1ਹੇ ਯਹੋਵਾਹ, ਆਪਣਾ ਕੰਨ ਝੁਕਾ ਅਤੇ ਮੈਨੂੰ ਉੱਤਰ ਦੇ ! ਕਿਉਂ ਜੋ ਮੈਂ ਮਸਕੀਨ ਤੇ ਕੰਗਾਲ ਹਾਂ ।
2ਮੇਰੀ ਜਾਨ ਦੀ ਰੱਖਿਆ ਕਰ ਕਿਉਂ ਜੋ ਮੈਂ ਤਾਂ ਇੱਕ ਭਗਤ ਹਾਂ, ਤੂੰ ਜੋ ਮੇਰਾ ਪਰਮੇਸ਼ੁਰ ਹੈਂ ਆਪਣੇ ਸੇਵਕ ਨੂੰ ਬਚਾ ਲਈ, ਮੈਂ ਤੇਰੇ ਉੱਤੇ ਪਤੀਜਦਾ ਹਾਂ ।
3ਹੇ ਪ੍ਰਭੂ, ਮੇਰੇ ਉੱਤੇ ਕਿਰਪਾ ਕਰ, ਮੈਂ ਤਾਂ ਸਾਰਾ ਦਿਨ ਤੈਨੂੰ ਪੁਕਾਰਦਾ ਹਾਂ ।
4ਆਪਣੇ ਸੇਵਕ ਦੇ ਜੀਅ ਨੂੰ ਅਨੰਦ ਕਰ, ਹੇ ਪ੍ਰਭੂ, ਮੈਂ ਤਾਂ ਆਪਣਾ ਜੀਅ ਤੇਰੇ ਵੱਲ ਲਾਉਂਦਾ ਹਾਂ ।
5ਹੇ ਪ੍ਰਭੂ, ਤੂੰ ਭਲਾ ਤੇ ਦਯਾਲੂ ਹੈਂ, ਅਤੇ ਆਪਣੇ ਸਾਰੇ ਪੁਕਾਰਨ ਵਾਲਿਆਂ ਲਈ ਅੱਤ ਕਿਰਪਾਲੂ ਹੈਂ ।
6ਹੇ ਪਰਮੇਸ਼ੁਰ, ਮੇਰੀ ਬੇਨਤੀ ਉੱਤੇ ਕੰਨ ਲਾ, ਅਤੇ ਮੇਰੀਆਂ ਅਰਦਾਸਾਂ ਦੀ ਅਵਾਜ਼ ਵੱਲ ਧਿਆਨ ਕਰ !
7ਮੈਂ ਬਿਪਤਾ ਦੇ ਦਿਨ ਤੈਨੂੰ ਪੁਕਾਰਾਂਗਾ, ਕਿਉਂ ਜੋ ਤੂੰ ਮੈਨੂੰ ਉੱਤਰ ਦੇਵੇਂਗਾ ।
8ਹੇ ਪ੍ਰਭੂ, ਦੇਵਤਿਆਂ ਵਿੱਚ ਤੇਰੇ ਤੁੱਲ ਕੋਈ ਨਹੀਂ, ਤੇਰੇ ਕੰਮਾਂ ਵਰਗਾ ਕੋਈ ਕੰਮ ਨਹੀਂ ਹੈ ।
9ਹੇ ਪ੍ਰਭੂ, ਓਹ ਸਾਰੀਆਂ ਕੌਮਾਂ ਜਿਨ੍ਹਾਂ ਨੂੰ ਤੂੰ ਸਾਜਿਆ, ਆਣ ਕੇ ਤੇਰੇ ਅੱਗੇ ਮੱਥਾ ਟੇਕਣਗੀਆਂ, ਅਤੇ ਤੇਰੇ ਨਾਮ ਨੂੰ ਵਡਿਆਉਣਗੀਆਂ ।
10ਤੂੰ ਮਹਾਨ ਹੈਂ ਅਤੇ ਅਚਰਜ ਕਰਤੱਬ ਕਰਦਾ ਹੈਂ, ਤੂੰ ਹੀ ਪਰਮੇਸ਼ੁਰ ਹੈਂ !
11ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਲਾ, ਮੈਂ ਤੇਰੀ ਸਚਿਆਈ ਵਿੱਚ ਚੱਲਾਂਗਾ, ਮੇਰੇ ਦਿਲ ਨੂੰ ਇਕਾਗਰ ਕਰ ਕਿ ਮੈਂ ਤੇਰੇ ਨਾਮ ਦਾ ਭੈ ਮੰਨਾ ।
12ਹੇ ਪ੍ਰਭੂ, ਮੇਰੇ ਪਰਮੇਸ਼ੁਰ, ਮੈਂ ਆਪਣੇ ਸਾਰੇ ਮਨ ਨਾਲ ਤੇਰਾ ਧੰਨਵਾਦ ਕਰਾਂਗਾ, ਅਤੇ ਸਦਾ ਤੱਕ ਤੇਰੇ ਨਾਮ ਦੀ ਵਡਿਆਈ ਕਰਾਂਗਾ ।
13ਤੇਰੀ ਦਯਾ ਤਾਂ ਮੇਰੇ ਉੱਤੇ ਵੱਡੀ ਹੈ, ਅਤੇ ਤੂੰ ਮੇਰੀ ਜਾਨ ਨੂੰ ਹੇਠਲੇ ਪਤਾਲ ਤੋਂ ਕੱਢਿਆ ਹੈ ।
14ਹੇ ਪਰਮੇਸ਼ੁਰ, ਹੰਕਾਰੀ ਮੇਰੇ ਵਿਰੁੱਧ ਉੱਠ ਖਲੋਤੇ ਹਨ, ਅਤੇ ਜ਼ਾਲਮਾਂ ਦੀ ਮੰਡਲੀ ਨੇ ਮੇਰੀ ਜਾਨ ਨੂੰ ਭਾਲ ਲਿਆ ਹੈ, ਪਰ ਉਨ੍ਹਾਂ ਨੇ ਤੈਨੂੰ ਆਪਣੇ ਅੱਗੇ ਨਹੀਂ ਰੱਖਿਆ ।
15ਪਰ ਤੂੰ, ਹੇ ਪ੍ਰਭੂ, ਦਯਾਲੂ ਅਤੇ ਕਿਰਪਾਲੂ ਪਰਮੇਸ਼ੁਰ ਹੈਂ, ਤੂੰ ਗੁੱਸੇ ਵਿੱਚ ਧੀਰਜੀ ਅਤੇ ਦਯਾ ਤੇ ਵਫ਼ਾਦਾਰੀ ਨਾਲ ਭਰਪੂਰ ਹੈਂ ।
16ਮੇਰੀ ਵੱਲ ਮੂੰਹ ਫੇਰ ਅਤੇ ਕਿਰਪਾ ਕਰ, ਆਪਣੇ ਸੇਵਕ ਨੂੰ ਆਪਣਾ ਬਲ ਦੇ, ਆਪਣੀ ਗੋੱਲੀ ਦੇ ਪੁੱਤਰ ਨੂੰ ਬਚਾ ਲੈ !
17ਆਪਣੀ ਭਲਿਆਈ ਦਾ ਕੋਈ ਨਿਸ਼ਾਨ ਮੈਨੂੰ ਵਿਖਾ, ਤਾਂ ਜੋ ਮੇਰੇ ਵੈਰੀ ਉਹ ਨੂੰ ਵੇਖ ਕੇ ਨਿਮੂਝਾਣੇ ਰਹਿ ਜਾਣ, ਕਿਉਂ ਜੋ ਹੇ ਯਹੋਵਾਹ, ਤੂੰ ਮੇਰੀ ਸਹਾਇਤਾ ਕੀਤੀ ਅਤੇ ਮੈਨੂੰ ਸ਼ਾਂਤੀ ਦਿੱਤੀ ਹੈ ।