1ਹੇ ਪਰਮੇਸ਼ੁਰ, ਆਪਣੀ ਕਿਰਪਾ ਦੇ ਅਨੁਸਾਰ ਮੇਰੇ ਉੱਤੇ ਦਯਾ ਕਰ, ਆਪਣੀਆਂ ਰਹਿਮਤਾਂ ਦੇ ਅਨੁਸਾਰ ਮੇਰੇ ਅਪਰਾਧ ਮਿਟਾ ਦੇ !
2ਮੇਰੀ ਬਦੀ ਤੋਂ ਮੈਨੂੰ ਚੰਗੀ ਤਰਾਂ ਧੋ, ਅਤੇ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ,
3ਕਿਉਂ ਜੋ ਮੈਂ ਆਪਣੇ ਅਪਰਾਧ ਜਾਣਦਾ ਹਾਂ, ਅਤੇ ਮੇਰਾ ਪਾਪ ਸਦਾ ਮੇਰੇ ਸਾਹਮਣੇ ਹੈ ।
4ਮੈਂ ਤੇਰਾ, ਹਾਂ, ਤੇਰਾ ਹੀ ਪਾਪ ਕੀਤਾ, ਅਤੇ ਤੇਰੀ ਨਿਗਾਹ ਵਿੱਚ ਇਹ ਬੁਰਿਆਈ ਕੀਤੀ, ਤਾਂ ਜੋ ਤੂੰ ਆਪਣੇ ਫੈਸਲੇ ਵਿੱਚ ਧਰਮੀ ਠਹਿਰੇਂ, ਅਤੇ ਆਪਣੇ ਨਿਆਂ ਵਿੱਚ ਤੂੰ ਸਾਫ਼ ਨਿੱਕਲੇਂ ।
5ਵੇਖ, ਮੈਂ ਬਦੀ ਵਿੱਚ ਜੰਮਿਆ, ਅਤੇ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ ਕੁੱਖ ਵਿੱਚ ਲਿਆ ।
6ਵੇਖ, ਤੂੰ ਅੰਦਰਲੀ ਸਚਿਆਈ ਚਾਹੁੰਦਾ ਹੈਂ, ਅਤੇ ਗੁਪਤ ਮਨ ਵਿੱਚ ਮੈਨੂੰ ਬੁੱਧੀ ਸਿਖਾਵੇਂਗਾ ।
7ਜ਼ੂਫ਼ੇ ਨਾਲ ਮੈਨੂੰ ਪਾਕ ਕਰ ਤਾਂ ਮੈਂ ਸ਼ੁੱਧ ਹੋ ਜਾਂਵਾਂਗਾ, ਮੈਨੂੰ ਧੋ, ਤਾਂ ਮੈਂ ਬਰਫ਼ ਨਾਲੋਂ ਵੀ ਚਿੱਟਾ ਹੋ ਜਾਂਵਾਂਗਾ ।
8ਮੈਨੂੰ ਖੁਸ਼ੀ ਅਤੇ ਅਨੰਦ ਸੁਣਾ, ਤਾਂ ਜੋ ਓਹ ਹੱਡੀਆਂ ਜਿਨ੍ਹਾਂ ਨੂੰ ਤੂੰ ਤੋੜ ਦਿੱਤਾ ਅਨੰਦ ਹੋਣ ।
9ਮੇਰਿਆਂ ਪਾਪਾਂ ਵੱਲੋਂ ਮੂੰਹ ਫੇਰ ਲੈ, ਅਤੇ ਮੇਰੀਆਂ ਸਾਰੀਆਂ ਬਦੀਆਂ ਨੂੰ ਮਿਟਾ ਦੇ !
10ਹੇ ਪਰਮੇਸ਼ੁਰ, ਮੇਰੇ ਲਈ ਇੱਕ ਪਾਕ ਮਨ ਉਤਪਨ ਕਰ, ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ ।
11ਮੈਨੂੰ ਆਪਣੇ ਹਜੂਰੋਂ ਨਾ ਧੱਕ, ਅਤੇ ਆਪਣਾ ਪਵਿੱਤਰ ਆਤਮਾ ਮੈਥੋਂ ਨਾ ਲੈ !
12ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਮੋੜ ਦੇ, ਅਤੇ ਆਪਣੇ ਪਰਮ ਆਤਮਾ ਨਾਲ ਮੈਨੂੰ ਸੰਭਾਲ ।
13ਤਦ ਮੈਂ ਅਪਰਾਧੀਆਂ ਨੂੰ ਤੇਰੇ ਰਾਹ ਸਿਖਾਵਾਂਗਾ, ਅਤੇ ਪਾਪੀ ਤੇਰੇ ਵੱਲ ਮੁੜਨਗੇ ।
14ਹੇ ਪਰਮੇਸ਼ੁਰ, ਮੇਰੀ ਮੁਕਤੀ ਦੇ ਪਰਮੇਸ਼ੁਰ, ਮੈਨੂੰ ਖੂਨ ਦੇ ਦੋਸ਼ ਤੋਂ ਛੁਡਾ, ਤਾਂ ਮੇਰੀ ਜੀਭ ਤੇਰੇ ਧਰਮ ਦਾ ਜੈ-ਜੈ ਕਾਰ ਕਰੇਗੀ ।
15ਹੇ ਪ੍ਰਭੂ, ਮੇਰੇ ਬੁੱਲਾਂ ਨੂੰ ਖੋਲ ਦੇ, ਤਾਂ ਮੇਰਾ ਮੂੰਹ ਤੇਰੀ ਉਸਤਤ ਸੁਣਾਵੇਗਾ ।
16ਤੂੰ ਤਾਂ ਬਲੀਦਾਨ ਨਾਲ ਪਰਸੰਨ ਨਹੀਂ ਹੁੰਦਾ, ਨਹੀਂ ਤਾਂ ਮੈਂ ਉਹ ਦਿੰਦਾ, ਹੋਮ ਬਲੀ ਤੋਂ ਤੂੰ ਖੁਸ਼ ਨਹੀਂ ਹੁੰਦਾ ।
17ਪਰਮੇਸ਼ੁਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ, ਹੇ ਪਰਮੇਸ਼ੁਰ, ਟੁੱਟੇ ਅਤੇ ਕੁਚਲੇ ਹੋਏ ਮਨ ਨੂੰ ਤੂੰ ਤੁੱਛ ਨਾ ਜਾਣੇਗਾ ।
18ਆਪਣੀ ਕਿਰਪਾ ਨਾਲ ਸੀਯੋਨ ਦਾ ਭਲਾ ਕਰ, ਅਤੇ ਯਰੂਸ਼ਲਮ ਦੀਆਂ ਹੱਦਾਂ ਨੂੰ ਬਣਾ ਦੇ ।
19ਤਦ ਤੂੰ ਧਰਮ ਦੇ ਬਲੀਦਾਨਾਂ ਵਿੱਚ ਪਰਸੰਨ ਹੋਵੇਂਗਾ, ਅਰਥਾਤ ਹੋਮ ਅਤੇ ਪੂਰੀ ਹੋਮ ਬਲੀ ਵਿੱਚ, ਤਦ ਓਹ ਤੇਰੀ ਜਗਵੇਦੀ ਉੱਤੇ ਬਲਦ ਚੜ੍ਹਾਉਣਗੇ ।