Bible 2 India Mobile
[VER] : [PUNJABI]     [PL]  [PB] 
 <<  Deuteronomy 15 >> 

1ਹਰੇਕ ਸੱਤਾਂ ਸਾਲਾਂ ਦੇ ਅੰਤ ਵਿੱਚ ਤੁਸੀਂ ਛੁਟਕਾਰਾ ਦਿਆ ਕਰੋ ।

2ਛੁਟਕਾਰੇ ਦਾ ਤਰੀਕਾ ਇਹ ਹੈ, ਹਰ ਲੈਣਦਾਰ ਆਪਣਾ ਉਹ ਕਰਜ਼ ਜਿਹੜਾ ਉਸ ਨੇ ਆਪਣੇ ਗੁਆਂਢੀ ਨੂੰ ਉਧਾਰ ਦਿੱਤਾ ਸੀ, ਛੱਡ ਦੇਵੇ । ਉਹ ਆਪਣੇ ਗੁਆਂਢੀ ਅਤੇ ਆਪਣੇ ਭਰਾ ਤੋਂ ਵਸੂਲੀ ਨਾ ਕਰੇ ਕਿਉਂ ਜੋ ਯਹੋਵਾਹ ਦੇ ਨਾਮ ਤੋਂ ਛੁਟਕਾਰੇ ਦੀ ਘੋਸ਼ਣਾ ਕੀਤੀ ਗਈ ਹੈ ।

3ਪਰਦੇਸੀ ਤੋਂ ਤੁਸੀਂ ਵਸੂਲੀ ਕਰ ਸਕਦੇ ਹੋ ਪਰ ਤੁਹਾਡਾ ਜੋ ਕੁਝ ਤੁਹਾਡੇ ਭਰਾ ਕੋਲ ਹੋਵੇ, ਉਹ ਤੁਸੀਂ ਆਪਣੇ ਆਪ ਛੱਡ ਦਿਓ ।

4ਤਦ ਤੁਹਾਡੇ ਵਿਚੋਂ ਕੋਈ ਕੰਗਾਲ ਨਾ ਰਹੇਗਾ ਕਿਉਂ ਜੋ ਯਹੋਵਾਹ ਤੁਹਾਨੂੰ ਉਸ ਦੇਸ਼ ਵਿੱਚ ਬਰਕਤ ਦੇਵੇਗਾ, ਜਿਹੜਾ ਉਹ ਤੁਹਾਨੂੰ ਅਧਿਕਾਰ ਕਰਨ ਲਈ ਵਿਰਾਸਤ ਵਿੱਚ ਦੇਣ ਵਾਲਾ ਹੈ ।

5ਪਰ ਜ਼ਰੂਰੀ ਹੈ ਕਿ ਤੁਸੀਂ ਮਨ ਲਾ ਕੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਵਾਜ਼ ਸੁਣੋ ਅਤੇ ਇਸ ਸਾਰੇ ਹੁਕਮਨਾਮੇ ਨੂੰ ਪੂਰਾ ਕਰਕੇ ਇਸ ਦੀ ਪਾਲਣਾ ਕਰੋ, ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ ।

6ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣੇ ਬਚਨ ਅਨੁਸਾਰ ਤੁਹਾਨੂੰ ਬਰਕਤ ਦੇਵੇਗਾ ਅਤੇ ਤੁਸੀਂ ਬਹੁਤੀਆਂ ਕੌਮਾਂ ਨੂੰ ਕਰਜ਼ ਦਿਓਗੇ ਪਰ ਤੁਹਾਨੂੰ ਕਿਸੇ ਤੋਂ ਕਰਜ਼ ਲੈਣਾ ਨਾ ਪਵੇਗਾ । ਤੁਸੀਂ ਬਹੁਤੀਆਂ ਕੌਮਾਂ ਉੱਤੇ ਰਾਜ ਕਰੋਗੇ ਪਰ ਉਹ ਤੁਹਾਡੇ ਉੱਤੇ ਰਾਜ ਨਾ ਕਰਨਗੀਆਂ ।

