1ਮੈਂ ਪਰਮੇਸ਼ੁਰ ਅੱਗੇ ਆਪਣੀ ਅਵਾਜ਼ ਨਾਲ ਦੁਹਾਈ ਦਿਆਂਗਾ, ਹਾਂ, ਆਪਣੀ ਅਵਾਜ਼ ਨਾਲ ਪਰਮੇਸ਼ੁਰ ਅੱਗੇ, ਅਤੇ ਉਹ ਮੇਰੀ ਵੱਲ ਕੰਨ ਧਰੇਗਾ ।
2ਮੈਂ ਆਪਣੀ ਬਿਪਤਾ ਦੇ ਦਿਨ ਪ੍ਰਭੂ ਨੂੰ ਢੂੰਡਿਆ, ਮੇਰਾ ਹੱਥ ਰਾਤ ਨੂੰ ਪਸਾਰਿਆ ਰਿਹਾ ਅਤੇ ਢਿੱਲਾ ਨਾ ਹੋਇਆ, ਮੇਰੇ ਜੀਅ ਨੇ ਸ਼ਾਂਤੀ ਲੈਣ ਤੋਂ ਨਾਂਹ ਕੀਤੀ ।
3ਮੈਂ ਪਰਮੇਸ਼ੁਰ ਨੂੰ ਚੇਤੇ ਕਰਦਾ ਹਾਂ ਅਤੇ ਮੈਂ ਵਿਆਕੁਲ ਹੋ ਜਾਂਦਾ ਹਾਂ, ਮੈਂ ਧਿਆਨ ਦਿੰਦਾ ਹਾਂ ਅਤੇ ਮੇਰਾ ਆਤਮਾ ਹੁੱਸ ਜਾਂਦਾ ਹੈ । ਸਲਹ ।
4ਤੂੰ ਮੇਰੀਆਂ ਅੱਖਾਂ ਦੀਆਂ ਪਲਕਾਂ ਨੂੰ ਖੁਲ੍ਹਿਆਂ ਰੱਖਿਆ ਹੈ, ਮੈਂ ਘਬਰਾ ਜਾਂਦਾ ਅਤੇ ਬੋਲ ਨਾ ਸਕਦਾ ।
5ਮੈਂ ਪਿੱਛਲੇ ਦਿਨਾਂ ਉੱਤੇ ਅਤੇ ਆਪਣੇ ਵਰ੍ਹਿਆਂ ਦੇ ਸਮਿਆਂ ਉੱਤੇ ਸੋਚਿਆ ।
6ਮੈਂ ਰਾਤ ਨੂੰ ਆਪਣੇ ਗੀਤ ਦਾ ਸਿਮਰਨ ਕਰਦਾ ਹਾਂ, ਆਪਣੇ ਮਨ ਵਿੱਚ ਧਿਆਨ ਕਰਦਾ ਹਾਂ, ਅਤੇ ਮੇਰਾ ਆਤਮਾ ਖੋਜ ਕਰਦਾ ਹੈ, —
7ਕਿ ਪ੍ਰਭੂ ਸਦਾ ਹੀ ਤਿਆਗ ਦੇਵੇਗਾ, ਅਤੇ ਫੇਰ ਕਦੇ ਪਰਸੰਨ ਨਾ ਹੋਵੇਗਾ ?
8ਕੀ ਉਸ ਦੀ ਦਯਾ ਸਦਾ ਲਈ ਰੁੱਕ ਗਈ ਹੈ ? ਕੀ ਉਸ ਦਾ ਬਚਨ ਪੀੜ੍ਹੀਓ ਪੀੜ੍ਹੀ ਹਟ ਗਿਆ ?
9ਕੀ ਪਰਮੇਸ਼ੁਰ ਕਿਰਪਾ ਕਰਨੀ ਭੁੱਲ ਗਿਆ ? ਕੀ ਉਸ ਨੇ ਕ੍ਰੋਧ ਨਾਲ ਆਪਣੀਆਂ ਰਹਮਤਾਂ ਨੂੰ ਰੋਕ ਲਿਆ ਹੈ ? । ਸਲਹ ।
10ਤਾਂ ਮੈਂ ਆਖਿਆ, ਏਹ ਮੇਰੀ ਕਮਜ਼ੋਰੀ ਹੈ, — ਅੱਤ ਮਹਾਨ ਦਾ ਸੱਜਾ ਹੱਥ ਬਦਲ ਗਿਆ ਹੈ !
