Bible 2 India Mobile
[VER] : [PUNJABI]     [PL]  [PB] 
 <<  Deuteronomy 25 >> 

1ਜੇ ਮਨੁੱਖਾਂ ਵਿੱਚ ਝਗੜਾ ਹੋ ਜਾਵੇ ਅਤੇ ਉਹ ਨਿਆਂ ਕਰਾਉਣ ਲਈ ਨਿਆਈਆਂ ਦੇ ਕੋਲ ਆਉਣ ਅਤੇ ਉਹ ਉਨ੍ਹਾਂ ਦਾ ਨਿਆਂ ਕਰਨ ਤਾਂ ਉਹ ਧਰਮੀ ਨੂੰ ਧਰਮੀ ਅਤੇ ਬੁਰੇ ਨੂੰ ਬੁਰਾ ਠਹਿਰਾਉਣ ।

2ਅਜਿਹਾ ਹੋਵੇ ਕਿ ਜੇਕਰ ਉਹ ਬੁਰਾ ਮਨੁੱਖ ਮਾਰ ਖਾਣ ਦੇ ਯੋਗ ਠਹਿਰੇ, ਤਾਂ ਨਿਆਈ ਉਸ ਨੂੰ ਲੰਮਾ ਪੁਆ ਲਵੇ ਅਤੇ ਆਪਣੇ ਸਾਹਮਣੇ ਉਸ ਦੀ ਬੁਰਿਆਈ ਦੇ ਅਨੁਸਾਰ ਉਸ ਨੂੰ ਗਿਣ ਕੇ ਕੋੜੇ ਲਗਵਾਏ ।

3ਉਹ ਉਸ ਨੂੰ ਚਾਲੀ ਕੋੜੇ ਲਗਵਾ ਸਕਦਾ ਹੈ, ਪਰ ਇਸ ਤੋਂ ਵੱਧ ਨਾ ਮਾਰੇ, ਅਜਿਹਾ ਨਾ ਹੋਵੇ ਕਿ ਇਸ ਤੋਂ ਵੱਧ ਕੋੜੇ ਮਾਰਨ ਦੇ ਕਾਰਨ ਤੇਰਾ ਭਰਾ ਤੇਰੀ ਨਿਗਾਹ ਵਿੱਚ ਤੁੱਛ ਠਹਿਰੇ ।

4ਤੂੰ ਗਾਹੁੰਦੇ ਬਲਦ ਦੇ ਮੂੰਹ ਨੂੰ ਛਿੱਕੁਲੀ ਨਾ ਚੜਾਈਂ ।

5ਜੇਕਰ ਭਰਾ ਇੱਕਠੇ ਰਹਿੰਦੇ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਮਰ ਜਾਵੇ ਅਤੇ ਉਸ ਦਾ ਕੋਈ ਪੁੱਤਰ ਨਾ ਹੋਵੇ ਤਾਂ ਮਰਨ ਵਾਲੇ ਦੀ ਇਸਤਰੀ ਦਾ ਵਿਆਹ ਕਿਸੇ ਪਰਾਏ ਮਨੁੱਖ ਨਾਲ ਨਾ ਕੀਤਾ ਜਾਵੇ । ਉਸ ਮਨੁੱਖ ਦਾ ਭਰਾ ਉਸ ਦੇ ਕੋਲ ਜਾ ਕੇ ਉਸ ਨੂੰ ਆਪਣੀ ਪਤਨੀ ਕਰ ਲਵੇ ਅਤੇ ਪਤੀ ਦੇ ਭਰਾ ਦਾ ਹੱਕ ਉਸ ਦੇ ਨਾਲ ਪੂਰਾ ਕਰੇ ।

6ਤਦ ਅਜਿਹਾ ਹੋਵੇਗਾ ਕਿ ਜਿਹੜਾ ਜੇਠਾ ਉਸ ਇਸਤਰੀ ਤੋਂ ਪੈਦਾ ਹੋਵੇ ਉਹ ਉਸ ਮਰੇ ਹੋਏ ਭਰਾ ਦੇ ਨਾਮ ਉੱਤੇ ਠਹਿਰਾਇਆ ਜਾਵੇ, ਤਾਂ ਜੋ ਉਸ ਦਾ ਨਾਮ ਇਸਰਾਏਲ ਵਿੱਚੋਂ ਮਿਟ ਨਾ ਜਾਵੇ ।

