Bible 2 India Mobile
[VER] : [PUNJABI]     [PL]  [PB] 
 <<  Nehemiah 1 >> 

1ਹਕਲਯਾਹ ਦੇ ਪੁੱਤਰ ਨਹਮਯਾਹ ਦੇ ਬਚਨ । ਇਸ ਤਰ੍ਹਾਂ ਹੋਇਆ ਕਿ ਵੀਹਵੇਂ ਸਾਲ ਦੇ ਕਿਸਲੇਵ ਮਹੀਨੇ ਵਿੱਚ, ਜਦ ਮੈਂ ਸ਼ੂਸ਼ਨ ਦੇ ਮਹਿਲ ਵਿੱਚ ਰਹਿੰਦਾ ਸੀ,

2ਤਦ ਮੇਰੇ ਭਰਾਵਾਂ ਵਿੱਚੋਂ ਹਨਾਨੀ ਅਤੇ ਯਹੂਦਾਹ ਤੋਂ ਆਏ ਹੋਏ ਕਈ ਮਨੁੱਖ ਮੇਰੇ ਕੋਲ ਆਏ, ਤਾਂ ਮੈਂ ਉਹਨਾਂ ਤੋਂ ਉਨ੍ਹਾਂ ਬਚੇ ਹੋਏ ਯਹੂਦੀਆਂ ਦੇ ਬਾਰੇ ਜੋ ਗ਼ੁਲਾਮੀ ਤੋਂ ਛੁੱਟ ਗਏ ਸਨ, ਅਤੇ ਯਰੂਸ਼ਲਮ ਦੇ ਬਾਰੇ ਪੁੱਛਿਆ ।

3ਤਦ ਉਹਨਾਂ ਨੇ ਮੈਨੂੰ ਕਿਹਾ, "ਉਹ ਬਚੇ ਹੋਏ ਲੋਕ ਜਿਹੜੇ ਗ਼ੁਲਾਮੀ ਤੋਂ ਛੁੱਟ ਕੇ ਉਸ ਸੂਬੇ ਵਿੱਚ ਰਹਿੰਦੇ ਹਨ, ਉਹ ਬਹੁਤ ਦੁਰਦਸ਼ਾ ਵਿੱਚ ਹਨ ਅਤੇ ਉਹਨਾਂ ਦਾ ਨਿਰਾਦਰ ਹੁੰਦਾ ਹੈ, ਕਿਉਂਕਿ ਯਰੂਸ਼ਲਮ ਦੀ ਕੰਧਾਂ ਟੁੱਟੀਆਂ ਪਈਆਂ ਹਨ ਅਤੇ ਉਸ ਦੇ ਫਾਟਕ ਅੱਗ ਨਾਲ ਜਲੇ ਹੋਏ ਹਨ ।"

4ਇਹ ਗੱਲਾਂ ਸੁਣਦੇ ਹੀ ਮੈਂ ਬੈਠ ਕੇ ਰੋਣ ਲੱਗ ਪਿਆ ਅਤੇ ਮੈਂ ਕਈ ਦਿਨਾਂ ਤੱਕ ਵਿਰਲਾਪ ਕਰਦਾ ਰਿਹਾ ਅਤੇ ਸਵਰਗ ਦੇ ਪਰਮੇਸ਼ੁਰ ਦੇ ਸਨਮੁਖ ਵਰਤ ਰੱਖਿਆ ਅਤੇ ਇਹ ਆਖ ਕੇ ਪ੍ਰਾਰਥਨਾ ਕੀਤੀ,

5"ਹੇ ਸਵਰਗ ਦੇ ਪਰਮੇਸ਼ੁਰ ਯਹੋਵਾਹ, ਹੇ ਮਹਾਨ ਅਤੇ ਭੈ ਯੋਗ ਪਰਮੇਸ਼ੁਰ ! ਤੂੰ ਜੋ ਆਪਣੇ ਪ੍ਰੇਮੀਆਂ ਅਤੇ ਆਪਣੇ ਹੁਕਮ ਮੰਨਣ ਵਾਲਿਆਂ ਨਾਲ ਆਪਣੇ ਨੇਮ ਦੀ ਪਾਲਨਾ ਕਰਦਾ ਹੈਂ ਅਤੇ ਉਨ੍ਹਾਂ ਉੱਤੇ ਦਯਾ ਕਰਦਾ ਹੈਂ,

