Bible 2 India Mobile
[VER] : [PUNJABI]     [PL]  [PB] 
 <<  Deuteronomy 21 >> 

1ਜੇਕਰ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਧਿਕਾਰ ਕਰਨ ਲਈ ਦਿੰਦਾ ਹੈ, ਖੇਤ ਵਿੱਚ ਕੋਈ ਲਾਸ਼ ਪਈ ਹੋਈ ਲੱਭੇ ਅਤੇ ਇਹ ਪਤਾ ਨਾ ਲੱਗੇ ਕਿ ਉਹ ਨੂੰ ਕਿਸ ਨੇ ਮਾਰਿਆ ਹੈ,

2ਤਾਂ ਤੁਹਾਡੇ ਬਜ਼ੁਰਗ ਅਤੇ ਨਿਆਈ ਬਾਹਰ ਜਾ ਕੇ, ਉਸ ਲਾਸ਼ ਦੇ ਆਲੇ ਦੁਆਲੇ ਦੇ ਸ਼ਹਿਰਾਂ ਦੀ ਦੂਰੀ ਨਾਪਣ,

3ਤਦ ਜਿਹੜਾ ਸ਼ਹਿਰ ਲਾਸ਼ ਦੇ ਸਭ ਤੋਂ ਨੇੜੇ ਹੋਵੇ, ਉਸ ਸ਼ਹਿਰ ਦੇ ਬਜ਼ੁਰਗ ਚੌਣੇ ਤੋਂ ਇੱਕ ਵੱਛੀ ਲੈਣ ਜਿਹੜੀ ਕੰਮ ਵਿੱਚ ਨਾ ਲਿਆਂਦੀ ਗਈ ਹੋਵੇ ਅਤੇ ਜਿਸ ਨੇ ਜੂਲੇ ਹੇਠ ਕੁਝ ਨਾ ਖਿੱਚਿਆ ਹੋਵੇ ।

4ਤਦ ਉਸ ਸ਼ਹਿਰ ਦੇ ਬਜ਼ੁਰਗ ਉਸ ਵੱਛੀ ਨੂੰ ਵਗਦੇ ਪਾਣੀ ਦੀ ਵਾਦੀ ਵਿੱਚ ਲੈ ਜਾਣ ਜਿਹੜੀ ਨਾ ਵਾਹੀ ਅਤੇ ਨਾ ਬੀਜੀ ਗਈ ਹੋਵੇ, ਅਤੇ ਉਸ ਵਾਦੀ ਵਿੱਚ ਉਹ ਵੱਛੀ ਦੀ ਧੌਣ ਤੋੜ ਦੇਣ ।

5ਫੇਰ ਲੇਵੀ ਜਾਜਕ ਨੇੜੇ ਆਉਣ ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਚੁਣ ਲਿਆ ਹੈ ਕਿ ਉਹ ਉਸਦੀ ਟਹਿਲ-ਸੇਵਾ ਕਰਨ ਲਈ ਅਤੇ ਯਹੋਵਾਹ ਦੇ ਨਾਮ ਉੱਤੇ ਬਰਕਤ ਦੇਣ, ਅਤੇ ਉਨ੍ਹਾਂ ਦੇ ਆਖਣ ਅਨੁਸਾਰ ਹਰੇਕ ਮਾਰ ਕੁਟਾਈ ਅਤੇ ਝਗੜੇ ਦਾ ਫੈਸਲਾ ਕੀਤਾ ਜਾਵੇ ।

6ਉਸ ਸ਼ਹਿਰ ਦੇ ਸਾਰੇ ਬਜ਼ੁਰਗ ਜਿਹੜੇ ਲਾਸ਼ ਦੇ ਸਭ ਤੋਂ ਨੇੜੇ ਦੇ ਹੋਣ, ਆਪਣੇ ਹੱਥ ਉਸ ਵੱਛੀ ਉੱਤੇ ਧੋ ਲੈਣ ਜਿਸ ਦੀ ਧੌਣ ਉਸ ਵਾਦੀ ਵਿੱਚ ਤੋੜੀ ਗਈ ਹੈ,

