Bible 2 India Mobile
[VER] : [PUNJABI]     [PL]  [PB] 
 <<  Nehemiah 4 >> 

1ਜਦ ਸਨਬੱਲਟ ਨੇ ਸੁਣਿਆ ਕਿ ਅਸੀਂ ਸ਼ਹਿਰਪਨਾਹ ਨੂੰ ਬਣਾ ਰਹੇ ਹਾਂ ਤਾਂ ਉਸ ਨੂੰ ਗੁੱਸਾ ਚੜ੍ਹਿਆ ਅਤੇ ਉਹ ਬਹੁਤ ਨਰਾਜ਼ ਹੋਇਆ ਅਤੇ ਯਹੂਦੀਆਂ ਦਾ ਮਖੌਲ ਉਡਾਉਣ ਲੱਗਾ ।

2ਉਸ ਨੇ ਆਪਣੇ ਭਰਾਵਾਂ ਅਤੇ ਸਾਮਰਿਯਾ ਦੀ ਫ਼ੌਜ ਦੇ ਸਾਹਮਣੇ ਕਿਹਾ, "ਇਹ ਨਿਰਬਲ ਯਹੂਦੀ ਕੀ ਕਰ ਰਹੇ ਹਨ ? ਕੀ ਉਹ ਆਪਣੀਆਂ ਕੰਧਾਂ ਨੂੰ ਮਜ਼ਬੂਤ ਕਰਨਗੇ ? ਕੀ ਉਹ ਬਲੀਆਂ ਚੜ੍ਹਾਉਣਗੇ ? ਕੀ ਉਹ ਇੱਕ ਹੀ ਦਿਨ ਵਿੱਚ ਸਭ ਕੁਝ ਬਣਾ ਲੈਣਗੇ ? ਕੀ ਉਹ ਪੱਥਰਾਂ ਨੂੰ ਕੂੜੇ ਦੇ ਸੜੇ ਹੋਏ ਢੇਰਾਂ ਵਿੱਚੋਂ ਚੁਗ ਕੇ ਫਿਰ ਨਵਾਂ ਬਣਾ ਲੈਣਗੇ ? "

3ਤਦ ਟੋਬੀਯਾਹ ਅੰਮੋਨੀ ਨੇ ਜਿਹੜਾ ਉਸਦੇ ਨਾਲ ਸੀ, ਕਹਿਣ ਲੱਗਾ, "ਜੋ ਕੁਝ ਇਹ ਬਣਾ ਰਹੇ ਹਨ ਜੇ ਇੱਕ ਲੂੰਬੜੀ ਵੀ ਇਹ ਦੇ ਉੱਤੇ ਚੜ੍ਹ ਜਾਵੇ ਤਾਂ ਪੱਥਰਾਂ ਦੀ ਇਸ ਕੰਧ ਨੂੰ ਢਾਹ ਦੇਵੇਗੀ !"

4"ਹੇ ਸਾਡੇ ਪਰਮੇਸ਼ੁਰ, ਸਾਡੀ ਸੁਣ ਕਿਉਂ ਜੋ ਸਾਡਾ ਨਿਰਾਦਰ ਹੁੰਦਾ ਹੈ । ਉਨ੍ਹਾਂ ਦੀ ਇਸ ਨਿੰਦਿਆ ਨੂੰ ਮੁੜ ਉਨ੍ਹਾਂ ਦੇ ਸਿਰ ਉੱਤੇ ਮੋੜ ਦੇ, ਅਤੇ ਗ਼ੁਲਾਮੀ ਦੇ ਦੇਸ਼ ਵਿੱਚ ਉਨ੍ਹਾਂ ਨੂੰ ਲੁੱਟ ਦਾ ਮਾਲ ਬਣਾ ਦੇ ।

5ਉਨ੍ਹਾਂ ਦੀ ਬੁਰਿਆਈ ਨੂੰ ਨਾ ਢੱਕ ਅਤੇ ਉਨ੍ਹਾਂ ਦੇ ਪਾਪ ਤੇਰੇ ਸਾਹਮਣਿਓਂ ਨਾ ਮਿਟਣ, ਕਿਉਂ ਜੋ ਉਨ੍ਹਾਂ ਨੇ ਤੇਰੇ ਕ੍ਰੋਧ ਨੂੰ ਕਾਰੀਰਗਾਂ ਦੇ ਅੱਗੇ ਭੜਕਾਇਆ ਹੈ ।"