6ਤੇਰੇ ਕੰਨ ਲੱਗੇ ਰਹਿਣ ਅਤੇ ਤੇਰੀਆਂ ਅੱਖਾਂ ਖੁਲ੍ਹੀਆਂ ਰਹਿਣ ਅਤੇ ਇਸ ਸਮੇਂ ਜੋ ਪ੍ਰਾਰਥਨਾ ਮੈਂ ਤੇਰਾ ਦਾਸ ਤੇਰੇ ਦਾਸਾਂ ਇਸਰੇਲੀਆਂ ਦੇ ਲਈ ਦਿਨ ਰਾਤ ਕਰਦਾ ਰਹਿੰਦਾ ਹਾਂ, ਉਸ ਨੂੰ ਤੂੰ ਸੁਣ ਲੈ । ਮੈਂ ਇਸਰੇਲੀਆਂ ਦੇ ਪਾਪਾਂ ਨੂੰ ਜਿਹੜੇ ਅਸੀਂ ਤੇਰੇ ਵਿਰੁੱਧ ਕੀਤੇ ਹਨ ਮੰਨ ਲੈਂਦਾ ਹਾਂ । ਹਾਂ, ਮੈਂ ਅਤੇ ਮੇਰੇ ਪਿਉ-ਦਾਦਿਆਂ ਦੇ ਘਰਾਣੇ ਨੇ ਤੇਰੇ ਵਿਰੁੱਧ ਪਾਪ ਕੀਤਾ ਹੈ ।

7ਅਸੀਂ ਤੇਰੇ ਵਿਰੁੱਧ ਬਹੁਤ ਬੁਰਿਆਈ ਕੀਤੀ ਹੈ, ਅਤੇ ਅਸੀਂ ਉਨ੍ਹਾਂ ਹੁਕਮਾਂ, ਬਿਧੀਆਂ ਅਤੇ ਨਿਯਮਾਂ ਨੂੰ ਜਿਹੜੇ ਤੂੰ ਆਪਣੇ ਦਾਸ ਮੂਸਾ ਨੂੰ ਦਿੱਤੇ ਸਨ, ਨਹੀਂ ਮੰਨਿਆ ।

8ਉਸ ਬਚਨ ਨੂੰ ਯਾਦ ਕਰ, ਜਿਸਦਾ ਤੂੰ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ, 'ਜੇ ਤੁਸੀਂ ਧੋਖਾ ਕਰੋਗੇ ਤਾਂ ਮੈਂ ਤੁਹਾਨੂੰ ਦੇਸ਼-ਦੇਸ਼ ਦੇ ਲੋਕਾਂ ਵਿੱਚ ਖਿਲਾਰ ਦਿਆਂਗਾ,

9ਪਰ ਜੇ ਤੁਸੀਂ ਮੇਰੀ ਵੱਲ ਮੁੜੋ ਅਤੇ ਮੇਰੇ ਹੁਕਮਾਂ ਨੂੰ ਮੰਨੋ ਅਤੇ ਉਨ੍ਹਾਂ ਦੀ ਪਾਲਨਾ ਕਰੋ, ਤੁਹਾਡੇ ਵਿੱਚੋਂ ਕੱਢੇ ਹੋਏ ਲੋਕ ਆਕਾਸ਼ ਦੇ ਆਖਰੀ ਸਿਰੇ ਤੇ ਹੋਣ, ਤਾਂ ਵੀ ਮੈਂ ਉੱਥੋਂ ਉਹਨਾਂ ਨੂੰ ਇੱਕਠੇ ਕਰ ਕੇ ਉਸ ਸਥਾਨ ਵਿੱਚ ਲਿਆਵਾਂਗਾ, ਜਿਹੜਾ ਮੈਂ ਆਪਣਾ ਨਾਮ ਵਸਾਉਣ ਲਈ ਚੁਣ ਲਿਆ ਹੈ ।'

10ਹੁਣ ਉਹ ਤੇਰੇ ਦਾਸ ਅਤੇ ਤੇਰੀ ਪਰਜਾ ਹਨ, ਜਿਨ੍ਹਾਂ ਨੂੰ ਤੂੰ ਵੱਡੇ ਬਲ ਅਤੇ ਤੱਕੜੇ ਹੱਥ ਨਾਲ ਛੁਟਕਾਰਾ ਦਿੱਤਾ ਹੈ ।

11ਹੇ ਪਰਮੇਸ਼ੁਰ ਮੇਰੀ ਬੇਨਤੀ ਹੈ ਕਿ ਤੂੰ ਆਪਣੇ ਦਾਸ ਦੀ ਪ੍ਰਾਰਥਨਾ ਵੱਲ ਕੰਨ ਲਾ ਅਤੇ ਆਪਣੇ ਉਨ੍ਹਾਂ ਦਾਸਾਂ ਦੀ ਪ੍ਰਾਰਥਨਾ ਵੱਲ ਵੀ ਜਿਹੜੇ ਤੇਰੇ ਨਾਮ ਤੋਂ ਡਰਨ ਦੇ ਚਾਹਵੰਦ ਹਨ, ਅਤੇ ਅੱਜ ਤੂੰ ਆਪਣੇ ਦਾਸ ਨੂੰ ਸਫ਼ਲ ਕਰ ਅਤੇ ਉਸ ਮਨੁੱਖ ਦੇ ਅੱਗੇ ਮੈਨੂੰ ਦਯਾ ਦਾ ਭਾਗੀ ਬਣਾ ।" ਮੈਂ ਤਾਂ ਰਾਜਾ ਦਾ ਸਾਕੀ ਸੀ ।


  Share Facebook  |  Share Twitter

 <<  Nehemiah 1 >> 


Bible2india.com
© 2010-2025
Help
Dual Panel

Laporan Masalah/Saran