7ਅਤੇ ਆਖਣ, "ਸਾਡੇ ਹੱਥੀਂ ਇਹ ਲਹੂ ਨਹੀਂ ਵਹਾਇਆ ਗਿਆ ਅਤੇ ਨਾ ਸਾਡੀਆਂ ਅੱਖਾਂ ਨੇ ਉਸ ਨੂੰ ਵੇਖਿਆ ਹੈ ।

8ਹੇ ਯਹੋਵਾਹ, ਆਪਣੀ ਪਰਜਾ ਨੂੰ ਜਿਸ ਨੂੰ ਤੂੰ ਛੁਡਾਇਆ ਹੈ ਮੁਆਫ਼ੀ ਦੇ, ਅਤੇ ਬੇਦੋਸ਼ ਦਾ ਖੂਨ ਆਪਣੀ ਪਰਜਾ ਇਸਰਾਏਲ ਉੱਤੇ ਨਾ ਲਿਆ । " ਤਦ ਉਹ ਖੂਨ ਉਨ੍ਹਾਂ ਨੂੰ ਮਾਫ਼ ਕੀਤਾ ਜਾਵੇਗਾ ।

9ਇਸ ਤਰ੍ਹਾਂ ਤੁਸੀਂ ਯਹੋਵਾਹ ਦੀ ਨਿਗਾਹ ਵਿੱਚ ਧਰਮ ਦਾ ਕੰਮ ਕਰਕੇ, ਬੇਦੋਸ਼ ਦੇ ਖੂਨ ਦਾ ਦੋਸ਼ ਆਪਣੇ ਵਿੱਚੋਂ ਕੱਢ ਸਕੋਗੇ ।

10ਜਦ ਤੁਸੀਂ ਆਪਣੇ ਵੈਰੀਆਂ ਨਾਲ ਯੁੱਧ ਕਰਨ ਲਈ ਜਾਓ ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਦੇ ਦੇਵੇ ਅਤੇ ਤੁਸੀਂ ਉਨ੍ਹਾਂ ਨੂੰ ਬੰਦੀ ਬਣਾ ਕੇ ਲੈ ਆਓ,

11ਤਦ ਜੇਕਰ ਤੂੰ ਉਹਨਾਂ ਬੰਦੀਆਂ ਵਿੱਚ ਕੋਈ ਸੋਹਣੀ ਇਸਤਰੀ ਵੇਖ ਕੇ ਉਸ ਦੀ ਚਾਹ ਕਰੇਂ ਅਤੇ ਉਸ ਨਾਲ ਵਿਆਹ ਕਰਨਾ ਚਾਹੇਂ,

12ਤਾਂ ਤੂੰ ਉਸ ਨੂੰ ਆਪਣੇ ਘਰ ਵਿੱਚ ਲੈ ਆਵੀਂ ਅਤੇ ਉਹ ਆਪਣਾ ਸਿਰ ਮੁਨਾਵੇ, ਆਪਣੇ ਨਹੁੰ ਕੱਟੇ,

13ਅਤੇ ਉਹ ਆਪਣੇ ਬੰਦੀਆਂ ਵਾਲੇ ਕੱਪੜੇ ਲਾਹ ਦੇਵੇ ਅਤੇ ਤੇਰੇ ਘਰ ਵਿੱਚ ਰਹਿ ਕੇ ਆਪਣੇ ਮਾਤਾ-ਪਿਤਾ ਲਈ ਇੱਕ ਮਹੀਨਾ ਸੋਗ ਕਰਦੀ ਰਹੇ, ਇਸ ਤੋਂ ਬਾਅਦ ਤੂੰ ਉਸ ਦੇ ਕੋਲ ਜਾਵੀਂ, ਅਤੇ ਤੂੰ ਉਸ ਦਾ ਪਤੀ ਅਤੇ ਉਹ ਤੇਰੀ ਪਤਨੀ ਬਣੇ ।

