Bible 2 India Mobile
[VER] : [PUNJABI]     [PL]  [PB] 
 <<  Deuteronomy 18 >> 

1ਲੇਵੀ ਜਾਜਕਾਂ ਸਗੋਂ ਲੇਵੀ ਦੇ ਸਾਰੇ ਗੋਤ ਦਾ ਇਸਰਾਏਲ ਦੇ ਨਾਲ ਕੋਈ ਭਾਗ ਜਾਂ ਵਿਰਾਸਤ ਨਾ ਹੋਵੇਗੀ । ਉਹ ਯਹੋਵਾਹ ਨੂੰ ਚੜ੍ਹਾਈਆਂ ਗਈਆਂ ਅੱਗ ਦੀਆਂ ਭੇਟਾਂ ਅਤੇ ਉਸ ਦੇ ਭਾਗ ਵਿੱਚੋਂ ਖਾਣਗੇ ।

2ਉਨ੍ਹਾਂ ਦਾ ਆਪਣੇ ਭਰਾਵਾਂ ਦੇ ਵਿਚਕਾਰ ਕੋਈ ਭਾਗ ਨਾ ਹੋਵੇਗਾ । ਯਹੋਵਾਹ ਹੀ ਉਨ੍ਹਾਂ ਦੀ ਵਿਰਾਸਤ ਹੈ, ਜਿਵੇਂ ਉਸ ਨੇ ਉਨ੍ਹਾਂ ਨੂੰ ਬਚਨ ਦਿੱਤਾ ਹੈ ।

3ਪਰਜਾ ਵੱਲੋਂ ਜਿਹੜੇ ਬਲੀ ਚੜ੍ਹਾਉਂਦੇ ਹਨ, ਜਾਜਕਾਂ ਦਾ ਇਹ ਹੱਕ ਹੋਵੇਗਾ - ਭਾਵੇਂ ਉਹ ਬਲਦ ਚੜ੍ਹਾਉਣ ਭਾਵੇਂ ਲੇਲਾ, ਉਹ ਜਾਜਕ ਨੂੰ ਮੋਢਾ, ਦੋਵੇਂ ਗੱਲੀਆਂ ਅਤੇ ਢਿੱਡ ਦੇਣ ।

4ਤੁਸੀਂ ਆਪਣੀ ਪਹਿਲੀ ਉਪਜ ਦਾ ਅੰਨ, ਨਵੀਂ ਮਧ ਅਤੇ ਤੇਲ ਅਤੇ ਆਪਣੇ ਇੱਜੜ ਦੀ ਪਹਿਲੀ ਕਤਰੀ ਹੋਈ ਉੱਨ, ਉਸ ਨੂੰ ਦਿਓ,

5ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਸ ਨੂੰ ਤੁਹਾਡੇ ਸਾਰੇ ਗੋਤਾਂ ਵਿੱਚੋਂ ਚੁਣ ਲਿਆ ਹੈ ਕਿ ਉਹ ਅਤੇ ਉਹ ਦੇ ਪੁੱਤਰ ਯਹੋਵਾਹ ਦੇ ਨਾਮ ਦੀ ਉਪਾਸਨਾ ਕਰਨ ਲਈ ਸਦਾ ਖੜ੍ਹੇ ਰਿਹਾ ਕਰਨ ।

6ਫੇਰ ਜੇਕਰ ਕੋਈ ਲੇਵੀ ਇਸਰਾਏਲ ਦੇ ਕਿਸੇ ਵੀ ਨਗਰ ਵਿੱਚੋਂ ਆਵੇ ਜਿੱਥੇ ਉਹ ਪਰਦੇਸੀ ਹੋ ਕੇ ਰਹਿੰਦਾ ਹੈ, ਅਤੇ ਆਪਣੇ ਦਿਲ ਦੀ ਸਾਰੀ ਇੱਛਿਆ ਨਾਲ ਉਸ ਸਥਾਨ ਨੂੰ ਜਾਵੇ ਜਿਹੜਾ ਯਹੋਵਾਹ ਚੁਣੇਗਾ,

7ਤਦ ਉਹ ਵੀ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਵਿੱਚ ਟਹਿਲ ਸੇਵਾ ਕਰੇਗਾ, ਜਿਵੇਂ ਉਸ ਦੇ ਸਾਰੇ ਲੇਵੀ ਭਰਾ ਕਰਦੇ ਹਨ, ਜਿਹੜੇ ਉੱਥੇ ਯਹੋਵਾਹ ਦੇ ਅੱਗੇ ਖੜ੍ਹੇ ਰਹਿੰਦੇ ਹਨ ।

