Bible 2 India Mobile
[VER] : [PUNJABI]     [PL]  [PB] 
 <<  Deuteronomy 19 >> 

1ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਨ੍ਹਾਂ ਕੌਮਾਂ ਨੂੰ ਨਾਸ਼ ਕਰ ਦੇਵੇ, ਜਿਨ੍ਹਾਂ ਦਾ ਦੇਸ਼ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ ਅਤੇ ਤੁਸੀਂ ਉਨਾਂ ਦੇ ਉੱਤੇ ਅਧਿਕਾਰ ਕਰਕੇ ਉਨ੍ਹਾਂ ਦੇ ਸ਼ਹਿਰਾਂ ਅਤੇ ਘਰਾਂ ਵਿੱਚ ਵੱਸਣ ਲੱਗ ਪਵੋ,

2ਤਦ ਤੁਸੀਂ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਧਿਕਾਰ ਕਰਨ ਲਈ ਦੇਣ ਵਾਲਾ ਹੈ, ਤਿੰਨ ਸ਼ਹਿਰ ਆਪਣੇ ਲਈ ਵੱਖਰੇ ਰੱਖਿਓ,

3ਤੁਸੀਂ ਆਪਣੇ ਰਾਹ ਠੀਕ ਕਰ ਲਿਓ ਅਤੇ ਆਪਣੇ ਦੇਸ਼ ਦੀਆਂ ਹੱਦਾਂ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ, ਤਿੰਨ ਹਿੱਸਿਆਂ ਵਿੱਚ ਵੰਡ ਲਿਓ ਤਾਂ ਜੋ ਹਰੇਕ ਖ਼ੂਨੀ ਉੱਥੇ ਭੱਜ ਜਾਵੇ ।

4ਇਹ ਉਸ ਖ਼ੂਨੀ ਦੀ ਗੱਲ ਹੈ ਜੋ ਉੱਥੇ ਭੱਜ ਕੇ ਜੀਉਂਦਾ ਰਹੇ ਅਰਥਾਤ ਜਿਹੜਾ ਗਲਤੀ ਨਾਲ ਆਪਣੇ ਗੁਆਂਢੀ ਨੂੰ ਮਾਰ ਸੁੱਟੇ ਪਰ ਉਸ ਦਾ ਉਹ ਦੇ ਨਾਲ ਪਹਿਲਾਂ ਤੋਂ ਕੋਈ ਵੈਰੀ ਨਹੀਂ ਸੀ ।

5ਜਿਵੇਂ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਜੰਗਲ ਵਿੱਚੋਂ ਲੱਕੜੀ ਵੱਢਣ ਲਈ ਜਾਵੇ ਅਤੇ ਜਦ ਉਹ ਹੱਥ ਵਿੱਚ ਕੁਹਾੜੀ ਫੜ੍ਹ ਕੇ ਰੁੱਖ ਨੂੰ ਵੱਢਣ ਲਈ ਟੱਕ ਮਾਰੇ ਅਤੇ ਕੁਹਾੜੀ ਦਾ ਫਲ ਦਸਤੇ ਵਿੱਚੋਂ ਨਿੱਕਲ ਕੇ ਉਸ ਦੇ ਗੁਆਂਢੀ ਨੂੰ ਅਜਿਹਾ ਵੱਜੇ ਕਿ ਉਹ ਮਰ ਜਾਵੇ, ਤਾਂ ਉਹ ਇਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇੱਕ ਨੂੰ ਭੱਜ ਜਾਵੇ ਅਤੇ ਜੀਉਂਦਾ ਰਹੇ ।

6ਅਜਿਹਾ ਨਾ ਹੋਵੇ ਕਿ ਰਾਹ ਲੰਮਾ ਹੋਣ ਦੇ ਕਾਰਨ ਖ਼ੂਨ ਦਾ ਬਦਲਾ ਲੈਣ ਵਾਲਾ ਆਪਣੇ ਗੁੱਸੇ ਦੀ ਜਲਨ ਵਿੱਚ ਖ਼ੂਨੀ ਦਾ ਪਿੱਛਾ ਕਰਕੇ ਉਸ ਨੂੰ ਫੜ ਲਵੇ ਅਤੇ ਜਾਨ ਤੋਂ ਮਾਰ ਦੇਵੇ ਭਾਵੇਂ ਉਹ ਮਰਨ ਯੋਗ ਨਹੀਂ ਸੀ, ਕਿਉਂ ਜੋ ਉਹ ਪਹਿਲਾਂ ਤੋਂ ਉਸ ਨਾਲ ਵੈਰ ਨਹੀਂ ਰੱਖਦਾ ਸੀ ।