6ਸੋ ਅਸੀਂ ਸ਼ਹਿਰਪਨਾਹ ਨੂੰ ਬਣਾਉਂਦੇ ਗਏ ਅਤੇ ਸਾਰੀ ਸ਼ਹਿਰਪਨਾਹ ਅੱਧੀ ਉਚਾਈ ਤੱਕ ਜੁੜ ਗਈ ਕਿਉਂ ਜੋ ਲੋਕ ਪੂਰੇ ਦਿਲ ਨਾਲ ਕੰਮ ਕਰ ਰਹੇ ਸਨ ।

7ਫਿਰ ਅਜਿਹਾ ਹੋਇਆ ਕਿ ਸਨਬੱਲਟ, ਟੋਬੀਯਾਹ, ਅਰਬੀਆਂ, ਅੰਮੋਨੀਆਂ, ਅਤੇ ਅਸ਼ਦੋਦੀਆਂ ਨੇ ਸੁਣਿਆ ਕਿ ਯਰੂਸ਼ਲਮ ਦੀ ਸ਼ਹਿਰਪਨਾਹ ਦੀ ਮੁਰੰਮਤ ਹੁੰਦੀ ਜਾਂਦੀ ਹੈ ਅਤੇ ਉਸ ਦੀਆਂ ਦਰਾਰਾਂ ਭਰਦੀਆਂ ਜਾਂਦੀਆਂ ਹਨ ਤਾਂ ਉਹ ਬਹੁਤ ਹੀ ਗੁੱਸੇ ਹੋ ਗਏ ।

8ਤਦ ਉਨ੍ਹਾਂ ਸਾਰਿਆਂ ਨੇ ਇੱਕ ਮਨ ਹੋ ਕੇ ਯੋਜਨਾ ਬਣਾਈ ਕਿ ਆਓ, ਯਰੂਸ਼ਲਮ ਨਾਲ ਲੜੀਏ ਅਤੇ ਉਸ ਵਿੱਚ ਗੜ੍ਹਬੜ ਪਾ ਦੇਈਏ ।

9ਪਰ ਅਸੀਂ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਉਨ੍ਹਾਂ ਦੇ ਡਰ ਕਾਰਨ ਉਨ੍ਹਾਂ ਦੇ ਵਿਰੁੱਧ ਦਿਨ ਰਾਤ ਪਹਿਰਾ ਖੜ੍ਹਾ ਕੀਤਾ ।

10ਤਦ ਯਹੂਦਾਹ ਦੇ ਲੋਕਾਂ ਨੇ ਕਿਹਾ, "ਭਾਰ ਚੁੱਕਣ ਵਾਲਿਆਂ ਦਾ ਬਲ ਘੱਟਦਾ ਜਾਂਦਾ ਹੈ ਅਤੇ ਮਲਬਾ ਬਹੁਤ ਪਿਆ ਹੋਇਆ ਹੈ, ਇਸ ਲਈ ਅਸੀਂ ਸ਼ਹਿਰਪਨਾਹ ਨੂੰ ਨਹੀਂ ਬਣਾ ਸਕਦੇ ।"

11ਅਤੇ ਸਾਡੇ ਵਿਰੋਧੀ ਕਹਿਣ ਲੱਗੇ, "ਜਦ ਤੱਕ ਅਸੀਂ ਉਨ੍ਹਾਂ ਦੇ ਵਿੱਚ ਜਾ ਕੇ ਉਨ੍ਹਾਂ ਨੂੰ ਮਾਰ ਨਾ ਦੇਈਏ ਅਤੇ ਉਨ੍ਹਾਂ ਦੇ ਕੰਮ ਨੂੰ ਬੰਦ ਨਾ ਕਰ ਦੇਈਏ, ਤਦ ਤੱਕ ਨਾ ਉਹ ਕੁਝ ਜਾਨਣਗੇ ਅਤੇ ਨਾ ਹੀ ਵੇਖਣਗੇ ।"

12ਫਿਰ ਅਜਿਹਾ ਹੋਇਆ ਕਿ ਜੋ ਯਹੂਦੀ ਜਿਹੜੇ ਉਨ੍ਹਾਂ ਦੇ ਨੇੜੇ-ਤੇੜੇ ਵੱਸਦੇ ਸਨ, ਉਨ੍ਹਾਂ ਨੇ ਆ ਕੇ ਸਾਨੂੰ ਦਸ ਵਾਰੀ ਦੱਸਿਆ, ਉਹ ਸਾਰੀਆਂ ਥਾਵਾਂ ਵਿੱਚੋਂ ਸਾਡੇ ਉੱਤੇ ਹਮਲਾ ਕਰਨਗੇ ।

