1ਹੇ ਯਹੋਵਾਹ, ਤੂੰ ਆਪਣੇ ਕ੍ਰੋਧ ਨਾਲ ਮੈਨੂੰ ਦਬਕਾ ਨਾ ਦੇ, ਨਾ ਆਪਣੇ ਤੇਜ ਕੋਪ ਨਾਲ ਮੈਨੂੰ ਤਾੜ ।
2ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ ਕਿਉਂ ਜੋ ਮੈ ਕੁਮਲਾ ਰਿਹਾ ਹਾਂ, ਹੇ ਯਹੋਵਾਹ, ਮੈਨੂੰ ਚੰਗਾ ਕਰ ਕਿਉਂ ਜੋ ਮੇਰੀਆ ਹੱਡੀਆਂ ਬੇਚੈਨ ਹਨ ।
3ਮੇਰੀ ਜਾਨ ਵੀ ਅੱਤ ਘਬਰਾਈ ਹੋਈ ਹੈ, ਅਤੇ ਤੂੰ ਯਹੋਵਾਹ, ਕਦੋਂ ਤੱਕ ?
4ਹੇ ਯਹੋਵਾਹ, ਮੁੜ ਆ, ਮੇਰੀ ਜਾਨ ਨੂੰ ਛੁਡਾ, ਆਪਣੀ ਦਯਾ ਦੇ ਕਾਰਨ ਮੈਨੂੰ ਬਚਾ,
5ਕਿਉਂ ਜੋ ਮੌਤ ਤੋਂ ਬਾਅਦ ਤੇਰਾ ਸਿਮਰਨ ਨਹੀਂ, ਪਤਾਲ ਵਿੱਚ ਕੌਣ ਤੇਰਾ ਧੰਨਵਾਦ ਕਰੇਗਾ ?
6ਮੈਂ ਧਾਹਾਂ ਮਾਰਦਾ-ਮਾਰਦਾ ਥੱਕ ਗਿਆ, ਸਾਰੀ ਰਾਤ ਮੈਂ ਆਪਣੇ ਵਿਛਾਉਣੇ ਉੱਤੇ ਹੜ੍ਹ ਵਗਾ ਲੈਂਦਾ ਹਾਂ, ਆਪਣੇ ਹੰਝੂਆਂ ਨਾਲ ਮੈਂ ਆਪਣਾ ਮੰਜਾ ਭਿਉਂਦਾ ਹਾਂ ।
7ਮੇਰੀਆਂ ਅੱਖਾਂ ਸੋਗ ਦੇ ਮਾਰੇ ਗਲ਼ ਗਈਆਂ, ਉਹ ਮੇਰੇ ਵਿਰੋਧੀਆਂ ਦੇ ਕਾਰਨ ਚੁੰਨ੍ਹੀਆਂ ਹੋ ਗਈਆਂ ਹਨ ।
8ਹੇ ਤੁਸੀਂ ਸਾਰੇ ਕੁਕਰਮੀਓ, ਮੇਰੇ ਕੋਲੋਂ ਦੂਰ ਹੋ ਜਾਓ, ਕਿਉਂ ਜੋ ਯਹੋਵਾਹ ਨੇ ਮੇਰੇ ਰੋਣ ਦੀ ਅਵਾਜ਼ ਸੁਣ ਲਈ ਹੈ,
9ਯਹੋਵਾਹ ਨੇ ਮੇਰੀ ਬੇਨਤੀ ਸੁਣ ਲਈ ਹੈ, ਯਹੋਵਾਹ ਮੇਰੀ ਪ੍ਰਾਰਥਨਾ ਕਬੂਲ ਕਰੇਗਾ ।
10ਮੇਰੇ ਸਾਰੇ ਵੈਰੀ ਲੱਜਿਆਵਾਨ ਅਤੇ ਅੱਤ ਵਿਆਕੁਲ ਹੋਣਗੇ, ਉਹ ਮੁੜ ਜਾਣਗੇ ਅਤੇ ਅਚਣਚੇਤ ਲੱਜਿਆਵਾਨ ਹੋ ਜਾਣਗੇ ।