7ਜੋ ਦੇਸ਼ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ, ਉਸਦੇ ਕਿਸੇ ਵੀ ਫਾਟਕ ਦੇ ਅੰਦਰ ਜੇਕਰ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਕੋਲ ਕੋਈ ਕੰਗਾਲ ਹੋਵੇ ਤਾਂ ਤੁਸੀਂ ਆਪਣੇ ਕੰਗਾਲ ਭਰਾ ਲਈ ਆਪਣਾ ਮਨ ਕਠੋਰ ਨਾ ਕਰਿਓ ਅਤੇ ਨਾ ਹੀ ਆਪਣਾ ਹੱਥ ਰੋਕਿਓ,

8ਪਰ ਤੁਸੀਂ ਆਪਣੇ ਹੱਥ ਉਸਦੇ ਲਈ ਜ਼ਰੂਰ ਹੀ ਖੁੱਲ੍ਹੇ ਰੱਖਿਓ ਅਤੇ ਉਸ ਨੂੰ ਉਸ ਦੀ ਲੋੜ ਅਨੁਸਾਰ ਜ਼ਰੂਰ ਹੀ ਉਧਾਰ ਦਿਓ ।

9ਸਾਵਧਾਨ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਮਨ ਵਿੱਚ ਕੋਈ ਨਿਕੰਮਾ ਵਿਚਾਰ ਆ ਜਾਵੇ ਕਿ ਸੱਤਵਾਂ ਸਾਲ ਅਰਥਾਤ ਛੁਟਕਾਰੇ ਦਾ ਸਾਲ ਨੇੜੇ ਹੈ, ਅਤੇ ਤੁਹਾਡੀ ਨਿਗਾਹ ਤੁਹਾਡੇ ਕੰਗਾਲ ਭਰਾ ਵੱਲ ਮੰਦੀ ਹੋ ਜਾਵੇ ਕਿ ਤੁਸੀਂ ਉਸ ਨੂੰ ਕੁਝ ਨਾ ਦਿਓ ਅਤੇ ਉਹ ਤੁਹਾਡੇ ਵਿਰੁੱਧ ਯਹੋਵਾਹ ਦੇ ਅੱਗੇ ਫ਼ਰਿਆਦ ਕਰੇ ਅਤੇ ਇਹ ਤੁਹਾਡੇ ਲਈ ਪਾਪ ਠਹਿਰੇ ।

10ਤੁਸੀਂ ਜ਼ਰੂਰ ਹੀ ਉਸ ਨੂੰ ਦਿਓ ਅਤੇ ਉਸ ਨੂੰ ਦਿੰਦੇ ਹੋਏ ਤੁਹਾਡੇ ਮਨ ਨੂੰ ਬੁਰਾ ਨਾ ਲੱਗੇ ਕਿਉਂ ਜੋ ਇਸੇ ਗੱਲ ਦੇ ਕਾਰਨ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਤੁਹਾਡੇ ਹੱਥ ਦੇ ਸਾਰੇ ਕੰਮਾਂ ਵਿੱਚ ਬਰਕਤ ਦੇਵੇਗਾ ।

11ਕੰਗਾਲ ਤਾਂ ਦੇਸ਼ ਵਿੱਚ ਹਮੇਸ਼ਾ ਹੀ ਰਹਿਣਗੇ, ਇਸ ਕਾਰਨ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਆਪਣੇ ਦੇਸ਼ ਵਿੱਚ ਆਪਣੇ ਲੋੜਵੰਦ ਅਤੇ ਕੰਗਾਲ ਭਰਾਵਾਂ ਲਈ ਆਪਣਾ ਹੱਥ ਜ਼ਰੂਰ ਹੀ ਖੁੱਲ੍ਹਾ ਰੱਖਿਓ ।

