Bible 2 India Mobile
[VER] : [PUNJABI]     [PL]  [PB] 
 <<  Psalms 73 >> 

1ਸੱਚ-ਮੁੱਚ ਇਸਰਾਏਲ ਲਈ ਅਰਥਾਤ ਖਾਲ਼ਸ ਦਿਲ ਵਾਲਿਆਂ ਦੇ ਲਈ ਪਰਮੇਸ਼ੁਰ ਭਲਾ ਹੈ ।

2ਪਰ ਮੈਂ ਹੋ ਹਾਂ, ਮੇਰੇ ਪੈਰ ਫਿਸਲਣ, ਅਤੇ ਮੇਰੇ ਕਦਮ ਤਿਲਕਣ ਲੱਗੇ ਸਨ ।

3ਜਦ ਮੈਂ ਦੁਸ਼ਟਾਂ ਦਾ ਸੁਲੱਖਪੁਣਾ ਡਿੱਠਾ, ਤਾਂ ਮੈਂ ਉਨ੍ਹਾਂ ਹੰਕਾਰੀਆਂ ਦੇ ਉੱਤੇ ਖੁਣਸ ਕੀਤੀ ਸੀ ।

4ਉਨ੍ਹਾਂ ਦੀ ਮੌਤ ਵਿੱਚ ਤਾਂ ਪੀੜ ਨਹੀ ਹੁੰਦੀ, ਸਗੋਂ ਉਨ੍ਹਾਂ ਦਾ ਸਰੀਰ ਮੋਟਾ ਹੈ ।

5ਓਹ ਹੋਰਨਾਂ ਮਨੁੱਖਾਂ ਵਾਂਗੂੰ ਔਖੇ ਨਹੀਂ ਹੁੰਦੇ, ਨਾ ਹੋਰਨਾਂ ਆਦਮੀਆਂ ਵਾਂਗੂੰ ਉਨ੍ਹਾਂ ਉੱਤੇ ਬਿਪਤਾ ਪੈਂਦੀ ਹੈ ।

6ਇਸ ਲਈ ਘਮੰਡ ਉਨ੍ਹਾਂ ਦੇ ਗਲੇ ਦੀ ਜੰਜੀਰ ਹੈ, ਅਤੇ ਅਨ੍ਹੇਰ ਦਾ ਲੀੜਾ ਉਨ੍ਹਾਂ ਨੂੰ ਕੱਜਦਾ ਹੈ ।

7ਉਨ੍ਹਾਂ ਦੀਆਂ ਅੱਖੀਆਂ ਚਿਕਨਾਈ ਨਾਲ ਫੁੱਲੀਆਂ ਹੋਈਆਂ ਹਨ, ਉਨ੍ਹਾਂ ਦੇ ਮਨ ਦੇ ਵਿਚਾਰ ਛਲਕਦੇ ਹਨ ।

8ਓਹ ਠੱਠਾ ਮਾਰਦੇ ਅਤੇ ਬਦੀ ਨਾਲ ਅਨ੍ਹੇਰ ਦੀਆਂ ਗੱਲਾਂ ਕਰਦੇ ਹਨ, ਓਹ ਹੰਕਾਰ ਨਾਲ ਬੋਲਦੇ ਹਨ ।

9ਉਨ੍ਹਾਂ ਨੇ ਆਪਣਾ ਮੂੰਹ ਅਕਾਸ਼ ਵਿੱਚ ਧਰਿਆ, ਪਰ ਉਨ੍ਹਾਂ ਦੀ ਜੀਭ ਧਰਤੀ ਉੱਤੇ ਫਿਰਦੀ ਹੈ ।

10ਇਸ ਲਈ ਉਹ ਲੋਕ ਏਧਰ ਮੁੜਨਗੇ ਅਤੇ ਭਰੇ ਹੋਏ ਛੰਨ ਦਾ ਪਾਣੀ ਉਨ੍ਹਾਂ ਤੋਂ ਡੱਫਿਆ ਜਾਂਦਾ ਹੈ,

11ਅਤੇ ਓਹ ਆਖਦੇ ਹਨ, ਪਰਮੇਸ਼ੁਰ ਕਿਸ ਤਰਾਂ ਜਾਣਦਾ ਹੈ ? ਭਲਾ, ਅੱਤ ਮਹਾਨ ਨੂੰ ਕੁੱਝ ਪਤਾ ਹੈ ?

12ਵੇਖੋ, ਦੁਸ਼ਟ ਏਹ ਹਨ, ਅਤੇ ਓਹ ਸਦਾ ਸੁੱਖ ਵਿੱਚ ਰਹਿ ਕੇ ਧੰਨ ਜੋੜਦੇ ਹਨ ! ।

13ਸੱਚ-ਮੁੱਚ ਮੈਂ ਅਵਿਰਥਾ ਆਪਣੇ ਦਿਲ ਨੂੰ ਸ਼ੁੱਧ ਕੀਤਾ ਹੈ, ਅਤੇ ਨਿਰਮਲਤਾਈ ਵਿੱਚ ਆਪਣੇ ਹੱਥ ਧੋਤੇ ਹਨ,

14ਕਿਉਂ ਜੋ ਸਾਰਾ ਦਿਨ ਮੈਂ ਮਾਰ ਖਾਂਦਾ ਰਿਹਾ, ਅਤੇ ਹਰ ਸਵੇਰ ਨੂੰ ਮੇਰੀ ਤਾੜਨਾ ਹੋਈ ।

15ਜੇ ਮੈਂ ਆਖਦਾ ਕਿ ਮੈਂ ਇਸੇ ਤਰਾਂ ਦੱਸਾਂਗਾ, ਤਾਂ ਵੇਖੋ, ਮੈਂ ਤੇਰੇ ਬੱਚਿਆਂ ਦੀ ਪੀੜ੍ਹੀ ਨੂੰ ਧੋਖਾ ਦਿੰਦਾ ।