13ਇਸ ਕਰਕੇ ਮੈਂ ਲੋਕਾਂ ਨੂੰ ਉਨ੍ਹਾਂ ਦੇ ਘਰਾਣਿਆਂ ਦੇ ਅਨੁਸਾਰ ਤਲਵਾਰਾਂ, ਬਰਛੀਆਂ ਅਤੇ ਤੀਰ-ਕਮਾਨਾਂ ਨਾਲ ਸ਼ਹਿਰਪਨਾਹ ਦੇ ਪਿੱਛੇ ਸਭ ਤੋਂ ਨੀਵੇਂ ਸਥਾਨਾਂ ਵਿੱਚ ਖੁੱਲ੍ਹੇ ਸਥਾਨਾਂ ਤੇ ਖੜ੍ਹਾ ਕੀਤਾ ।

14ਤਦ ਮੈਂ ਸਭ ਕੁਝ ਵੇਖ ਕੇ ਉੱਠਿਆ ਅਤੇ ਸਾਮੰਤਾਂ ਅਤੇ ਹਾਕਮਾਂ ਅਤੇ ਬਾਕੀ ਸਾਰੇ ਲੋਕਾਂ ਨੂੰ ਕਿਹਾ, "ਉਨ੍ਹਾਂ ਤੋਂ ਨਾ ਡਰੋ, ਪ੍ਰਭੂ ਨੂੰ ਜੋ ਮਹਾਨ ਅਤੇ ਭੈ ਯੋਗ ਹੈ, ਯਾਦ ਰੱਖੋ ਅਤੇ ਆਪਣੇ ਭਰਾਵਾਂ, ਆਪਣੇ ਪੁੱਤਰਾਂ, ਆਪਣੀਆਂ ਧੀਆਂ, ਆਪਣੀਆਂ ਪਤਨੀਆਂ ਅਤੇ ਆਪਣੇ ਘਰਾਂ ਲਈ ਲੜੋ !"

15ਫਿਰ ਅਜਿਹਾ ਹੋਇਆ ਕਿ ਜਦ ਸਾਡੇ ਵੈਰੀਆਂ ਨੇ ਸੁਣਿਆ ਕਿ ਇਸ ਗੱਲ ਦਾ ਸਾਨੂੰ ਪਤਾ ਲੱਗ ਗਿਆ ਹੈ ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਯੋਜਨਾ ਨੂੰ ਅਸਫ਼ਲ ਕਰ ਦਿੱਤਾ ਹੈ ਤਾਂ ਅਸੀਂ ਸਾਰੇ ਸ਼ਹਿਰਪਨਾਹ ਵੱਲ ਮੁੜ ਆਏ ਅਤੇ ਹਰ ਇੱਕ ਮਨੁੱਖ ਆਪਣੇ-ਆਪਣੇ ਕੰਮ ਨੂੰ ਗਿਆ ।

16ਫਿਰ ਉਸ ਦਿਨ ਤੋਂ ਮੇਰੇ ਅੱਧੇ ਜੁਆਨ ਤਾਂ ਕੰਮ ਵਿੱਚ ਲੱਗੇ ਰਹਿੰਦੇ ਸਨ ਅਤੇ ਬਾਕੀ ਅੱਧੇ ਬਰਛੀਆਂ, ਢਾਲਾਂ ਤੇ ਕਮਾਨਾਂ ਲੈ ਕੇ ਅਤੇ ਸ਼ਸਤਰ ਪਾਕੇ ਰਹਿੰਦੇ ਸਨ ਅਤੇ ਹਾਕਮ ਯਹੂਦਾਹ ਦੇ ਸਾਰੇ ਘਰਾਣੇ ਦੇ ਪਿੱਛੇ ਰਹਿੰਦੇ ਸਨ ।

17ਉਹ ਜਿਹੜੇ ਸ਼ਹਿਰਪਨਾਹ ਬਣਾਉਂਦੇ ਸਨ ਅਤੇ ਉਹ ਜਿਹੜੇ ਭਾਰ ਚੁੱਕਦੇ ਸਨ, ਇੱਕ ਹੱਥ ਨਾਲ ਕੰਮ ਕਰਦੇ ਸਨ ਅਤੇ ਦੂਜੇ ਹੱਥ ਨਾਲ ਹਥਿਆਰ ਫੜ੍ਹੀ ਰੱਖਦੇ ਸਨ,