8ਜੋ ਕੁਝ ਉਸ ਨੂੰ ਆਪਣੇ ਪਿਉ-ਦਾਦਿਆਂ ਦੀ ਜਾਇਦਾਦ ਦੀ ਵਿੱਕਰੀ ਤੋਂ ਮਿਲੇ, ਉਸ ਨੂੰ ਛੱਡ ਉਹ ਸਾਰੇ ਭੋਜਨ ਵਿੱਚੋਂ ਇੱਕੋ ਜਿਹਾ ਹਿੱਸਾ ਖਾਣ ।

9ਜਦ ਤੁਸੀਂ ਉਸ ਦੇਸ਼ ਵਿੱਚ ਪਹੁੰਚ ਜਾਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ, ਤਦ ਤੁਸੀਂ ਉੱਥੋਂ ਦੀਆਂ ਕੌਮਾਂ ਦੇ ਵਾਂਗੂੰ ਘਿਣਾਉਣੇ ਕੰਮ ਕਰਨੇ ਨਾ ਸਿੱਖਿਓ ।

10ਤੁਹਾਡੇ ਵਿੱਚ ਅਜਿਹਾ ਕੋਈ ਨਾ ਪਾਇਆ ਜਾਵੇ ਜਿਹੜਾ ਆਪਣੇ ਪੁੱਤਰ ਜਾਂ ਧੀ ਨੂੰ ਅੱਗ ਦੇ ਵਿੱਚੋਂ ਦੀ ਲੰਘਾਵੇ, ਜਾਂ ਭਵਿੱਖ ਦੱਸਣ ਵਾਲਾ, ਜਾਂ ਮਹੂਰਤ ਵੇਖਣ ਵਾਲਾ, ਜਾਂ ਮੰਤਰ ਪੜ੍ਹਨ ਵਾਲਾ, ਜਾਂ ਜਾਦੂਗਰ,

11ਜਾਂ ਝਾੜਾ ਫੂਕੀ ਕਰਨ ਵਾਲਾ, ਜਾਂ ਜਿੰਨ੍ਹ ਤੋਂ ਪੁੱਛਾਂ ਲੈਣ ਵਾਲਾ, ਜਾਂ ਭੂਤਾਂ ਨੂੰ ਕੱਢਣ ਵਾਲਾ, ਜਾਂ ਮਰਿਆਂ ਹੋਇਆਂ ਨੂੰ ਜਗਾਉਣ ਵਾਲਾ ਹੋਵੇ ।

12ਕਿਉਂ ਜੋ ਜਿਹੜੇ ਇਹ ਕੰਮ ਕਰਦੇ ਹਨ ਉਹ ਯਹੋਵਾਹ ਅੱਗੇ ਘਿਣਾਉਣੇ ਹਨ, ਅਤੇ ਇੰਨ੍ਹਾਂ ਘਿਣਾਉਣੇ ਕੰਮਾਂ ਦੇ ਕਾਰਨ ਹੀ ਯਹੋਵਾਹ ਤੁਹਾਡਾ ਪਰਮੇਸ਼ੁਰ ਉਹਨਾਂ ਨੂੰ ਤੁਹਾਡੇ ਅੱਗਿਓਂ ਕੱਢਣ ਵਾਲਾ ਹੈ ।

13ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਸੰਪੂਰਨ ਹੋਵੋ ।

14ਕਿਉਂ ਜੋ ਉਹ ਕੌਮਾਂ ਜਿਨ੍ਹਾਂ ਨੂੰ ਤੁਸੀਂ ਕੱਢਣ ਵਾਲੇ ਹੋ, ਮਹੂਰਤ ਵੇਖਣ ਵਾਲਿਆਂ ਅਤੇ ਭਵਿੱਖ ਦੱਸਣ ਵਾਲਿਆਂ ਦੀ ਸੁਣਦੀਆਂ ਹਨ, ਪਰ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਜਿਹਾ ਨਹੀਂ ਕਰਨ ਦਿੰਦਾ ।

15ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿੱਚੋਂ ਅਰਥਾਤ ਤੁਹਾਡੇ ਭਰਾਵਾਂ ਵਿੱਚੋਂ ਮੇਰੇ ਵਰਗਾ ਇੱਕ ਨਬੀ ਖੜ੍ਹਾ ਕਰੇਗਾ, ਤੁਸੀਂ ਉਸ ਦੀ ਸੁਣਿਓ ।

