੀ ਨਿੱਜ-ਪਰਜਾ ਕਰ ਕੇ ਮੰਨਿਆ ਹੈ ਕਿ ਤੁਸੀਂ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋ,

19ਤਾਂ ਜੋ ਉਹ ਤੁਹਾਨੂੰ ਉਨ੍ਹਾਂ ਸਾਰੀਆਂ ਕੌਮਾਂ ਨਾਲੋਂ, ਜਿਨ੍ਹਾਂ ਨੂੰ ਉਸ ਨੇ ਬਣਾਇਆ ਹੈ, ਵੱਧ ਉਸਤਤ, ਨਾਮ ਅਤੇ ਸਨਮਾਨ ਵਿੱਚ ਉੱਚਾ ਕਰੇ ਅਤੇ ਜਿਵੇਂ ਉਸ ਨੇ ਬਚਨ ਦਿੱਤਾ ਸੀ, ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਪਵਿੱਤਰ ਪਰਜਾ ਹੋਵੋ ।


  Share Facebook  |  Share Twitter

 <<  Deuteronomy 26 >> 


Bible2india.com
© 2010-2025
Help
Dual Panel

Laporan Masalah/Saran