1ਯਹੋਵਾਹ ਦੀਆਂ ਮਿਹਰਬਾਨੀਆਂ ਦੇ ਗੀਤ ਮੈਂ ਸਦਾ ਗਾਵਾਂਗਾ, ਮੈਂ ਤੇਰੀ ਵਫ਼ਾਦਾਰੀ ਸਾਰੀਆਂ ਪੀੜ੍ਹੀਆਂ ਨੂੰ ਆਪਣੇ ਮੂੰਹੋਂ ਸਮਝਾਵਾਂਗਾ ।
2ਮੈਂ ਤਾਂ ਆਖਿਆ, ਤੇਰੀ ਦਯਾ ਸਦਾ ਤੋੜੀ ਬਣੀ ਰਹੇਗੀ, ਤੂੰ ਆਪਣੀ ਵਫ਼ਾਦਾਰੀ ਨੂੰ ਅਕਾਸ਼ ਵਿੱਚ ਕਾਇਮ ਕਰੇਂਗਾ ।
3ਮੈਂ ਆਪਣੇ ਚੁਣੇ ਹੋਏ ਦੇ ਨਾਲ ਨੇਮ ਬੰਨ੍ਹਿਆ ਹੈ, ਅਤੇ ਆਪਣੇ ਦਾਸ ਦਾਊਦ ਨਾਲ ਸਹੁੰ ਖਾਧੀ,
4ਕਿ ਮੈਂ ਤੇਰੀ ਅੰਸ ਨੂੰ ਸਦਾ ਤੱਕ ਕਾਇਮ ਰੱਖਾਂਗਾ, ਅਤੇ ਤੇਰੀ ਰਾਜ ਗੱਦੀ ਨੂੰ ਪੀੜ੍ਹੀਓ ਪੀੜ੍ਹੀ ਬਣਾਈ ਰੱਖਾਂਗਾ । ਸਲਹ ।
5ਹੇ ਯਹੋਵਾਹ, ਅਕਾਸ਼ ਤੇਰੇ ਅਚਰਜਾਂ ਨੂੰ ਸਲਾਹੁਣਗੇ, ਨਾਲੇ ਸੰਤਾਂ ਦੀ ਸੰਗਤ ਵਿੱਚ ਤੇਰੀ ਵਫ਼ਾਦਾਰੀ ਨੂੰ !
6ਗਗਣ ਵਿੱਚ ਯਹੋਵਾਹ ਦੇ ਤੁੱਲ ਕੌਣ ਹੋ ਸਕਦਾ ਹੈ ? ਦੇਵਤਿਆਂ ਦੇ ਪੁੱਤਰਾਂ ਵਿਚੋਂ ਕੌਣ ਯਹੋਵਾਹ ਦੇ ਸਮਾਨ ਹੋਵੇਗਾ ?
7ਪਰਮੇਸ਼ੁਰ ਪਵਿੱਤਰਾਂ ਦੀ ਘੋਸ਼ਟੀ ਵਿੱਚ ਅੱਤ ਭਿਆਣਕ ਹੈ, ਅਤੇ ਆਪਣੇ ਆਲੇ ਦੁਆਲੇ ਦੇ ਸਾਰਿਆਂ ਨਾਲੋਂ ਭੈ ਦਾਇਕ ਹੈ !
8ਹੇ ਯਹੋਵਾਹ, ਸੈਨਾਂ ਦੇ ਪਰਮੇਸ਼ੁਰ, ਹੇ ਯਹੋਵਾਹ, ਤੇਰੇ ਤੁੱਲ ਸ਼ਕਤੀਮਾਨ ਕੌਣ ਹੈ ? ਤੇਰੀ ਵਫ਼ਾਦਾਰੀ ਤੇਰੇ ਆਲੇ ਦੁਆਲੇ ਹੈ,
9ਤੂੰ ਹੀ ਸਮੁੰਦਰ ਦੇ ਉਛਾਲ ਉੱਤੇ ਹਕੂਮਤ ਕਰਦਾ ਹੈਂ, ਜਾਂ ਉਹ ਦੀਆਂ ਠਾਠਾਂ ਉੱਠ ਪੈਂਦੀਆਂ ਹਨ, ਤਾਂ ਤੂੰ ਉਨ੍ਹਾਂ ਨੂੰ ਥੰਮ੍ਹ ਦਿੰਦਾ ਹੈਂ ।
10ਤੂੰ ਰਹਬ ਨੂੰ ਕਿਸੇ ਵੱਢੇ ਹੋਏ ਚੋਏ ਵਾਂਗੂੰ ਚੂਰ ਚੂਰ ਕਰ ਦਿੱਤਾ ਹੈ, ਅਤੇ ਆਪਣੀਆਂ ਬਾਂਹਵਾਂ ਦੇ ਬਲ ਨਾਲ ਤੂੰ ਆਪਣੇ ਵੈਰੀਆਂ ਨੂੰ ਛਿੰਨ ਭਿੰਨ ਕਰ ਦਿੱਤਾ ਹੈ !