14ਫੇਰ ਜੇਕਰ ਤੂੰ ਉਸ ਦੇ ਨਾਲ ਖੁਸ਼ ਨਾ ਹੋਵੇਂ, ਤਾਂ ਤੂੰ ਉਸ ਨੂੰ ਜਿੱਥੇ ਉਹ ਚਾਹੇ ਜਾਣ ਦੇਵੀਂ ਪਰ ਉਸ ਨੂੰ ਚਾਂਦੀ ਲੈ ਕੇ ਕਦੀ ਨਾ ਵੇਚੀਂ ਅਤੇ ਨਾ ਉਸ ਦੇ ਨਾਲ ਦਾਸੀਆਂ ਵਾਲਾ ਵਰਤਾਉ ਕਰੀਂ, ਕਿਉਂ ਜੋ ਤੂੰ ਉਸ ਦੀ ਪਤ ਲੈ ਲਈ ਹੈ ।

15ਜੇਕਰ ਕਿਸੇ ਪੁਰਖ ਦੀਆਂ ਦੋ ਪਤਨੀਆਂ ਹੋਣ, ਇੱਕ ਉਸ ਨੂੰ ਪਿਆਰੀ ਹੋਵੇ ਪਰ ਦੂਜੀ ਨੂੰ ਘਿਣਾਉਣੀ ਜਾਣੇ ਅਤੇ ਪਿਆਰੀ ਅਤੇ ਘਿਣਾਉਣੀ ਦੋਵੇਂ ਹੀ ਪੁੱਤਰਾਂ ਨੂੰ ਜਨਮ ਦੇਣ ਅਤੇ ਜੇਕਰ ਜੇਠਾ ਪੁੱਤਰ ਘਿਣਾਉਣੀ ਦਾ ਹੋਵੇ,

16ਅਤੇ ਫੇਰ ਜਦੋਂ ਉਹ ਆਪਣੇ ਪੁੱਤਰਾਂ ਨੂੰ ਆਪਣੀ ਜਾਇਦਾਦ ਵੰਡੇ ਤਾਂ ਉਹ ਪਿਆਰੀ ਦੇ ਪੁੱਤਰ ਨੂੰ, ਘਿਣਾਉਣੀ ਦੇ ਪੁੱਤਰ ਦੇ ਬਦਲੇ ਜੋ ਸੱਚਮੁੱਚ ਉਸਦਾ ਜੇਠਾ ਹੈ, ਜੇਠੇ ਦਾ ਹੱਕ ਨਹੀਂ ਦੇ ਸਕਦਾ ।

17ਪਰ ਉਹ ਜੇਠੇ ਨੂੰ ਜਿਹੜਾ ਘਿਣਾਉਣੀ ਦਾ ਪੁੱਤਰ ਹੈ, ਸਵੀਕਾਰੇ ਅਤੇ ਉਸ ਨੂੰ ਆਪਣੀ ਸਾਰੀ ਜਾਇਦਾਦ ਦਾ ਦੁਗਣਾ ਹਿੱਸਾ ਦੇਵੇ, ਕਿਉਂ ਜੋ ਉਹ ਉਸ ਦੀ ਸ਼ਕਤੀ ਦਾ ਮੁੱਢ ਹੈ, ਜੇਠੇ ਹੋਣ ਦਾ ਹੱਕ ਉਸ ਦਾ ਹੀ ਹੈ ।

