1ਮੇਰੀ ਜਾਨ ਪਰਮੇਸ਼ੁਰ ਦੇ ਹੀ ਅੱਗੇ ਚੁੱਪ ਚਾਪ ਹੈ, ਮੇਰਾ ਬਚਾਓ ਉਸੇ ਵੱਲੋਂ ਹੈ ।
2ਉਹੋ ਮੇਰੀ ਚੱਟਾਨ ਅਤੇ ਮੇਰਾ ਬਚਾਓ ਹੈ, ਉਹ ਮੇਰਾ ਉੱਚਾ ਗੜ੍ਹ ਹੈ, ਮੈਂ ਬਹੁਤਾ ਨਾ ਡੋਲਾਂਗਾ ।
3ਤੁਸੀਂ ਕਦ ਤੋੜੀ ਇੱਕ ਮਨੁੱਖ ਉੱਤੇ ਹੱਲਾ ਕਰਦੇ ਰਹੋਗੇ, ਤਾਂ ਜੋ ਤੁਸੀਂ ਸਭ ਮਿਲ ਕੇ ਉਸ ਨੂੰ ਵੱਢ ਸੁੱਟੋ, ਜੋ ਝੁਕੀ ਹੋਈ ਕੰਧ ਤੇ ਹਿਲਦੀ ਹੋਈ ਵਾੜ ਵਰਗਾ ਹੈ ?
4ਓਹ ਮਤਾ ਮਤਾਉਂਦੇ ਹਨ ਨਿਰਾ ਇਸੇ ਲਈ ਕਿ ਉਹ ਨੂੰ ਉਹ ਦੀ ਪਦਵੀ ਤੋਂ ਡੇਗ ਦੇਣ, ਓਹ ਝੂਠ ਨੂੰ ਪਸੰਦ ਕਰਦੇ ਹਨ, ਮੂੰਹੋ ਤਾਂ ਓਹ ਅਸੀਸ ਦਿੰਦੇ ਹਨ ਪਰ ਅੰਦਰੋਂ ਸਰਾਪ ਦਿੰਦੇ ਹਨ । ਸਲਹ ।
5ਹੇ ਮੇਰੀ ਜਾਨ, ਤੂੰ ਪਰਮੇਸ਼ੁਰ ਹੀ ਦੇ ਅੱਗੇ ਚੁੱਪ ਚਾਪ ਰਹਿ, ਕਿਉਂ ਜੋ ਮੇਰੀ ਤਾਂਘ ਉਸੇ ਵੱਲੋਂ ਹੈ ।
6ਉਹੋ ਮੇਰੀ ਚੱਟਾਨ ਅਤੇ ਮੇਰਾ ਬਚਾਓ ਹੈ, ਉਹੋ ਮੇਰਾ ਉੱਚਾ ਗੜ੍ਹ ਹੈ, ਮੈਂ ਨਾ ਡੋਲਾਂਗਾ ।
7ਮੇਰਾ ਬਚਾਓ ਅਤੇ ਮੇਰਾ ਪਰਤਾਪ ਪਰਮੇਸ਼ੁਰ ਉੱਤੇ ਕਾਇਮ ਹੈ, ਮੇਰੇ ਬਲ ਦੀ ਚੱਟਾਨ ਅਤੇ ਮੇਰੀ ਪਨਾਹ ਪਰਮੇਸ਼ੁਰ ਵਿੱਚ ਹੈ ।
8ਹੇ ਪਰਜਾ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ, ਆਪਣਾ ਮਨ ਉਹ ਦੇ ਅੱਗੇ ਖੋਲ ਦਿਓ, ਪਰਮੇਸ਼ੁਰ ਸਾਡੀ ਪਨਾਹ ਹੈ । ਸਲਹ ।
9ਨੀਚ ਲੋਕ ਸਾਹ ਹੀ ਹਨ, ਅਤੇ ਉੱਚੀ ਪਦਵੀ ਵਾਲੇ ਮਿਥਿਆ ਹਨ, ਤੱਕੜ ਵਿੱਚ ਉਹ ਉਤਾਹਾਂ ਚੜ੍ਹ ਜਾਂਦੇ ਹਨ, ਓਹ ਸਾਹ ਨਾਲੋਂ ਹਲਕੇ ਹਨ ।
10ਅਨ੍ਹੇਰ ਉੱਤੇ ਭਰੋਸਾ ਨਾ ਰੱਖੋ, ਨਾ ਲੁੱਟ ਮਾਰ ਕਰ ਕੇ ਫੂੰ ਫੂੰ ਕਰੋ, ਧਨ ਸੰਪਤ ਜੇ ਵਧ ਜਾਵੇ ਤਾਂ ਉਸ ਉੱਤੇ ਮਨ ਨਾ ਲਾਓ ।
11ਪਰਮੇਸ਼ੁਰ ਇੱਕੋ ਵਾਰ ਬੋਲਿਆ, ਸਗੋਂ ਦੋ ਵਾਰੀ ਮੈਂ ਇਹ ਸੁਣਿਆ, ਕਿ ਸਮਰੱਥਾ ਪਰਮੇਸ਼ੁਰ ਦੀ ਹੈ ।
12ਹੇ ਪ੍ਰਭੂ, ਦਯਾ ਵੀ ਤੇਰੀ ਹੀ ਹੈ, ਕਿਉਂ ਜੋ ਤੂੰ ਹਰ ਮਨੁੱਖ ਨੂੰ ਉਹ ਦੀਆਂ ਕੀਤੀਆਂ ਅਨੁਸਾਰ ਫਲ ਦਿੰਦਾ ਹੈਂ ।