12ਜੇਕਰ ਤੁਹਾਡਾ ਇਬਰਾਨੀ ਭਰਾ ਜਾਂ ਕੋਈ ਇਬਰਾਨਣ ਤੁਹਾਡੇ ਕੋਲ ਵੇਚੀ ਜਾਵੇ ਅਤੇ ਉਹ ਛੇ ਸਾਲ ਤੱਕ ਤੁਹਾਡੀ ਸੇਵਾ ਕਰੇ ਤਾਂ ਸੱਤਵੇਂ ਸਾਲ ਵਿੱਚ ਤੁਸੀਂ ਉਸ ਨੂੰ ਆਪਣੇ ਕੋਲੋਂ ਅਜ਼ਾਦ ਕਰ ਦੇਣਾ ।

13ਜਦ ਤੁਸੀਂ ਉਸ ਨੂੰ ਅਜ਼ਾਦ ਕਰਕੇ ਆਪਣੇ ਕੋਲੋਂ ਭੇਜੋ ਤਾਂ ਉਸ ਨੂੰ ਖਾਲੀ ਹੱਥ ਨਾ ਭੇਜਿਓ,

14ਸਗੋਂ ਆਪਣੇ ਇੱਜੜ, ਪਿੜ ਅਤੇ ਦਾਖ਼ਰਸ ਦੇ ਕੋਹਲੂ ਵਿੱਚੋਂ ਦਿਲ ਖੋਲ੍ਹ ਕੇ ਉਸ ਨੂੰ ਦਿਓ । ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਬਰਕਤ ਦਿੱਤੀ ਹੈ, ਉਸੇ ਤਰ੍ਹਾਂ ਹੀ ਤੁਸੀਂ ਉਸ ਨੂੰ ਦਿਓ ।

15ਯਾਦ ਰੱਖੋ, ਤੁਸੀਂ ਵੀ ਮਿਸਰ ਦੇਸ਼ ਵਿੱਚ ਗੁਲਾਮ ਸੀ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਛੁਟਕਾਰਾ ਦਿੱਤਾ, ਇਸ ਲਈ ਮੈਂ ਅੱਜ ਤੁਹਾਨੂੰ ਇਸ ਗੱਲ ਦਾ ਹੁਕਮ ਦਿੰਦਾ ਹਾਂ ।

16ਪਰ ਜੇਕਰ ਉਹ ਤੁਹਾਨੂੰ ਆਖੇ, 'ਮੈਂ ਤੇਰੇ ਕੋਲੋਂ ਨਹੀਂ ਜਾਂਵਾਂਗਾ' ਕਿਉਂ ਜੋ ਤੁਹਾਡੇ ਨਾਲ ਅਤੇ ਤੁਹਾਡੇ ਘਰਾਣੇ ਨਾਲ ਪ੍ਰੇਮ ਕਰਦਾ ਹੈ ਅਤੇ ਤੁਹਾਡੇ ਨਾਲ ਖੁਸ਼ੀ ਨਾਲ ਰਹਿੰਦਾ ਹੈ,

17ਤਾਂ ਤੁਸੀਂ ਆਰ ਲੈ ਕੇ ਉਸ ਦੇ ਕੰਨ ਨੂੰ ਚੁਗਾਠ ਨਾਲ ਵਿੰਨ੍ਹ ਦੇਣਾ, ਤਾਂ ਉਹ ਸਦਾ ਲਈ ਤੁਹਾਡਾ ਦਾਸ ਬਣ ਜਾਵੇਗਾ, ਤੁਸੀਂ ਆਪਣੀ ਦਾਸੀ ਨਾਲ ਵੀ ਅਜਿਹਾ ਹੀ ਕਰਨਾ ।

