Bible 2 India Mobile
[VER] : [PUNJABI]     [PL]  [PB] 
 <<  Psalms 50 >> 

1ਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਬੋਲਿਆ ਹੈ, ਅਤੇ ਉਸ ਨੇ ਸੂਰਜ ਦੇ ਚੜਦੇ ਤੋਂ ਉਹ ਦੇ ਲਹਿੰਦੇ ਤੱਕ ਧਰਤੀ ਨੂੰ ਸੱਦਿਆ ਹੈ ।

2ਸੀਯੋਨ ਵਿੱਚ ਜਿਹੜਾ ਸੁਹੱਪਣ ਦਾ ਪੂਰਾ ਹੈ, ਪਰਮੇਸ਼ੁਰ ਚਮਕਿਆ ।

3ਸਾਡਾ ਪਰਮੇਸ਼ੁਰ ਆਵੇ ਅਤੇ ਚੁੱਪ ਨਾ ਰਹੇ, ਅੱਗ ਉਸਦੇ ਅੱਗੇ-ਅੱਗੇ ਭਸਮ ਕਰਦੀ ਹੈ, ਅਤੇ ਉਹ ਦੇ ਆਲੇ ਦੁਆਲੇ ਅਨ੍ਹੇਰੀ ਜ਼ੋਰ ਨਾਲ ਵਗਦੀ ਹੈ !

4ਉਹ ਅਕਾਸ਼ ਨੂੰ ਉਤਾਹਾਂ ਪੁਕਾਰਦਾ ਹੈ, ਅਤੇ ਧਰਤੀ ਨੂੰ ਵੀ, ਕਿ ਉਹ ਆਪਣੀ ਪਰਜਾ ਦਾ ਨਿਆਂ ਕਰੇ ।

5ਮੇਰੇ ਸੰਤਾਂ ਨੂੰ ਮੇਰੇ ਕੋਲ ਇਕੱਠਿਆਂ ਕਰੋ, ਜਿਨ੍ਹਾਂ ਮੇਰੇ ਨਾਲ ਬਲੀਦਾਨ ਦੇ ਰਾਹੀਂ ਨੇਮ ਬੰਨ੍ਹਿਆ ਹੈ ।

6ਸਵਰਗ ਉਹ ਦੇ ਧਰਮ ਦਾ ਪਰਚਾਰ ਕਰਦੇ ਹਨ, ਕਿਉਂ ਜੋ ਪਰਮੇਸ਼ੁਰ ਆਪ ਹੀ ਨਿਆਈਂ ਹੈ । ਸਲਹ ।

7ਹੇ ਮੇਰੀ ਪਰਜਾ, ਸੁਣ ਅਤੇ ਮੈਂ ਬੋਲਾਂਗਾ, ਹੇ ਇਸਰਾਏਲ, ਮੈਂ ਤੇਰੇ ਉੱਤੇ ਸਾਖੀ ਦਿਆਂਗਾ । ਪਰਮੇਸ਼ੁਰ, ਤੇਰਾ ਪਰਮੇਸ਼ੁਰ, ਮੈਂ ਹੀ ਹਾਂ !

8ਮੈਂ ਤੇਰੇ ਬਲੀਦਾਨਾਂ ਦੇ ਕਾਰਨ ਤੈਨੂੰ ਨਹੀਂ ਝਿੜਕਾਂਗਾ, ਅਤੇ ਤੇਰੀਆਂ ਹੋਮ ਬਲੀਆਂ ਹਰ ਵੇਲੇ ਮੇਰੇ ਸਾਹਮਣੇ ਹਨ ।

9ਮੈਂ ਨਾ ਤੇਰੇ ਘਰ ਤੋਂ ਬਲਦ, ਨਾ ਤੇਰੇ ਵਾੜਿਆਂ ਤੋਂ ਬੱਕਰੇ ਲਵਾਂਗਾ,

10ਕਿਉਂ ਜੋ ਜੰਗਲ ਦੇ ਸਾਰੇ ਦਰਿੰਦੇ ਮੇਰੇ ਹਨ, ਨਾਲੇ ਹਜ਼ਾਰਾਂ ਪਹਾੜਾਂ ਦੇ ਡੰਗਰ ।

11ਪਹਾੜਾਂ ਦੇ ਸਾਰੇ ਪੰਖੇਰੂਆਂ ਨੂੰ ਮੈਂ ਜਾਣਦਾ ਹਾਂ, ਅਤੇ ਮੈਦਾਨ ਦੇ ਜਾਨਵਰ ਮੇਰੇ ਹਨ ।

12ਮੈਂ ਜੇ ਭੁੱਖਾ ਹੁੰਦਾ ਤਾਂ ਤੈਨੂੰ ਨਾ ਆਖਦਾ, ਕਿਉਂ ਜੋ ਜਗਤ ਅਤੇ ਉਹ ਦੀ ਭਰਪੂਰੀ ਮੇਰੀ ਹੈ ।

13ਭਲਾ, ਮੈਂ ਸਾਨ੍ਹਾਂ ਦਾ ਮਾਸ ਖਾਵਾਂ ? ਜਾਂ ਬੱਕਰਿਆਂ ਦੀ ਰੱਤ ਪੀਵਾਂ ?