11ਅਕਾਸ਼ ਤੇਰੇ ਹਨ, ਧਰਤੀ ਵੀ ਤੇਰੀ ਹੈ, ਜਗਤ ਅਤੇ ਉਹ ਦੀ ਭਰਪੂਰੀ ਦੀ ਨੀਂਹ ਤੂੰ ਰੱਖੀ ।
12ਉੱਤਰ ਅਤੇ ਦੁੱਖਣ ਨੂੰ ਤੂੰ ਉਤਪਤ ਕੀਤਾ, ਤਾਬੋਰ ਤੇ ਹਰਮੋਨ ਤੇਰੇ ਨਾਮ ਦਾ ਜੈਕਾਰਾ ਗਜਾਉਣਗੇ ।
13ਤੇਰੀ ਬਾਂਹ ਬਲਵੰਤ ਹੈ, ਤੇਰਾ ਹੱਥ ਸ਼ਕਤੀਮਾਨ, ਤੇਰਾ ਸੱਜਾ ਹੱਥ ਉੱਚਾ ਹੈ !
14ਧਰਮ ਤੇ ਨਿਆਂ ਤੇਰੀ ਰਾਜ ਗੱਦੀ ਦੇ ਨੀਂਹ ਹਨ, ਦਯਾ ਤੇ ਵਫ਼ਾਦਾਰੀ ਤੇਰੇ ਅੱਗੇ-ਅੱਗੇ ਚੱਲਦੀਆਂ ਹਨ ।
15ਧੰਨ ਓਹ ਲੋਕ ਹਨ ਜਿਹੜੇ ਲਲਕਾਰ ਦੇ ਸ਼ਬਦ ਨੂੰ ਜਾਣਦੇ ਹਨ, ਹੇ ਯਹੋਵਾਹ, ਓਹ ਤੇਰੇ ਚਿਹਰੇ ਦੇ ਚਾਨਣ ਵਿੱਚ ਤੁਰਦੇ ਹਨ !
16ਤੇਰੇ ਨਾਮ ਉੱਤੇ ਓਹ ਸਾਰਾ ਦਿਨ ਖੁਸ਼ੀ ਮਨਾਉਂਦੇ ਹਨ, ਅਤੇ ਤੇਰੇ ਧਰਮ ਦੇ ਕਾਰਨ ਓਹ ਉੱਚੇ ਕੀਤੇ ਜਾਂਦੇ ਹਨ ।
17ਤੂੰ ਹੀ ਤਾਂ ਉਨ੍ਹਾਂ ਦੇ ਬਲ ਦਾ ਜਲਾਲ ਹੈਂ, ਅਤੇ ਤੇਰੀ ਮਿਹਰਬਾਨੀ ਨਾਲ ਸਾਡਾ ਸਿੰਙ ਉੱਚਾ ਕੀਤਾ ਜਾਵੇਗਾ ।
18ਸਾਡੀ ਢਾਲ ਤਾਂ ਯਹੋਵਾਹ ਦੀ ਹੈ, ਅਤੇ ਸਾਡਾ ਪਾਤਸ਼ਾਹ ਇਸਰਾਏਲ ਦੇ ਪਵਿੱਤਰ ਪੁਰਖ ਦਾ ਹੈ ।
19ਤਦ ਮੈਂ ਦਰਸ਼ਣ ਵਿੱਚ ਆਪਣੇ ਸੰਤਾਂ ਨਾਲ ਬਚਨ ਕੀਤਾ, ਅਤੇ ਫਰਮਾਇਆ ਕਿ ਮੈਂ ਸਹਾਇਤਾ ਇੱਕ ਸੂਰਮੇ ਨੂੰ ਦਿੱਤੀ ਹੈ, ਮੈਂ ਪਰਜਾ ਵਿਚੋਂ ਚੁਣ ਕੇ ਇੱਕ ਨੂੰ ਉੱਚਿਆ ਕੀਤਾ ਹੈ ।
20ਮੈਂ ਆਪਣੇ ਦਾਸ ਦਾਊਦ ਨੂੰ ਲੱਭ ਕੇ, ਆਪਣੇ ਪਵਿੱਤਰ ਤੇਲ ਨਾਲ ਮਸਹ ਕੀਤਾ ਹੈ,