18ਜੇ ਕਿਸੇ ਮਨੁੱਖ ਦੇ ਕੋਲ ਜਿੱਦੀ ਅਤੇ ਪੁੱਤਰ ਹੋਵੇ, ਜਿਹੜਾ ਆਪਣੇ ਪਿਤਾ ਅਤੇ ਮਾਤਾ ਦੀ ਨਾ ਮੰਨੇ ਅਤੇ ਜਦ ਉਹ ਉਸ ਨੂੰ ਝਿੜਕਣ ਤਾਂ ਵੀ ਉਹ ਉਨ੍ਹਾਂ ਦੀ ਨਾ ਸੁਣੇ,

19ਤਾਂ ਉਸ ਦੇ ਮਾਤਾ-ਪਿਤਾ ਉਸ ਨੂੰ ਫੜ੍ਹ ਕੇ ਉਸ ਸ਼ਹਿਰ ਦੇ ਬਜ਼ੁਰਗਾਂ ਕੋਲ, ਸ਼ਹਿਰ ਦੇ ਫਾਟਕ ਉੱਤੇ ਲੈ ਜਾਣ,

20ਅਤੇ ਉਹ ਉਸ ਦੇ ਸ਼ਹਿਰ ਦੇ ਬਜ਼ੁਰਗਾਂ ਨੂੰ ਆਖਣ, "ਸਾਡਾ ਇਹ ਪੁੱਤਰ ਜ਼ਿੱਦੀ ਅਤੇ ਆਕੀ ਹੈ ਅਤੇ ਸਾਡੀ ਗੱਲ ਨਹੀਂ ਸੁਣਦਾ, ਇਹ ਪੇਟੂ ਅਤੇ ਸ਼ਰਾਬੀ ਹੈ । "

21ਤਦ ਉਸ ਦੇ ਸ਼ਹਿਰ ਦੇ ਸਾਰੇ ਮਨੁੱਖ ਉਸ ਉੱਤੇ ਅਜਿਹਾ ਪਥਰਾਓ ਕਰਨ ਕਿ ਉਹ ਮਰ ਜਾਵੇ । ਇਸ ਤਰ੍ਹਾਂ ਤੁਸੀਂ ਇਸ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਦਿਓ, ਤਦ ਸਾਰੇ ਇਸਰਾਏਲੀ ਸੁਣ ਕੇ ਡਰਨਗੇ ।

22ਜੇਕਰ ਕਿਸੇ ਮਨੁੱਖ ਨੇ ਅਜਿਹਾ ਪਾਪ ਕੀਤਾ ਹੋਵੇ ਜੋ ਮੌਤ ਦੀ ਸਜ਼ਾ ਦੇ ਯੋਗ ਹੋਵੇ ਅਤੇ ਉਸ ਨੂੰ ਮਾਰ ਦਿੱਤਾ ਜਾਵੇ ਅਤੇ ਤੁਸੀਂ ਉਸ ਨੂੰ ਰੁੱਖ ਉੱਤੇ ਟੰਗ ਦਿਓ,

23ਤਾਂ ਤੁਸੀਂ ਸਾਰੀ ਰਾਤ ਉਸ ਦੀ ਲਾਸ਼ ਨੂੰ ਰੁੱਖ ਉੱਤੇ ਟੰਗੀ ਹੋਈ ਨਾ ਰਹਿਣ ਦਿਓ, ਪਰ ਤੁਸੀਂ ਉਹ ਨੂੰ ਉਸੇ ਦਿਨ ਦੱਬ ਦਿਓ, ਕਿਉਂਕਿ ਜਿਹੜਾ ਟੰਗਿਆ ਜਾਵੇ, ਉਹ ਪਰਮੇਸ਼ੁਰ ਦੇ ਵੱਲੋਂ ਸਰਾਪੀ ਹੈ । ਤੁਸੀਂ ਉਸ ਦੇਸ਼ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦੇਣ ਵਾਲਾ ਹੈ, ਭ੍ਰਿਸ਼ਟ ਨਾ ਕਰਿਓ ।


  Share Facebook  |  Share Twitter

 <<  Deuteronomy 21 >> 


Bible2india.com
© 2010-2025
Help
Dual Panel

Laporan Masalah/Saran