1ਹੇ ਸੈਨਾਂ ਦੇ ਯਹੋਵਾਹ, ਤੇਰੇ ਡੇਹਰੇ ਕਿਹੇ ਪ੍ਰੇਮ ਰੱਤੇ ਹਨ !
2ਮੇਰਾ ਜੀਅ ਯਹੋਵਾਹ ਦੀਆਂ ਦਰਗਾਹਾਂ ਲਈ ਤਰਸਦਾ ਸਗੋਂ ਖੁੱਸਦਾ ਜਾਂਦਾ ਹੈ, ਮੇਰਾ ਤਨ ਮਨ ਜਿਉਂਦੇ ਪਰਮੇਸ਼ੁਰ ਲਈ ਜੈਕਾਰਾ ਗਜਾਉਂਦਾ ਹੈ !
3ਹੇ ਸੈਨਾਂ ਦੇ ਯਹੋਵਾਹ, ਮੇਰੇ ਪਾਤਸ਼ਾਹ ਅਤੇ ਮੇਰੇ ਪਰਮੇਸ਼ੁਰ, ਤੇਰੀਆਂ ਜਗਵੇਦੀਆਂ ਵਿੱਚ ਚਿੜੀ ਨੇ ਆਪਣੇ ਲਈ ਘਰ ਅਤੇ ਬਾਲਕਟਾਰੇ ਨੇ ਆਪਣੇ ਬੋਟਾਂ ਨੂੰ ਰੱਖਣ ਲਈ ਆਲਣਾ ਪਾਇਆ ਹੈ ।
4ਧੰਨ ਓਹ ਹਨ ਜਿਹੜੇ ਭਵਨ ਵਿੱਚ ਵੱਸਦੇ ਹਨ, ਓਹ ਨਿੱਤ ਤੇਰੀ ਉਸਤਤ ਕਰਨਗੇ ! । ਸਲਹ ।
5ਧੰਨ ਓਹ ਆਦਮੀ ਹੈ ਜਿਹ ਦਾ ਬਲ ਤੇਰੀ ਵੱਲੋਂ ਹੈ, ਜਿਹ ਦੇ ਮਨ ਵਿੱਚ ਤੇਰੇ ਮਾਰਗ ਹਨ !
6ਓਹ ਬਾਕਾ ਦੀ ਵਾਦੀ ਦੇ ਵਿੱਚ ਦੀ ਲੰਘਦਿਆਂ, ਉੱਥੇ ਪਾਣੀ ਦੇ ਚਸ਼ਮੇ ਵਗਾ ਦਿੰਦੇ ਹਨ, ਸਗੋਂ ਪਹਿਲਾਂ ਮੀਂਹ ਉਸ ਨੂੰ ਬਰਕਤਾਂ ਨਾਲ ਢੱਕ ਲੈਂਦਾ ਹੈ ।
7ਓਹ ਬਲ ਤੇ ਬਲ ਪਾਉਂਦੇ ਚਲੇ ਜਾਂਦੇ ਹਨ, ਉਨ੍ਹਾਂ ਵਿਚੋਂ ਹਰੇਕ ਸੀਯੋਨ ਵਿੱਚ ਪਰਮੇਸ਼ੁਰ ਅੱਗੇ ਵਿਖਾਈ ਦਿੰਦਾ ਹੈ ।
8ਹੇ ਯਹੋਵਾਹ ਸੈਨਾਂ ਦੇ ਪਰਮੇਸ਼ੁਰ, ਮੇਰੀ ਬੇਨਤੀ ਸੁਣ, ਹੇ ਯਾਕੂਬ ਦੇ ਪਰਮੇਸ਼ੁਰ, ਆਪਣਾ ਕੰਨ ਲਾ ! । ਸਲਹ ।
9ਹੇ ਸਾਡੀ ਢਾਲ, ਵੇਖ, ਹੇ ਪਰਮੇਸ਼ੁਰ, ਆਪਣੇ ਮਸੀਹ ਦੇ ਮੁਖੜੇ ਵੱਲ ਧਿਆਨ ਕਰ !
10ਤੇਰੀ ਦਰਗਾਹ ਵਿੱਚ ਤਾਂ ਇੱਕ ਦਿਨ ਹਜ਼ਾਰ ਦਿਨਾਂ ਨਾਲੋਂ ਚੰਗਾ ਹੈ, ਮੈਂ ਪਰਮੇਸ਼ੁਰ ਦੇ ਭਵਨ ਦਾ ਰਾਖਾ ਬਣਨਾ ਦੁਸ਼ਟਾਂ ਦੇ ਤੰਬੂ ਵਿੱਚ ਵੱਸਣ ਨਾਲੋਂ ਪਸੰਦ ਕਰਦਾ ਹਾਂ ।
11ਯਹੋਵਾਹ ਪਰਮੇਸ਼ੁਰ ਇੱਕ ਸੂਰਜ ਤੇ ਇੱਕ ਢਾਲ ਹੈ, ਯਹੋਵਾਹ ਦਯਾ ਅਤੇ ਤੇਜ ਦੇਵੇਗਾ, ਉਹ ਸਿਧਿਆਈ ਵਿੱਚ ਚੱਲਣ ਵਾਲਿਆਂ ਤੋਂ ਕੋਈ ਚੰਗੀ ਚੀਜ਼ ਨਹੀਂ ਰੋਕੇਗਾ ।
12ਹੇ ਸੈਨਾਂ ਦੇ ਯਹੋਵਾਹ, ਧੰਨ ਹੈ ਉਹ ਆਦਮੀ ਜਿਹੜਾ ਤੇਰੇ ਉੱਤੇ ਪਤੀਜਦਾ ਹੈ ! ।