18ਅਤੇ ਰਾਜ-ਮਿਸਤਰੀ ਆਪਣੇ-ਆਪਣੇ ਕਮਰ-ਕੱਸਿਆਂ ਵਿੱਚ ਆਪਣੀਆਂ ਤਲਵਾਰਾਂ ਬੰਨ੍ਹ ਕੇ ਕੰਮ ਕਰਦੇ ਸਨ ਪਰ ਨਰਸਿੰਗੇ ਦਾ ਫੂਕਣ ਵਾਲਾ ਮੇਰੇ ਕੋਲ ਰਹਿੰਦਾ ਸੀ ।

19ਇਸ ਲਈ ਮੈਂ ਸਾਮੰਤਾਂ, ਹਾਕਮਾਂ ਅਤੇ ਬਾਕੀ ਦੇ ਸਾਰੇ ਲੋਕਾਂ ਨੂੰ ਕਿਹਾ, "ਕੰਮ ਬਹੁਤ ਹੈ ਅਤੇ ਫੈਲਿਆ ਹੋਇਆ ਹੈ ਅਤੇ ਅਸੀਂ ਸਾਰੇ ਸ਼ਹਿਰਪਨਾਹ ਉੱਤੇ ਖਿੱਲਰੇ ਹੋਏ ਹਾਂ ਅਤੇ ਇੱਕ ਦੂਜੇ ਤੋਂ ਦੂਰ ਹਾਂ,

20ਇਸ ਲਈ ਜਿੱਧਰੋਂ ਵੀ ਤੁਸੀਂ ਨਰਸਿੰਗੇ ਦੀ ਅਵਾਜ਼ ਸੁਣੋ ਉੱਥੇ ਹੀ ਸਾਡੇ ਕੋਲ ਇੱਕਠੇ ਹੋ ਜਾਇਓ । ਸਾਡਾ ਪਰਮੇਸ਼ੁਰ ਸਾਡੇ ਲਈ ਲੜੇਗਾ ।"

21ਇਸ ਤਰ੍ਹਾਂ ਅਸੀਂ ਕੰਮ ਕਰਦੇ ਰਹੇ, ਅਤੇ ਉਨ੍ਹਾਂ ਵਿੱਚੋਂ ਅੱਧੇ ਸੂਰਜ ਚੜ੍ਹਨ ਤੋਂ ਲੈ ਕੇ ਤਾਰਿਆਂ ਦੇ ਵਿਖਾਈ ਦੇਣ ਤੱਕ ਬਰਛੀਆਂ ਫੜ੍ਹੀ ਰੱਖਦੇ ਸਨ ।

22ਫਿਰ ਉਸ ਸਮੇਂ ਮੈਂ ਲੋਕਾਂ ਨੂੰ ਇਹ ਵੀ ਕਿਹਾ, "ਹਰ ਇੱਕ ਮਨੁੱਖ ਆਪਣੇ ਸੇਵਕ ਸਮੇਤ ਯਰੂਸ਼ਲਮ ਵਿੱਚ ਰਾਤ ਕੱਟਿਆ ਕਰੇ ਤਾਂ ਜੋ ਉਹ ਰਾਤ ਨੂੰ ਸਾਡੇ ਲਈ ਪਹਿਰਾ ਦੇਣ ਅਤੇ ਦਿਨ ਨੂੰ ਕੰਮ ਕਰਨ ।"

23ਇਸ ਤਰ੍ਹਾਂ ਨਾ ਤਾਂ ਮੈਂ ਆਪਣੇ ਕੱਪੜੇ ਲਾਹੁੰਦਾ ਸੀ, ਨਾ ਮੇਰੇ ਭਰਾ, ਨਾ ਮੇਰੇ ਜੁਆਨ ਅਤੇ ਨਾ ਉਹ ਲੋਕ ਜਿਹੜੇ ਰਾਖੀ ਕਰਨ ਲਈ ਮੇਰੇ ਨਾਲ ਸਨ, ਆਪਣੇ ਕੱਪੜੇ ਲਾਹੁੰਦੇ ਸਨ, ਇੱਥੋਂ ਤੱਕ ਕਿ ਹਰ ਇੱਕ ਮਨੁੱਖ ਪਾਣੀ ਲੈਣ ਲਈ ਵੀ ਆਪਣੇ ਹਥਿਆਰ ਨਾਲ ਰੱਖਦਾ ਸੀ ।


  Share Facebook  |  Share Twitter

 <<  Nehemiah 4 >> 


Bible2india.com
© 2010-2025
Help
Dual Panel

Laporan Masalah/Saran