21ਜਿਹ ਦੇ ਨਾਲ ਮੇਰਾ ਹੱਥ ਦ੍ਰਿੜ ਰਹੇਗਾ, ਨਾਲੇ ਮੇਰੀ ਬਾਂਹ ਉਹ ਨੂੰ ਤਕੜਾਈ ਦੇਵੇਗੀ ।
22ਨਾ ਕੋਈ ਵੈਰੀ ਉਸ ਤੋਂ ਚੱਟੀ ਲਵੇਗਾ, ਨਾ ਦੁਸ਼ਟ ਦਾ ਪੁੱਤਰ ਉਹ ਨੂੰ ਔਖਿਆਂ ਕਰੇਗਾ ।
23ਮੈਂ ਉਹ ਦੇ ਅੱਗੋਂ ਉਹ ਦੇ ਵਿਰੋਧੀਆਂ ਨੂੰ ਮਾਰਾਂਗਾ, ਅਤੇ ਉਹ ਦੇ ਵੈਰੀਆਂ ਨੂੰ ਕੁੱਟਾਂਗਾ ।
24ਪਰ ਮੇਰੀ ਵਫ਼ਾਦਾਰੀ ਅਤੇ ਮੇਰੀ ਦਯਾ ਉਹ ਦੇ ਨਾਲ ਰਹੇਗੀ, ਅਤੇ ਮੇਰੇ ਨਾਮ ਦੇ ਕਾਰਨ ਉਹ ਦਾ ਸਿੰਙ ਉੱਚਾ ਕੀਤਾ ਜਾਵੇਗਾ,
25ਅਤੇ ਮੈਂ ਉਹ ਦਾ ਹੱਥ ਸਮੁੰਦਰ ਉੱਤੇ, ਅਤੇ ਉਹ ਦਾ ਸੱਜਾ ਹੱਥ ਨਦੀਆਂ ਉੱਤੇ ਰੱਖਾਂਗਾ ।
26ਇਹ ਮੈਨੂੰ ਪੁਕਾਰ ਕੇ ਆਖੇਗਾ, ਤੂੰ ਮੇਰਾ ਪਿਤਾ, ਮੇਰਾ ਪਰਮੇਸ਼ੁਰ ਅਤੇ ਮੇਰੀ ਮੁਕਤੀ ਦੀ ਚੱਟਾਨ ਹੈਂ !
27ਮੈਂ ਵੀ ਉਹ ਨੂੰ ਆਪਣਾ ਜੇਠਾ, ਅਤੇ ਧਰਤੀ ਦਿਆਂ ਰਾਜਿਆਂ ਵਿਚੋਂ ਅੱਤ ਮਹਾਨ ਬਣਾਵਾਂਗਾ ।
28ਮੈਂ ਸਦਾ ਉਹ ਦੇ ਲਈ ਆਪਣੀ ਦਯਾ ਬਣਾਈ ਰੱਖਾਂਗਾ, ਅਤੇ ਮੇਰਾ ਨੇਮ ਉਹ ਦੇ ਨਾਲ ਪੱਕਾ ਰਹੇਗਾ,
29ਅਤੇ ਮੈਂ ਉਹ ਦੇ ਵੰਸ ਨੂੰ ਸਦਾ ਤੱਕ, ਅਤੇ ਉਹ ਦੀ ਰਾਜ ਗੱਦੀ ਨੂੰ ਅਕਾਸ਼ ਦੇ ਦਿਨਾਂ ਵਾਂਗੂੰ ਸਾਂਭਾਂਗਾ ।
30ਜੇ ਉਹ ਦੇ ਬੱਚੇ ਮੇਰੀ ਬਿਵਸਥਾ ਨੂੰ ਤਿਆਗ ਦੇਣ, ਅਤੇ ਮੇਰੇ ਨਿਆਵਾਂ ਉੱਤੇ ਨਾ ਚੱਲਣ,
31ਜੇ ਓਹ ਮੇਰੀਆਂ ਬਿਧੀਆਂ ਨੂੰ ਵਿਗੜ ਦੇਣ, ਅਤੇ ਮੇਰੇ ਹੁਕਮਾਂ ਦੀ ਪਾਲਣਾ ਨਾ ਕਰਨ,