14ਪਰਮੇਸ਼ੁਰ ਨੂੰ ਧੰਨਵਾਦ ਹੀ ਦਾ ਬਲੀਦਾਨ ਚੜ੍ਹਾ, ਅਤੇ ਅੱਤ ਮਹਾਨ ਦੇ ਅੱਗੇ ਆਪਣੀਆਂ ਸੁੱਖਣਾਂ ਨੂੰ ਪੂਰੀਆਂ ਕਰ,

15ਤਾਂ ਦੁੱਖਾਂ ਦੇ ਦਿਨ ਮੈਨੂੰ ਪੁਕਾਰ, ਮੈਂ ਤੈਨੂੰ ਛੁਡਾਵਾਂਗਾ ਅਤੇ ਤੂੰ ਮੇਰੀ ਵਡਿਆਈ ਕਰੇਂਗਾ ।

16ਪਰ ਦੁਸ਼ਟ ਨੂੰ ਪਰਮੇਸ਼ੁਰ ਇਉਂ ਆਖਦਾ ਹੈ, ਤੇਰਾ ਕੀ ਹੱਕ ਹੈ ਜੋ ਮੇਰੀਆਂ ਬਿਧੀਆਂ ਨੂੰ ਸੁਣਾਵੇਂ, ਅਤੇ ਤੂੰ ਕਿਉਂ ਆਪਣੇ ਮੂੰਹ ਵਿੱਚ ਮੇਰਾ ਨੇਮ ਲਿਆ ਹੋਇਆ ਹੈ ?

17ਜਦੋਂ ਤੈਨੂੰ ਤਾੜਨਾ ਬੁਰਾ ਲੱਗਦਾ ਹੈ, ਅਤੇ ਤੂੰ ਮੇਰੇ ਬਚਨਾਂ ਨੂੰ ਆਪਣੇ ਪਿੱਛੇ ਸੁੱਟਦਾ ਹੈਂ ?

18ਜਦ ਤੂੰ ਚੋਰ ਨੂੰ ਵੇਖਿਆ ਤਾਂ ਤੂੰ ਉਹ ਦੇ ਨਾਲ ਰਲ ਗਿਆ, ਅਤੇ ਵਿਭਚਾਰੀਆਂ ਦਾ ਸਾਂਝੀ ਹੋਇਆ !

19ਤੂੰ ਆਪਣੇ ਮੂੰਹ ਨੂੰ ਬੁਰਿਆਈ ਲਈ ਖੋਲਿਆ ਹੈ, ਅਤੇ ਤੇਰੀ ਰਸਨਾ ਧੋਖਾ ਘੜਦੀ ਹੈ ।

20ਤੂੰ ਬਹਿ ਕੇ ਆਪਣੇ ਭਰਾ ਦੇ ਵਿਰੁੱਧ ਬੋਲਦਾ ਹੈਂ, ਆਪਣੇ ਸਕੇ ਭਰਾ ਦੀ ਨਿੰਦਿਆ ਕਰਦਾ ਹੈਂ ।

21ਤੂੰ ਇਹ ਕੰਮ ਕਿਤੇ ਅਤੇ ਮੈਂ ਚੁੱਪ ਵੱਟ ਛੱਡੀ, ਤੂੰ ਸਮਝਿਆ ਪਰਮੇਸ਼ੁਰ ਵੀ ਠੀਕ ਮੇਰੇ ਵਰਗਾ ਹੈ, ਪਰ ਮੈਂ ਤੈਨੂੰ ਝਿੜਕਾਂਗਾ ਅਤੇ ਤੇਰੀਆਂ ਅੱਖੀਆਂ ਦੇ ਸਾਹਮਣੇ ਤੇਰਾ ਦਾਵਾ ਪੇਸ਼ ਕਰਾਂਗਾ ।

22ਹੁਣ ਤੁਸੀਂ ਜਿਹੜੇ ਪਰਮੇਸ਼ੁਰ ਨੂੰ ਵਿਸਾਰਦੇ ਹੋ ਇਸ ਗੱਲ ਨੂੰ ਸੋਚੋ, ਕਿਤੇ ਅਜਿਹਾ ਨਾ ਹੋਵੇ ਜੋ ਮੈਂ ਤੁਹਾਨੂੰ ਪਾੜ ਸੁੱਟਾਂ, ਅਤੇ ਤੁਹਾਡਾ ਕੋਈ ਛੁਡਾਉਣ ਵਾਲਾ ਨਾ ਹੋਵੇ ।

23ਜਿਹੜਾ ਧੰਨਵਾਦ ਦਾ ਬਲੀਦਾਨ ਚੜਾਉਂਦਾ ਹੈ, ਉਹ ਮੇਰੀ ਵਡਿਆਈ ਕਰਦਾ ਹੈ, ਅਤੇ ਜਿਹੜਾ ਆਪਣੀ ਚਾਲ ਸੁਧਾਰਦਾ ਹੈ, ਮੈਂ ਉਹ ਨੂੰ ਪਰਮੇਸ਼ੁਰ ਦੀ ਮੁਕਤੀ ਵਿਖਾਵਾਂਗਾ ।


  Share Facebook  |  Share Twitter

 <<  Psalms 50 >> 


Bible2india.com
© 2010-2025
Help
Dual Panel

Laporan Masalah/Saran