11ਮੈਂ ਯਹੋਵਾਹ ਦੇ ਕੰਮਾਂ ਦਾ ਜ਼ਿਕਰ ਕਰਾਂਗਾ, ਕਿਉਂ ਜੋ ਮੈਂ ਤੇਰੇ ਪੁਰਾਣਿਆਂ ਸਮਿਆਂ ਦੇ ਅਚਰਜਾਂ ਨੂੰ ਚੇਤੇ ਕਰਾਂਗਾ ।
12ਮੈਂ ਤੇਰੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ, ਅਤੇ ਮੈਂ ਤੇਰੇ ਕਾਰਜਾਂ ਉੱਤੇ ਧਿਆਨ ਕਰਾਂਗਾ ।
13ਹੇ ਪਰਮੇਸ਼ੁਰ ਤੇਰਾ ਮਾਰਗ ਪਵਿੱਤਰਤਾਈ ਵਿੱਚ ਹੈ, ਪਰਮੇਸ਼ੁਰ ਵਰਗਾ ਵੱਡਾ ਦਿਓਤਾ ਕਿਹੜਾ ਹੈ ?
14ਤੂੰ ਉਹ ਪਰਮੇਸ਼ੁਰ ਹੈਂ ਜੋ ਅਚਰਜ ਕੰਮ ਕਰਦਾ ਹੈਂ, ਤੂੰ ਲੋਕਾਂ ਦੇ ਵਿੱਚ ਆਪਣੀ ਸ਼ਕਤੀ ਪਰਗਟ ਕੀਤੀ ।
15ਤੂੰ ਆਪਣੀ ਬਾਂਹ ਨਾਲ ਆਪਣੀ ਪਰਜਾ ਨੂੰ ਯਾਕੂਬ ਤੇ ਯੂਸਫ਼ ਦੀ ਅੰਸ ਨੂੰ ਛੁਡਾਇਆ ਹੈ । ਸਲਹ ।
16ਪਾਣੀਆਂ ਨੇ ਤੈਨੂੰ ਡਿੱਠਾ, ਹੇ ਪਰਮੇਸ਼ੁਰ, ਪਾਣੀਆਂ ਨੇ ਤੈਨੂੰ ਡਿੱਠਾ, ਓਹ ਉੱਛਲ ਪਏ ਤੇ ਡੂੰਘਿਆਈਆਂ ਕੰਬ ਉੱਠੀਆਂ ।
17ਘਟਾਂ ਨੇ ਮੋਹਲੇਧਾਰ ਮੀਂਹ ਵਰ੍ਹਾਇਆ, ਗਗਣ ਨੇ ਖੜਕਾ ਦਿੱਤਾ, ਤੇਰੇ ਤੀਰ ਲਾਂਭੇ ਛਾਂਭੇ ਚੱਲੇ ।
18ਤੇਰੇ ਗੱਜਣ ਦਾ ਖੜਕ ਵਾਵਰੋਲੇ ਵਿੱਚ ਹੋਇਆ, ਲਸ਼ਕਾਂ ਨੇ ਸਰਿਸ਼ਟੀ ਨੂੰ ਚਾਨਣ ਦਿੱਤਾ, ਧਰਤੀ ਕੰਬੀ ਅਤੇ ਹਿੱਲ ਗਈ ।
19ਸਮੁੰਦਰ ਦੇ ਵਿੱਚ ਤੇਰਾ ਰਾਹ ਸੀ, ਤੇਰੇ ਪਹੇ ਵੱਡੇ ਪਾਣੀਆਂ ਦੇ ਵਿੱਚ ਸਨ, ਤੇਰੇ ਖੁਰੇ ਜਾਣੇ ਨਾ ਗਏ ।
20ਤੂੰ ਆਪਣੀ ਪਰਜਾ ਦੀ ਮੂਸਾ ਅਤੇ ਹਾਰੂਨ ਦੇ ਹੱਥੀਂ, ਇੱਜੜ ਦੀ ਨਿਆਈਂ ਅਗਵਾਈ ਕੀਤੀ ।