32ਤਾਂ ਮੈਂ ਡੰਡੇ ਨਾਲ ਉਨ੍ਹਾਂ ਦੇ ਅਪਰਾਧਾਂ ਦੀ ਅਤੇ ਕੋਰੜਿਆਂ ਨਾਲ ਉਨ੍ਹਾਂ ਦੀ ਬਦੀ ਦੀ ਸਜ਼ਾ ਦਿਆਂਗਾ ।
33ਪਰ ਮੈਂ ਆਪਣੀ ਦਯਾ ਉਸ ਤੋਂ ਹਟਾ ਨਾ ਲਵਾਂਗਾ, ਨਾ ਆਪਣੀ ਵਫਦਾਰੀ ਛੱਡ ਕੇ ਝੂਠਾ ਹੋਵਾਂਗਾ ।
34ਮੈਂ ਆਪਣੇ ਨੇਮ ਨੂੰ ਭਰਿਸ਼ਟ ਨਾ ਕਰਾਂਗਾ, ਅਤੇ ਜੋ ਮੇਰੇ ਬੁੱਲ੍ਹਾਂ ਵਿਚੋਂ ਨਿੱਕਲਿਆ ਉਹ ਨੂੰ ਨਾ ਬਦਲਾਂਗਾ ।
35ਇੱਕ ਵਾਰ ਮੈਂ ਆਪਣੀ ਪਵਿੱਤਰਤਾਈ ਦੀ ਸਹੁੰ ਖਾ ਚੁੱਕਾ ਹਾਂ, ਫੇਰ ਦਾਊਦ ਨਾਲ ਝੂਠ ਨਾ ਬੋਲਾਂਗਾ ।
36ਉਹ ਦਾ ਵੰਸ ਅੰਤਰਾਲ ਤੱਕ, ਅਤੇ ਉਹ ਦੀ ਰਾਜ ਗੱਦੀ ਸੂਰਜ ਵਾਂਗੂੰ ਮੇਰੇ ਅੱਗੇ ਬਣੀ ਰਹੇਗੀ ।
37ਉਹ ਚੰਦਰਮਾਂ ਜਿਹੀ ਕਾਇਮ ਰਹੇਗੀ, ਅਤੇ ਗਗਣ ਦੀ ਸੱਚੀ ਸਾਖੀ ਜਿਹੀ । ਸਲਹ ।
38ਪਰ ਤੂੰ ਤਾਂ ਤਿਆਗ ਦਿੱਤਾ ਅਤੇ ਰੱਦ ਕੀਤਾ ਹੈ, ਤੂੰ ਤਾਂ ਆਪਣੇ ਮਸਹ ਕੀਤੇ ਹੋਏ ਉੱਤੇ ਕ੍ਰੋਧਵਾਨ ਹੋਈਆਂ ਹੈਂ,
39ਤੂੰ ਆਪਣੇ ਦਾਸ ਦੇ ਨੇਮ ਨੂੰ ਘਿਣਾਉਣਾ ਸਮਝਿਆ, ਤੂੰ ਉਹ ਦੇ ਮੁਕਟ ਨੂੰ ਮਿੱਟੀ ਵਿੱਚ ਭਰਿਸ਼ਟ ਕੀਤਾ ਹੈ,
40ਤੂੰ ਉਹ ਦੀਆਂ ਸਾਰੀਆਂ ਵਾੜਾਂ ਨੂੰ ਤੋੜ ਦਿੱਤਾ ਹੈ, ਤੂੰ ਉਹ ਦੇ ਕਿਲਿਆਂ ਨੂੰ ਥੇਹ ਕਰ ਦਿੱਤਾ ਹੈ !
41ਉਸ ਰਾਹ ਦੇ ਸਾਰੇ ਲੰਘਣ ਵਾਲੇ ਉਹ ਨੂੰ ਲੁੱਟਦੇ ਹਨ, ਉਹ ਦੇ ਗੁਆਂਢੀ ਉਹ ਦੀ ਨਿੰਦਿਆ ਕਰਦੇ ਹਨ ।
42ਤੂੰ ਉਹ ਦੇ ਵਿਰੋਧੀਆਂ ਦੇ ਸੱਜੇ ਹੱਥ ਨੂੰ ਉੱਚਿਆਂ ਕੀਤਾ, ਤੂੰ ਉਹ ਦੇ ਸਾਰੇ ਵੈਰੀਆਂ ਨੂੰ ਅਨੰਦ ਕੀਤਾ ਹੈ !