16ਇਹ ਤੇਰੀ ਉਸ ਬੇਨਤੀ ਦੇ ਅਨੁਸਾਰ ਹੋਵੇਗਾ, ਜਿਹੜੀ ਨੂੰ ਹੋਰੇਬ ਪਹਾੜ ਦੇ ਕੋਲ ਸਭਾ ਦੇ ਦਿਨ ਆਪਣੇ ਪਰਮੇਸ਼ੁਰ ਯਹੋਵਾਹ ਦੇ ਅੱਗੇ ਕੀਤੀ ਸੀ, "ਅਸੀਂ ਫੇਰ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਵਾਜ਼ ਨਾ ਸੁਣੀਏ ਅਤੇ ਨਾ ਹੀ ਫੇਰ ਇਹ ਵੱਡੀ ਅੱਗ ਨੂੰ ਵੇਖੀਏ, ਤਾਂ ਜੋ ਅਸੀਂ ਮਰ ਨਾ ਜਾਈਏ । "

17ਤਦ ਯਹੋਵਾਹ ਨੇ ਮੈਨੂੰ ਆਖਿਆ, "ਉਹ ਜੋ ਕੁਝ ਆਖਦੇ ਹਨ, ਸੋ ਠੀਕ ਆਖਦੇ ਹਨ ।

18ਮੈਂ ਉਨ੍ਹਾਂ ਦੇ ਲਈ ਉਨ੍ਹਾਂ ਦੇ ਭਰਾਵਾਂ ਵਿੱਚੋਂ ਤੇਰੇ ਵਰਗਾ ਇੱਕ ਨਬੀ ਖੜ੍ਹਾ ਕਰਾਂਗਾ ਅਤੇ ਮੈਂ ਆਪਣੇ ਸ਼ਬਦ ਉਸ ਦੇ ਮੂੰਹ ਵਿੱਚ ਪਾਵਾਂਗਾ ਅਤੇ ਉਹ ਇਹ ਸਾਰੇ ਹੁਕਮ ਜਿਹੜੇ ਮੈਂ ਉਹ ਨੂੰ ਦਿਆਂਗਾ, ਉਨ੍ਹਾਂ ਨੂੰ ਦੱਸੇਗਾ ।

19ਤਦ ਅਜਿਹਾ ਹੋਵੇਗਾ ਕਿ ਜਿਹੜਾ ਮਨੁੱਖ ਮੇਰੇ ਉਨ੍ਹਾਂ ਸ਼ਬਦ ਨੂੰ ਨਾ ਸੁਣੇਗਾ, ਜੋ ਉਹ ਮੇਰੇ ਨਾਮ ਤੋਂ ਬੋਲੇਗਾ, ਮੈਂ ਉਸ ਤੋਂ ਉਸ ਦਾ ਲੇਖਾ ਲਵਾਂਗਾ ।

20ਪਰ ਉਹ ਨਬੀ ਜਿਹੜਾ ਗੁਸਤਾਖ਼ੀ ਨਾਲ ਮੇਰੇ ਨਾਮ ਉੱਤੇ ਉਹ ਬਚਨ ਬੋਲੇ, ਜਿਸ ਦਾ ਹੁਕਮ ਮੈਂ ਉਸ ਨੂੰ ਨਹੀਂ ਦਿੱਤਾ ਜਾਂ ਦੂਜੇ ਦੇਵਤਿਆਂ ਦੇ ਨਾਮ ਤੋਂ ਕੁਝ ਬੋਲੇ, ਉਹ ਨਬੀ ਮਾਰਿਆ ਜਾਵੇ । "

21ਜੇਕਰ ਤੁਸੀਂ ਆਪਣੇ ਮਨ ਵਿੱਚ ਆਖੋ, "ਅਸੀਂ ਉਸ ਬਚਨ ਨੂੰ ਕਿਵੇਂ ਜਾਣੀਏ ਜਿਹੜਾ ਯਹੋਵਾਹ ਨਹੀਂ ਬੋਲਿਆ ? "

22ਤਦ ਜੇਕਰ ਉਹ ਨਬੀ ਯਹੋਵਾਹ ਦੇ ਨਾਮ ਤੋਂ ਕੁਝ ਬੋਲੇ ਅਤੇ ਉਹ ਗੱਲ ਪੂਰੀ ਨਾ ਹੋਵੇ ਅਤੇ ਨਾ ਹੀ ਬੀਤੇ ਤਾਂ ਉਹ ਗੱਲ ਯਹੋਵਾਹ ਨੇ ਨਹੀਂ ਬੋਲੀ ਸੀ । ਉਸ ਨਬੀ ਨੇ ਗੁਸਤਾਖ਼ੀ ਨਾਲ ਉਹ ਗੱਲ ਬੋਲੀ ਹੈ, ਤੁਸੀਂ ਉਸ ਤੋਂ ਨਾ ਡਰਿਓ ।


  Share Facebook  |  Share Twitter

 <<  Deuteronomy 18 >> 


Bible2india.com
© 2010-2025
Help
Dual Panel

Laporan Masalah/Saran