18ਜਦ ਤੁਸੀਂ ਉਸ ਨੂੰ ਆਪਣੇ ਕੋਲੋਂ ਅਜ਼ਾਦ ਕਰਕੇ ਭੇਜ ਦਿਓ, ਤਾਂ ਉਸ ਨੂੰ ਛੱਡਣਾ ਤੁਹਾਨੂੰ ਬਹੁਤਾ ਔਖਾ ਨਾ ਲੱਗੇ, ਕਿਉਂ ਜੋ ਉਸ ਨੇ ਛੇ ਸਾਲਾਂ ਤੱਕ ਮਜ਼ਦੂਰ ਦੀ ਦੁਗਣੀ ਮਜ਼ਦੂਰੀ ਦੇ ਬਰਾਬਰ ਤੁਹਾਡੀ ਸੇਵਾ ਕੀਤੀ ਹੈ । ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਸਾਰੇ ਕੰਮਾਂ ਵਿੱਚ ਬਰਕਤ ਦੇਵੇਗਾ ।

19ਤੁਸੀਂ ਆਪਣੇ ਚੌਣੇ ਅਤੇ ਇੱਜੜ ਦੇ ਜੰਮੇ ਹੋਏ ਸਾਰੇ ਪਹਿਲੌਠੇ ਨਰ ਯਹੋਵਾਹ ਆਪਣੇ ਪਰਮੇਸ਼ੁਰ ਲਈ ਪਵਿੱਤਰ ਰੱਖੋ, ਤੁਸੀਂ ਆਪਣੇ ਚੌਣੇ ਦੇ ਕਿਸੇ ਪਹਿਲੌਠੇ ਤੋਂ ਕੋਈ ਕੰਮ ਨਾ ਲੈਣਾ ਅਤੇ ਨਾ ਹੀ ਆਪਣੇ ਇੱਜੜ ਦੇ ਕਿਸੇ ਪਹਿਲੌਠੇ ਦੀ ਉੱਨ ਕਤਰਨਾ ।

20ਤੁਸੀਂ ਅਤੇ ਤੁਹਾਡਾ ਘਰਾਣਾ ਉਸ ਨੂੰ ਸਾਲ ਦੇ ਸਾਲ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਉਸ ਸਥਾਨ ਵਿੱਚ ਖਾਵੇ, ਜਿਹੜਾ ਯਹੋਵਾਹ ਚੁਣੇਗਾ,

21ਪਰ ਜੇਕਰ ਉਸ ਵਿੱਚ ਕੋਈ ਦੋਸ਼ ਹੋਵੇ ਅਰਥਾਤ ਉਹ ਲੰਗੜਾ ਜਾਂ ਅੰਨ੍ਹਾਂ ਹੋਵੇ ਜਾਂ ਕੋਈ ਹੋਰ ਬੁਰਾ ਦੋਸ਼ ਹੋਵੇ ਤਾਂ ਤੁਸੀਂ ਉਸ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਨਾ ਚੜ੍ਹਾਇਓ ।

22ਤੁਸੀਂ ਉਸ ਨੂੰ ਆਪਣੇ ਫਾਟਕਾਂ ਦੇ ਅੰਦਰ ਖਾਇਓ । ਅਸ਼ੁੱਧ ਅਤੇ ਸ਼ੁੱਧ ਦੋਵੇਂ ਮਨੁੱਖ ਜਿਵੇਂ ਚਿਕਾਰਾ ਅਤੇ ਹਿਰਨ ਦਾ ਮਾਸ ਖਾਂਦੇ ਹਨ, ਉਸ ਨੂੰ ਵੀ ਖਾ ਸਕਦੇ ਹਨ ।

23ਪਰ ਤੁਸੀਂ ਉਸ ਨੂੰ ਲਹੂ ਸਮੇਤ ਨਾ ਖਾਇਓ, ਸਗੋਂ ਉਸਦੇ ਲਹੂ ਨੂੰ ਪਾਣੀ ਵਾਂਗੂੰ ਧਰਤੀ ਉੱਤੇ ਡੋਲ੍ਹ ਦਿਓ ।


  Share Facebook  |  Share Twitter

 <<  Deuteronomy 15 >> 


Bible2india.com
© 2010-2025
Help
Dual Panel

Laporan Masalah/Saran