7ਇਸ ਲਈ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਆਪਣੇ ਲਈ ਤਿੰਨ ਸ਼ਹਿਰ ਵੱਖਰੇ ਰੱਖਿਓ ।

8ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੀਆਂ ਹੱਦਾਂ ਨੂੰ ਵਧਾ ਦੇਵੇ, ਜਿਵੇਂ ਉਸ ਨੇ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ ਅਤੇ ਤੁਹਾਨੂੰ ਉਹ ਸਾਰਾ ਦੇਸ਼ ਦੇ ਦੇਵੇ, ਜਿਸ ਨੂੰ ਦੇਣ ਦਾ ਬਚਨ ਉਸ ਨੇ ਤੁਹਾਡੇ ਪਿਉ-ਦਾਦਿਆਂ ਨੂੰ ਦਿੱਤਾ ਸੀ,

9ਤਦ ਜੇਕਰ ਤੁਸੀਂ ਇਹ ਸਾਰਾ ਹੁਕਮਨਾਮਾ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਪੂਰਾ ਕਰਕੇ ਇਸ ਦੀ ਪਾਲਨਾ ਕਰੋ ਅਰਥਾਤ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ ਅਤੇ ਸਦਾ ਤੱਕ ਉਸ ਦੇ ਰਾਹਾਂ ਉੱਤੇ ਚੱਲੋ ਤਾਂ ਤੁਸੀਂ ਇਨ੍ਹਾਂ ਤਿੰਨ ਸ਼ਹਿਰਾਂ ਦੇ ਨਾਲ ਹੋਰ ਤਿੰਨ ਸ਼ਹਿਰਾਂ ਨੂੰ ਵੱਖਰਾ ਕਰ ਲਿਓ,

10ਤਾਂ ਜੋ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ ਕਿਸੇ ਬੇਦੋਸ਼ ਦਾ ਖ਼ੂਨ ਵਹਾਇਆ ਨਾ ਜਾਵੇ ਅਤੇ ਉਸ ਦਾ ਦੋਸ਼ ਤੁਹਾਡੇ ਉੱਤੇ ਨਾ ਆਵੇ ।

11ਪਰ ਜੇਕਰ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਵੈਰ ਰੱਖਕੇ ਉਸ ਦੀ ਘਾਤ ਵਿੱਚ ਲੱਗੇ ਅਤੇ ਉਸ ਉੱਤੇ ਹਮਲਾ ਕਰਕੇ ਉਸ ਨੂੰ ਅਜਿਹਾ ਮਾਰੇ ਕਿ ਉਹ ਮਰ ਜਾਵੇ ਅਤੇ ਫੇਰ ਉਹ ਇਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇੱਕ ਨੂੰ ਭੱਜ ਜਾਵੇ,

12ਤਾਂ ਉਸ ਦੇ ਸ਼ਹਿਰ ਬਜ਼ੁਰਗ ਕਿਸੇ ਨੂੰ ਭੇਜ ਕੇ ਉਸ ਨੂੰ ਉੱਥੋਂ ਮੋੜ ਲਿਆਉਣ ਅਤੇ ਉਸ ਨੂੰ ਲਹੂ ਦਾ ਬਦਲਾ ਲੈਣ ਵਾਲੇ ਦੇ ਹੱਥ ਵਿੱਚ ਸੌਂਪ ਦੇਣ ਤਾਂ ਜੋ ਉਹ ਮਾਰਿਆ ਜਾਵੇ

13ਤੁਸੀਂ ਉਸ ਦੇ ਉੱਤੇ ਤਰਸ ਨਾ ਖਾਣਾ ਪਰ ਤੁਸੀਂ ਨਿਰਦੋਸ਼ ਦੇ ਖ਼ੂਨ ਨੂੰ ਇਸਰਾਏਲ ਵਿੱਚੋਂ ਮਿਟਾ ਦਿਓ ਤਾਂ ਜੋ ਤੁਹਾਡਾ ਭਲਾ ਹੋਵੇ ।