16ਜਾਂ ਮੈਂ ਇਸ ਨੂੰ ਸਮਝਣ ਲਈ ਸੋਚ ਕੀਤੀ, ਤਾਂ ਉਹ ਮੇਰੀ ਨਿਗਾਹ ਵਿੱਚ ਬਹੁਤ ਔਖਾ ਮਲੂਮ ਹੋਇਆ,

17ਜਦ ਤੱਕ ਮੈਂ ਪਰਮੇਸ਼ੁਰ ਦੇ ਪਵਿੱਤਰ ਸਥਾਨ ਵਿੱਚ ਨਾ ਗਿਆ, - ਤਦ ਮੈਂ ਉਨ੍ਹਾਂ ਦਾ ਅੰਤ ਸਮਝਿਆ !

18ਸੱਚ-ਮੁੱਚ ਤੂੰ ਉਨ੍ਹਾਂ ਨੂੰ ਤਿਲਕਣਿਆਂ ਥਾਵਾਂ ਵਿੱਚ ਰੱਖਦਾ ਹੈਂ, ਅਤੇ ਉਨ੍ਹਾਂ ਨੂੰ ਬਰਬਾਦੀ ਵਿੱਚ ਸੁੱਟ ਦਿੰਦਾ ਹੈਂ !

19ਓਹ ਛਿੰਨ ਮਾਤ੍ਰ ਵਿੱਚ ਕਿਹੋ ਜਿਹੇ ਉੱਜੜ ਗਏ ! ਓਹ ਮੁੱਕ ਗਏ, ਓਹ ਭੈਜਲ ਨਾਲ ਮਿਟ ਗਏ ਹਨ !

20ਹੇ ਪ੍ਰਭੂ, ਸੁਫ਼ਨੇ ਤੋਂ ਜਾਗਣ ਵਾਂਗੂੰ ਜਾਂ ਤੂੰ ਉਠੇਂਗਾ ਤਾਂ ਉਨ੍ਹਾਂ ਦੀ ਸ਼ਕਲ ਤੁੱਛ ਜਾਣੇਂਗਾ ।

21ਮੇਰਾ ਮਨ ਤਾਂ ਕੌੜਾ ਹੋਇਆ, ਅਤੇ ਮੇਰਾ ਦਿਲ ਛੇਦਿਆ ਗਿਆ,

22ਮੈਂ ਐਡਾ ਜਾਹਲ ਤੇ ਅਣਜਾਣ ਸੀ, ਕਿ ਤੇਰੇ ਅੱਗੇ ਪਸੂ ਜਿਹਾ ਬਣਿਆ ।

23ਫੇਰ ਮੈਂ ਸਦਾ ਤੇਰੇ ਸੰਗ ਹਾਂ, ਤੂੰ ਮੇਰੇ ਸੱਜੇ ਹੱਥ ਨੂੰ ਫੜਿਆ ਹੈ ।

24ਤੂੰ ਆਪਣੇ ਗੁਰਮਤੇ ਨਾਲ ਮੇਰੀ ਅਗਵਾਈ ਕਰੇਂਗਾ, ਅਤੇ ਉਹ ਦੇ ਮਗਰੋਂ ਮੈਨੂੰ ਤੇਜ ਵਿੱਚ ਰਖੇਂਗਾ ।

25ਸਵਰਗ ਵਿੱਚ ਮੇਰਾ ਹੋਰ ਕੌਣ ਹੈ ? ਅਤੇ ਧਰਤੀ ਉੱਤੇ ਤੈਥੋਂ ਬਿਨਾ ਮੈਂ ਕਿਸੇ ਹੋਰ ਨੂੰ ਲੋਚਦਾ ਨਹੀਂ ।

26ਮੇਰਾ ਤਨ ਤੇ ਮੇਰਾ ਮਨ ਢਲ ਜਾਂਦੇ ਹਨ, ਪਰ ਪਰਮੇਸ਼ੁਰ ਸਦਾ ਲਈ ਮੇਰੇ ਮਨ ਦੀ ਚੱਟਾਨ ਅਤੇ ਮੇਰਾ ਭਾਗ ਹੈ ।

27ਤਾਂ ਵੇਖੋ, ਜੋ ਤੈਥੋਂ ਦੂਰ ਹਨ ਓਹ ਨਸ਼ਟ ਹੋਣਗੇ, ਤੂੰ ਆਪਣੇ ਅੱਗਿਓਂ ਸਾਰੇ ਜ਼ਨਾਹਕਾਰ ਗਰਕ ਕਰ ਦਿੱਤੇ !

28ਪਰ ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ, ਮੈਂ ਪ੍ਰਭੂ ਯਹੋਵਾਹ ਨੂੰ ਆਪਣੀ ਪਨਾਹ ਬਣਾਇਆ ਹੈ, ਤਾਂ ਜੋ ਮੈਂ ਤੇਰੇ ਸਾਰੇ ਕਾਰਜਾਂ ਦਾ ਵਰਣਨ ਕਰਾਂ ।


  Share Facebook  |  Share Twitter

 <<  Psalms 73 >> 


Bible2india.com
© 2010-2025
Help
Dual Panel

Laporan Masalah/Saran