1ਹੇ ਪਰਮੇਸ਼ੁਰ, ਮੇਰੇ ਵੈਰੀਆਂ ਤੋਂ ਮੈਨੂੰ ਛੁਡਾ, ਮੇਰੇ ਵਿਰੋਧੀਆਂ ਤੋਂ ਮੈਨੂੰ ਉੱਚਿਆਈ ਤੇ ਰੱਖ !
2ਮੈਨੂੰ ਬਦਕਾਰਾਂ ਤੋਂ ਛੁਡਾ, ਅਤੇ ਖੂਨੀ ਮਨੁੱਖਾਂ ਤੋਂ ਮੈਨੂੰ ਬਚਾ !
3ਵੇਖ ਤਾਂ, ਓਹ ਮੇਰੀ ਜਾਨ ਦੀ ਘਾਤ ਵਿੱਚ ਲੱਗੇ ਹੋਏ ਹਨ, ਬਲਵੰਤ ਮੇਰੇ ਵਿਰੁੱਧ ਇਕੱਠੇ ਹੋਏ ਹਨ । ਹੇ ਯਹੋਵਾਹ, ਨਾ ਮੇਰਾ ਕੁੱਝ ਅਪਰਾਧ ਨਾ ਮੇਰਾ ਕੁੱਝ ਪਾਪ ਹੈ,
4ਮੇਰੀ ਬਦੀ ਤੋਂ ਬਿਨਾ ਓਹ ਭੱਜ ਕੇ ਆਪਣੇ ਆਪ ਨੂੰ ਤਿਆਰ ਕਰਦੇ ਹਨ, ਮੇਰੀ ਸਹਾਇਤਾ ਲਈ ਜਾਗ ਅਤੇ ਵੇਖ !
5ਹੇ ਯਹੋਵਾਹ, ਸੈਨਾਂ ਦੇ ਪਰਮੇਸ਼ੁਰ, ਇਸਰਾਏਲ ਦੇ ਪਰਮੇਸ਼ੁਰ, ਤੂੰ ਸਾਰੀਆਂ ਕੌਮਾਂ ਦੀ ਖ਼ਬਰ ਲੈਣ ਨੂੰ ਜਾਗ ਉੱਠ ! ਕਿਸੇ ਖੋਟੇ ਬਦਕਾਰ ਉੱਤੇ ਦਯਾ ਨਾ ਕਰ ! ਸਲਹ ।
6ਓਹ ਸ਼ਾਮ ਵੇਲੇ ਨੂੰ ਮੁੜ ਆਣ ਕੇ ਕੁੱਤੇ ਵਾਂਗੂੰ ਭੌਂਕਦੇ ਹਨ, ਅਤੇ ਨਗਰ ਵਿੱਚ ਘੁੰਮਦੇ ਫਿਰਦੇ ਹਨ ।
7ਵੇਖ, ਓਹ ਆਪਣੇ ਮੂੰਹੋਂ ਡਕਾਰਦੇ ਹਨ, ਉਨ੍ਹਾਂ ਦੇ ਬੁੱਲ੍ਹਾਂ ਉੱਤੇ ਤਲਵਾਰਾਂ ਹਨ, ਕਿਉਂ ਜੋ ਓਹ ਆਖਦੇ ਹਨ, ਕੌਣ ਸੁਣਦਾ ਹੈ ?
8ਪਰ ਹੇ ਯਹੋਵਾਹ, ਤੂੰ ਉਨ੍ਹਾਂ ਉੱਤੇ ਹੱਸੇਂਗਾ, ਤੂੰ ਸਾਰੀਆਂ ਕੌਮਾਂ ਨੂੰ ਠੱਠੇ ਵਿੱਚ ਉਡਾਵੇਂਗਾ ! ।
9ਹੇ ਮੇਰੇ ਬਲ, ਮੈਂ ਤੇਰੀ ਵੱਲ ਗੌਹ ਕਰਾਂਗਾ, ਪਰਮੇਸ਼ੁਰ ਮੇਰਾ ਉੱਚਾ ਗੜ੍ਹ ਜੋ ਹੈ ।
10ਮੇਰਾ ਦਯਾਵਾਨ ਪਰਮੇਸ਼ੁਰ ਮੈਨੂੰ ਮਿਲੇਗਾ, ਪਰਮੇਸ਼ੁਰ ਮੈਨੂੰ ਮੇਰੇ ਘਾਤੀਆਂ ਉੱਤੇ ਮੇਰੀ ਫਤਹ ਵਿਖਾਵੇਗਾ ।
11ਉਨ੍ਹਾਂ ਨੂੰ ਨਾ ਵੱਢ, ਮਤੇ ਮੇਰੀ ਪਰਜਾ ਭੁੱਲ ਜਾਵੇ, ਹੇ ਪ੍ਰਭੂ, ਸਾਡੀ ਢਾਲ, ਆਪਣੀ ਸ਼ਕਤੀ ਨਾਲ, ਉਨ੍ਹਾਂ ਨੂੰ ਭੁਆਂ ਕੇ ਹੇਠਾਂ ਕਰ ਦੇ !