14ਜੋ ਦੇਸ਼ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਧਿਕਾਰ ਕਰਨ ਲਈ ਦੇਣ ਵਾਲਾ ਹੈ, ਉਸ ਦਾ ਜਿਹੜਾ ਹਿੱਸਾ ਤੁਹਾਨੂੰ ਮਿਲੇਗਾ, ਉਸ ਵਿੱਚ ਤੁਸੀਂ ਆਪਣੇ ਗੁਆਂਢੀ ਦੀਆਂ ਹੱਦਾਂ ਨਾ ਸਰਕਾਇਓ, ਜਿਹੜੀਆਂ ਪਹਿਲੇ ਲੋਕਾਂ ਨੇ ਠਹਿਰਾਈਆਂ ਹੋਈਆਂ ਹਨ ।

15ਕਿਸੇ ਮਨੁੱਖ ਦੇ ਵਿਰੁੱਧ ਕਿਸੇ ਵੀ ਬੁਰਿਆਈ ਜਾਂ ਪਾਪ ਦੇ ਕਾਰਨ, ਭਾਵੇਂ ਕੋਈ ਵੀ ਪਾਪ ਹੋਵੇ, ਇੱਕੋ ਹੀ ਗਵਾਹ ਦੀ ਗਵਾਹੀ ਨਾ ਮੰਨਣਾ, ਪਰ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਨਾਲ ਗੱਲ ਪੱਕੀ ਸਮਝੀ ਜਾਵੇ ।

16ਜੇਕਰ ਕੋਈ ਝੂਠਾ ਗਵਾਹ ਉੱਠੇ ਅਤੇ ਕਿਸੇ ਮਨੁੱਖ ਦੇ ਵਿਰੁੱਧ ਉਸ ਦੇ ਬੇਈਮਾਨ ਹੋਣ ਦੀ ਗਵਾਹੀ ਦੇਵੇ,

17ਤਾਂ ਉਹ ਦੋਵੇਂ ਮਨੁੱਖ ਜਿਨ੍ਹਾਂ ਦੇ ਵਿੱਚ ਝਗੜਾ ਹੈ ਯਹੋਵਾਹ ਦੇ ਸਨਮੁਖ ਅਰਥਾਤ ਉਨ੍ਹਾਂ ਦਿਨਾਂ ਦੇ ਜਾਜਕਾਂ ਅਤੇ ਨਿਆਈਆਂ ਦੇ ਅੱਗੇ ਖੜ੍ਹੇ ਕੀਤੇ ਜਾਣ,

18ਤਦ ਉਹ ਨਿਆਈ ਚੰਗੀ ਤਰ੍ਹਾਂ ਪੁੱਛ-ਗਿੱਛ ਕਰਨ ਅਤੇ ਵੇਖੋ, ਜੇਕਰ ਉਨ੍ਹਾਂ ਨੂੰ ਪਤਾ ਲੱਗੇ ਕਿ ਉਹ ਝੂਠਾ ਗਵਾਹ ਹੈ ਅਤੇ ਆਪਣੇ ਭਰਾ ਦੇ ਵਿਰੁੱਧ ਝੂਠੀ ਗਵਾਹੀ ਦਿੱਤੀ ਹੈ,

19ਤਾਂ ਤੁਸੀਂ ਉਸ ਦੇ ਨਾਲ ਉਸੇ ਤਰ੍ਹਾਂ ਹੀ ਕਰਨਾ ਜਿਵੇਂ ਉਸ ਨੇ ਆਪਣੇ ਭਰਾ ਨਾਲ ਕਰਨ ਦੀ ਯੋਜਨਾ ਬਣਾਈ ਸੀ, ਇਸ ਤਰ੍ਹਾਂ ਤੁਸੀਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਮਿਟਾ ਦਿਓ ।

20ਤਦ ਬਾਕੀ ਦੇ ਲੋਕ ਸੁਣਨਗੇ ਅਤੇ ਡਰਨਗੇ ਅਤੇ ਫੇਰ ਅਜਿਹੀ ਬੁਰਿਆਈ ਤੁਹਾਡੇ ਵਿੱਚ ਨਹੀਂ ਕਰਨਗੇ ।

21ਤੁਸੀਂ ਬਿਲਕੁਲ ਤਰਸ ਨਾ ਖਾਇਓ: ਜਾਨ ਦੇ ਬਦਲੇ ਜਾਨ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ ਅਤੇ ਪੈਰ ਦੇ ਬਦਲੇ ਪੈਰ ।


  Share Facebook  |  Share Twitter

 <<  Deuteronomy 19 >> 


Bible2india.com
© 2010-2025
Help
Dual Panel

Laporan Masalah/Saran