43ਤੂੰ ਉਹ ਦੀ ਤਲਵਾਰ ਦੀ ਧਾਰ ਨੂੰ ਵੀ ਮੋੜ ਦਿੱਤਾ ਹੈ, ਅਤੇ ਲੜਾਈ ਵਿੱਚ ਉਹ ਨੂੰ ਖਲੋਣ ਨਹੀਂ ਦਿੱਤਾ ।
44ਤੂੰ ਉਹ ਦੇ ਤੇਜ ਨੂੰ ਮੁਕਾ ਦਿੱਤਾ ਹੈ, ਅਤੇ ਉਹ ਦੀ ਰਾਜ ਗੱਦੀ ਨੂੰ ਧਰਤੀ ਉੱਤੇ ਪਟਕਾ ਮਾਰਿਆ ।
45ਤੂੰ ਉਹ ਦੀ ਜਵਾਨੀ ਦੇ ਦਿਨਾਂ ਨੂੰ ਘਟਾ ਦਿੱਤਾ ਹੈ, ਤੂੰ ਉਹ ਨੂੰ ਲਾਜ ਵਿੱਚ ਲਪੇਟਿਆ ਹੈ ! । ਸਲਹ ।
46ਹੇ ਯਹੋਵਾਹ, ਕਦ ਤੱਕ ? ਕੀ ਤੂੰ ਸਦਾ ਤੱਕ ਆਪਣੇ ਆਪ ਨੂੰ ਲੁਕਾਈ ਰੱਖੇਂਗਾ ? ਕਦ ਤੱਕ ਤੇਰਾ ਕ੍ਰੋਧ ਅੱਗ ਵਾਂਗੂੰ ਭੱਖਦਾ ਰਹੇਗਾ ?
47ਚੇਤੇ ਕਰ ਕਿ ਮੇਰਾ ਵੇਲਾ ਕਿੰਨਾ ਘੱਟ ਹੈ, ਤੂੰ ਕਿਹੜੇ ਵਿਅਰਥ ਲਈ ਸਾਰੇ ਆਦਮ ਵੰਸ ਨੂੰ ਉਤਪਤ ਕੀਤਾ !
48ਕਿਹੜਾ ਮਨੁੱਖ ਜਿਉਂਦਾ ਰਹੇਗਾ ਅਤੇ ਮੌਤ ਨੂੰ ਨਾ ਵੇਖੇਗਾ, ਅਤੇ ਆਪਣੀ ਜਾਨ ਨੂੰ ਪਤਾਲ ਦੇ ਵੱਸ ਤੋਂ ਛੁਡਾਵੇਗਾ ? । ਸਲਹ ।
49ਹੇ ਪ੍ਰਭੂ, ਤੇਰੀਆਂ ਓਹ ਪਹਿਲੀਆਂ ਦਿਆਲਗੀਆਂ ਕਿੱਥੇ ਹਨ, ਜਿਨ੍ਹਾਂ ਦੇ ਵਿਖੇ ਤੂੰ ਆਪਣੀ ਵਫ਼ਾਦਾਰੀ ਵਿੱਚ ਦਾਊਦ ਨਾਲ ਸਹੁੰ ਖਾਧੀ ਸੀ ?
50ਹੇ ਪ੍ਰਭੂ, ਆਪਣੇ ਦਾਸਾਂ ਦੇ ਉਲਾਹਮਿਆਂ ਦਾ ਚੇਤਾ ਕਰ, ਮੈਂ ਆਪਣੀ ਛਾਤੀ ਉੱਤੇ ਬਹੁਤ ਸਾਰੇ ਲੋਕਾਂ ਦੇ ਉਲਾਹਮੇ ਚੁੱਕੀ ਬੈਠਾ ਹਾਂ,
51ਜਿਨ੍ਹਾਂ ਦੇ ਨਾਲ, ਹੇ ਪ੍ਰਭੂ, ਤੇਰੇ ਵੈਰੀਆਂ ਨੇ ਤਾਨੇ ਮਾਰੇ, ਜਿਨ੍ਹਾਂ ਦੇ ਨਾਲ ਉਨ੍ਹਾਂ ਨੇ ਤੇਰੇ ਮਸਹ ਕੀਤੇ ਹੋਏ ਦੇ ਖੁਰਿਆਂ ਉੱਤੇ ਤਾਨੇ ਮਾਰੇ ।
52ਯਹੋਵਾਹ ਸਦਾ ਤੱਕ ਮੁਬਾਰਕ ਹੋਵੇ ! ਆਮੀਨ, ਫੇਰ ਆਮੀਨ ! ।