12ਉਨ੍ਹਾਂ ਦੇ ਬੁੱਲ੍ਹਾਂ ਦੀਆਂ ਗੱਲਾਂ ਤੇ ਉਨ੍ਹਾਂ ਦੇ ਮੂੰਹ ਦੇ ਪਾਪ ਦੇ ਕਾਰਨ, ਅਤੇ ਉਸ ਫਿਟਕਾਰ ਤੇ ਉਸ ਝੂਠ ਦੇ ਕਾਰਨ ਜੋ ਓਹ ਬੋਲਦੇ ਹਨ, ਓਹ ਆਪਣੇ ਹੰਕਾਰ ਵਿੱਚ ਫੜੇ ਜਾਣ !
13ਕ੍ਰੋਧ ਨਾਲ ਉਨ੍ਹਾਂ ਦਾ ਅੰਤ ਕਰ, ਉਨ੍ਹਾਂ ਦਾ ਅੰਤ ਕਰ ! ਉਨ੍ਹਾਂ ਦਾ ਕੱਖ ਨਾ ਰਹੇ, ਤਾਂ ਲੋਕ ਜਾਣਨ ਕਿ ਪਰਮੇਸ਼ੁਰ ਯਾਕੂਬ ਉੱਤੇ, ਸਗੋਂ ਧਰਤੀ ਦੇ ਅੰਤ ਉੱਤੇ ਰਾਜ ਕਰਦਾ ਹੈ ! ਸਲਹ ।
14ਤਾਂ ਓਹ ਤਰਕਾਲਾਂ ਨੂੰ ਮੁੜ ਆਣ ਕੇ ਕੁੱਤੇ ਵਾਂਗੂੰ ਭੌਂਕਣ, ਅਤੇ ਨਗਰ ਵਿੱਚ ਘੁੰਮਣ ਫਿਰਨ ।
15ਓਹ ਟੁੱਕ ਦੇ ਲੱਭਣ ਨੂੰ ਭੌਂਦੇ ਫਿਰਨ, ਅਤੇ ਜੇ ਰੱਜ ਨਾ ਜਾਨ ਤਾਂ ਸਾਰੀ ਰਾਤ ਠਹਿਰਨ !
16ਪਰ ਮੈਂ ਤੇਰੀ ਸਮਰੱਥਾ ਨੂੰ ਗਾਵਾਂਗਾ, ਅਤੇ ਸਵੇਰ ਨੂੰ ਤੇਰੀ ਦਯਾ ਦਾ ਜੈ ਜੈ ਕਾਰ ਕਰਾਂਗਾ । ਤੂੰ ਤਾਂ ਮੇਰਾ ਉੱਚਾ ਗੜ੍ਹ ਅਤੇ ਮੇਰੀ ਬਿਪਤਾ ਦੇ ਦਿਨ ਮੇਰੀ ਪਨਾਹਗਾਹ ਰਿਹਾ ਹੈਂ ।
17ਹੇ ਮੇਰੇ ਬਲ, ਮੈਂ ਤੇਰਾ ਭਜਨ ਕੀਰਤਨ ਕਰਾਂਗਾ, ਕਿਉਂ ਜੋ ਪਰਮੇਸ਼ੁਰ ਮੇਰਾ ਉੱਚਾ ਗੜ੍ਹ ਅਤੇ ਮੇਰਾ ਦਿਆਲੂ ਪਰਮੇਸ਼ੁਰ ਹੈ ।