7ਪਰ ਜੇਕਰ ਉਹ ਮਨੁੱਖ ਆਪਣੇ ਭਰਾ ਦੀ ਪਤਨੀ ਨਾਲ ਵਿਆਹ ਕਰਨਾ ਨਾ ਚਾਹੇ, ਤਾਂ ਉਹ ਇਸਤਰੀ ਫਾਟਕ ਉੱਤੇ ਬਜ਼ੁਰਗਾਂ ਕੋਲ ਜਾ ਕੇ ਆਖੇ, "ਮੇਰੇ ਪਤੀ ਦਾ ਭਰਾ ਆਪਣੇ ਭਰਾ ਦਾ ਨਾਮ ਇਸਰਾਏਲ ਵਿੱਚ ਕਾਇਮ ਰੱਖਣ ਤੋਂ ਮੁੱਕਰਦਾ ਹੈ । ਉਹ ਮੇਰੇ ਪਤੀ ਦਾ ਹੱਕ ਮੇਰੇ ਨਾਲ ਪੂਰਾ ਨਹੀਂ ਕਰਦਾ । "

8ਤਦ ਉਸ ਸ਼ਹਿਰ ਦੇ ਬਜ਼ੁਰਗ ਉਸ ਮਨੁੱਖ ਨੂੰ ਸੱਦ ਕੇ ਉਹ ਦੇ ਨਾਲ ਗੱਲ ਕਰਨ ਅਤੇ ਜੇਕਰ ਉਹ ਖੜ੍ਹਾ ਹੋ ਕੇ ਆਖੇ, "ਮੈਂ ਇਸ ਨਾਲ ਵਿਆਹ ਕਰਨਾ ਨਹੀਂ ਚਾਹੁੰਦਾ । "

9ਤਦ ਉਹ ਦੇ ਭਰਾ ਦੀ ਪਤਨੀ ਬਜ਼ੁਰਗਾਂ ਦੇ ਵੇਖਦਿਆਂ ਉਸ ਦੇ ਨੇੜੇ ਜਾਵੇ ਅਤੇ ਉਸ ਦੇ ਪੈਰਾਂ ਤੋਂ ਜੁੱਤੀ ਲਾਹ ਲਵੇ ਅਤੇ ਉਹ ਦੇ ਮੂੰਹ ਉੱਤੇ ਥੁੱਕੇ, ਅਤੇ ਉੱਤਰ ਦੇ ਕੇ ਆਖੇ, "ਜਿਹੜਾ ਮਨੁੱਖ ਆਪਣੇ ਭਰਾ ਦਾ ਘਰਾਣਾ ਨਾ ਬਣਾਵੇ ਉਸ ਦੇ ਨਾਲ ਅਜਿਹਾ ਹੀ ਕੀਤਾ ਜਾਵੇਗਾ । "

10ਫੇਰ ਉਸ ਦਾ ਨਾਮ ਇਸਰਾਏਲ ਵਿੱਚ ਇਸ ਤਰ੍ਹਾਂ ਸੱਦਿਆ ਜਾਵੇ ਅਰਥਾਤ 'ਜੁੱਤੀ ਲੱਥੇ ਦਾ ਘਰਾਣਾ' ।

11ਜੇਕਰ ਦੋ ਮਨੁੱਖ ਆਪੋ ਵਿੱਚ ਲੜ ਪੈਣ ਅਤੇ ਇੱਕ ਦੀ ਪਤਨੀ ਨੇੜੇ ਆਵੇ ਤਾਂ ਜੋ ਆਪਣੇ ਪਤੀ ਨੂੰ ਮਾਰਨ ਵਾਲੇ ਦੇ ਹੱਥੋਂ ਛੁਡਾਵੇ ਅਤੇ ਆਪਣਾ ਹੱਥ ਵਧਾ ਕੇ ਉਸ ਦੇ ਗੁਪਤ ਅੰਗ ਨੂੰ ਫੜ੍ਹ ਲਵੇ,

