1ਹੇ ਸੂਰਬੀਰ, ਤੂੰ ਬੁਰਿਆਈ ਉੱਤੇ ਕਿਉਂ ਫੁੱਲਦਾ ਹੈਂ ? ਪਰਮੇਸ਼ੁਰ ਦੀ ਦਯਾ ਨਿੱਤ ਰਹਿੰਦੀ ਹੈ ।
2ਹੇ ਛਲੀਏ, ਤੇਰੀ ਜੀਭ ਬੁਰਿਆਈ ਦੀਆਂ ਯੋਜਨਾਵਾਂ ਤਿੱਖੇ ਉਸਤਰੇ ਵਾਂਗੂੰ ਕਰਦੀ ਹੈ !
3ਤੂੰ ਬੁਰਿਆਈ ਨੂੰ ਭਲਿਆਈ ਨਾਲੋਂ, ਅਤੇ ਝੂਠ ਬੋਲਣ ਨੂੰ ਸੱਚ ਬੋਲਣ ਨਾਲੋਂ ਵਧੇਰੇ ਪ੍ਰੇਮ ਰੱਖਦਾ ਹੈਂ । ਸਲਹ ।
4ਹੇ ਛਲ ਵਾਲੀ ਜੀਭ, ਤੂੰ ਸਾਰੀਆਂ ਹਲਾਕ ਕਰਨ ਵਾਲਿਆਂ ਗੱਲਾਂ ਨਾਲ ਪ੍ਰੀਤ ਰੱਖਦੀ ਹੈਂ !
5ਪਰਮੇਸ਼ੁਰ ਵੀ ਤੈਨੂੰ ਸਦਾ ਲਈ ਕੱਢ ਸੁੱਟੇਗਾ, ਉਹ ਤੈਨੂੰ ਫੜ ਕੇ ਤੇਰੇ ਤੰਬੂ ਵਿਚੋਂ ਉਖੇੜ ਛੱਡੇਗਾ, ਅਤੇ ਜੀਉਣ ਦੀ ਧਰਤੀ ਵਿਚੋਂ ਤੇਰੀ ਜੜ੍ਹ ਪੁੱਟ ਦੇਵੇਗਾ ! ਸਲਹ ।
6ਧਰਮੀ ਵੀ ਵੇਖਣਗੇ ਅਤੇ ਡਰਨਗੇ, ਅਤੇ ਉਸ ਉੱਤੇ ਹੱਸਣਗੇ,
7ਵੇਖੋ, ਏਹ ਓਹੋ ਮਨੁੱਖ ਹੈ ਜਿਸ ਨੇ ਪਰਮੇਸ਼ੁਰ ਨੂੰ ਆਪਣਾ ਗੜ੍ਹ ਨਹੀਂ ਮੰਨਿਆ ਸੀ, ਸਗੋਂ ਆਪਣੇ ਧਨ ਦੀ ਬਹੁਤਾਇਤ ਉੱਤੇ ਭਰੋਸਾ ਰੱਖਦਾ ਸੀ, ਅਤੇ ਆਪਣੇ ਲੋਭ ਵਿੱਚ ਪੱਕਾ ਸੀ !
8ਪਰ ਮੈਂ ਤਾਂ ਪਰਮੇਸ਼ੁਰ ਦੇ ਘਰ ਵਿੱਚ ਜੈਤੂਨ ਦੇ ਹਰੇ ਭਰੇ ਰੁੱਖ ਵਰਗਾ ਹਾਂ, ਮੈਂ ਪਰਮੇਸ਼ੁਰ ਦੀ ਦਯਾ ਉੱਤੇ ਸਦਾ ਹੀ ਭਰੋਸਾ ਰੱਖਿਆ ਹੈ ।
9ਮੈਂ ਸਦਾ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਤੂੰ ਇਹ ਕੀਤਾ ਹੈ, ਅਤੇ ਮੈਂ ਤੇਰੇ ਨਾਮ ਦੀ ਉਡੀਕ ਰੱਖਾਂਗਾ, ਕਿਉਂ ਜੋ ਤੇਰੇ ਸੰਤਾਂ ਦੇ ਅੱਗੇ ਉਹ ਭਲਾ ਹੈ ।