12ਤਾਂ ਤੂੰ ਉਸ ਇਸਤਰੀ ਦਾ ਹੱਥ ਵੱਢ ਸੁੱਟੀਂ । ਤੇਰੀ ਅੱਖਾਂ ਵਿੱਚ ਉਸ ਲਈ ਤਰਸ ਨਾ ਹੋਵੇ ।

13ਤੇਰੇ ਥੈਲੇ ਵਿੱਚ ਦੋ ਪ੍ਰਕਾਰ ਦੇ ਵੱਟੇ ਨਾ ਹੋਣ, ਇੱਕ ਵੱਡਾ ਤੇ ਇੱਕ ਛੋਟਾ ।

14ਤੇਰੇ ਘਰ ਵਿੱਚ ਦੋ ਪ੍ਰਕਾਰ ਦੇ ਨਾਪ ਨਾ ਹੋਣ, ਇੱਕ ਵੱਡਾ ਤੇ ਇੱਕ ਛੋਟਾ ।

15ਤੇਰੇ ਵੱਟੇ ਅਤੇ ਤੇਰਾ ਨਾਪ ਪੂਰਾ-ਪੂਰਾ ਅਤੇ ਠੀਕ-ਠੀਕ ਹੋਵੇ ਤਾਂ ਜੋ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦੇਣ ਵਾਲਾ ਹੈ, ਤੇਰੀ ਉਮਰ ਲੰਬੀ ਹੋਵੇ ।

16ਕਿਉਂ ਜੋ ਜਿਹੜੇ ਇਹ ਕੰਮ ਕਰਦੇ ਹਨ ਅਰਥਾਤ ਜਿਹੜੇ ਬੁਰਿਆਈ ਕਰਦੇ ਹਨ, ਉਹ ਸਾਰੇ ਯਹੋਵਾਹ ਤੇਰੇ ਪਰਮੇਸ਼ੁਰ ਨੂੰ ਘਿਣਾਉਣੇ ਲੱਗਦੇ ਹਨ ।

17ਯਾਦ ਰੱਖੋ ਕਿ ਅਮਾਲੇਕੀਆਂ ਨੇ ਤੁਹਾਡੇ ਨਾਲ ਰਾਹ ਵਿੱਚ ਕੀ ਕੀਤਾ ਜਦ ਤੁਸੀਂ ਮਿਸਰ ਤੋਂ ਨਿੱਕਲ ਕੇ ਆਏ ਸੀ,

18ਕਿਵੇਂ ਉਹ ਤੁਹਾਨੂੰ ਰਾਹ ਵਿੱਚ ਮਿਲੇ ਅਤੇ ਉਨ੍ਹਾਂ ਸਾਰਿਆਂ ਨੂੰ ਮਾਰਿਆ ਜਿਹੜੇ ਨਿਰਬਲ ਹੋਣ ਕਰਕੇ ਤੁਹਾਡੇ ਤੋਂ ਪਿੱਛੇ ਸਨ, ਜਦ ਤੁਸੀਂ ਥੱਕੇ-ਮਾਂਦੇ ਸੀ, ਉਹ ਪਰਮੇਸ਼ੁਰ ਤੋਂ ਨਾ ਡਰੇ ।

19ਇਸ ਲਈ ਹੁਣ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਸ ਦੇਸ਼ ਵਿੱਚ ਜਿਹੜਾ ਉਹ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ, ਤੁਹਾਡੇ ਆਲੇ-ਦੁਆਲੇ ਦੇ ਸਾਰੇ ਵੈਰੀਆਂ ਤੋਂ ਤੁਹਾਨੂੰ ਅਰਾਮ ਦੇਵੇ, ਤਦ ਤੁਸੀਂ ਅਮਾਲੇਕੀਆਂ ਦਾ ਨਾਮ-ਨਿਸ਼ਾਨ ਅਕਾਸ਼ ਦੇ ਹੇਠੋਂ ਮਿਟਾ ਦੇਣਾ । ਤੁਸੀਂ ਇਹ ਗੱਲ ਭੁੱਲ ਨਾ ਜਾਣਾ ।


  Share Facebook  |  Share Twitter

 <<  Deuteronomy 25 >> 


Bible2india.com
© 2010-2025
Help
Dual Panel

Laporan Masalah/Saran